ਮਸ਼ਹੂਰ ਕੰਪਨੀਆਂ ਦੀਆਂ ਖਾਣ-ਪੀਣ ਦੀਆਂ ਵਸਤੂਆਂ ’ਚੋਂ ਨਿਕਲ ਰਹੇ ਕੀੜੇ, ਬਲੇਡ, ਵੱਢੀ ਉਂਗਲੀ, ਚੂਹੇ, ਡੱਡੂ ਅਤੇ ਕਾਕਰੋਚ

06/21/2024 2:24:48 AM

ਦੇਸ਼ ’ਚ ਲਾਪ੍ਰਵਾਹੀ ਦਾ ਕੁਝ ਇਸ ਤਰ੍ਹਾਂ ਦਾ ਦੌਰ ਚੱਲ ਰਿਹਾ ਹੈ ਕਿ ਸਟ੍ਰੀਟ ਫੂਡ ਤੋਂ ਲੈ ਕੇ ਵੱਡੀਆਂ-ਵੱਡੀਆਂ ਕੰਪਨੀਆਂ ਵੱਲੋਂ ਬਣਾਈਆਂ ਖਾਣ-ਪੀਣ ਦੀਆਂ ਵਸਤੂਆਂ ਅਤੇ ਇੱਥੋਂ ਤੱਕ ਕਿ ਏਅਰਲਾਈਨਜ਼ ਕੰਪਨੀਆਂ ਵੱਲੋਂ ਆਪਣੀਆਂ ਉਡਾਣਾਂ ਦੌਰਾਨ ਮੁਸਾਫਰਾਂ ਨੂੰ ਪਰੋਸੇ ਜਾਣ ਵਾਲੇ ਭੋਜਨ ’ਚ ਵੀ ਹਾਨੀਕਾਰਕ ਅਤੇ ਜਾਨਲੇਵਾ ਪਦਾਰਥ ਬਰਾਮਦ ਹੋ ਰਹੇ ਹਨ। ਇਹ ਹਾਲਤ ਕਿੰਨੀ ਗੰਭੀਰ ਹੁੰਦੀ ਜਾ ਰਹੀ ਹੈ, ਇਹ ਇਸੇ ਮਹੀਨੇ ਦੀਆਂ ਸਿਰਫ 15 ਦਿਨਾਂ ਦੀਆਂ ਹੇਠਲੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :

* 6 ਜੂਨ ਨੂੰ ਆਸਾਮ ਦੇ ‘ਬਾਜਾਲੀ’ ਜ਼ਿਲੇ ’ਚ ਇਕ ਪ੍ਰਸਿੱਧ ਕੰਪਨੀ ਦੇ ਫਰੂਟ ਡ੍ਰਿੰਕ ਦੇ ਪੈਕੇਟ ’ਚੋਂ ਕੀੜਾ ਨਿਕਲਿਆ।

* 10 ਜੂਨ ਨੂੰ ਜਹਾਜ਼ ਸੇਵਾ ‘ਏਅਰ ਇੰਡੀਆ’ ਦੀ ਬੈਂਗਲੁਰੂ ਤੋਂ ਅਮਰੀਕਾ ਦੇ ਸੈਨਫ੍ਰਾਂਸਿਸਕੋ ਜਾ ਰਹੀ ਫਲਾਈਟ ’ਚ ਇਕ ਮੁਸਾਫਰ ਨੂੰ ਪਰੋਸੇ ਗਏ ਸਵੀਟ ਪਟੈਟੋ (ਸ਼ਕਰਕੰਦੀ ਅਤੇ ਅੰਜੀਰ) ਦੀ ਚਾਟ ’ਚ ਬਲੇਡ ਨਿਕਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ’ਤੇ ‘ਏਅਰ ਇੰਡੀਆ’ ਨੇ ਗਲਤੀ ਮੰਨ ਕੇ ਮੁਆਫੀ ਮੰਗੀ।

* 13 ਜੂਨ ਨੂੰ ਮੁੰਬਈ ’ਚ ਇਕ ਡਾਕਟਰ ਜਦੋਂ ਆਨਲਾਈਨ ਆਰਡਰ ਕਰ ਕੇ ਮੰਗਵਾਈ ਗਈ ਇਕ ਪ੍ਰਸਿੱਧ ਕੰਪਨੀ ਦੀ ਆਈਸਕ੍ਰੀਮ ਖਾ ਰਿਹਾ ਸੀ ਤਾਂ ਉਸ ਨੂੰ ਉਸ ਦਾ ਸਵਾਦ ਬੜਾ ਹੀ ਅਜੀਬ ਲੱਗਾ। ਇਸ ’ਤੇ ਉਸ ਨੇ ਉਸ ਟੁਕੜੇ ਨੂੰ ਮੂੰਹ ’ਚੋਂ ਬਾਹਰ ਕੱਢ ਕੇ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ ਕਿਉਂਕਿ ਜਿਸ ਚੀਜ਼ ਨੂੰ ਉਹ ਆਈਸਕ੍ਰੀਮ ’ਚ ਪਾਇਆ ਹੋਇਆ ਕੋਈ ਮੇਵਾ ਜਾਂ ਚਾਕਲੇਟ ਦਾ ਟੁਕੜਾ ਸਮਝ ਕੇ ਚਬਾ ਰਿਹਾ ਸੀ, ਉਹ ਕਿਸੇ ਇਨਸਾਨ ਦੀ ਵੱਢੀ ਹੋਈ ਉਂਗਲੀ ਸੀ।

* 15 ਜੂਨ ਨੂੰ ਨੋਇਡਾ ’ਚ ਇਕ ਔਰਤ ਵੱਲੋਂ ਮੰਗਵਾਈ ਗਈ ਇਕ ਪ੍ਰਸਿੱਧ ਕੰਪਨੀ ਦੀ ਆਈਸਕ੍ਰੀਮ ’ਚੋਂ ਇਕ ਕੰਨਖਜੂਰਾ ਮਿਲਿਆ।

* 18 ਜੂਨ ਨੂੰ ਭੋਪਾਲ ਤੋਂ ਆਗਰਾ ਜਾਣ ਵਾਲੀ ‘ਵੰਦੇ ਭਾਰਤ ਟ੍ਰੇਨ’ ਦੇ ਇਕ ਮੁਸਾਫਰ ਨੇ ਸ਼ਿਕਾਇਤ ਕੀਤੀ ਕਿ ਉਸ ਨੂੰ ‘ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ’ (ਆਈ. ਆਰ. ਸੀ. ਟੀ. ਸੀ.) ਵੱਲੋਂ ਪਰੋਸੀ ਗਈ ਸਬਜ਼ੀ ’ਚ ਮਰਿਆ ਹੋਇਆ ਕਾਕਰੋਚ ਮਿਲਿਆ। ਮੁਸਾਫਰ ਨੇ ਸਬਜ਼ੀ ਦੀ ਤਸਵੀਰ ਵੀ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ।

* 19 ਜੂਨ ਨੂੰ ਗੁਜਰਾਤ ਦੇ ਜਾਮਨਗਰ ’ਚ ਜੈਸਮਿਨ ਪਟੇਲ ਨਾਂ ਦੀ ਇਕ ਮੁਟਿਆਰ ਵੱਲੋਂ ਖਰੀਦੇ ਗਏ ਇਕ ਪ੍ਰਸਿੱਧ ਕੰਪਨੀ ਦੇ ‘ਪਟੈਟੋ ਚਿਪਸ’ ਦੇ ਪੈਕੇਟ ’ਚ ਚਿਪਸ ਵਰਗੇ ਆਕਾਰ ’ਚ ਪੂਰੀ ਤਰ੍ਹਾਂ ਸੜਿਆ ਹੋਇਆ ਡੱਡੂ ਬਰਾਮਦ ਹੋਇਆ। ਇਸ ਮਾਮਲੇ ’ਚ ਜਦੋਂ ਔਰਤ ਨੇ ਕੰਪਨੀ ਦੇ ਡਿਸਟ੍ਰੀਬਿਊਸ਼ਨ ਅਤੇ ਗਾਹਕ ਸੇਵਾ ਵਿਭਾਗ ਕੋਲ ਸ਼ਿਕਾਇਤ ਕੀਤੀ ਤਾਂ ਉਸ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ।

* 19 ਜੂਨ ਨੂੰ ਹੀ ਕੇਰਲ ’ਚ ਇਕ ਔਰਤ ਵੱਲੋਂ ਕੇਕ ਦੇ ਨਾਲ ਖਾਣ ਲਈ ਮੰਗਵਾਏ ਇਕ ਪ੍ਰਸਿੱਧ ਕਨਫੈਕਸ਼ਨਰੀ ਕੰਪਨੀ ਵੱਲੋਂ ਤਿਆਰ ਕੀਤੇ ‘ਚਾਕਲੇਟ ਸਿਰਪ’ ਪਰਿਵਾਰ ਦੀਆਂ ਲੜਕੀਆਂ ਨੇ ਚਖਿਆ ਤਾਂ ਉਨ੍ਹਾਂ ’ਚੋਂ ਇਕ ਬੇਹੋਸ਼ ਹੋ ਗਈ। ਸ਼ੱਕ ਹੋਣ ’ਤੇ ਉਨ੍ਹਾਂ ਨੇ ਬੋਤਲ ਨੂੰ ਖੋਲ੍ਹਿਆ ਤਾਂ ਉਸ ’ਚ ਬੜਾ ਗਾੜ੍ਹਾ ਸਿਰਪ ਨਿਕਲਿਆ ਜਿਸ ’ਚ ਕੁਝ ਵਾਲ ਵੀ ਚਿੰਬੜੇ ਹੋਏ ਸਨ ਅਤੇ ਉਨ੍ਹਾਂ ’ਚੋਂ ਇਕ ਮਰਿਆ ਹੋਇਆ ਬੜਾ ਛੋਟਾ ਜਿਹਾ ਚੂਹਾ ਵੀ ਬਰਾਮਦ ਹੋਇਆ।

ਇਹ ਤਾਂ ਕੁਝ ਉਦਾਹਰਣਾਂ ਹੀ ਹਨ। ਅਸਲ ’ਚ ਭਾਰਤ ਵਿਚ ਪਿਛਲੇ ਕੁਝ ਸਮੇਂ ਦੇ ਦੌਰਾਨ ਵਿਸ਼ੇਸ਼ ਤੌਰ ’ਤੇ ਆਨਲਾਈਨ ਮੰਗਵਾਈਆਂ ਜਾਣ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ’ਚ ਤਰ੍ਹਾਂ-ਤਰ੍ਹਾਂ ਦੀਆਂ ਹਾਨੀਕਾਰਕ ਵਸਤੂਆਂ ਅਤੇ ਮਰੇ ਹੋਏ ਜੀਵ-ਜੰਤੂ ਨਿਕਲਣ ਦੀਆਂ ਘਟਨਾਵਾਂ ’ਚ ਵਾਧਾ ਦੇਖਿਆ ਗਿਆ ਹੈ।

ਉਕਤ ਘਟਨਾਵਾਂ ਖਪਤਕਾਰਾਂ ਦੀ ਸਿਹਤ ਅਤੇ ਸੁਰੱਖਿਆ ਲਈ ਵੱਡਾ ਖਤਰਾ ਹਨ ਜੋ ਕਿਸੇ ਉਤਪਾਦ ਦੇ ਨਿਰਮਾਣ ਅਤੇ ਪੈਕੇਜਿੰਗ ਦੇ ਮਾਪਦੰਡਾਂ ’ਤੇ ਗੰਭੀਰ ਸਵਾਲ ਵੀ ਉਠਾ ਰਹੀਆਂ ਹਨ।

ਇਸ ਲਈ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜਿੱਥੇ ਖੁਰਾਕ ਸੁਰੱਖਿਆ ਪ੍ਰੋਟੋਕਾਲ ਦੀ ਵਿਆਪਕ ਸਮੀਖਿਆ ਕਰਨਾ ਸਮੇਂ ਦੀ ਮੰਗ ਹੈ ਤਾਂ ਕਿ ਲੋਕਾਂ ਦੀ ਜ਼ਿੰਦਗੀ ਜੋਖਮ ’ਚ ਨਾ ਪਵੇ, ਉੱਥੇ ਹੀ ਅਜਿਹੀ ਲਾਪ੍ਰਵਾਹੀ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਤੁਰੰਤ ਸਖਤ ਕਾਰਵਾਈ ਕਰਨ ਦੀ ਵੀ ਲੋੜ ਹੈ।

-ਵਿਜੇ ਕੁਮਾਰ


Harpreet SIngh

Content Editor

Related News