ਆਜ਼ਾਦ ਭਾਰਤ ਦੇ ਰਾਹ-ਦਸੇਰੇ
Saturday, Aug 15, 2026 - 02:34 PM (IST)
ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ ਦੇ ਇਸ ਖ਼ਾਸ ਮੌਕੇ ’ਤੇ ਮੈਂ ਹਰ ਭਾਰਤੀ ਨੂੰ ਦਿਲੋਂ ਵਧਾਈ ਦਿੰਦਾ ਹਾਂ। ਇਸ ਦੇ ਨਾਲ ਹੀ, ਮੈਂ ਉਨ੍ਹਾਂ ਸਾਰੇ ਆਜ਼ਾਦੀ ਘੁਲਾਟੀਆਂ ਨੂੰ ਸਤਿਕਾਰ ਸਹਿਤ ਸਿਜਦਾ ਕਰਦਾ ਹਾਂ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਵਾਰ ਦਿੱਤਾ।
ਅੰਡੇਮਾਨ ਵਿਚ ਕੌਮੀ ਸਮਾਰਕ ਸੈਲੂਲਰ ਜੇਲ ਦਾ ਮੇਰਾ ਦੌਰਾ ਇਕ ਹੋਰ ਬਹੁਤ ਹੀ ਪ੍ਰੇਰਣਾਦਾਇਕ ਪਲ ਸੀ। ਇਸੇ ਜੇਲ ਵਿਚ ਭਾਰਤ ਮਾਤਾ ਦੇ ਮਹਾਨ ਸਪੂਤ ਸ਼੍ਰੀ ਵੀਰ ਸਾਵਰਕਰ ਜੀ, ਸ਼੍ਰੀ ਯੋਗੇਂਦਰ ਸ਼ੁਕਲਾ ਜੀ, ਸ਼੍ਰੀ ਬਟੁਕੇਸ਼ਵਰ ਦੱਤ ਜੀ, ਸ਼੍ਰੀ ਸਚਿੰਦਰ ਨਾਥ ਸਾਨਿਆਲ ਜੀ ਅਤੇ ਹੋਰ ਕਈ ਆਜ਼ਾਦੀ ਘੁਲਾਟੀਆਂ ਨੂੰ ਬਸਤੀਵਾਦੀ ਤਾਕਤਾਂ ਵੱਲੋਂ ਕੈਦ ਕਰ ਕੇ ਕਾਲ-ਕੋਠੜੀਆਂ ਵਿਚ ਰੱਖਿਆ ਗਿਆ ਸੀ। ਅੱਜ ਵੀ ਕੌਮੀ ਸਮਾਰਕ ਦੀਆਂ ਇਹ ਕੰਧਾਂ ਉਨ੍ਹਾਂ ਸੂਰਮਿਆਂ ਦੀ ਦਲੇਰੀ, ਉਨ੍ਹਾਂ ਨੂੰ ਦਿੱਤੇ ਗਏ ਤਸੀਹਿਆਂ ਅਤੇ ਉਨ੍ਹਾਂ ਦੀਆਂ ਮਹਾਨ ਕੁਰਬਾਨੀਆਂ ਦੀਆਂ ਕਹਾਣੀਆਂ ਸੁਣਾਉਂਦੀਆਂ ਜਾਪਦੀਆਂ ਹਨ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਅਤੇ ਅਣਖ ਲਈ ਆਪਣੀ ਜਾਨ ਵਾਰ ਦਿੱਤੀ। ਇਸ ਫੇਰੀ ਨੇ ਮੈਨੂੰ ਉਨ੍ਹਾਂ ਸਾਰੇ ਕੌਮੀ ਨਾਇਕਾਂ ਨੂੰ ਸ਼ਰਧਾਂਜਲੀ ਵਜੋਂ ਇਹ ਲੇਖ ਲਿਖਣ ਲਈ ਪ੍ਰੇਰਿਤ ਕੀਤਾ, ਜਿਨ੍ਹਾਂ ਨੇ ਕਰੋੜਾਂ ਲੋਕਾਂ ਦੇ ਦਿਲਾਂ ਵਿਚ ਦੇਸ਼ ਭਗਤੀ ਦੀ ਅੱਗ ਬਾਲੀ ਅਤੇ ਦੇਸ਼ ਨੂੰ ਆਜ਼ਾਦੀ ਹਾਸਲ ਕਰਨ ਦੇ ਰਾਹ ’ਤੇ ਤੋਰਿਆ।
9 ਅਗਸਤ ਨੂੰ ਜਦੋਂ ਅਸੀਂ ‘ਭਾਰਤ ਛੱਡੋ ਅੰਦੋਲਨ’ ਦੀ ਯਾਦ ਮਨਾ ਰਹੇ ਸਾਂ, ਮੈਨੂੰ ਅੰਡੇਮਾਨ ਟਾਪੂਆਂ ਵਿਚ ‘ਹਰ ਘਰ ਤਿਰੰਗਾ’ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ। ਸਾਲ 1942 ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੇ ‘ਭਾਰਤ ਛੱਡੋ ਅੰਦੋਲਨ’ ਦਾ ਸੱਦਾ ਦਿੰਦਿਆਂ ਦੇਸ਼ ਨੂੰ ‘ਕਰੋ ਜਾਂ ਮਰੋ’ ਦਾ ਜੋਸ਼ੀਲਾ ਨਾਅਰਾ ਦਿੱਤਾ ਸੀ। ਇਸ ਸੱਦੇ ਦੇ ਨਤੀਜੇ ਵਜੋਂ ਪੂਰੇ ਦੇਸ਼ ਵਿਚ ਆਜ਼ਾਦੀ ਹਾਸਲ ਕਰਨ ਦੀ ਡੂੰਘੀ ਤਾਂਘ ਪੈਦਾ ਹੋ ਗਈ ਸੀ।
ਆਜ਼ਾਦੀ ਘੁਲਾਟੀਆਂ ਦੀ ਮਾਣਮੱਤੀ ਦਾਸਤਾਨ
ਆਜ਼ਾਦੀ ਘੁਲਾਟੀਏ ਭਾਵੇਂ ਉੱਤਰ ਵਿਚ ਕਸ਼ਮੀਰ ਤੋਂ ਹੋਣ ਜਾਂ ਦੱਖਣ ਵਿਚ ਤਾਮਿਲਨਾਡੂ ਤੋਂ, ਪੱਛਮ ਵਿਚ ਗੁਜਰਾਤ ਤੋਂ ਹੋਣ ਜਾਂ ਪੂਰਬ ਵਿਚ ਅਸਾਮ ਤੋਂ—ਦੇਸ਼ ਦੇ ਹਰ ਖੇਤਰ, ਵਰਗ, ਉਮਰ ਦੇ ਔਰਤਾਂ ਅਤੇ ਮਰਦਾਂ ਨੇ ਭਾਰਤ ਮਾਤਾ ਦੀ ਆਜ਼ਾਦੀ ਦੇ ਸਾਂਝੇ ਟੀਚੇ ਲਈ ਇਕੱਠੇ ਹੋ ਕੇ ਸੰਘਰਸ਼ ਕੀਤਾ।
ਪਹਿਲੇ ਆਜ਼ਾਦੀ ਸੰਗਰਾਮ ਦੌਰਾਨ ਵਿਰੋਧ ਦੀ ਅਮਰ ਪਛਾਣ ਬਣੀ ਰਾਣੀ ਲਕਸ਼ਮੀਬਾਈ ਜੀ ਦੀ ਬਹਾਦਰੀ, ਮੰਗਲ ਪਾਂਡੇ ਜੀ ਦੀ ਦਲੇਰੀ ਅਤੇ ਬਾਲ ਗੰਗਾਧਰ ਤਿਲਕ ਜੀ ਦਾ ਉਹ ਨਿਡਰ ਐਲਾਨ—‘ਸਵਰਾਜ ਮੇਰਾ ਜਨਮ-ਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਲੈ ਕੇ ਰਹਾਂਗਾ’—ਆਜ਼ਾਦੀ ਵੱਲ ਵਧਦੇ ਦੇਸ਼ ਦੇ ਹਰ ਕਦਮ ਨੂੰ ਤਾਕਤ ਬਖ਼ਸ਼ਦਾ ਰਿਹਾ।
ਇਸੇ ਲੜੀ ਵਿਚ ਵੀ. ਓ. ਚਿਦਾਂਬਰਮ ਪਿੱਲਈ ਜੀ ਨੇ ਭਾਰਤ ਦਾ ਪਹਿਲਾ ਸਵਦੇਸ਼ੀ ਜਹਾਜ਼ਰਾਨੀ ਕਾਰੋਬਾਰ ਸ਼ੁਰੂ ਕਰ ਕੇ ਬਸਤੀਵਾਦੀ ਹਕੂਮਤ ਦੇ ਆਰਥਿਕ ਦਬਦਬੇ ਨੂੰ ਚੁਣੌਤੀ ਦਿੱਤੀ। ਇਸ ਤੋਂ ਇਹ ਸਾਬਤ ਹੋਇਆ ਕਿ ਆਜ਼ਾਦੀ ਦਾ ਸੰਘਰਸ਼ ਸਿਰਫ਼ ਜੰਗ ਦੇ ਮੈਦਾਨ ਤੱਕ ਸੀਮਤ ਨਹੀਂ ਸੀ, ਸਗੋਂ ਆਰਥਿਕ ਅਤੇ ਵਪਾਰਕ ਖੇਤਰ ਵਿਚ ਵੀ ਲੜਿਆ ਗਿਆ ਸੀ।
ਭਗਤ ਸਿੰਘ ਜੀ, ਰਾਜਗੁਰੂ ਜੀ ਅਤੇ ਸੁਖਦੇਵ ਜੀ ਦੀ ਇਨਕਲਾਬੀ ਸੋਚ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਜ਼ਾਦੀ ਲਈ ਤਿਆਗ ਅਤੇ ਕੁਰਬਾਨੀ ਦਾ ਰਾਹ ਅਪਣਾਉਣ ਦੀ ਪ੍ਰੇਰਣਾ ਦਿੱਤੀ। ਉੱਥੇ ਹੀ ਰਾਣੀ ਗੈਦਿਨਲਿਊ ਜੀ ਦੇ ਅਟੁੱਟ ਜਜ਼ਬੇ ਨੇ ਉੱਤਰ-ਪੂਰਬੀ ਭਾਰਤ ਵਿਚ ਅੰਗਰੇਜ਼ੀ ਹਕੂਮਤ ਵਿਰੁੱਧ ਬਗ਼ਾਵਤ ਦੀ ਲਾਟ ਜਗਾਈ ਰੱਖੀ।
ਅਾਸਾਮ ਦੀ ਨੌਜਵਾਨ ਸੂਰਬੀਰ ਕਨਕਲਤਾ ਬਰੂਆ ਜੀ ਨੇ ‘ਭਾਰਤ ਛੱਡੋ ਅੰਦੋਲਨ’ ਦੀ ਅਗਵਾਈ ਕਰਦਿਆਂ, ਆਪਣੇ ਹੱਥਾਂ ਵਿਚ ਕੌਮੀ ਝੰਡਾ ਫੜ ਕੇ ਅਥਾਹ ਦਲੇਰੀ ਨਾਲ ਕਦਮ ਅੱਗੇ ਵਧਾਏ ਅਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਭਗਵਾਨ ਬਿਰਸਾ ਮੁੰਡਾ ਜੀ ਅਤੇ ਕਈ ਹੋਰ ਕਬਾਇਲੀ ਆਗੂਆਂ ਨੇ ਵੀ ਬਸਤੀਵਾਦੀ ਹਕੂਮਤ ਵਿਰੁੱਧ ਇਤਿਹਾਸਕ ਸੰਘਰਸ਼ ਦੀ ਅਗਵਾਈ ਕੀਤੀ।
ਇਤਿਹਾਸ ਦੇ ਪੰਨਿਆਂ ਵਿਚ ਅਜਿਹੀਆਂ ਅਣਗਿਣਤ ਕਹਾਣੀਆਂ ਹਨ, ਜੋ ਦਲੇਰੀ, ਸੰਘਰਸ਼, ਸਬਰ ਅਤੇ ਪੱਕੇ ਇਰਾਦੇ ਨਾਲ ਭਰੀਆਂ ਹੋਈਆਂ ਹਨ। ਇਨ੍ਹਾਂ ਸਾਰੀਆਂ ਕਹਾਣੀਆਂ ਨੇ ਮਿਲ ਕੇ ਬਹਾਦਰੀ ਅਤੇ ਕੁਰਬਾਨੀ ਦੀ ਇਕ ਅਮੀਰ ਵਿਰਾਸਤ ਸਿਰਜੀ ਹੈ। ਇਹ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਭਾਰਤ ਦੀ ਆਜ਼ਾਦੀ ਅਣਗਿਣਤ ਸੂਰਮਿਆਂ ਦੇ ਸਾਂਝੇ ਯਤਨਾਂ ਨਾਲ ਹਾਸਲ ਹੋਈ ਸੀ ਅਤੇ ਉਨ੍ਹਾਂ ਦੀ ਵਿਰਾਸਤ ਅੱਜ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਦਿੰਦੀ ਹੈ।
ਆਜ਼ਾਦੀ ਅੰਦੋਲਨ ਵਿਚ ਤਿਰੂਪੁਰ ਦਾ ਯੋਗਦਾਨ
ਇਸ ਆਜ਼ਾਦੀ ਦਿਹਾੜੇ ’ਤੇ ਮੈਂ ਤਿਰੂਪੁਰ ਕੁਮਾਰਨ ਜੀ ਨੂੰ ਸ਼ਰਧਾ ਸਹਿਤ ਸਿਜਦਾ ਕਰਦਾ ਹਾਂ, ਜਿਨ੍ਹਾਂ ਨੂੰ ਲੋਕਾਂ ਵਿਚ ‘ਕੋਡੀ ਕਾਥਾ ਕੁਮਾਰਨ’ ਭਾਵ ‘ਝੰਡੇ ਦੀ ਰਾਖੀ ਕਰਨ ਵਾਲੇ ਕੁਮਾਰਨ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਆਜ਼ਾਦੀ ਸੰਗਰਾਮ ਦੌਰਾਨ ਮੇਰੇ ਜੱਦੀ ਸ਼ਹਿਰ ਤਿਰੂਪੁਰ ਵਿਚ ਉਨ੍ਹਾਂ ਨੇ ਆਜ਼ਾਦੀ ਲਈ ਆਪਣੀ ਜਾਨ ਵਾਰ ਦਿੱਤੀ। ਮੌਤ ਨੂੰ ਸਾਹਮਣੇ ਵੇਖਦਿਆਂ ਵੀ ਉਨ੍ਹਾਂ ਨੇ ਕੌਮੀ ਝੰਡੇ ਨੂੰ ਜ਼ਮੀਨ ’ਤੇ ਨਹੀਂ ਡਿੱਗਣ ਦਿੱਤਾ। ਇਸੇ ਸਦਕਾ ਉਨ੍ਹਾਂ ਨੂੰ ਇਹ ਸਨਮਾਨਜਨਕ ਖ਼ਿਤਾਬ ਮਿਲਿਆ ਸੀ।
ਛੋਟੀ ਉਮਰ ਵਿਚ ਹੀ ਕੁਮਾਰਨ ਜੀ ਦੇ ਦਿਲ ਵਿਚ ਦੇਸ਼ ਭਗਤੀ ਦੀ ਲਾਟ ਜਗ ਉੱਠੀ ਸੀ। ‘ਸਵਰਾਜ ਸਾਡਾ ਜਨਮ-ਸਿੱਧ ਅਧਿਕਾਰ ਹੈ’ ਦੇ ਨਾਅਰੇ ਤੋਂ ਪ੍ਰੇਰਿਤ ਹੋ ਕੇ ਉਹ ਆਜ਼ਾਦੀ ਸੰਗਰਾਮ ਵਿਚ ਸ਼ਾਮਲ ਹੋ ਗਏ। ਮਹਾਤਮਾ ਗਾਂਧੀ ਜੀ ਦੇ ਆਦਰਸ਼ਾਂ ਤੋਂ ਬਹੁਤ ਪ੍ਰਭਾਵਿਤ ਹੋ ਕੇ ਕੁਮਾਰਨ ਜੀ ਨੇ ਲੋਕਾਂ, ਖਾਸ ਕਰ ਕੇ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਜਗਾਉਣ ਲਈ ‘ਦੇਸ਼ਬੰਧੂ ਯੁਵਾ ਸੰਘ’ ਦੀ ਸਥਾਪਨਾ ਕੀਤੀ। ਕੁਮਾਰਨ ਜੀ ਦਾ ਪੱਕਾ ਵਿਸ਼ਵਾਸ ਸੀ ਕਿ ਸੱਚੀ ਆਜ਼ਾਦੀ ਤਾਂ ਹੀ ਹਾਸਲ ਕੀਤੀ ਜਾ ਸਕਦੀ ਹੈ, ਜਦੋਂ ਲੋਕ ਵਿਦੇਸ਼ੀ ਹਕੂਮਤ ਦੀਆਂ ਧੱਕੇਸ਼ਾਹੀਆਂ ਪ੍ਰਤੀ ਜਾਗਰੂਕ ਹੋਣ ਅਤੇ ਉਸ ਵਿਰੁੱਧ ਲੜਨ ਦੀ ਦਲੇਰੀ ਤੇ ਸਪੱਸ਼ਟ ਸੋਚ ਪੈਦਾ ਕਰਨ।
ਮੈਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਉਸ ਪਹਿਲਕਦਮੀ ਦੀ ਸ਼ਲਾਘਾ ਕਰਦਾ ਹਾਂ, ਜਿਸ ਰਾਹੀਂ ਕੌਮੀ ਅੰਦੋਲਨ ਦੇ ਉਨ੍ਹਾਂ ਗੁੰਮਨਾਮ ਨਾਇਕਾਂ ਨੂੰ ਦੇਸ਼ ਦੇ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜਿਨ੍ਹਾਂ ਦਾ ਯੋਗਦਾਨ ਲੰਬੇ ਸਮੇਂ ਤੱਕ ਇਤਿਹਾਸ ਦੇ ਪੰਨਿਆਂ ਵਿਚ ਅਣਗੌਲਿਆ ਰਿਹਾ ਸੀ। ਮੈਂ ਸਾਰੇ ਜਾਣੇ ਅਤੇ ਗੁੰਮਨਾਮ ਆਜ਼ਾਦੀ ਘੁਲਾਟੀਆਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਾ ਹਾਂ।
ਇਸ ਇਤਿਹਾਸਕ ਮੌਕੇ ’ਤੇ ਆਓ, ਅਸੀਂ ਆਪਣੀ ਮਾਤ-ਭੂਮੀ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ’ਤੇ ਵਿਚਾਰ ਕਰੀਏ ਅਤੇ ਆਪਣੀ ਵਚਨਬੱਧਤਾ ਨੂੰ ਮੁੜ ਪੱਕਾ ਕਰੀਏ। ਇਸ ਅੰਮ੍ਰਿਤਕਾਲ ਵਿਚ 2047 ਤੱਕ ਵਿਕਸਿਤ ਭਾਰਤ ਦੀ ਸਿਰਜਣਾ ਲਈ ਖੁਦ ਨੂੰ ਸਮਰਪਿਤ ਕਰੀਏ ਅਤੇ ਦੇਸ਼ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਮਿਲ ਕੇ ਕੰਮ ਕਰੀਏ।
ਇਹੀ ਉਨ੍ਹਾਂ ਬਹਾਦਰ ਸਪੂਤਾਂ ਪ੍ਰਤੀ ਸਾਡੀ ਸੱਚੀ ਅਤੇ ਢੁੱਕਵੀਂ ਸ਼ਰਧਾਂਜਲੀ ਹੋਵੇਗੀ, ਜਿਨ੍ਹਾਂ ਨੇ ਅਥਾਹ ਦਲੇਰੀ ਨਾਲ ਸੰਘਰਸ਼ ਕੀਤਾ ਅਤੇ ਸਾਡੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।
-ਸੀ. ਪੀ. ਰਾਧਾਕ੍ਰਿਸ਼ਨਨ
