ਭਾਰਤ ਨੂੰ ਅਮਰੀਕਾ ਤੋਂ ਸਬਕ ਸਿੱਖਣ ਦੀ ਲੋੜ

07/18/2021 3:30:38 AM

ਮਨੀਸ਼ ਤਿਵਾੜੀ 
ਸੰਯੁਕਤ ਰਾਜ ਅਮਰੀਕਾ ਅਤੇ ਸੋਵੀਅਤ ਸੰਘ ਬਿਨਾਂ ਸ਼ੱਕ ਦੂਜੀ ਸੰਸਾਰ ਜੰਗ ਦੇ ਸੁਪਰ ਜੇਤੂ ਸਨ। ਚੀਨ ਦੀ ਕਮਿਊਨਿਸਟ ਪਾਰਟੀ (ਸੀ. ਸੀ. ਪੀ.) ਗਲਤੀ ਨਾਲ ਜੇਤੂ ਬਣੀ। ਦੋ ਪ੍ਰਮੁੱਖ ਯੂਰਪੀਅਨ ਸ਼ਕਤੀਆਂ ਬ੍ਰਿਟਿਸ਼ ਅਤੇ ਫਰਾਂਸ ਨੇ ਵਿਸ਼ਵ ਪੱਧਰੀ ਮਾਮਲਿਆਂ ’ਚ ਆਪਣੀ ਧਰੁਵੀ ਸਥਿਤੀ ਗੁਆ ਦਿੱਤੀ ਕਿਉਂਕਿ ਉਨ੍ਹਾਂ ਨੇ ਆਪਣੀਆਂ ਬਸਤੀਆਂ ’ਤੇ ਸ਼ਾਸਨ ਗੁਆ ਦਿੱਤਾ ਸੀ। 1945 ਅਤੇ ਹੁਣ ਦੇ ਦਰਮਿਆਨ ਅਮਰੀਕਾ ਦੀ ਤਾਕਤ ਵਧਦੀ ਗਈ। ਸੋਵੀਅਤ ਸੰਘ 26 ਦਸੰਬਰ, 1991 ਨੂੰ ਗਾਇਬ ਹੋ ਗਿਆ। 90 ਦੇ ਦਹਾਕੇ ਦੇ ਸ਼ੁਰੂ ’ਚ ਅਮਰੀਕਾ ਇਕ ਵਿਸ਼ਵ ਪੱਧਰੀ ਹਾਈਪਰ ਪਾਵਰ ਦੇ ਤੌਰ ’ਤੇ ਉੱਭਰਿਆ।

ਦੂਜੀ ਵਿਸ਼ਵ ਜੰਗ ਦੇ ਬਾਅਦ ਅਮਰੀਕਾ ਦਾ ਵਿਸ਼ਵ ’ਚ ਫੌਜੀ ਦਖਲ ਦਾ ਰਿਕਾਰਡ ਕਾਫੀ ਘੱਟ ਰਿਹਾ ਹੈ। ਦੂਜੀ ਵਿਸ਼ਵ ਜੰਗ ਦੇ ਬਾਅਦ ਇਸ ਦਾ ਪਹਿਲਾ ਵੱਡਾ ਫੌਜੀ ਦਖਲ ਕੋਰੀਆ ’ਚ 1950 ਤੋਂ 1953 ਤੱਕ ਦਾ। ਇਹ ਅੜਿੱਕੇ ਦੇ ਨਾਲ ਖਤਮ ਹੋਇਆ। ਅਮਰੀਕਾ ਲਈ ਇਕੋ-ਇਕ ਸ਼ਰਮਨਾਕ ਮੌਕਾ 11 ਅਪ੍ਰੈਲ, 1951 ਨੂੰ ਰਾਸ਼ਟਰਪਤੀ ਹੈਰੀ ਟਰੂਮੈਨ ਵੱਲੋਂ ਜਨਰਲ ਦੋਗਲਾਸ ਮੈਕਆਰਥਰ ਨੂੰ ਹਟਾਉਣਾ ਸੀ। ਇਕ ਸਨਮਾਨਿਤ ਜੰਗੀ ਨਾਇਕ ਅਤੇ ਜਾਪਾਨ ’ਚ ਚੋਟੀ ਦੇ ਸੰਯੁਕਤ ਕਮਾਂਡਰ ਮੈਕਆਰਥਰ ਕੋਰੀਅਨ ਸੰਘਰਸ਼ ਨੂੰ ਵਧਾ ਕੇ ਚੀਨ ’ਤੇ ਹਮਲਾ ਕਰਨਾ ਚਾਹੁੰਦੇ ਸਨ।

ਅਮਰੀਕਾ ਦਾ ਦੂਸਰਾ ਵੱਡਾ ਫੌਜੀ ਦਖਲ ਵੀਅਤਨਾਮ ’ਚ ਸੀ। ਇਸ ਦੀ ਸ਼ੁਰੂਆਤ 28 ਫਰਵਰੀ, 1961 ਨੂੰ ਹੋਈ ਅਤੇ ਲਗਾਤਾਰ ਸ਼ਰਮਨਾਕ ਹਾਰਾਂ ਦੇ ਬਾਅਦ 7 ਮਈ, 1975 ਨੂੰ ਅੰਤ ਹੋਇਆ। ਇਸ ਦੀ ਇਕ ਯਾਦਗਾਰੀ ਤਸਵੀਰ 30 ਅਪ੍ਰੈਲ, 1975 ਨੂੰ ਸੈਗੋਨ ਦੇ ਬਾਅਦ ਯੂ. ਐੱਸ. ਐੱਸ. ਓਕੀਨਾਵਾ ਡੈਕ ’ਤੇ ਅੰਤਿਮ ਹੈਲੀਕਾਪਟਰ ਦੇ ਲੈਂਡ ਕਰਨ ਦੀ ਹੈ।

1975 ਦੇ ਬਾਅਦ 1990 ਤੱਕ ਅਮਰੀਕਾ ਵਿਸ਼ਵ ਭਰ ’ਚ ਕਈ ਲੁਕਵੀਆਂ ਜੰਗਾਂ ’ਚ ਸ਼ਾਮਲ ਰਿਹਾ ਪਰ ਸਿੱਧੇ ਫੌਜੀ ਦਖਲ ਤੋਂ ਪ੍ਰਹੇਜ਼ ਕੀਤਾ। ਇਸ ਦੀ ਫੌਜੀ ਤਾਕਤ ਦਾ ਇਕ ਵੱਡਾ ਮੌਕਾ 1990 ਦੀ ਪਹਿਲੀ ਖਾੜੀ ਜੰਗ ’ਚ ਉਸ ਸਮੇਂ ਸਾਹਮਣੇ ਆਇਆ ਜਦੋਂ ਇਕ ਅਚਾਨਕ ਅਤੇ ਹੈਰਾਨੀਜਨਕ ਕਾਰਵਾਈ ਦੌਰਾਨ ਅਮਰੀਕਾ ਵਾਲੇ ਗਠਜੋੜ ਨੇ ਕੁਵੈਤ ਨੂੰ ਆਜ਼ਾਦ ਕਰਵਾਇਆ ਜਿਸ ਨੇ ਸੱਦਾਮ ਹੁਸੈਨ ਦੀਆਂ ਫੌਜਾਂ ਨੂੰ ਤਿੱਲਿਆਂ ਵਾਂਗ ਖਿਲਾਰ ਦਿੱਤਾ।

ਹੈਰਾਨੀ ਦੀ ਗੱਲ ਇਹ ਹੈ ਕਿ ਅਮਰੀਕਾ ਨੇ ਹੀ 1980/89 ਦਰਮਿਆਨ ਈਰਾਨ ਨਾਲ ਜੰਗ ’ਚ ਸਮੱਗਰੀ ਅਤੇ ਫੌਜ ਦੋਵਾਂ ਤਰ੍ਹਾਂ ਨਾਲ ਸਰੋਤ ਸੰਪੰਨ ਇਰਾਕ ਦਾ ਸਮਰਥਨ ਕੀਤਾ। ਇਰਾਕ ’ਚ 2003 ’ਚ ਅਮਰੀਕਾ ਦੇ ਦੂਸਰੇ ਫੌਜੀ ਦਖਲ ਦਾ ਅੰਤ ਫਿਰ ਚੰਗਾ ਨਹੀਂ ਹੋਇਆ। ਇਸ ਨੇ ਅਸਲ ’ਚ ਖੇਤਰ ’ਚ ਈਰਾਨ ਦੇ ਪ੍ਰਭਾਵ ਨੂੰ ਵਧਾਇਆ ਅਤੇ ਸ਼ੀਆ ਪ੍ਰਭੂਸੱਤਾ ਵਾਲੇ ਲਿਬਨਾਨ, ਸੀਰੀਆ, ਬਹਿਰੀਨ, ਈਰਾਨ, ਅਜਰਬੈਜਾਨ, ਯਮਨ ਅਤੇ ਇੱਥੋਂ ਤੱਕ ਕਿ ਪੱਛਮੀ ਅਫਗਾਨਿਸਤਾਨ ਦਾ ਗਠਨ ਕੀਤਾ।

ਅਫਗਾਨਿਸਤਾਨ ’ਚ ਅਮਰੀਕਾ ਦਾ ਦਖਲ ਜਿਮੀ ਕਾਰਟਰ ਸਰਕਾਰ ਦੇ ਆਖਰੀ ਸਮੇਂ ’ਚ ਦਸੰਬਰ 1979 ’ਚ ਸ਼ੁਰੂ ਹੋਇਆ। ਇਸ ਨੂੰ ਉਨ੍ਹਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਿਬਗ੍ਰਿਊ ਬ੍ਰਜੇਜਿੰਸਕੀ ਵੱਲੋਂ ਹਰੀ ਝੰਡੀ ਦਿਖਾਈ ਗਈ। ਉਨ੍ਹਾਂ ਨੇ ਇਕ ਇੰਟਰਵਿਊ ’ਚ ਖੁਲਾਸਾ ਕੀਤਾ ਕਿ ‘ਜਿਸ ਦਿਨ ਸੋਵੀਅਤਾਂ ਨੇ ਅਧਿਕਾਰਕ ਤੌਰ ’ਤੇ ਸਰਹੱਦ ਪਾਰ ਕੀਤੀ, ਮੈਂ ਰਾਸ਼ਟਰਪਤੀ ਕਾਰਟਰ ਨੂੰ ਲਿਖਿਆ ਕਿ ਹੁਣ ਸਾਡੇ ਕੋਲ ਆਪਣੀ ਵੀਅਤਨਾਮ ਜੰਗ ਸੋਵੀਅਤ ਸੰਘ ਨੂੰ ਦੇਣ ਦਾ ਮੌਕਾ ਹੈ।

ਅਸਲ ’ਚ ਲਗਭਗ 10 ਸਾਲਾਂ ਲਈ ਮਾਸਕੋ ਨੂੰ ਸਰਕਾਰ ਦੇ ਸਮਰਥਨ ਦੇ ਬਿਨਾਂ ਜੰਗ ਜਾਰੀ ਰੱਖਣੀ ਪਈ, ਇਕ ਅਜਿਹੀ ਸੰਘਰਸ਼ ਜਿਸ ਨੇ ਉਸ ਦੇ ਮਨੋਬਲ ਨੂੰ ਤੋੜ ਦਿੱਤਾ ਅਤੇ ਅਖੀਰ ਸੋਵੀਅਤ ਸਾਮਰਾਜ ਟੁੱਟ ਗਿਆ।’’ ਉਨ੍ਹਾਂ ਦੇ ਸ਼ਬਦ ਅਸਲ ’ਚ ਭਵਿੱਖਬਾਣੀ ਸਾਬਿਤ ਹੋਏ।

ਬ੍ਰਜੇਜਿੰਸਕੀ ਨੇ ਉਸ ਦੇ ਬਾਅਦ ਪਾਕਿਸਤਾਨ ਰਾਹੀਂ ਅਫਗਾਨਿਸਤਾਨ ’ਚ ਮੁਜਾਹਿਦੀਨਾਂ ਨੂੰ ਅਮਰੀਕੀ ਫੌਜੀ ਸਹਾਇਤਾ ਅਤੇ ਸਾਊਦੀ ਵਿੱਤੀ ਸਹਾਇਤਾ ਸ਼ੁਰੂ ਕੀਤੀ। ਉਨ੍ਹਾਂ ਨੇ ਸਵਾਲ ਉਠਾਇਆ ਸੀ ਕਿ ‘‘ਵਿਸ਼ਵ ਇਤਿਹਾਸ ਲਈ ਸਭ ਤੋਂ ਮਹੱਤਵਪੂਰਨ ਕੀ ਹੈ? ਤਾਲਿਬਾਨ ਜਾਂ ਸੋਵੀਅਤ ਸਾਮਰਾਜ ਦਾ ਪਤਨ?’’

ਇਸ ਲਈ ਅਫਗਾਨਿਸਤਾਨ ’ਚ 1980 ਤੋਂ 1989 ਤੱਕ ਅਮਰੀਕੀਆਂ ਦਾ ਸਿਰਫ ਇਕ ਹੀ ਮਕਸਦ ਸੀ-ਸੋਵੀਅਤਾਂ ਨੂੰ ਆਪਣਾ ਵੀਅਤਨਾਮ ਸੌਂਪਣਾ। ਉਨ੍ਹਾਂ ਨੂੰ ਤਦ ਸਫਲਤਾ ਮਿਲੀ ਜਦੋਂ ਸੋਵੀਅਤ 1989 ’ਚ ਅਮੂ ਦਰਿਆ ਤੋਂ ਪਿੱਛੇ ਹਟ ਗਏ। ਇਸ ਦੇ ਬਾਅਦ ਸੋਵੀਅਤ ਸੰਘ ਦਾ ਪਤਨ ਇਕ ਗੈਰ-ਪ੍ਰਾਸੰਗਿਕ ਬੋਨਸ ਸੀ।

ਕੀ 1990 ਦੇ ਦਹਾਕੇ ਦੇ ਸ਼ੁਰੂ ਦੇ ਅਫਗਾਨਿਸਤਾਨ ਲਈ ਅਮਰੀਕਾ ਦੇ ਦ੍ਰਿਸ਼ਟੀਕੋਣ ਨੂੰ ਦੋਸ਼ ਦਿੱਤਾ ਜਾ ਸਕਦਾ ਹੈ? ਨਹੀਂ। ਕਿਉਂਕਿ ਹਰੇਕ ਦੇਸ਼ ਆਪਣੇ ਖੁਦ ਦੇ ਹਿੱਤਾਂ ਦੇ ਮੱਦੇਨਜ਼ਰ ਕਾਰਵਾਈਆਂ ਕਰਦਾ ਹੈ। ਜਿਸ ਦਿਨ ਸੋਵੀਅਤ ਪਿੱਛੇ ਹਟ ਗਏ, ਅਮਰੀਕੀ ਰਾਸ਼ਟਰ ਹਿੱਤ ਖਤਮ ਹੋ ਗਏ।

1989 ਤੋਂ 2001 ਦਾ ਸਮਾਂ ਅਫਗਾਨਿਸਤਾਨ ’ਚ ਅਜਿਹੀਆਂ ਵੱਡੀਆਂ ਤਾਕਤਾਂ ਲਿਆਇਆ ਕਿ ਉਹ ਅਮਰੀਕਾ ਵਿਰੁੱਧ ਇੰਝ ਖੜ੍ਹੀਆਂ ਹੋ ਗਈਆਂ ਜਿਵੇਂ ਪਹਿਲਾਂ ਕਦੀ ਨਹੀਂ ਹੋਇਆ। 9/11 ਨੇ ਅਮਰੀਕਾ ਦੀ ਅਫਗਾਨਿਸਤਾਨ ’ਚ ਵਾਪਸੀ ਨੂੰ ਜ਼ਰੂਰੀ ਬਣਾ ਦਿੱਤਾ।

ਹੁਣ ਤਾਲਿਬਾਨ ਤੋਂ ਵਾਰ-ਵਾਰ ਇਹ ਭਰੋਸਾ ਮਿਲਣ ਦੇ ਬਾਅਦ ਹੀ ਅਫਗਾਨ ਧਰਤੀ ਤੋਂ ਅਮਰੀਕੀ ਹਿੱਤਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ, ਉਹ ਅਫਗਾਨਿਸਤਾਨ ਨੂੰ ਮੌਲਾਨਿਆਂ ਦੇ ਹੱਥ ’ਚ ਸੌਂਪਣ ਦੇ ਕਿਤੇ ਵੱਧ ਚਾਹਵਾਨ ਸਨ। ਅਮਰੀਕਾ ਲਈ ਤਾਲਿਬਾਨ ਉਨ੍ਹਾਂ ਬਹੁਤ ਸਾਰੇ ਮੌਲਾਨਿਆਂ ਦਾ ਇਕ ਸਿਖਰ ਹੈ ਜਿਨ੍ਹਾਂ ਨਾਲ ਉਹ ਵਿਆਪਕ ਮੱਧਪੂਰਵ ’ਚ ਨਜਿੱਠ ਰਿਹਾ ਹੈ। ਜੇਕਰ ਤਾਲਿਬਾਨ ਆਪਣੇ ਵਾਅਦੇ ਨੂੰ ਤੋੜਦੇ ਹਨ ਤਾਂ ਅਮਰੀਕਾ ਕਦੀ ਵੀ ਵਾਪਸ ਪਰਤ ਸਕਦਾ ਹੈ।

ਇਹ ਭਾਰਤ ਲਈ ਇਕ ਸਬਕ ਹੈ ਜੋ ਚੀਨ ਨਾਲ ਨਜਿੱਠਣ ਲਈ ਅਮਰੀਕੀ ‘ਕੁਆਡ ਪੈਗ’ ’ਤੇ ਆਪਣਾ ਕੋਟ ਟੰਗਣਾ ਚਾਹੁੰਦਾ ਹੈ। ਜ਼ਿੰਦਗੀ ’ਚ ਕੁਝ ਵੀ ਮੁਫਤ ਨਹੀਂ ਮਿਲਦਾ। ਚੀਨ ’ਚ ਅਮਰੀਕੀਆਂ ਦੇ ਆਪਣੇ ਹਿੱਤ ਹਨ। ਜ਼ਰੂਰੀ ਨਹੀਂ ਕਿ ਉਹ ਹਿੱਤ ਭਾਰਤ ’ਤੇ ਵੀ ਲਾਗੂ ਹੋਣ। ਇਹ ਸ਼ਾਇਦ ਭਾਰਤੀ ਰਣਨੀਤੀਕਾਰਾਂ ਲਈ ਸਿੱਖਿਆਦਾਇਕ ਹੋਵੇਗਾ ਕਿ ਉਹ ਗਿਆਨ ਦੇ ਇਨ੍ਹਾਂ ਡੂੰਘੇ ਖੂਹਾਂ ’ਚੋਂ ਕੋਈ ਘੁੱਟ ਪੀਣ।


Bharat Thapa

Content Editor

Related News