ਅਮਰੀਕਾ-ਈਰਾਨ ਵਿਚਾਲੇ ਤਣਾਅ ਘਟਾਉਣ ’ਚ ਮਦਦ ਕਰੇ ਭਾਰਤ

06/24/2019 7:18:55 AM

ਆਕਾਰ ਪਟੇਲ

ਅਮਰੀਕਾ ਨੇ ਪਿਛਲੇ ਹਫਤੇ ਈਰਾਨ ਵਿਰੁੁੱਧ ਜੰਗ ਦਾ ਐਲਾਨ ਕੀਤਾ। ਫਿਰ ਇਸ ਫੈਸਲੇ ਨੂੰ ਵਾਪਿਸ ਲੈ ਲਿਆ। ਆਧੁਨਿਕ ਸਮੇਂ ’ਚ ਇਹ ਸੰਭਵ ਹੈ, ਜਦੋਂ ਮਸ਼ੀਨਾਂ ਨੂੰ ਹਵਾ ਵਿਚ ਵਾਪਿਸ ਲਿਆਂਦਾ ਜਾ ਸਕਦਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੇ ਹਮਲੇ ਦਾ ਫੈਸਲਾ ਉਸ ਸਮੇਂ ਰੱਦ ਕਰ ਦਿੱਤਾ, ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਹਮਲੇ ’ਚ 150 ਈਰਾਨੀ ਮਾਰੇ ਜਾਣਗੇ। ਉਹ ਉਨ੍ਹਾਂ ਨੂੰ ਇਸ ਲਈ ਮਾਰਨਾ ਚਾਹੁੰਦੇ ਸਨ ਕਿ ਈਰਾਨ ਨੇ ਇਕ ਅਮਰੀਕੀ ਫੌਜੀ ਡ੍ਰੋਨ ਨੂੰ ਉਸ ਦੀ ਹੱਦ ਕੋਲ ਡੇਗ ਲਿਆ ਸੀ। ਟਰੰਪ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਦੇ ਕੁਝ ਮੈਂਬਰ (ਜਿਵੇਂ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ) ਈਰਾਨ ਵਿਰੁੱਧ ਜੰਗ ਲਈ ਕਾਹਲੇ ਸਨ। ਪਿਛਲੇ ਹਫਤੇ ਇਸ ਜੰਗ ਵਰਗੀ ਸਥਿਤੀ ਕਾਰਣ ਤੇਲ ਦੀਆਂ ਕੀਮਤਾਂ 10 ਫੀਸਦੀ ਤਕ ਵਧ ਗਈਆਂ, ਜਿਸ ਕਾਰਣ ਭਾਰਤ ਅਤੇ ਕੁਝ ਹੋਰ ਦੇਸ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜੋ ਤੇਲ ਦਰਾਮਦ ’ਤੇ ਨਿਰਭਰ ਹਨ। ਸਵਾਲ ਇਹ ਹੈ ਕਿ ਅਮਰੀਕਾ ਈਰਾਨ ਨਾਲ ਜੰਗ ਕਿਉਂ ਚਾਹੁੰਦਾ ਹੈ ਅਤੇ ਇਸ ਦਾ ਜਵਾਬ ਲੱਭਣਾ ਜ਼ਿਆਦਾ ਮੁਸ਼ਕਿਲ ਨਹੀਂ ਹੈ। ਸੱਭਿਅਤਾ ਦੇ ਸੰਦਰਭ ’ਚ ਈਰਾਨ ਪੱਛਮ ਦਾ ਪੂਰਾ ਦੁਸ਼ਮਣ ਹੈ। 2400 ਸਾਲ ਪਹਿਲਾਂ ਈਰਾਨੀ ਫੌਜ ਨੇ ਡੇਰੀਅਸ ਅਤੇ ਜੀਰੈਕਸਿਸ ਦੀ ਅਗਵਾਈ ’ਚ ਗਰੀਸ ’ਤੇ ਹਮਲਾ ਕਰ ਕੇ ਏਥਨਜ਼ ਨੂੰ ਤਬਾਹ ਕਰ ਦਿੱਤਾ ਸੀ। ਖ਼ੁਦ ਗਰੀਸ ਨਿਵਾਸੀ ਇਸ ਗੱਲ ਨੂੰ ਮੰਨਦੇ ਹਨ। ਈਰਾਨੀ ਫੌਜ ’ਚ ਕਾਫੀ ਗਿਣਤੀ ਵਿਚ ਭਾਰਤੀ ਫੌਜੀ ਵੀ ਸ਼ਾਮਿਲ ਸਨ। ਪੁਰਾਣੇ ਇਤਿਹਾਸ ’ਚ ਗ੍ਰੀਕ ਲੋਕ ਈਰਾਨੀ ਸਮਰਾਟ ਨੂੰ ਮਹਾਨ ਰਾਜਾ ਕਹਿੰਦੇ ਸਨ ਕਿਉਂਕਿ ਉਸ ਦਾ ਉਨ੍ਹਾਂ ਦੇ ਜੀਵਨ ’ਤੇ ਕਾਫੀ ਪ੍ਰਭਾਵ ਰਿਹਾ। ਮਕਦੂਨੀਆ ਦੇ ਜੇਤੂ, ਜਿਸ ਨੇ ਮਿਸਰ, ਈਰਾਨ, ਅਫਗਾਨਿਸਤਾਨ ਅਤੇ ਪੰਜਾਬ ’ਤੇ ਜਿੱਤ ਹਾਸਿਲ ਕੀਤੀ, ਉਸ ਨੂੰ ਅਲੈਗਜ਼ੈਂਡਰ ਮਹਾਨ ਕਿਹਾ ਜਾਂਦਾ ਹੈ। ਉਸ ਨੂੰ ਉਸ ਦੀਆਂ ਫੌਜੀ ਉਪਲੱਬਧੀਆਂ ਕਾਰਣ ਨਹੀਂ, ਸਗੋਂ ਇਸ ਲਈ ਮਹਾਨ ਕਿਹਾ ਜਾਂਦਾ ਸੀ ਕਿਉਂਕਿ ਉਸ ਨੂੰ ਇਹ ਉਪਾਧੀ ਡੇਰੀਅਸ-III ਤੋਂ ਮਿਲੀ ਸੀ।

33 ਸਾਲ ਦੀ ਉਮਰ ’ਚ ਅਲੈਗਜ਼ੈਡਰ ਦੀ ਮੌਤ ਤੋਂ ਬਾਅਦ ਉਸ ਦਾ ਸਾਮਰਾਜ ਉਸ ਦੇ ਜਨਰਲਾਂ ’ਚ ਵੰਡ ਦਿੱਤਾ ਗਿਆ, ਜਿਸ ’ਤੇ ਉਨ੍ਹਾਂ ਨੇ ਸ਼ਾਸਨ ਕੀਤਾ। ਪੰਜਾਬ ਤੋਂ ਲੈ ਕੇ ਤੁਰਕੀ ਤਕ ਅਤੇ ਈਰਾਨ ਸਮੇਤ ਜ਼ਿਆਦਾਤਰ ਹਿੱਸਾ ਸੈਲਿਊਕਸ ਨਿਕਟਰ ਦੇ ਕਬਜ਼ੇ ’ਚ ਆ ਗਿਆ (ਨਿਕਟਰ ਦਾ ਅਰਥ ਹੈ ਜੇਤੂ ਅਤੇ ਇਹ ਉਹੀ ਸ਼ਬਦ ਹੈ, ਜਿਸ ਨੂੰ ਜੁੱਤੀਆਂ ਦਾ ਬ੍ਰਾਂਡ ਨਾਇਕੀ ਵਰਤਦਾ ਹੈ)। ਈਰਾਨੀਆਂ ਨੇ ਪਰਸ਼ੀਅਨ ਸ਼ਾਸਕ ਆਰਸੇਸਿਸ ਦੀ ਪ੍ਰਧਾਨਗੀ ਵਿਚ ਆਪਣੇ ਦੇਸ਼ ਨੂੰ ਵਾਪਿਸ ਲੈ ਲਿਆ (ਇਹ ਸਾਰੇ ਲੋਕ ਪਾਰਸੀਆਂ ਵਾਂਗ ਪਾਰਸੀ ਸਨ)। ਪਾਰਸੀਆਂ ਨੇ ਪੱਛਮ ਦੀ ਦੂਸਰੀ ਸਭ ਤੋਂ ਵੱਡੀ ਤਾਕਤ ਰੋਮ ਦੇ ਨਾਲ 300 ਸਾਲ ਤਕ ਜੰਗ ਲੜੀ। ਈਰਾਨੀ ਜੇਤੂਆਂ ਦਾ ਅਗਲਾ ਸਮੂਹ ਸੀ ਸਸੇਨੀਅਸ, ਜਿਨ੍ਹਾਂ ਨੇ ਈਰਾਨ ’ਤੇ 7ਵੀਂ ਸਦੀ ਤਕ ਸ਼ਾਸਨ ਕੀਤਾ, ਜਦੋਂ ਤਕ ਅਰਬਾਂ ਨੇ ਉਸ ਨੂੰ ਜਿੱਤ ਨਹੀਂ ਲਿਆ। 400 ਸਾਲ ਪਹਿਲਾਂ ਸੂਫ਼ੀਆਂ ਦੇ ਸ਼ਾਸਨ ’ਚ ਈਰਾਨ ਸ਼ੀਆ ਬਣ ਗਿਆ, ਹਾਲਾਂਕਿ ਭਾਰਤੀਆਂ ਲਈ ਸਭ ਤੋਂ ਮਸ਼ਹੂਰ ਸ਼ਾਸਕ ਨਾਦਿਰ ਸ਼ਾਹ ਸੁੰਨੀ ਸੀ, ਜਿਸ ਨੇ ਮੁਗਲ ਸ਼ਾਸਨ ਨੂੰ ਤਬਾਹ ਕਰ ਦਿੱਤਾ।

ਈਰਾਨੀ ਰਾਜਨੀਤੀ ’ਚ ਅਮਰੀਕੀ ਦਖਲ

ਆਧੁਨਿਕ ਸਮੇਂ ’ਚ ਅਮਰੀਕਾ ਦਾ ਦਖਲ ਈਰਾਨੀ ਰਾਜਨੀਤੀ ’ਚ ਕਾਫੀ ਵਧ ਗਿਆ ਹੈ। 1953 ’ਚ ਈਰਾਨ ਦੇ ਚੁਣੇ ਗਏ ਪ੍ਰਧਾਨ ਮੰਤਰੀ ਮੁਹੰਮਦ ਮੁਸਾਦਿਗ ਨੂੰ ਸੀ. ਆਈ. ਏ. ਦੀ ਸਾਜ਼ਿਸ਼ ਨਾਲ ਸੱਤਾ ਤੋਂ ਹਟਾ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਤੇਲ ਉਦਯੋਗ ਦਾ ਰਾਸ਼ਟਰੀਕਰਨ ਕੀਤਾ ਸੀ। ਈਰਾਨ-ਇਰਾਕ ਦੀ ਜੰਗ ਨੂੰ ਭੜਕਾਉਣ ਵਿਚ ਵੀ ਅਮਰੀਕਾ ਦੀ ਕਾਫੀ ਭੂਮਿਕਾ ਸੀ, ਜਿਸ ਨੇ ਈਰਾਨੀ ਨੇਤਾ ਸੱਦਾਮ ਹੁਸੈਨ ਦਾ ਸਮਰਥਨ ਕੀਤਾ ਸੀ। 1979 ’ਚ ਜਿੰਮੀ ਕਾਰਟਰ ਦੇ ਸ਼ਾਸਨਕਾਲ ’ਚ ਤਹਿਰਾਨ ਵਿਚ ਅਮਰੀਕੀ ਦੂਤਘਰ ’ਤੇ ਈਰਾਨੀ ਇਨਕਲਾਬੀਆਂ ਨੇ ਕਬਜ਼ਾ ਕਰ ਲਿਆ ਸੀ ਅਤੇ ਦੂਤਘਰ ਦੇ ਸਟਾਫ ਨੂੰ ਕਈ ਹਫਤਿਆਂ ਤਕ ਬੰਧਕ ਬਣਾਈ ਰੱਖਿਆ। ਇਸ ਤੋਂ ਬਾਅਦ ਅਮਰੀਕਾ ਦੇ ਈਰਾਨ ਨਾਲ ਰਿਸ਼ਤੇ ਰਸਮੀ ਤੌਰ ’ਤੇ ਖਤਮ ਹੋ ਗਏ। ਅਮਰੀਕਾ ਵਿਚ ਈਰਾਨੀ ਲੋਕਾਂ ਨੂੰ ਪਾਕਿਸਤਾਨੀ ਦੂਤਘਰ ਰਾਹੀਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਆਪਣੇ ਪ੍ਰਮਾਣੂ ਪ੍ਰੋਗਰਾਮ ’ਤੇ ਈਰਾਨ ਦਾ ਓਬਾਮਾ ਪ੍ਰਸ਼ਾਸਨ ਨਾਲ ਸਮਝੌਤਾ ਹੋਣ ਵਾਲਾ ਸੀ ਪਰ ਬਾਅਦ ’ਚ ਟਰੰਪ ਦੇ ਸ਼ਾਸਨਕਾਲ ’ਚ ਇਹ ਖੱਟੇ ’ਚ ਪੈ ਗਿਆ।

ਪਾਠਕ ਜਾਣਦੇ ਹੋਣਗੇ ਕਿ ਈਰਾਨ ਦਾ ਰਾਸ਼ਟਰੀ ਧਰਮ ਸ਼ੀਆ ਇਸਲਾਮ ਹੈ। ਪਾਠਕਾਂ ਲਈ ਇਹ ਗੱਲ ਰੁਚੀ ਵਾਲੀ ਹੋ ਸਕਦੀ ਹੈ ਕਿ ਭਾਰਤ ਅਤੇ ਭਾਰਤੀ ਫੌਜ ਵਿਰੁੱਧ ਲੜ ਰਿਹਾ ਕੋਈ ਵੀ ਸਮੂਹ ਸ਼ੀਆ ਨਹੀਂ ਹੈ। ਜੈਸ਼, ਲਸ਼ਕਰ-ਏ-ਤੋਇਬਾ, ਹਿਜ਼ਬੁਲ ਮੁਜਾਹਿਦੀਨ, ਹਰਕਤ-ਉਲ-ਮੁਜਾਹਿਦੀਨ, ਅਲਕਾਇਦਾ, ਇਸਲਾਮਿਕ ਸਟੇਟ ਆਦਿ ਸਾਰੇ ਸੁੰਨੀ ਸਮੂਹ ਹਨ। ਸ਼ੀਆ ਮਤ ’ਚ ਜੇਹਾਦੀ ਅੱਤਵਾਦ ਦਾ ਕੋਈ ਜ਼ਿਕਰ ਨਹੀਂ ਹੈ। ਈਰਾਨ ਸੁੰਨੀ ਸਮੂਹਾਂ ਸਮੇਤ ਫਿਲਸਤੀਨੀ ਧੜਿਆਂ ਦਾ ਸਮਰਥਕ ਰਿਹਾ ਹੈ, ਜੋ ਇਸਰਾਈਲ ਦਾ ਵਿਰੋਧ ਕਰਦੇ ਹਨ। ਇਸੇ ਕਾਰਣ ਅਮਰੀਕਾ ਈਰਾਨ ਨਾਲ ਨਫਰਤ ਕਰਦਾ ਹੈ। ਈਰਾਨੀਆਂ ਦਾ ਅਮਰੀਕਾ ਨਾਲ ਕੋਈ ਝਗੜਾ ਨਹੀਂ ਹੈ ਅਤੇ ਅਮਰੀਕਾ ਵਲੋਂ ਈਰਾਨ ਨਾਲ ਨਫਰਤ ਦਾ ਕੋਈ ਕਾਰਣ ਨਹੀਂ ਹੈ, ਸਿਵਾਏ ਇਸ ਦੇ ਕਿ ਇਸਰਾਈਲ ਅਮਰੀਕਾ ’ਤੇ ਇਸ ਗੱਲ ਲਈ ਜ਼ੋਰ ਪਾਉਂਦਾ ਹੈ ਕਿ ਉਹ ਈਰਾਨ ਦੇ ਨਾਲ ਸਖਤੀ ਨਾਲ ਪੇਸ਼ ਆਏ ਕਿਉਂਕਿ ਉਹ ਫਿਲਸਤੀਨ ਦੀ ਇਸਰਾਈਲ ਦੇ ਕਬਜ਼ੇ ’ਚੋਂ ਮੁਕਤੀ ਦਾ ਸਮਰਥਕ ਹੈ। ਭਾਰਤੀ ਸ਼ੀਆ ਅੱਗੇ 4 ਧੜਿਆਂ ’ਚ ਵੰਡੇ ਹੋਏ ਹਨ, ਜਿਨ੍ਹਾਂ ’ਚੋਂ ਸਭ ਤੋਂ ਵੱਡਾ ਧੜਾ ਟਵੇਲਵਰ ਸ਼ੀਆ ਹੈ। ਇਨ੍ਹਾਂ ਦੇ ਇਮਾਮ ਈਰਾਨ ਅਤੇ ਇਰਾਕ ਵਿਚ ਕਿਊਮ ਅਤੇ ਕਰਬਲਾ ਵਰਗੇ ਸ਼ਹਿਰਾਂ ’ਚ ਰਹਿੰਦੇ ਹਨ।

ਈਰਾਨ ਨਾਲ ਸੱਭਿਆਚਾਰਕ ਸਬੰਧ

ਭਾਰਤ ਦਾ ਈਰਾਨ ਨਾਲ ਸੱਭਿਆਚਾਰਕ ਰਿਸ਼ਤਾ ਹੈ। ਅਰਬ ਲੋਕ ਉਰਦੂ ਨਹੀਂ ਸਮਝਦੇ ਹਨ ਪਰ ਈਰਾਨੀ ਸਮਝ ਲੈਂਦੇ ਹਨ। ਈਰਾਨ ਹਮੇਸ਼ਾ ਭਾਰਤ ਦਾ ਦੋਸਤ ਰਿਹਾ ਹੈ। ਭਾਰਤ ਨੂੰ ਇਸ ਗੱਲ ਦਾ ਪੂਰਾ ਯਤਨ ਕਰਨਾ ਚਾਹੀਦਾ ਹੈ ਕਿ ਸਾਡੇ ਦੋ ਦੋਸਤਾਂ ਵਿਚਾਲੇ ਜੰਗ ਦੀ ਨੌਬਤ ਨਾ ਆਏ ਕਿਉਂਕਿ ਇਹ ਅਰਥਹੀਣ ਅਤੇ ਬੇਵਕਤੀ ਹੋਵੇਗੀ ਅਤੇ ਇਸ ਨਾਲ ਭਾਰਤ ਸਮੇਤ ਸਭ ਨੂੰ ਨੁਕਸਾਨ ਉਠਾਉਣਾ ਪਵੇਗਾ।


Bharat Thapa

Content Editor

Related News