ਚੀਨ ਦੇ ਗੜ੍ਹ ’ਚ ਭਾਰਤ ਦੀ ਐਂਟਰੀ, ਮੱਧ ਏਸ਼ੀਆ ਰਾਹੀਂ ਵਧੇਗਾ ਵਪਾਰਕ ਸੰਪਰਕ

Thursday, Apr 07, 2022 - 03:51 PM (IST)

ਅੱਜ ਭਾਰਤ ਨੇ ਚੀਨ ਨੂੰ ਹਰ ਮੋਰਚੇ ’ਤੇ ਢਹਿ-ਢੇਰੀ ਕੀਤਾ ਹੋਇਆ ਹੈ। ਭਾਵੇਂ ਉਹ ਗੱਲ ਆਰਥਿਕ ਖੇਤਰ ਦੀ ਹੋਵੇ, ਸਰਹੱਦ ’ਤੇ ਫੌਜ ਦੇ ਜਵਾਨਾਂ ਦੀ ਤਾਇਨਾਤੀ ਦੀ, ਭਾਰਤੀ ਫੌਜੀਆਂ ਵਲੋਂ ਡਟ ਕੇ ਆਪਣੀ ਸਰਹੱਦ ਦੀ ਰਾਖੀ ਕਰਨੀ ਜਾਂ ਫਿਰ ਡਿਪਲੋਮੈਟਿਕ ਮੋਰਚੇ ’ਤੇ ਚੀਨ ਦਾ ਮੁਕਾਬਲਾ ਕਰਨ ਦੀ ਹੋਵੇ, ਅੱਜ ਭਾਰਤ ਦੀ ਡਿਪਲੋਮੈਟਿਕ ਮੋਰਚੇ ’ਤੇ ਮਜ਼ਬੂਤੀ ਇੰਨੀ ਹਾਵੀ ਹੈ ਕਿ ਅਮਰੀਕਾ ਅਤੇ ਯੂਰਪ ਭਾਰਤ ਨਾਲ ਖੜ੍ਹੇ ਹਨ। ਹਰ ਥਾਂ ਭਾਰਤ ਡਟ ਕੇ ਖੜ੍ਹਾ ਹੈ ਅਤੇ ਚੀਨ ਦਾ ਮੁਕਾਬਲਾ ਕਰ ਰਿਹਾ ਹੈ ਪਰ ਇਕ ਖੇਤਰ ਅਜਿਹਾ ਹੈ ਜਿਥੇ ਅਜੇ ਵੀ ਚੀਨ ਸਾਡੇ ’ਤੇ ਭਾਰੀ ਪੈ ਰਿਹਾ ਹੈ। ਇਹ ਖੇਤਰ ਹੈ ਮੱਧ ਏਸ਼ੀਆ ਦਾ ਜਿਸ ’ਚ ਕਜ਼ਾਖਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਸ਼ਾਮਲ ਹਨ। ਇਹ ਦੁਨੀਆ ਦਾ ਉਹ ਖੇਤਰ ਹੈ ਜਿਥੇ ਕੁਦਰਤੀ ਸੋਮਿਆਂ ਦੀ ਭਰਮਾਰ ਹੈ। ਇਸ ’ਚ ਗੈਸ, ਤੇਲ, ਕੋਲਾ ਅਤੇ ਯੂਰੇਨੀਅਮ ਦੇ ਵਿਸ਼ਾਲ ਭੰਡਾਰ ਮੌਜੂਦ ਹਨ।

ਇਸ ਖੇਤਰ ’ਚ ਚੀਨ ਬਿਨਾਂ ਕਿਸੇ ਰੁਕਾਵਟ ਦੇ ਅੱਗੇ ਵਧਦਾ ਜਾ ਰਿਹਾ ਹੈ। ਕਿਉਂਕਿ ਮੱਧ ਏਸ਼ੀਆ ਦਾ ਇਹ ਖੇਤਰ ਸਮੁੰਦਰ ਦੇ ਨਾਲ ਨਹੀਂ ਜੁੜਦਾ। ਇਹ ਪੰਜ ਦੇਸ਼ ਆਪਣੇ ਕੁਦਰਤੀ ਸੋਮਿਆਂ ਨੂੰ ਆਪਣੀ ਮਰਜ਼ੀ ਨਾਲ ਇਕ ਦੂਜੇ ਦੇਸ਼ ਨੂੰ ਨਹੀਂ ਵੇਚ ਸਕਦੇ ਕਿਉਂਕਿ ਉਨ੍ਹਾਂ ਨਾਲ ਸਮੁੰਦਰ ਦਾ ਕੋਈ ਵੀ ਕਿਨਾਰਾ ਨਹੀਂ ਹੈ। ਚੀਨ ਵੀ ਉਨ੍ਹਾਂ ਦਾ ਇਕੋ-ਇਕ ਵੱਡਾ ਗਾਹਕ ਹੈ। ਆਪਣੀ ਭੂਗੋਲਿਕ ਸਥਿਤੀ ਦਾ ਲਾਭ ਉਠਾਉਂਦੇ ਹੋਏ ਚੀਨ ਉਕਤ ਦੇਸ਼ਾਂ ਦੇ ਕੁਦਰਤੀ ਸੋਮਿਆਂ ਨੂੰ ਬਹੁਤ ਘੱਟ ਕੀਮਤ ’ਤੇ ਉਨ੍ਹਾਂ ਕੋਲੋਂ ਖਰੀਦ ਲੈਂਦਾ ਹੈ। ਚੀਨ ਇਨ੍ਹਾਂ ਕੁਦਰਤੀ ਸੋਮਿਆਂ ਰਾਹੀਂ ਆਪਣੀਅਾਂ ਵਸਤਾਂ ਬਣਾਉਂਦਾ ਹੈ ਅਤੇ ਮੋਟਾ ਮੁਨਾਫਾ ਕਮਾਉਂਦੇ ਹੋਏ ਵਿਦੇਸ਼ੀ ਬਾਜ਼ਾਰਾਂ ’ਚ ਵੇਚ ਦਿੰਦਾ ਹੈ।

ਭਾਰਤ ਦੀਆਂ ਹੱਦਾਂ ਪੱਛਮੀ ਏਸ਼ੀਆ ਨਾਲ ਨਹੀਂ ਮਿਲਦੀਆਂ। ਇਸ ਲਈ ਭਾਰਤ ਇਨ੍ਹਾਂ ਦੇਸ਼ਾਂ ਨਾਲ ਸਿੱਧੇ ਤੌਰ ’ਤੇ ਵਪਾਰ ਨਹੀਂ ਕਰ ਸਕਦਾ। ਕਸ਼ਮੀਰ ਦੀਆਂ ਹੱਦਾਂ ਕੇਂਦਰੀ ਏਸ਼ੀਆ ਦੇ ਤਜ਼ਾਕਿਸਤਾਨ ਦੇਸ਼ ਦੀਆਂ ਸਰਹੱਦਾਂ ਨਾਲ ਮਿਲਦੀਆਂ ਹਨ ਪਰ ਕਸ਼ਮੀਰ ਜਾਂ ਮਕਬੂਜ਼ਾ ਕਸ਼ਮੀਰ ’ਤੇ ਸਿੱਧਾ ਕਬਜ਼ਾ ਪਾਕਿਸਤਾਨ ਦਾ ਹੈ। ਜਿਸ ਕਾਰਨ ਭਾਰਤ ਦੀ ਪਹੁੰਚ ਇਸ ਇਲਾਕੇ ਤਕ ਨਹੀਂ ਹੈ। ਜੇ ਪਾਕਿਸਤਾਨ ਮਕਬੂਜ਼ਾ ਕਸ਼ਮੀਰ ’ਤੇ ਭਾਰਤ ਦਾ ਸਿੱਧਾ ਕੰਟਰੋਲ ਹੁੰਦਾ ਤਾਂ ਭਾਰਤ ਕੇਂਦਰੀ ਏਸ਼ੀਆ ਰਾਹੀਂ ਸਿੱਧਾ ਵਪਾਰ ਕਰ ਸਕਦਾ ਸੀ ਅਤੇ ਕੇਂਦਰੀ ਏਸ਼ੀਆਈ ਦੇਸ਼ਾਂ ਨੂੰ ਭਾਰਤ ਦੀ ਜ਼ਮੀਨ ਰਾਹੀਂ ਸਮੁੰਦਰੀ ਹੱਦਾਂ ਤਕ ਪਹੁੰਚਣ ਦਾ ਸਿੱਧਾ ਰਾਹ ਮਿਲ ਜਾਣਾ ਸੀ। ਫਿਰ ਇਸ ਪੂਰੇ ਖੇਤਰ ਦੇ ਕੁਦਰਤੀ ਸੋਮਿਅਾਂ ਨੂੰ ਕੌਮਾਂਤਰੀ ਮੁੱਲ ਤਾਂ ਮਿਲਣਾ ਹੀ ਸੀ, ਨਾਲ ਹੀ ਭਾਰਤ ਨਾਲ ਸਿੱਧਾ ਵਪਾਰ ਹੋਣ ਨਾਲ ਤੇਲ, ਗੈਸ, ਕੋਲਾ ਅਤੇ ਯੂਰੇਨੀਅਮ ਭਾਰਤ ਵੀ ਖਰੀਦ ਸਕਦਾ ਸੀ।

ਅਜਿਹੀ ਸਥਿਤੀ ’ਚ ਭਾਰਤ ਨੇ ਪਾਕਿਸਤਾਨ ਦੇ ਰਸਤੇ ਕੇਂਦਰੀ ਏਸ਼ੀਆ ’ਚ ਇਕ ਬਹੁਤ ਅਹਿਮ ਅਤੇ ਵੱਡੇ ਦੇਸ਼ ਉਜ਼ਬੇਕਿਸਤਾਨ ਨਾਲ ਵਪਾਰ ਸ਼ੁਰੂ ਕੀਤਾ ਹੈ। ਅਜਿਹਾ ਪਿਛਲੇ 20 ਸਾਲਾਂ ’ਚ ਪਹਿਲਾਂ ਕਦੇ ਵੀ ਨਹੀਂ ਹੋਇਆ। ਉਜ਼ਬੇਕਿਸਤਾਨ ਨੂੰ ਭਾਰਤ ਤੋਂ ਖੰਡ, ਆਲੂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਨਾਲ ਭਰੇ ਟਰੱਕ ਭੇਜੇ ਗਏ ਹਨ। ਭਾਰਤ ਤੋਂ ਇਹ ਸਾਰਾ ਸਾਮਾਨ ਪਹਿਲਾਂ ਪਾਕਿਸਤਾਨ ਦੀ ਕਰਾਚੀ ਬੰਦਰਗਾਹ ’ਤੇ ਭੇਜਿਆ ਗਿਆ। ਉਸ ਪਿੱਛੋਂ ਪਾਕਿਸਤਾਨ ’ਚ ਜ਼ਮੀਨੀ ਰਸਤੇ ਇਹ ਸਾਮਾਨ ਅਫਗਾਨਿਸਤਾਨ ਪਹੁੰਚਾਇਆ ਗਿਆ। ਉਥੋਂ ਅੱਗੋਂ ਇਹ ਉਜ਼ਬੇਕਿਸਤਾਨ ਭੇਜਿਆ ਗਿਆ। 140 ਟਨ ਸਾਮਾਨ ਨੂੰ ਪਾਕਿਸਤਾਨ ਦੀ ਤੋਰਖਾਮ ਸਰਹੱਦ ਤੋਂ ਅਫਗਾਨਿਸਤਾਨ ਅਤੇ ਫਿਰ ਉਜ਼ਬੇਕਿਸਤਾਨ ਦੀ ਰਾਜਧਾਨੀ ਕਾਸ਼ਪੰਦ ਵਿਖੇ ਭੇਜਿਆ ਗਿਆ। ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ’ਚ ਤਣਾਅ ਕਾਰਨ ਪਾਕਿਸਤਾਨ ਨੇ ਭਾਰਤ ਲਈ ਸਿਰਫ ਕਰਾਚੀ ਦੀ ਬੰਦਰਗਾਹ ਦਾ ਰਾਹ ਖੋਲ੍ਹਿਆ ਹੈ।

ਭਾਰਤ ’ਚ ਮੁੰਬਈ ਦੀ ਬੰਦਰਗਾਹ ਤੋਂ ਇਹ ਸਾਮਾਨ ਭੇਜਿਆ ਗਿਆ ਸੀ। ਇਹ ਇਸ ਲਈ ਵੀ ਸੰਭਵ ਹੋ ਸਕਿਆ ਕਿਉਂਕਿ ਪਾਕਿਸਤਾਨ ਨਾਲ ਟ੍ਰਾਂਜ਼ਿਟ ਟਰੇਡ ਐਗਰੀਮੈਂਟ ਹੋਇਆ ਹੈ। ਇਸ ਅਧੀਨ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਵੀ ਪਾਕਿਸਤਾਨ ਤੋਂ ਕੇਂਦਰ ਏਸ਼ੀਆ ਨੂੰ ਜਾਣ ਵਾਲੇ ਸਾਮਾਨ ਦਾ ਰਸਤਾ ਨਹੀਂ ਰੋਕ ਸਕਦੀ।

ਹਾਲਾਂਕਿ ਭਾਰਤ ਇਹ ਸਾਮਾਨ ਈਰਾਨ ਦੀ ਚਾਏਬਾਰ ਪੋਰਟ ਰਾਹੀਂ ਵੀ ਉਜ਼ਬੇਕਿਸਤਾਨ ਭੇਜ ਸਕਦਾ ਸੀ ਪਰ ਉਹ ਰੂਟ ਕੁਝ ਲੰਬਾ ਪੈਂਦਾ ਹੈ ਨਾਲ ਹੀ ਸਿੱਧਾ ਅਸਰ ਸਾਮਾਨ ਦੀ ਕੀਮਤ ’ਤੇ ਵੀ ਪੈਂਦਾ ਹੈ। ਇਹ ਸਾਮਾਨ ਇਕ ਨਿੱਜੀ ਵਪਾਰੀ ਨੇ ਉਜ਼ਬੇਕਿਸਤਾਨ ਭੇਜਿਆ ਸੀ। ਪਾਕਿਸਤਾਨ ਵਲੋਂ ਬਿਆਨ ’ਚ ਇਹ ਕਿਹਾ ਗਿਆ ਹੈ ਕਿ ਅਜਿਹਾ ਇਸ ਲਈ ਸੰਭਵ ਹੋ ਸਕਿਆ ਕਿਉਂਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਉਜ਼ਬੇਕਿਸਤਾਨ ਦਰਮਿਆਨ ਇਕ ਵਪਾਰਕ ਸਮਝੌਤਾ ਹੋਇਆ ਹੈ।

ਇਸ ਨਾਲ ਮੱਧ ਏਸ਼ੀਆ ’ਚ ਭਾਰਤ ਦਾ ਸਾਮਾਨ ਚੀਨ ਦੇ ਮੁਕਾਬਲੇ ਘੱਟ ਸਮੇਂ ’ਚ ਅਤੇ ਘੱਟ ਕੀਮਤ ’ਤੇ ਪਹੁੰਚ ਸਕੇਗਾ। ਇਸ ਨਾਲ ਉਥੋਂ ਦੇ ਲੋਕਾਂ ਜੋ ਵਧੇਰੇ ਪੈਸੇ ਅਦਾ ਕਰਨ ਦੀ ਹਾਲਤ ’ਚ ਨਹੀਂ ਹਨ ਅਤੇ ਉਨ੍ਹਾਂ ਦੀ ਖਰੀਦ ਸ਼ਕਤੀ ਵੀ ਵਧੇਰੇ ਨਹੀਂ ਹੈ, ਨੂੰ ਭਾਰਤ ਤੋਂ ਹੋਣ ਵਾਲੀ ਬਰਾਮਦ ਦਾ ਲਾਭ ਸਿੱਧੇ ਤੌਰ ’ਤੇ ਮਿਲ ਸਕੇਗਾ।

ਜੇ ਚੀਨ ਦੀ ਗੱਲ ਕਰੀਏ ਤਾਂ ਚੀਨ ਦੇ ਵਪਾਰ ਦਾ ਸਿਧਾਂਤ ਸਿੱਧਾ ਅਤੇ ਸੌਖਾ ਹੈ। ਉਹ ਇਸ ਗੱਲ ’ਤੇ ਧਿਆਨ ਦਿੰਦਾ ਹੈ ਕਿ ਕਿਵੇਂ ਵੱਧ ਤੋਂ ਵੱਧ ਮੁਨਾਫਾ ਕਮਾਇਆ ਜਾਵੇ। ਜੇ ਉਥੋਂ ਦੇ ਲੋਕਾਂ ਦੀ ਖਰੀਦ ਸ਼ਕਤੀ ਵਧੇਰੇ ਨਹੀਂ ਹੈ ਤਾਂ ਚੀਨ ਉਨ੍ਹਾਂ ਨੂੰ ਆਪਣੇ ਕਰਜ਼ੇ ਦੇ ਜਾਲ ’ਚ ਫਸਾ ਲੈਂਦਾ ਹੈ। ਬਾਅਦ ’ਚ ਉਨ੍ਹਾਂ ਦੀ ਕਿਸੇ ਖਾਨ, ਕਿਸੇ ਕੁਦਰਤੀ ਸੋਮੇ ਦੇ ਭੰਡਾਰ ’ਤੇ ਆਪਣਾ ਕਬਜ਼ਾ ਕਰ ਲੈਂਦਾ ਹੈ। ਉਸ ਦਾ ਪੂਰਾ ਦੋਹਨ ਆਪਣੇ ਲਈ ਹਾਸਲ ਕਰਦਾ ਹੈ।

ਅਜਿਹੇ ਹਾਲਾਤ ’ਚ ਭਾਰਤ ਲਈ ਕੇਂਦਰੀ ਏਸ਼ੀਆ ’ਚ ਵਧਣ-ਫੁੱਲਣ ਦੇ ਪੂਰੇ ਆਸਾਰ ਹਨ। ਭਾਰਤ ਅਤੇ ਕੇਂਦਰੀ ਏਸ਼ੀਆ ’ਚ ਨਾ ਸਿਰਫ ਵਪਾਰ ਸਗੋਂ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਵੀ ਹੱਲਾਸ਼ੇਰੀ ਮਿਲੇਗੀ ਅਤੇ ਆਮ ਲੋਕਾਂ ਦੇ ਪੱਧਰ ’ਤੇ ਆਵਾਜਾਈ ਵਧਣ ਨਾਲ ਇਕ ਵਧੀਆ ਵਾਤਾਵਰਣ ’ਚ ਖੁਸ਼ਹਾਲੀ ਦੇ ਦਰਵਾਜ਼ੇ ਦੋਹਾਂ ਖੇਤਰਾਂ ਲਈ ਖੁੱਲ੍ਹਣਗੇ।


Anuradha

Content Editor

Related News