ਇਮਰਾਨ ਖਾਨ ਦੀ ਚਿੱਠੀ ਦਾ ਕੌਣ ਸਵਾਗਤ ਨਹੀਂ ਕਰੇਗਾ

04/01/2021 2:53:20 AM

ਡਾ. ਵੇਦਪ੍ਰਤਾਪ ਵੈਦਿਕ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚਿੱਠੀ ਦੇ ਜਵਾਬ ’ਚ ਇਕ ਚਿੱਠੀ ਲਿਖੀ। ਇਹ ਆਪਣੇ ਆਪ ’ਚ ਵਰਣਨਯੋਗ ਗੱਲ ਹੈ ਪਰ 23 ਮਾਰਚ ਦੀ ਚਿੱਠੀ ਦਾ ਜਵਾਬ ਦੇਣ ’ਚ ਉਨ੍ਹਾਂ ਨੂੰ ਇਕ ਹਫਤਾ ਲੱਗ ਗਿਆ। ਇਹ ਵੀ ਵਿਚਾਰਨਯੋਗ ਤੱਥ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਪਾਕਿਸਤਾਨ ਦੇ ਸਥਾਪਨਾ ਦਿਵਸ ’ਤੇ ਮੋਦੀ ਨੇ ਇਮਰਾਨ ਨੂੰ ਵਧਾਈ ਦਿੱਤੀ।

ਮੋਦੀ ਨੂੰ ਸ਼ਾਇਦ ਪਤਾ ਹੋਵੇਗਾ ਕਿ 23 ਮਾਰਚ 1940 ਨੂੰ ਮੁਸਲਿਮ ਲੀਗ ਨੇ ਪਾਕਿਸਤਾਨ ਦੀ ਸਥਾਪਨਾ ਦਾ ਪ੍ਰਸਤਾਵ ਪਾਸ ਕੀਤਾ ਸੀ। ਰਾਸ਼ਟਰੀ ਸਵੈਮ ਸੇਵਕ ਸੰਘ, ਹਿੰਦੂ ਮਹਾਸਭਾ ਨੇ ਕਾਂਗਰਸ ਦੇ ਇਸ ਪ੍ਰਸਤਾਵ ਦਾ ਤਿੱਖਾ ਵਿਰੋਧ ਕੀਤਾ ਸੀ। ਹੁਣ ਮੋਦੀ ਨੇ ਇਸੇ ਦਿਨ ਇਮਰਾਨ ਨੂੰ ਵਧਾਈ ਦੇ ਕੇ ਪਾਕਿਸਤਾਨ ਦੇ ਨਿਰਮਾਣ ਅਤੇ ਭਾਰਤ ਦੀ ਵੰਡ ਨੂੰ ਰਸਮੀ ਤੌਰ ’ਤੇ ਮਾਨਤਾ ਦੇ ਦਿੱਤੀ।

ਮੈਨੂੰ ਭਰੋਸਾ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਆਪਣੇ ਇਕ ਸਵੈਮ ਸੇਵਕ ਦੀ ਇਸ ਪਹਿਲ ਦਾ ਵਿਰੋਧ ਨਹੀਂ ਕਰੇਗਾ। ਦੂਜੇ ਸ਼ਬਦਾਂ ’ਚ ਪਾਕਿਸਤਾਨ ਹੁਣ ਇਕ ਸੱਚਾਈ ਹੈ, ਜਿਸ ਨੂੰ ਸਾਨੂੰ ਪ੍ਰਵਾਨ ਕਰਨਾ ਹੀ ਹੈ। ਜਿਥੋਂ ਤਕ ਇਮਰਾਨ ਦੀ ਚਿੱਠੀ ਦਾ ਸਵਾਲ ਹੈ, ਉਸ ਦਾ ਕੌਣ ਸਵਾਗਤ ਨਹੀਂ ਕਰੇਗਾ ਪਰ ਪਾਕਿਸਤਾਨ ਦੇ ਕਿਸ ਪ੍ਰਧਾਨ ਮੰਤਰੀ ਜਾਂ ਫੌਜੀ ਤਾਨਾਸ਼ਾਹ ਦੀ ਹਿੰਮਤ ਹੈ ਕਿ ਉਹ ਭਾਰਤ ਨੂੰ ਆਪਣੀ ਚਿੱਠੀ ਭੇਜੇ ਅਤੇ ਉਸ ’ਚ ਕਸ਼ਮੀਰ ਦਾ ਜ਼ਿਕਰ ਨਾ ਕਰੇ।

ਇਮਰਾਨ ਨੂੰ ਸ਼ਾਇਦ ਇਸੇ ਦੁਵਿਧਾ ਕਾਰਨ ਇਕ ਹਫਤਾ ਲਾਉਣਾ ਪੈ ਗਿਆ ਹੋਵੇਗਾ। ਕਸ਼ਮੀਰ ਜਿੰਨਾ ਭਾਰਤ-ਪਾਕਿ ਮਾਮਲਾ ਹੈ, ਉਸ ਤੋਂ ਕਿਤੇ ਵਧ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ। ਕਸ਼ਮੀਰ ਤਾਂ ਪਾਕਿਸਤਾਨ ਦੀ ਅੰਦਰੂਨੀ ਸਿਆਸਤ ਦਾ ਇਕ ਤੜਕਾ ਹੈ। ਇਸ ਤੜਕੇ ਤੋਂ ਬਿਨਾਂ ਕਿਸੇ ਵੀ ਨੇਤਾ ਦੀ ਦਾਲ ਨਹੀਂ ਗਲ ਸਕਦੀ। ਇਸ ਲਈ ਇਮਰਾਨ ਨੂੰ ਦੋਸ਼ ਦੇਣਾ ਠੀਕ ਨਹੀਂ ਹੈ ਪਰ ਇਮਰਾਨ ਦੀ ਚਿੱਠੀ ’ਚ ਕਸ਼ਮੀਰ ਦੇ ਤੜਕੇ ਦੀ ਮਿਰਚ ਦਾ ਅਸਰ ਬਹੁਤ ਘੱਟ ਹੋ ਜਾਂਦਾ ਜੇ ਉਹ ਮੋਦੀ ਨੂੰ ਇਹ ਭਰੋਸਾ ਦਿਵਾਉਂਦੇ ਕਿ ਉਹ ਅੱਤਵਾਦ ਨੂੰ ਖਤਮ ਕਰਨ ਲਈ ਮੋਢੇ ਨਾਲ ਮੋਢਾ ਮਿਲਾ ਕੇ ਚੱਲਣਗੇ।

ਹੁਣ ਅਮਰੀਕੀ ਦਬਾਅ ਹੇਠ ਦੋਹਾਂ ਦੇਸ਼ਾਂ ਦਰਮਿਆਨ ਕੁਝ ਗੱਲਬਾਤ ਸ਼ੁਰੂ ਹੋ ਗਈ ਹੈ। ਇਹ ਚੰਗੀ ਗੱਲ ਹੈ ਪਰ ਇਹ ਦਬਾਅ ਉਦੋਂ ਤਕ ਬਣਿਆ ਰਹੇਗਾ ਜਦੋਂ ਤਕ ਚੀਨ ਨਾਲ ਅਮਰੀਕਾ ਦੀ ਅਣਬਣ ਚੱਲ ਰਹੀ ਹੈ ਅਤੇ ਉਸ ਦਾ ਅਫਗਾਨਿਸਤਾਨ ਨਾਲੋਂ ਪਿੱਛਾ ਨਹੀਂ ਛੁੱਟ ਜਾਂਦਾ। ਮੰਦੇ ਭਾਗੀ ਅਫਗਾਨਿਸਤਾਨ ਦੇ ਮਾਮਲੇ ’ਚ ਭਾਰਤ ਅਜੇ ਵੀ ਪੱਛੜਿਅਾ ਹੋਇਆ ਹੈ। ਸਾਡਾ       ਵਿਦੇਸ਼ ਮੰਤਰਾਲਾ ਖੁਦ ਪਹਿਲ ਕਰਨ ਦੇ ਯੋਗ ਨਹੀਂ ਹੈ। ਇਸੇ ਲਈ ਦੂਜਿਅਾਂ ਦੇ ਮੇਲਿਅਾਂ ’ਚ ਜਾ ਕੇ ਉਹ ਬੀਨ ਵਜਾਉਂਦਾ ਰਹਿੰਦਾ ਹੈ, ਜਿਵੇਂ ਕਿ ਕੱਲ ਉਸ ਨੇ ਤਾਜਿਕਸਤਾਨ ਦੀ ਰਾਜਧਾਨੀ ਦੁਸ਼ਾਂਭੇ ਵਿਖੇ ਜਾ ਕੇ ਕੀਤਾ ਹੈ। ਬੀਨ ਉਸ ਨੇ ਚੰਗੀ ਵਜਾਈ ਪਰ ਉਹ ਕਾਫੀ ਨਹੀਂ ਹੈ। ਕੁਝ ਕਰ ਕੇ ਹੀ ਦਿਖਾਉਣਾ ਚਾਹੀਦਾ ਹੈ।


Bharat Thapa

Content Editor

Related News