ਭਾਰਤ ਨਾ ਬਣੇ ਅਮਰੀਕੀ ਪੱਪੂ

10/11/2020 2:12:32 AM

ਡਾ. ਵੇਦਪ੍ਰਤਾਪ ਵੈਦਿਕ

ਅਫਗਾਨਿਸਤਾਨ ਦੇ ਵਰ੍ਹਿਆਂ ਤੱਕ ਵਿਦੇਸ਼ ਮੰਤਰੀ ਰਹੇ ਡਾ. ਅਬਦੁੱਲਾ ਅੱਜਕਲ ਅਫਗਾਨਿਸਤਾਨ ਦੀ ਰਾਸ਼ਟਰੀ ਮੇਲ-ਮਿਲਾਪ ਪ੍ਰੀਸ਼ਦ ਦੇ ਮੁਖੀ ਹਨ। ਉਹ ਅਫਗਾਨਿਸਤਾਨ ਦੇ ਪ੍ਰਧਾਨ ਮੰਤਰੀ ਵੀ ਰਹੇ ਹਨ। ਉਹ ਹੀ ਦੋਹਾ ’ਚ ਤਾਲਿਬਾਨ ਦੇ ਨਾਲ ਗੱਲਬਾਤ ਕਰ ਰਹੇ ਹਨ। ਉਹ ਭਾਰਤ ਆ ਕੇ ਸਾਡੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਮਿਲੇ ਹਨ। ਕਤਰ ਦੀ ਰਾਜਧਾਨੀ ਦੋਹਾ ’ਚ ਚੱਲ ਰਹੀ ਇਸ ਤਿੰਨ ਧਿਰੀ ਗੱਲਬਾਤ (ਅਮਰੀਕਾ, ਕਾਬੁਲ ਸਰਕਾਰ ਅਤੇ ਤਾਲਿਬਾਨ) ’ਚ ਇਸ ਵਾਰ ਭਾਰਤ ਨੇ ਵੀ ਹਿੱਸਾ ਲਿਆ ਹੈ।

ਸਾਡੇ ਨੇਤਾਵਾਂ ਅਤੇ ਅਫਸਰਾਂ ਨਾਲ ਉਨ੍ਹਾਂ ਦੀ ਜੋ ਗੱਲ ਹੋਈ ਹੈ, ਉਸ ਸਬੰਧੀ ਜੋ ਜਾਣਕਾਰੀ ਅਖਬਾਰਾਂ ’ਚ ਛਪੀ ਹੈ, ਉਸ ਤੋਂ ਤੁਸੀਂ ਕੁਝ ਵੀ ਅੰਦਾਜ਼ਾ ਨਹੀਂ ਲਗਾ ਸਕਦੇ ਹੋ। ਇਹ ਵੀ ਪਤਾ ਨਹੀਂ ਕਿ ਇਸ ਵਾਰ ਅਬਦੁੱਲਾ ਦਿੱਲੀ ਕਿਉਂ ਆਏ ਸਨ? ਅਖਬਾਰਾਂ ’ਚ ਜੋ ਕੁਝ ਛਪਿਆ ਹੋਇਆ ਹੈ, ਉਹ ਉਹੀ ਘਿਸੀ-ਪਿਟੀ ਗੱਲ ਛਪੀ ਹੈ, ਜੋ ਭਾਰਤ ਸਰਕਾਰ ਕੁਝ ਸਾਲਾਂ ਤੋਂ ਦੁਹਰਾਉਂਦੀ ਰਹੀ ਹੈ ਭਾਵ ਅਫਗਾਨਿਸਤਾਨ ’ਚ ਜੋ ਵੀ ਹੱਲ ਨਿਕਲੇ, ਉਹ ਅਫਗਾਨਾਂ ਲਈ, ਅਫਗਾਨਾਂ ਵਲੋਂ ਅਤੇ ਅਫਗਾਨਾਂ ਦਾ ਹੀ ਹੋਣਾ ਚਾਹੀਦਾ ਹੈ? ਸਾਡੀ ਸਰਕਾਰ ਕੋਲੋਂ ਕੋਈ ਪੁੱਛੇ ਕਿ ਜੇਕਰ ਅਜਿਹਾ ਹੀ ਹੋਣਾ ਚਾਹੀਦਾ ਹੈ ਤਾਂ ਤੁਸੀਂ ਅਤੇ ਅਮਰੀਕਾ ਵਿਚਾਲੇ ਲੱਤ ਕਿਉਂ ਅੜਾ ਰਹੇ ਹੋ? ਮੈਨੂੰ ਡਰ ਹੈ ਕਿ ਅਸੀਂ ਅਮਰੀਕਾ ਕਰ ਕੇ ਅੜਾ ਰਹੇ ਹਾਂ।

ਟਰੰਪ ਨੇ ਕਹਿ ਦਿੱਤਾ ਹੈ ਕਿ ਸਾਡੀਆਂ ਫੌਜਾਂ ਕ੍ਰਿਸਮਸ ਤੱਕ ਅਫਗਾਨਿਸਤਾਨ ਤੋਂ ਪਰਤ ਆਉਣਗੀਆਂ ਤਾਂ ਫਿਰ ਟਰੰਪ ਇਹ ਦੱਸਣ ਕਿ ਕਾਬੁਲ ’ਚ ਕੀ ਹੋਵੇਗਾ? ਕੀ ਉਨ੍ਹਾਂ ਨੇ ਤਾਲਿਬਾਨ ਨਾਲ ਚੁੱਪ-ਚੁਪੀਤੇ ਹੱਥ ਮਿਲਾ ਲਿਆ ਹੈ। ਤਾਲਿਬਾਨ ਤਾਂ ਅਜੇ ਤੱਕ ਅੜੇ ਹੋਏ ਹਨ। ਦੋਹਾ ’ਚ ਗੱਲਾਂ ਚੱਲ ਰਹੀਅਾਂ ਹਨ ਤਾਂ ਚੱਲਦੀਆਂ ਰਹਿਣ। ਤਾਲਿਬਾਨ ਬਰਾਬਰ ਹਮਲਾ ਅਤੇ ਹੱਲਾ ਬੋਲ ਰਹੇ ਹਨ। ਆਏ ਦਿਨ ਦਰਜਨਾਂ ਲੋਕ ਮਾਰੇ ਜਾ ਰਹੇ ਹਨ।

ਤਾਲਿਬਾਨ ਆਪਣੇ ਮਾਲਕ ਖੁਦ ਹਨ। ਉਨ੍ਹਾਂ ਦੇ ਕਈ ਧੜੇ ਹਨ। ਉਨ੍ਹਾਂ ’ਚੋਂ ਵਧੇਰੇ ਗਿਲਜਈ ਪਠਾਨ ਹਨ। ਹਰ ਪਠਾਨ ਆਪਣਾ ਮਾਲਕ ਖੁਦ ਹੁੰਦਾ ਹੈ। ਜ਼ਰਾ ਯਾਦ ਕਰੋ, ਹੁਣ ਤੋਂ ਲਗਭਗ ਪੌਣੇ 200 ਸਾਲ ਪਹਿਲਾਂ ਪਹਿਲੀ ਅਫਗਾਨ-ਬ੍ਰਿਟਿਸ਼ ਜੰਗ ’ਚ ਕੀ ਹੋਇਆ ਸੀ। 16 ਹਜ਼ਾਰ ਦੀ ਬ੍ਰਿਟਿਸ਼ ਫੌਜ ’ਚੋਂ ਹਰ ਜਵਾਨ ਨੂੰ ਪਠਾਨਾਂ ਨੇ ਕਤਲ ਕਰ ਦਿੱਤਾ ਸੀ। ਸਿਰਫ ਡਾ. ਬ੍ਰਾਈਡਨ ਆਪਣੀ ਜਾਨ ਬਚਾ ਕੇ ਲੁਕਦੇ-ਲੁਕਾਉਂਦੇ ਕਾਬੁਲ ਤੋਂ ਪਿਸ਼ਾਵਰ ਪਹੁੰਚਿਆ ਸੀ। ਪਠਾਨਾਂ ਨਾਲ ਭਿੜ ਕੇ ਪਹਿਲਾਂ ਰੂਸੀ ਹਾਰੇ ਅਤੇ ਹੁਣ ਅਮਰੀਕੀਆਂ ਦਾ ਦਮ ਫੁੱਲ ਰਿਹਾ ਹੈ। ਅਮਰੀਕਾ ਆਪਣੀ ਜਾਨ ਛੁਡਾਉਣ ਦੇ ਲਈ ਕਿਤੇ ਭਾਰਤ ਨੂੰ ਉਥੇ ਨਾ ਫਸਾ ਦੇਵੇ।

ਅਮਰੀਕਾ ਤਾਂ ਚਾਹੁੰਦਾ ਹੈ ਕਿ ਭਾਰਤ ਹੁਣ ਚੀਨ ਖਿਲਾਫ ਵੀ ਮੋਰਚਾ ਖੋਲ੍ਹ ਦੇਵੇ ਅਤੇ ਏਸ਼ੀਆ ’ਚ ਅਮਰੀਕਾ ਦਾ ਪੱਪੂ ਬਣ ਜਾਵੇ। ਜਦੋਂ ਤੱਕ ਪਾਕਿਸਤਾਨ ਨਾਲ ਅਮਰੀਕਾ ਦੀ ਬਣ ਰਹੀ ਸੀ, ਉਸਨੇ ਭਾਰਤ ਵੱਲ ਦੇਖਿਆ ਵੀ ਨਹੀਂ ਪਰ ਉਸਦੇ ਅਤੇ ਸਾਡੇ ਨੀਤੀ ਘਾੜਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਭਾਰਤ ਨੇ ਅਫਗਾਨਿਸਤਾਨ ’ਚ ਅਮਰੀਕਾ ਦੀ ਥਾਂ ਲੈਣ ਦੀ ਕੋਸ਼ਿਸ਼ ਕੀਤੀ ਤਾਂ ਸਾਡਾ ਹਾਲ ਵੀ ਉਹੀ ਹੋਵੇਗਾ ਜੋ 1838-42 ’ਚ ਬ੍ਰਿਟੇਨ ਦਾ ਹੋਇਆ ਸੀ।

1981 ’ਚ ਪ੍ਰਧਾਨ ਮੰਤਰੀ ਬਬਰਕ ਕਾਰਮਲ ਨੇ ਚਾਹਿਆ ਸੀ ਕਿ ਰੂਸੀ ਫੌਜਾਂ ਦੀ ਥਾਂ ਭਾਰਤੀ ਫੌਜਾਂ ਲੈ ਲੈਣ। ਅਸੀਂ ਬੜੀ ਨਿਮਰਤਾ ਨਾਲ ਉਸ ਬੇਨਤੀ ਨੂੰ ਟਾਲ ਦਿੱਤਾ ਸੀ। ਹੁਣ ਵੀ ਸਾਨੂੰ ਸਾਵਧਾਨ ਰਹਿਣਾ ਹੋਵੇਗਾ। ਅੱਜ ਵੀ ਅਫਗਾਨ ਜਨਤਾ ਦੇ ਮਨ ’ਚ ਭਾਰਤ ਦਾ ਸਨਮਾਨ ਹੈ। ਭਾਰਤ ਨੇ ਉਥੇ ਵਿਸ਼ਾਲ ਸੇਵਾ ਕਾਰਜ ਕੰਮ ਕੀਤਾ ਹੈ। ਅਮਰੀਕੀ ਵਾਪਸੀ ਦੇ ਦੌਰਾਨ ਭਾਰਤ ਨੂੰ ਆਪਣੇ ਕਦਮ ਬੜੇ ਸੋਚ ਸਮਝ ਕੇ ਰੱਖਣੇ ਹੋਣਗੇ।


Bharat Thapa

Content Editor

Related News