‘ਭਾਰਤ-ਅਮਰੀਕਾ ਰੱਖਿਆ ਭਾਈਵਾਲੀ : 21ਵੀਂ ਸਦੀ ਦਾ ਨਵਾਂ ਸ਼ਕਤੀ ਸਮੀਕਰਨ’
Sunday, Aug 18, 2024 - 05:25 PM (IST)
21ਵੀਂ ਸਦੀ ’ਚ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਦੇ ਰਿਸ਼ਤੇ ਸਭ ਤੋਂ ਰਣਨੀਤਕ ਅਤੇ ਮਹੱਤਵਪੂਰਨ ਸਬੰਧਾਂ ਵਿਚੋਂ ਇਕ ਹਨ। ਅਮਰੀਕਾ ਇਕ ਪ੍ਰਮੁੱਖ ਵਿਸ਼ਵ ਸ਼ਕਤੀ ਅਤੇ ਇਕ ਮਹੱਤਵਪੂਰਨ ਭਾਈਵਾਲ ਵਜੋਂ ਭਾਰਤ ਦੇ ਉਭਰਨ ਦਾ ਸਮਰਥਨ ਕਰਦਾ ਹੈ ਜੋ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਬੜ੍ਹਾਵਾ ਦੇਣ ’ਚ ਸਹਾਇਕ ਹੈ।
ਅਮਰੀਕਾ ਅਤੇ ਭਾਰਤ ਨੇ ਇਕ ਮਜ਼ਬੂਤ ਰੱਖਿਆ ਉਦਯੋਗਿਕ ਸਹਿਯੋਗ ਦੀ ਸਥਾਪਨਾ ਕੀਤੀ ਹੈ, ਜੋ ਦੋਵਾਂ ਦੇਸ਼ਾਂ ਲਈ ਮਹੱਤਵਪੂਰਨ ਫੌਜੀ ਸਮਰੱਥਾਵਾਂ ਦੇ ਸਹਿ-ਵਿਕਾਸ ਅਤੇ ਸਹਿ-ਉਤਪਾਦਨ ਦੇ ਮੌਕਿਆਂ ਨੂੰ ਵੇਖਦਾ ਹੈ। ਇਸ ਤੋਂ ਇਲਾਵਾ, ਭਾਰਤ ਅਤੇ ਅਮਰੀਕਾ ਬਹੁਪੱਖੀ ਸੰਗਠਨਾਂ ਅਤੇ ਮੰਚਾਂ ਜਿਵੇਂ ਕਿ ਸੰਯੁਕਤ ਰਾਸ਼ਟਰ, ਜੀ-20, ਦੱਖਣ-ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਐਸੋਸੀਏਸ਼ਨ (ਆਸੀਆਨ) ਨਾਲ ਸਬੰਧਤ ਫੋਰਮ, ਅੰਤਰਰਾਸ਼ਟਰੀ ਮੁਦਰਾ ਫੰਡ, ਵਿਸ਼ਵ ਬੈਂਕ ਅਤੇ ਵਿਸ਼ਵ ਵਪਾਰ ਸੰਗਠਨ ਵਰਗੇ ਬਹੁਪੱਖੀ ਸੰਗਠਨਾਂ ਅਤੇ ਮੰਚਾਂ ’ਤੇ ਨੇੜਿਓਂ ਸਹਿਯੋਗ ਕਰਦੇ ਹਨ।
ਭਾਰਤ ਦੇ ਆਲੇ-ਦੁਆਲੇ ਦਾ ਭੂ-ਰਾਜਨੀਤਿਕ ਦ੍ਰਿਸ਼ ਲਗਾਤਾਰ ਤਣਾਅਪੂਰਨ ਹੁੰਦਾ ਜਾ ਰਿਹਾ ਹੈ। ਚੀਨ ਦਾ ਭਾਰਤ ਸਮੇਤ ਆਪਣੇ ਗੁਆਂਢੀ ਦੇਸ਼ਾਂ ਪ੍ਰਤੀ ਹਮਲਾਵਰ ਰਵੱਈਆ ਖੇਤਰੀ ਤਣਾਅ ਨੂੰ ਹੋਰ ਵਧਾ ਰਿਹਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਵੀ ਭਾਰਤ ਲਈ ਸਥਾਈ ਚੁਣੌਤੀ ਬਣਿਆ ਹੋਇਆ ਹੈ।
ਚੀਨ ਅਤੇ ਪਾਕਿਸਤਾਨ ਨਾਲ ਦੋ-ਪੱਖੀ ਸੰਘਰਸ਼ ਦੀ ਧਮਕੀ ਦਾ ਮਤਲਬ ਹੈ ਕਿ ਭਾਰਤ ਨੂੰ ਫੌਜੀ ਅਤੇ ਆਰਥਿਕ ਤੌਰ ’ਤੇ ਤਿਆਰ ਰਹਿਣਾ ਪਵੇਗਾ। ਹਾਲਾਂਕਿ, ਭਾਰਤ ਦਾ ਫੌਜੀ ਆਧੁਨਿਕੀਕਰਨ ਹੌਲੀ ਰਿਹਾ ਹੈ ਅਤੇ ਪੁਰਾਣੀਆਂ ਹਥਿਆਰ ਪ੍ਰਣਾਲੀਆਂ ਅਜੇ ਵੀ ਇਸਦੀਆਂ ਹਥਿਆਰਬੰਦ ਸੈਨਾਵਾਂ ਦੀ ਮੁੱਖ ਧਾਰਾ ਦਾ ਹਿੱਸਾ ਹਨ। ਸਵੈ-ਨਿਰਭਰ ਪਹਿਲਕਦਮੀਆਂ, ਜਿਨ੍ਹਾਂ ਦਾ ਉਦੇਸ਼ ਸਵੈ-ਨਿਰਭਰਤਾ ਪ੍ਰਾਪਤ ਕਰਨਾ ਹੈ, ਨੂੰ ਪ੍ਰਭਾਵੀ ਬਣਨ ਵਿਚ ਸਮਾਂ ਲੱਗੇਗਾ।
ਇਸ ਤੋਂ ਇਲਾਵਾ, ਰੂਸ ਨਾਲ ਚੱਲ ਰਹੇ ਯੁੱਧ ਅਤੇ ਸਬੰਧਤ ਸਪਲਾਈ ਦੀ ਕਮੀ ਦੇ ਕਾਰਨ, ਭਾਰਤ ਨਾਜ਼ੁਕ ਫੌਜੀ ਹਾਰਡਵੇਅਰ ਲਈ ਰੂਸ ’ਤੇ ਨਿਰਭਰ ਨਹੀਂ ਹੋ ਸਕਦਾ। ਰੂਸ ’ਤੇ ਅਮਰੀਕੀ ਪਾਬੰਦੀਆਂ ਇਸ ਸਮੱਸਿਆ ਨੂੰ ਹੋਰ ਪੇਚੀਦਾ ਕਰਦੀਆਂ ਹਨ। ਇਸ ਲਈ ਭਾਰਤ ਫਰਾਂਸ ਅਤੇ ਜਰਮਨੀ ਵਰਗੇ ਯੂਰਪੀ ਦੇਸ਼ਾਂ ਦੀ ਮਦਦ ਨਾਲ ਆਪਣੇ ਲੜਾਕੂ ਅਤੇ ਬਖਤਰਬੰਦ ਬੇੜੇ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ, ਇਹ ਆਧੁਨਿਕ ਫੌਜੀ ਉਪਕਰਣਾਂ ਵਿਚ ਮਹੱਤਵਪੂਰਨ ਪਾੜੇ ਨੂੰ ਦੂਰ ਕਰਨ ਲਈ ਕਾਫ਼ੀ ਨਹੀਂ ਹੋਵੇਗਾ।
ਭਾਰਤੀ ਹਵਾਈ ਸੈਨਾ ਇਸ ਸਮੇਂ ਸਿਰਫ 31 ਲੜਾਕੂ ਸਕੁਐਡਰਨਾਂ ਨਾਲ ਕੰਮ ਕਰ ਰਹੀ ਹੈ, ਜਦੋਂ ਕਿ 42 ਸਕੁਐਡਰਨ ਦੀ ਪ੍ਰਵਾਨਿਤ ਤਾਕਤ ਹੈ। ਅੰਦਾਜ਼ਾ ਹੈ ਕਿ 2030 ਦੇ ਅੱਧ ਤੱਕ ਇਹ ਗਿਣਤੀ ਸਿਰਫ਼ 35-36 ਸਕੁਐਡਰਨ ਤੱਕ ਪਹੁੰਚ ਜਾਵੇਗੀ। ਜੇਕਰ ਇਸ ਦੌਰਾਨ ਕੋਈ ਟਕਰਾਅ ਪੈਦਾ ਹੁੰਦਾ ਹੈ ਤਾਂ ਭਾਰਤ ਦੀ ਰਾਸ਼ਟਰੀ ਸੁਰੱਖਿਆ ਨੂੰ ਗੰਭੀਰ ਖਤਰਾ ਹੋ ਸਕਦਾ ਹੈ।
ਇਸ ਸਥਿਤੀ ਵਿਚ, ਅਮਰੀਕਾ ਭਾਰਤ ਦੀ ਫੌਜੀ ਸਮਰੱਥਾ ਨੂੰ ਮਜ਼ਬੂਤ ਕਰਨ ਵਿਚ ਇਕ ਮਹੱਤਵਪੂਰਨ ਭਾਈਵਾਲ ਵਜੋਂ ਉਭਰਦਾ ਹੈ। ਪਿਛਲੇ ਕੁਝ ਸਾਲਾਂ ਦੌਰਾਨ, ਭਾਰਤ ਨੇ ਅਮਰੀਕਾ ਨਾਲ ਕਈ ਅਰਬ ਡਾਲਰ ਦੇ ਰੱਖਿਆ ਸਮਝੌਤਿਆਂ ’ਤੇ ਦਸਤਖਤ ਕੀਤੇ ਹਨ, ਜੋ ਰਣਨੀਤਿਕ ਸਬੰਧਾਂ ਦੀ ਡੂੰਘਾਈ ਨੂੰ ਦਰਸਾਉਂਦੇ ਹਨ। ਪਿਛਲੇ 15 ਸਾਲਾਂ ਵਿਚ ਅਮਰੀਕਾ ਤੋਂ ਭਾਰਤ ਨੂੰ ਸਪਲਾਈ ਕੀਤੇ ਗਏ ਪ੍ਰਮੁੱਖ ਰੱਖਿਆ ਉਪਕਰਨਾਂ ਵਿਚ ਸੀ-130 ਜੇ ਸੁਪਰ ਹਰਕਿਊਲਿਸ, ਸੀ-17 ਗਲੋਬਮਾਸਟਰ III ਅਤੇ ਪੀ-8I ਪੋਸਡਾਈਨ ਵਰਗੇ ਟਰਾਂਸਪੋਰਟ ਅਤੇ ਸਮੁੰਦਰੀ ਜਹਾਜ਼ ਸੀ. ਐੱਚ.-47 ਐੱਫ ਚਿਨੂਕ, ਐੱਮ. ਐੱਚ.-60 ਅਾਰ ਸੀ-ਹਾਕ ਅਤੇ ਏ. ਐੱਚ.-64 ਈ ਅਪਾਚੇ ਕਿਸਮ ਦੇ ਹੈਲੀਕਾਪਟਰ; ਹਾਰਪੂਨ ਐਂਟੀ-ਸ਼ਿਪ ਮਿਜ਼ਾਈਲਾਂ ਅਤੇ ਐੱਮ 777 ਹਾਵਿਟਜ਼ਰ ਸ਼ਾਮਲ ਹਨ।
ਭਾਰਤ ਵਿਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਹਾਲ ਹੀ ਵਿਚ ਨਵੀਂ ਦਿੱਲੀ ਵਿਚ ਆਯੋਜਿਤ ਦੋ ਦਿਨਾ ‘ਯੂ. ਐੱਸ.-ਇੰਡੀਆ ਡਿਫੈਂਸ ਨਿਊਜ਼ ਕਨਕਲੇਵ : ਸਟੋਰੀਜ਼ ਆਫ ਯੂ. ਐੱਸ.-ਇੰਡੀਆ ਡਿਫੈਂਸ ਐਂਡ ਸਕਿਓਰਿਟੀ ਪਾਰਟਨਰਸ਼ਿਪ’ ਵਿਚ ਅਮਰੀਕਾ-ਭਾਰਤ ਰੱਖਿਆ ਸਾਂਝੇਦਾਰੀ ਦੀਅਾਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ।
ਉਨ੍ਹਾਂ ਨੇ ਭਾਰਤ ਨੂੰ ਇਕ ਅਜਿਹਾ ਕੇਂਦਰ ਬਣਾਉਣ ਵਿਚ ਦਿਲਚਸਪੀ ਪ੍ਰਗਟਾਈ ਜਿੱਥੇ ਅਮਰੀਕੀ ਜਹਾਜ਼ਾਂ ਦੀ ਮੁਰੰਮਤ ਕੀਤੀ ਜਾ ਸਕੇ, ਮਿਆਰੀ ਨੌਕਰੀਆਂ ਪੈਦਾ ਕੀਤੀਆਂ ਜਾ ਸਕਣ ਅਤੇ ਆਪਸੀ ਪ੍ਰਣਾਲੀਆਂ ਅਤੇ ਸਿਖਲਾਈ ਨੂੰ ਬਿਹਤਰ ਢੰਗ ਨਾਲ ਸਮਝਿਆ ਜਾ ਸਕੇ।
ਮੁਕਤ ਵਪਾਰ ਅਤੇ ਇਕ ਨਿਯਮਬੱਧ ਹਿੰਦ-ਪ੍ਰਸ਼ਾਂਤ ਖੇਤਰ ਨੂੰ ਯਕੀਨੀ ਬਣਾਉਣ ਲਈ ਦੋਵਾਂ ਦੇਸ਼ਾਂ ਦਰਮਿਆਨ ਸਾਂਝੇਦਾਰੀ ਮਹੱਤਵਪੂਰਨ ਹੈ। ਵਿਲੱਖਣ ਜਨਸੰਖਿਆ ਲਾਭਅੰਸ਼ ਅਮਰੀਕੀ ਅਤੇ ਭਾਰਤੀ ਕੰਪਨੀਆਂ ਲਈ ਤਕਨਾਲੋਜੀ ਟ੍ਰਾਂਸਫਰ, ਨਿਰਮਾਣ, ਵਪਾਰ ਅਤੇ ਨਿਵੇਸ਼ ਲਈ ਵਿਸ਼ਾਲ ਮੌਕੇ ਪ੍ਰਦਾਨ ਕਰਦਾ ਹੈ।
ਇਸ ਲਈ ਭਾਰਤ ਬੇਮਿਸਾਲ ਬਦਲਾਅ ਦੇ ਦੌਰ ਵਿਚੋਂ ਗੁਜ਼ਰ ਰਹੀ ਇਕ ਅੰਤਰਰਾਸ਼ਟਰੀ ਪ੍ਰਣਾਲੀ ਵਿਚ ਇਕ ਮੋਹਰੀ ਖਿਡਾਰੀ ਵਜੋਂ ਉੱਭਰ ਰਿਹਾ ਹੈ ਅਤੇ ਆਪਣੇ ਮਹੱਤਵਪੂਰਨ ਹਿੱਤਾਂ ਨੂੰ ਅੱਗੇ ਵਧਾਉਣ ਲਈ ਮੌਕਿਆਂ ਦੀ ਖੋਜ ਕਰਨ ਲਈ ਆਪਣੀ ਮੌਜੂਦਾ ਸਥਿਤੀ ਦੀ ਵਰਤੋਂ ਕਰ ਸਕਦਾ ਹੈ।
ਸੀਮਾ ਅਗਰਵਾਲ