ਚੀਨ ਨੇ ਛੱਡਿਆ ਤਾਂ ਭਾਰਤ ਨੇ ਕੀਤੀ ਮੰਗੋਲੀਆ ਦੀ ਮਦਦ

07/07/2022 2:57:24 PM

ਬੀਜਿੰਗ- ਰੂਸ-ਯੂਕ੍ਰੇਨ ਜੰਗ ਅਤੇ ਕੋਰੋਨਾ ਮਹਾਮਾਰੀ ਦੀ ਭਿਆਨਕਤਾ ਦੇ ਦੌਰ ’ਚ ਜਦੋਂ ਪੂਰੀ ਦੁਨੀਆ ’ਚ ਡਰ ਅਤੇ ਚਿੰਤਾ ਦਾ ਵਾਤਾਵਰਣ ਪੈਦਾ ਹੋਇਆ ਹੈ ਅਤੇ ਸਪਲਾਈ ਲੜੀ ਰੁਕੀ ਹੈ, ਅਜਿਹੇ ’ਚ ਇਕ ਚੰਗੀ ਖਬਰ ਇਹ ਹੈ ਕਿ ਭਾਰਤ ਆਪਣੇ ਗੁਆਂਢੀ ਦੇਸ਼ ਮੰਗੋਲੀਆ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ’ਚ ਲੱਗਾ ਹੋਇਆ ਹੈ। ਉਕਤ ਧਰੁਵੀ ਖੇਤਰ ’ਚ ਵਸੇ ਬੋਧੀ ਮੰਗੋਲੀਆ ਦੀ ਭਾਰਤ ਪੁਲਾੜ, ਖਣਿਜ, ਤੇਲ, ਖਨਨ, ਊਰਜਾ, ਰੇਲ, ਇਲੈਕਟ੍ਰਾਨਿਕਸ, ਰੱਖਿਆ ਵਰਗੇ ਖੇਤਰਾਂ ’ਚ ਮਦਦ ਕਰ ਰਿਹਾ ਹੈ। ਭਾਰਤ ਨੇ ਮੰਗੋਲੀਆ ’ਚ ਇਕ ਅਰਬ ਅਮਰੀਕੀ ਡਾਲਰ ਦੀ ਲਾਗਤ ਨਾਲ ਇਕ ਤੇਲ ਸੋਧਕ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ ਜੋ ਸਾਲ 2022 ਦੇ ਅਖੀਰ ਤੱਕ ਪੂਰਾ ਹੋ ਜਾਵੇਗਾ। ਇਸ ਤੇਲ ਸੋਧਕ ਕਾਰਖਾਨੇ ਦੀ ਸਮਰੱਥਾ ਡੇਢ ਲੱਖ ਮੀਟਰ ਟਨ ਤੇਲ ਕੱਢਣ ਅਤੇ ਸੋਧਣ ਦੀ ਹੈ। ਇਸ ਕਾਰਖਾਨੇ ਨੂੰ ਇੰਜੀਨੀਅਰਸ ਇੰਡੀਆ ਲਿਮਟਿਡ ਦੇ ਸਹਿਯੋਗ ਨਾਲ ਦੱਖਣੀ ਮੰਗੋਲੀਆ ਦੇ ਦੋਰਨੇਗੋਬੀ ਸੂਬੇ ’ਚ ਸੈਨਸ਼ਾਂਦ ਇਲਾਕੇ ’ਚ ਲਾਇਆ ਗਿਆ ਹੈ। ਇਸ ਇਕੱਲੇ ਤੇਲ ਸੋਧਕ ਕਾਰਖਾਨੇ ਨਾਲ ਮੰਗੋਲੀਆ ਦੀ 75 ਫੀਸਦੀ ਤੇਲ ਦੀ ਲੋੜ ਪੂਰੀ ਹੋ ਜਾਵੇਗੀ। ਇਸ ਸਮੇਂ ਮੰਗੋਲੀਆ ਆਪਣੇ ਉੱਤਰੀ ਗੁਆਂਢੀ ਰੂਸ ਤੋਂ ਲੋੜੀਂਦਾ ਤੇਲ ਖਰੀਦਦਾ ਹੈ। ਭਾਰਤ ਮੰਗੋਲੀਆ ਦੀ ਮਦਦ ਰੇਲ ਨੈੱਟਵਰਕ ਸਥਾਪਿਤ ਕਰਨ ਅਤੇ ਊਰਜਾ ਪਲਾਂਟਾਂ ਦਾ ਜਾਲ ਵਿਛਾਉਣ ਲਈ ਵੀ ਕਰ ਰਿਹਾ ਹੈ, ਜਿਸ ਨਾਲ ਮੰਗੋਲੀਆ ਨੂੰ ਆਪਣੇ ਖਣਿਜਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣ ’ਚ ਕੋਈ ਪ੍ਰੇਸ਼ਾਨੀ ਨਾ ਹੋਵੇ। ਮੰਗੋਲੀਆ ’ਚ ਯੂਰੇਨੀਅਮ ਵੱਧ ਮਾਤਰਾ ’ਚ ਪਾਇਆ ਜਾਂਦਾ ਹੈ।

ਮੰਗੋਲੀਆ ਭਾਰਤ ਨੂੰ ਇਕ ਅਧਿਆਤਮਕ ਮਿੱਤਰ ਦੇਸ਼ ਦੇ ਰੂਪ ’ਚ ਦੇਖਦਾ ਹੈ। ਮੰਗੋਲੀਆ ਭਾਰਤ ਨੂੰ ਆਪਣੇ ਤੀਸਰੇ ਗੁਆਂਢੀ ਦੇਸ਼ ਦੇ ਰੂਪ ’ਚ ਵੀ ਦੇਖਦਾ ਹੈ। ਹਾਲਾਂਕਿ ਮੰਗੋਲੀਆ ਦੇ ਨਾਲ ਭਾਰਤ ਦੇ ਰਿਸ਼ਤੇ ਪੁਰਾਣੇ ਹਨ, ਧਾਰਮਿਕ ਤੌਰ ’ਤੇ ਵੀ ਦੋਵੇਂ ਦੇਸ਼ ਬੁੱਧ ਧਰਮ ਦੇ ਕਾਰਨ ਇਕ-ਦੂਜੇ ਨਾਲ ਬੱਝੇ ਹੋਏ ਹਨ ਪਰ ਭਾਰਤ ਅਤੇ ਮੰਗੋਲੀਆ ਦੇ ਰਿਸ਼ਤਿਆਂ ’ਚ ਸਾਲ 2015 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਤਿਹਾਸਕ ਮੰਗੋਲੀਆ ਯਾਤਰਾ ਨਾਲ ਗਰਮਾਹਟ ਦੇਖਣ ਨੂੰ ਮਿਲੀ। ਇਸ ਦੇ ਬਾਅਦ ਤੋਂ ਭਾਰਤ ਦੇ ਮੰਗੋਲੀਆ ਨਾਲ ਸਬੰਧਾਂ ’ਚ ਨਿੱਤ ਨਵੇਂ ਦਿਸਹੱਦੇ ਦੇਖਣ ਨੂੰ ਮਿਲੇ। ਦਰਅਸਲ ਭਾਰਤ ਮੰਗੋਲੀਆ ਦੀ ਮਦਦ ਕਰ ਕੇ ਉਸ ਨੂੰ ਆਤਮਨਿਰਭਰ ਦੇਸ਼ ਬਣਾਉਣਾ ਚਾਹੁੰਦਾ ਹੈ। ਮੰਗੋਲੀਆ ਵੀ ਭਾਰਤ ਦੇ ਨਾਲ ਆਪਣੇ ਸਬੰਧਾਂ ਨੂੰ ਬਹੁਤ ਮਹੱਤਵ ਦੇ ਰਿਹਾ ਹੈ, ਹਾਲਾਂਕਿ ਮੰਗੋਲੀਆ ਆਪਣੇ ਗੁਆਂਢੀ ਚੀਨ ਤੋਂ ਵੀ ਮਦਦ ਲੈ ਸਕਦਾ ਹੈ ਪਰ ਚੀਨ ਦੇ ਕਰਜ਼ੇ ਦੇ ਜਾਲ ਦੇ ਬਾਰੇ ’ਚ ਮੰਗੋਲੀਆ ਨੂੰ ਬੜੀ ਚੰਗੀ ਤਰ੍ਹਾਂ ਪਤਾ ਹੈ ਕਿ ਜੇਕਰ ਉਸ ਨੇ ਚੀਨ ਕੋਲੋਂ ਮਦਦ ਲਈ ਤਾਂ ਉਸ ਦਾ ਹਾਲ ਵੀ ਜਿਬੂਤੀ, ਤਾਜਿਕਸਤਾਨ, ਲਾਓਸ, ਮਾਲਦੀਵ, ਮਾਂਟੇਨੇਗ੍ਰੇ, ਪਾਕਿਸਤਾਨ, ਸ਼੍ਰੀਲੰਕਾ, ਕਿਰਗਿਸਤਾਨ ਵਰਗੇ ਦੇਸ਼ਾਂ ਵਰਗਾ ਹੋਵੇਗਾ। ਇਸ ਲਈ ਮੰਗੋਲੀਆ ਨੇ ਭਾਰਤ ਤੋਂ ਮਦਦ ਲੈਣਾ ਉਚਿਤ ਸਮਝਿਆ।

ਓਧਰ ਭਾਰਤ ਵੀ ਮੰਗੋਲੀਆ ਦੀ ਹਰ ਸੰਭਵ ਮਦਦ ਕਰ ਰਿਹਾ ਹੈ। ਭਾਰਤ ਦਾ ਵਿਚਾਰ ਹੈ ਕਿ ਜਦੋਂ ਤੱਕ ਤੀਸਰੀ ਦੁਨੀਆ ਦੇ ਦੇਸ਼ ਤਰੱਕੀ ਨਹੀਂ ਕਰਨਗੇ ਉਦੋਂ ਤੱਕ ਵਿਸ਼ਵ ’ਚ ਮੁਕੰਮਲ ਤਰੱਕੀ ਨਹੀਂ ਆ ਸਕਦੀ। ਭਾਰਤ ਅਜਿਹੀ ਹੀ ਮਦਦ ਅਫਰੀਕੀ ਮਹਾਦੀਪ ’ਚ ਕਈ ਦੇਸ਼ਾਂ ਦੀ ਕਰ ਰਿਹਾ ਹੈ ਪਰ ਭਾਰਤ ਨੇ ਕਿਸੇ ਦੇਸ਼ ਦੀ ਆਰਥਿਕ ਖਿਚਾਈ ਕਦੀ ਨਹੀਂ ਕੀਤੀ ਅਤੇ ਨਾ ਹੀ ਕਿਸੇ ਦੇਸ਼ ਨੂੰ ਆਪਣੇ ਆਰਥਿਕ ਜਾਲ ’ਚ ਫਸਾਇਆ ਕਿਉਂਕਿ ਭਾਰਤ ਦਾ ਮਕਸਦ ਉਸ ਦੇਸ਼ ਦੀ ਤਰੱਕੀ ਹੁੰਦਾ ਹੈ ਨਾ ਕਿ ਉਸ ਨੂੰ ਆਪਣਾ ਗੁਲਾਮ ਬਣਾਉਣਾ। ਓਧਰ ਚੀਨ ਨੇ ਮੰਗੋਲੀਆ ਦਾ ਬੜਾ ਵੱਡਾ ਹਿੱਸਾ ਆਪਣੇ ਦੇਸ਼ ’ਚ ਸਾਲ 1947 ’ਚ ਮਿਲਾ ਲਿਆ ਸੀ। ਚੀਨ ਨੇ ਅਜਿਹਾ ਆਪਣੀ ਆਜ਼ਾਦੀ ਤੋਂ 2 ਸਾਲ ਪਹਿਲਾਂ ਹੀ ਕਰ ਲਿਆ ਸੀ ਠੀਕ ਇਸੇ ਤਰਜ਼ ’ਤੇ ਚੀਨ ਨੇ ਤਿੱਬਤ ਅਤੇ ਸ਼ਿਨਜਿਆਂਗ ਸੂਬੇ ’ਤੇ ਵੀ ਆਪਣਾ ਕਬਜ਼ਾ ਜਮਾ ਲਿਆ ਸੀ। ਚੀਨ ਦਾ ਮੰਨਣਾ ਹੈ ਕਿ ਪੂਰਾ ਮੰਗੋਲੀਆ ਚੀਨ ਦਾ ਹੈ ਜਦਕਿ ਚੀਨ ਨੂੰ ਇਕ ਸਮੇਂ ਮੰਗੋਲੀਆਂ ਨੇ ਜਿੱਤ ਲਿਆ ਸੀ ਅਤੇ ਚੀਨ ’ਚ ਯੂਆਨ ਵੰਸ਼ ਦੀ ਸਥਾਪਨਾ ਕੀਤੀ ਸੀ। ਇਸ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਚੀਨ ਦੇ ਉਪਰ ਮੰਗੋਲੀਆ ਦਾ ਅਧਿਕਾਰ ਹੋਣਾ ਚਾਹੀਦਾ ਸੀ।

ਮੰਗੋਲੀਆ ’ਤੇ ਚੀਨ ਨੇ ਇਸ ਲਈ ਕਬਜ਼ਾ ਕੀਤਾ ਸੀ ਕਿਉਂਕਿ ਇੱਥੇ ਕੋਲਾ ਬੜੀ ਵੱਡੀ ਮਾਤਰਾ ’ਚ ਮਿਲਦਾ ਹੈ। ਇਸ ਸਮੇਂ ਚੀਨ ਦੀ ਲੋੜ ਦਾ ਜ਼ਿਆਦਾ ਕੋਲਾ ਇੱਥੋਂ ਕੱਢਿਆ ਜਾਂਦਾ ਹੈ ਪਰ ਇਸ ਨਾਲ ਮੰਗੋਲ ਪ੍ਰਜਾਤੀ ਦੇ ਲੋਕਾਂ ਦੇ ਚਾਰਾਗਾਹ ਖਤਮ ਹੋ ਰਹੇ ਹਨ ਅਤੇ ਮੰਗੋਲ ਲੋਕ ਆਮ ਤੌਰ ’ਤੇ ਪਸ਼ੂਆਂ ਨੂੰ ਪਾਲਦੇ ਹਨ ਜਿਸ ਲਈ ਚਾਰਾਗਾਹ ਦੀ ਲੋੜ ਹੁੰਦੀ ਹੈ। ਚੀਨ ਦੇ ਖਤਰੇ ਨੂੰ ਦੇਖਦੇ ਹੋਏ ਮੰਗੋਲੀਆ ਨੇ ਆਪਣੇ ਦੇਸ਼ ’ਚ 16 ਦੇਸ਼ਾਂ ਦੀਆਂ ਸਾਂਝੀਆਂ ਫੌਜੀ ਸਰਗਰਮੀਆਂ ਦਾ ਪ੍ਰੋਗਰਾਮ ਰੱਖਿਆ ਸੀ ਜਿਸ ਦਾ ਨਾਂ ਸੀ ਐਕਸ ਖਾਨਕਵੇਸਟ 2022, ਇਸ ’ਚ ਭਾਰਤੀ ਫੌਜ ਨੇ ਲੱਦਾਖ ਸਕਾਊਟਸ ਦਾ ਇਕ ਕਾਂਟੀਜੈਂਟ ਭੇਜਿਆ ਸੀ। 14 ਦਿਨ ਤੱਕ ਚਲਾਇਆ ਸਾਂਝਾ ਅਭਿਆਸ ਸ਼ਾਂਤੀ ਅਤੇ ਸਥਿਰਤਾ ਨੂੰ ਬਣਾਈ ਰੱਖਣ ਲਈ ਕੀਤਾ ਗਿਆ ਸੀ। ਇਸ ਦੇ ਬਾਅਦ ਸਮੇਂ-ਸਮੇਂ ’ਤੇ ਦੋਵੇਂ ਦੇਸ਼ ਇਕ-ਦੂਜੇ ਦੀ ਫੌਜ ਨੂੰ ਦੋਵਾਂ ਦੇਸ਼ਾਂ ਦੀਆਂ ਵੱਖ-ਵੱਖ ਥਾਵਾਂ ’ਤੇ ਜੰਗੀ ਹੁਨਰ ਦੀ ਟ੍ਰੇਨਿੰਗ ਦੇਣਗੇ ਅਤੇ ਵੱਖ-ਵੱਖ ਹਾਲਤਾਂ ’ਚ ਦੁਸ਼ਮਣ ਦਾ ਮੁਕਾਬਲਾ ਕਰਨ ਅਤੇ ਆਫਤ ’ਚ ਫਸੇ ਲੋਕਾਂ ਦੀ ਮਦਦ ਕਰਨੀ ਸਿਖਾਉਣਗੇ।

ਬੁੱਧ ਧਰਮ ਕਾਰਨ ਭਾਰਤ ਅਤੇ ਮੰਗੋਲੀਆ ਦਾ ਆਪਸ ’ਚ ਜੁੜਨਾ ਸੌਖਾ ਹੋ ਗਿਆ। ਭਾਰਤ ਜਿੱਥੇ ਬੁੱਧ ਧਰਮ ਨੇ ਜਨਮ ਲਿਆ ਤਾਂ ਉੱਥੇ ਮੰਗੋਲੀਆ ਦੇ ਲਗਭਗ ਸਾਰੇ ਲੋਕ ਬੁੱਧ ਧਰਮ ਨੂੰ ਮੰਨਦੇ ਹਨ। ਮੰਗੋਲੀਆ ਦੇ ਲੋਕ ਭਾਰਤ ਨੂੰ ਆਪਣਾ ਅਧਿਆਤਮਕ ਮਿੱਤਰ ਦੇਸ਼ ਮੰਨਦੇ ਹਨ। ਮੰਗੋਲੀਆ ਦੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਚੀਨ ਦੀ ਸ਼ਕਤੀ ਨੂੰ ਜਵਾਬ ਦੇਣ ਲਈ ਏਸ਼ੀਆ ’ਚ ਭਾਰਤ ਨਾਲੋਂ ਬਿਹਤਰ ਕੋਈ ਹੋਰ ਦੇਸ਼ ਨਹੀਂ ਹੋ ਸਕਦਾ। ਹਾਲ ਹੀ ’ਚ ਇਕ ਭਾਰਤੀ ਵਫਦ ਮੰਗੋਲੀਆ ਗਿਆ ਸੀ ਅਤੇ ਆਪਣੇ ਨਾਲ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ ਨੂੰ ਵੀ ਨਾਲ ਲੈ ਗਿਆ ਸੀ। ਮੰਗੋਲੀਆ ’ਚ ਭਗਵਾਨ ਬੁੱਧ ਦੇ ਅਵਸ਼ੇਸ਼ਾਂ ਨੂੰ ਸਥਾਨਕ ਲੋਕਾਂ ਦੇ ਦਰਸ਼ਨਾਂ ਲਈ ਰੱਖ ਿਦੱਤਾ ਗਿਆ। ਇਸ ਦੇ ਬਾਅਦ ਉਥੋਂ ਦੇ ਲੋਕ ਵੱਡੀ ਗਿਣਤੀ ’ਚ ਆ ਕੇ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੇ ਦਰਸ਼ਨ ਕਰਨ ਲੱਗੇ। ਮੰਗੋਲੀਆ ਦੀ ਸਰਕਾਰ ਨੇ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਨੂੰ ਲੋਕਾਂ ਦੇ ਦਰਸ਼ਨਾਂ ਲਈ ਮੰਗੋਲੀਆ ਲਿਆਉਣ ’ਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਭਾਰਤ ਦੇ ਇਸ ਕਦਮ ਨਾਲ ਮੰਗੋਲੀਆ-ਭਾਰਤ ਦਰਮਿਆਨ ਸਬੰਧ ਹੋਰ ਬਿਹਤਰ ਬਣਨਗੇ। ਨਾਲ ਹੀ ਭਾਰਤ ਮੰਗੋਲੀਆ ਦੀ ਕਈ ਖੇਤਰਾਂ ’ਚ ਮਦਦ ਵੀ ਕਰ ਰਿਹਾ ਹੈ, ਜਿਸ ਨਾਲ ਮੰਗੋਲੀਆ ਦੀ ਜਨਤਾ ਨੂੰ ਸਿੱਧਾ ਲਾਭ ਮਿਲੇਗਾ। ਆਉਣ ਵਾਲੇ ਦਿਨਾਂ ’ਚ ਦੋਵੇਂ ਦੇਸ਼ ਇਕ-ਦੂਜੇ ਦੇ ਨੇੜੇ ਆਉਣਗੇ ਅਤੇ ਸਹਿਯੋਗ ਪ੍ਰਾਪਤ ਕਰਨਗੇ।


cherry

Content Editor

Related News