ਭਾਰਤ-ਰੂਸ : ਸਾਨੂੰ ਹੋਇਆ ਕੀ ਹੈ?

04/08/2021 3:21:42 AM

ਡਾ. ਵੇਦਪ੍ਰਤਾਪ ਵੈਦਿਕ
ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਦਰਮਿਆਨ ਹੋਈ ਗੱਲਬਾਤ ਦੇ ਜੋ ਅੰਸ਼ ਪ੍ਰਕਾਸ਼ਿਤ ਹੋਏ ਹਨ ਅਤੇ ਉਨ੍ਹਾਂ ਦੋਵਾਂ ਨੇ ਆਪਣੀ ਪ੍ਰੈੱਸ ਕਾਨਫਰੰਸ ’ਚ ਜੋ ਕੁਝ ਕਿਹਾ ਹੈ, ਜੇਕਰ ਉਸ ਦੀ ਡੂੰਘਾਈ ’ਚ ਉਤਰੀਏ ਤਾਂ ਤੁਹਾਨੂੰ ਥੋੜ੍ਹਾ ਬਹੁਤਾ ਅਨੰਦ ਜ਼ਰੂਰ ਆਵੇਗਾ ਪਰ ਤੁਸੀਂ ਦੁਖੀ ਹੋਏ ਬਿਨਾਂ ਵੀ ਨਹੀਂ ਰਹੋਗੇ।

ਅਨੰਦ ਇਸ ਗੱਲ ਤੋਂ ਹੋਵੇਗਾ ਕਿ ਰੂਸ ਤੋਂ ਅਸੀਂ ਐੱਸ-400 ਮਿਜ਼ਾਈਲ ਖਰੀਦ ਰਹੇ ਹਾਂ, ਉਹ ਖਰੀਦ ਅਮਰੀਕੀ ਪਾਬੰਦੀਆਂ ਦੇ ਬਾਵਜੂਦ ਜਾਰੀ ਰਹੇਗੀ। ਰੂਸ ਭਾਰਤ ਤੋਂ ਸਾਢੇ ਸੱਤ ਕਰੋੜ ਕੋਰੋਨਾ ਟੀਕੇ ਖਰੀਦੇਗਾ।

ਜਦਕਿ ਇਧਰ ਭਾਰਤ ਨੇ ਰੂਸੀ ਹਥਿਆਰ ਦੀ ਖਰੀਦ ਲਗਭਗ 33 ਫੀਸਦੀ ਘਟਾ ਦਿੱਤੀ ਹੈ ਪਰ ਲਾਵਰੋਵ ਨੇ ਭਰੋਸਾ ਦਿਵਾਇਆ ਹੈ ਕਿ ਹੁਣ ਰੂਸ ਭਾਰਤ ਨੂੰ ਨਵੇਂ ਹਥਿਆਰ ਨਿਰਮਾਣ ’ਚ ਮੁਕੰਮਲ ਸਹਿਯੋਗ ਦੇਵੇਗਾ। ਉੱਤਰ-ਦੱਖਣ ਮਹਾਪਥ ਈਰਾਨ ਅਤੇ ਮੱਧ ਏਸ਼ੀਆ ਹੋ ਕੇ ਰੂਸ ਤਕ ਆਉਣ-ਜਾਣ ਦਾ ਬਰਾਮਦਾ ਅਤੇ ਚੇਨਈ ਵਲਾਦਿਵਸਤੋਕ ਜਲਮਾਰਗ ਤਿਆਰ ਕਰਨ ’ਚ ਵੀ ਰੂਸ ਨੇ ਰੁਚੀ ਦਿਖਾਈ ਹੈ।

ਲਾਵਰੋਵ ਨੇ ਭਾਰਤ-ਰੂਸੀ ਜੰਗੀ ਅਤੇ ਵਪਾਰਕ ਸਹਿਯੋਗ ਵਧਾਉਣ ਦੇ ਵੀ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਭਾਰਤ ਕਿਸੇ ਵੀ ਦੇਸ਼ ਦੇ ਨਾਲ ਆਪਣੇ ਸਬੰਧ ਗੂੜ੍ਹੇ ਬਣਾਉਣ ਲਈ ਆਜ਼ਾਦ ਹੈ। ਉਨ੍ਹਾਂ ਦਾ ਇਸ਼ਾਰਾ ਭਾਰਤ ਅਤੇ ਅਮਰੀਕਾ ਦੀ ਵਧਦੀ ਹੋਈ ਗੂੜ੍ਹਤਾ ਦੇ ਵੱਲ ਰਿਹਾ ਹੋਵੇਗਾ ਪਰ ਉਨ੍ਹਾਂ ਨੇ ਕਈ ਅਜਿਹੀਆਂ ਗੱਲਾਂ ਵੀ ਕਹੀਆਂ ਹਨ, ਜਿਨ੍ਹਾਂ ਤੋਂ ਤੁਸੀਂ ਥੋੜ੍ਹੀ ਜਿਹੀ ਗੰਭੀਰਤਾ ਨਾਲ ਸੋਚੋ ਤਾਂ ਜਾਪੇਗਾ ਕਿ ਉਹ ਦਿਨ ਗਏ, ਜਦੋਂ ਭਾਰਤ-ਰੂਸ ਸਬੰਧਾਂ ਨੂੰ ਬੜੇ ਪੱਕੇ ਕਿਹਾ ਜਾਂਦਾ ਸੀ।

ਕੀ ਕਦੀ ਅਜਿਹਾ ਹੋਇਆ ਹੈ ਕਿ ਕੋਈ ਰੂਸੀ ਨੇਤਾ ਭਾਰਤ ਆ ਕੇ ਉਥੋਂ ਤੁਰੰਤ ਪਾਕਿਸਤਾਨ ਗਿਆ ਹੋਵੇ? ਕੱਲ ਨਵੀਂ ਦਿੱਲੀ ’ਚ ਪ੍ਰੈੱਸ ਕਾਨਫਰੰਸ ਖਤਮ ਹੁੰਦੇ ਹੀ ਲਾਵਰੋਵ ਇਸਲਾਮਾਬਾਦ ਪਹੁੰਚ ਗਏ। ਰੂਸ ਦਾ ਵਤੀਰਾ ਭਾਰਤ ਦੇ ਪ੍ਰਤੀ ਹੁਣ ਲਗਭਗ ਉਹੋ ਜਿਹਾ ਹੀ ਹੋ ਗਿਆ ਹੈ ਜਿਵੇਂ ਕਦੇ ਅਮਰੀਕਾ ਦਾ ਸੀ।

ਉਹ ਇਸਲਾਮਾਬਾਦ ਕਿਉਂ ਗਏ ? ਇਸ ਲਈ ਉਹ ਅਫਗਾਨ ਸੰਕਟ ਨੂੰ ਹੱਲ ਕਰਨ ’ਚ ਲੱਗੇ ਹੋਏ ਹਨ। ਸੋਵੀਅਤ ਰੂਸ ਨੇ ਹੀ ਇਹ ਦਰਦ ਪੈਦਾ ਕੀਤਾ ਸੀ ਅਤੇ ਉਹ ਹੀ ਇਸ ਦੀ ਦਵਾਈ ਲੱਭ ਰਿਹਾ ਹੈ। ਲਾਵਰੋਵ ਨੇ ਸਾਫ-ਸਾਫ ਕਿਹਾ ਹੈ ਕਿ ਤਾਲਿਬਾਨ ਨਾਲ ਸਮਝੌਤੇ ਕੀਤੇ ਬਿਨਾਂ ਅਫਗਾਨ ਸੰਕਟ ਦਾ ਹੱਲ ਨਹੀਂ ਹੋ ਸਕਦਾ।

ਜੈ ਸ਼ੰਕਰ ਨੂੰ ਦੱਬੀ ਜ਼ੁਬਾਨ ਨਾਲ ਕਹਿਣਾ ਪਿਆ ਕਿ ਹਾਂ, ਉਸ ਹੱਲ ’ਚ ਸਾਰੇ ਅਫਗਾਨਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਹ ਸਾਡੀ ਸਰਕਾਰ ਦੀ ਘੋਰ ਅਸਮਰਥਾ ਹੈ ਕਿ ਸਾਡਾ ਤਾਲਿਬਾਨ ਨਾਲ ਕੋਈ ਸੰਪਰਕ ਨਹੀਂ ਹੈ। 1999 ’ਚ ਜਦੋਂ ਸਾਡੇ ਹਵਾਈ ਜਹਾਜ਼ ਨੂੰ ਅਗਵਾ ਕਰਕੇ ਕੰਧਾਰ ਲਿਜਾਇਆ ਗਿਆ ਸੀ, ਉਦੋਂ ਪ੍ਰਧਾਨ ਮੰਤਰੀ ਅਟਲ ਜੀ ਦੀ ਬੇਨਤੀ ’ਤੇ ਮੈਂ ਨਿਊਯਾਰਕ ਰਹਿੰਦੇ ਹੋਏ ਕੰਧਾਰ ਦੇ ਤਾਲਿਬਾਨ ਨੇਤਾਵਾਂ ਨਾਲ ਸਿੱਧਾ ਸੰਪਰਕ ਕਰ ਕੇ ਉਸ ਜਹਾਜ਼ ਨੂੰ ਛੁਡਵਾਇਆ ਸੀ।

ਅਸੀਂ ਇਹ ਜਾਣ ਲਈਏ ਕਿ ਤਾਲਿਬਾਨ ਗਿਲਜਈ ਪਠਾਨ ਹਨ। ਉਹ ਮਜਬੂਰੀ ’ਚ ਪਾਕਿਸਤਾਨ ਪ੍ਰਸਤ ਹਨ। ਉਹ ਭਾਰਤ ਵਿਰੋਧੀ ਨਹੀਂ ਹਨ। ਜੇਕਰ ਉਨ੍ਹਾਂ ਦੇ ਜਾਨੀ ਦੁਸ਼ਮਣ ਅਮਰੀਕਾ ਤੇ ਰੂਸ ਉਨ੍ਹਾਂ ਨਾਲ ਸਿੱਧਾ ਸੰਪਰਕ ਰੱਖ ਰਹੇ ਹਨ ਤਾਂ ਅਸੀਂ ਕਿਉਂ ਨਹੀਂ ਰੱਖ ਸਕਦੇ? ਸਾਨੂੰ ਹੋਇਆ ਕੀ ਹੈ? ਅਸੀਂ ਕਿਸ ਤੋਂ ਡਰ ਰਹੇ ਹਾਂ? ਜਾਂ ਮੋਦੀ ਸਰਕਾਰ ਦੇ ਕੋਲ ਯੋਗ ਲੋਕਾਂ ਦੀ ਘਾਟ ਹੈ?

ਲਾਵਰੋਵ ਨੇ ਤਾਲਿਬਾਨ ਨਾਲ ਰੂਸੀ ਸੰਬੰਧਾਂ ’ਤੇ ਜ਼ੋਰ ਤਾਂ ਦਿੱਤਾ ਹੀ, ਉਨ੍ਹਾਂ ਨੇ ‘ਇੰਡੋ-ਪੈਸੀਫਿਕ’ ਦੀ ਬਜਾਏ ‘ਏਸ਼ੀਆ-ਪੈਸੀਫਿਕ’ ਸ਼ਬਦ ਦੀ ਵਰਤੋਂ ਕੀਤੀ। ਉਨ੍ਹਾਂ ਨੇ ਅਮਰੀਕਾ, ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਧੜੇ ਨੂੰ ‘ਏਸ਼ੀਅਨ ਨਾਟੋ’ ਵੀ ਕਹਿ ਦਿੱਤਾ। ਚੀਨ ਅਤੇ ਪਾਕਿਸਤਾਨ ਦੇ ਨਾਲ ਰਲ ਕੇ ਰੂਸ ਹੁਣ ਅਮਰੀਕੀ ਗਲਬੇ ਨਾਲ ਟੱਕਰ ਲੈਣੀ ਚਾਹੇਗਾ ਪਰ ਭਾਰਤ ਦੇ ਲਈ ਇਹ ਚੰਗਾ ਹੋਵੇਗਾ ਕਿ ਉਹ ਕਿਸੇ ਵੀ ਧੜੇ ਦਾ ਪਿਛਲੱਗ ਨਾ ਬਣੇ। ਇਹ ਗੱਲ ਜੈ ਸ਼ੰਕਰ ਨੇ ਸਪਸ਼ਟ ਕਰ ਦਿੱਤੀ ਹੈ ਪਰ ਦੱਖਣ ਏਸ਼ੀਆ ਦੀ ਮਹਾਸ਼ਕਤੀ ਹੋਣ ਦੇ ਨਾਤੇ ਭਾਰਤ ਨੂੰ ਜੋ ਭੂਮਿਕਾ ਅਦਾ ਕਰਨੀ ਚਾਹੀਦੀ ਹੈ, ਉਹ ਉਸ ਕੋਲੋਂ ਅਦਾ ਨਹੀਂ ਹੋ ਰਹੀ।

(ਲੇਖਕ ਭਾਰਤੀ ਵਿਦੇਸ਼ ਨੀਤੀ ਪਰੀਸ਼ਦ ਦੇ ਮੁਖੀ ਹਨ)


Bharat Thapa

Content Editor

Related News