ਭਵਿੱਖ ’ਚ ਜੰਗ ਦੇਸ਼ ਨਹੀਂ, ਸੱਭਿਅਤਾਵਾਂ ਲੜਨਗੀਆਂ

Tuesday, Sep 07, 2021 - 03:39 AM (IST)

ਭਵਿੱਖ ’ਚ ਜੰਗ ਦੇਸ਼ ਨਹੀਂ, ਸੱਭਿਅਤਾਵਾਂ ਲੜਨਗੀਆਂ

ਸ਼ਮਾ ਸ਼ਰਮਾ
ਅੱਜਕਲ ਹਰ ਪਾਸੇ ਤਾਲਿਬਾਨ ਦੀ ਚਰਚਾ ਹੈ। ਉਨ੍ਹਾਂ ਦੇ ਉਭਾਰ ਕਾਰਨ ਉਹ ਸਭ ਤਾਕਤਾਂ ਡਰੀਆਂ ਹੋਈਆਂ ਹਨ ਜੋ ਹੁਣ ਤੱਕ ਆਪਣੇ ਵਿਚਾਰ ਅਤੇ ਸੰਸਕ੍ਰਿਤੀ ਦੇ ਆਧਾਰ ’ਤੇ ਹੀ ਦੁਨੀਆ ਨੂੰ ਦੇਖਦੀਆਂ ਰਹੀਆਂ ਹਨ। ਇਨ੍ਹਾਂ ’ਚ ਪੱਛਮੀ ਦੇਸ਼ ਪ੍ਰਮੁੱਖ ਹਨ। ਪ੍ਰਸਿੱਧ ਲੇਖਕ ਸੈਮੁਅਲ ਪੀ ਹਟਿੰਗਟਨ ਨੇ ਅੱਜ ਦੀ ਸਥਿਤੀ ਨੂੰ ਪਹਿਲਾਂ ਹੀ ਭਾਪ ਲਿਆ ਸੀ। ਉਨ੍ਹਾਂ ਦੀ ਆਪਣੀ ਇਕ ਕਿਤਾਬ ‘ਕਲੈਸ਼ ਆਫ ਸਿਵੀਲਾਈਜ਼ੇਸ਼ਨ’ 1990 ਦੇ ਦਹਾਕੇ ’ਚ ਬਹੁਤ ਚਰਚਿਤ ਰਹੀ ਸੀ।

ਉਸ ਕਾਰਨ ਦੁਨੀਆ ਛੋਟੀ ਹੋ ਗਈ ਹੈ। ਸਭ ਇਕ-ਦੂਜੇ ਨੂੰ ਪਰਖ ਰਹੇ ਹਨ। ਆਪਣੀਆਂ-ਆਪਣੀਆਂ ਸੱਭਿਆਤਾਵਾਂ ਦਾ ਇਕ-ਦੂਜੇ ਨਾਲੋਂ ਫਰਕ ਲਭ ਰਹੇ ਹਨ। ਇਸ ਤਰ੍ਹਾਂ ਸਭ ਆਪਣੇ ਆਪ ਨੂੰ ਹੋਰਨਾਂ ਤੋਂ ਵਧੀਆ ਮੰਨਣ ਲੱਗਦੇ ਹਨ। ਪੱਛਮ ਤਾਂ ਆਪਣੇ ਆਪ ਨੂੰ ਸਰਬੋਤਮ ਮੰਨਦਾ ਹੀ ਹੈ, ਇਸ ਲਈ ਹੁਣ ਜੰਗ ਦੇਸ਼ਾਂ ਦਰਮਿਆਨ ਨਹੀਂ ਸਗੋਂ ਸੱਭਿਆਤਾਵਾਂ ਦਰਮਿਆਨ ਹੋਵੇਗੀ।

ਵੇਖਣ ਵਾਲੀ ਗੱਲ ਇਹ ਵੀ ਹੈ ਕਿ ਦੂਜੀਆਂ ਸੱਭਿਆਤਾਵਾਂ ਪੱਛਮ ਦੀਆਂ ਸੱਭਿਆਤਾਵਾਂ ਨੂੰ ਫਾਲਸ (ਝੂਠੀ), ਇਮਮਾਰਲ (ਅਨੈਤਿਕ) ਅਤੇ ਡੇਂਜਰਸ (ਖਤਰਨਾਕ) ਮੰਨਦੀਆਂ ਹਨ। ਪੱਛਮ ਆਪਣੇ ਸਾਰੇ ਰੌਲੇ-ਰੱਪੇ ਅਤੇ ਤਨਕੀਨੀ ਸਰਬਉੱਚਤਾ ਦੇ ਬਾਵਜੂਦ ਆਪਣੇ ਪ੍ਰਤੀ ਫੈਲੀ ਇਸ ਧਾਰਨਾ ਨੂੰ ਦੂਰ ਕਰਨ ਵਿਚ ਨਾਕਾਮ ਰਿਹਾ ਹੈ।

ਹਟਿੰਗਟਨ ਨੇ ਇਹ ਵੀ ਕਿਹਾ ਸੀ ਕਿ ਚੀਨ ਇਸਮਾਲ ਨਾਲ ਮਿਲ ਜਾਏਗਾ। ਅਸੀਂ ਅਫਗਾਨਿਸਤਾਨ ਦੇ ਮਾਮਲੇ ਨੂੰ ਦੇਖ ਰਹੇ ਹਾਂ। ਇਕ ਪਾਸੇ ਚੀਨ ਆਪਣੇ ਦੇਸ਼ ਵਿਚ ਘੱਟ ਗਿਣਤੀ ਮੁਸਲਮਾਨਾਂ ਨੂੰ ਬਹੁਤ ਸਤਾ ਰਿਹਾ ਹੈ। ਉਨ੍ਹਾਂ ਦੀਆਂ ਪੂਜਾ ਵਾਲੀਆਂ ਥਾਵਾਂ ਨੂੰ ਖਤਮ ਕਰ ਰਿਹਾ ਹੈ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਆਜ਼ਾਦੀ ਨਹੀਂ ਦੇ ਰਿਹਾ। ਇਸ ਦੇ ਉਲਟ ਦੂਜੇ ਪਾਸੇ ਅਫਗਾਨਿਸਤਾਨ ਵਿਚ ਇਸਲਾਮਿਕ ਰਾਜ ਅਤੇ ਸ਼ਰੀਅਤ ਨੂੰ ਉਹ ਸ਼ਰੇਆਮ ਹਮਾਇਤ ਦੇ ਰਿਹਾ ਹੈ। ਆਪਣੇ ਦੇਸ਼ ਵਿਚ ਸਭ ਜਾਤੀਆਂ ਅਤੇ ਧਰਮਾਂ ਦੇ ਲੋਕ ਆਪਣੇ-ਆਪਣੇ ਢੰਗ ਨਾਲ ਖੁਦ ਨੂੰ ਸਭ ਤੋਂ ਚੰਗਾ ਦੱਸਦੇ ਹੋਏ ਹਟਿੰਗਟਨ ਦੀ ਧਾਰਨਾ ਨੂੰ ਹੀ ਸਹੀ ਸਾਬਤ ਕਰ ਰਹੇ ਹਨ।

ਅੱਜਕਲ ਤਾਲਿਬਾਨ ਦੇ ਉਭਾਰ ਨੂੰ ਅਫਗਾਨਿਸਤਾਨ ਦਾ ਆਪਣਾ ਮਾਮਲਾ ਮੰਨ ਲਿਆ ਗਿਆ ਹੈ। 20 ਸਾਲ ਪਹਿਲਾਂ ਇੰਝ ਨਹੀਂ ਸੀ। ਬਹੁਤ ਸਾਰੇ ਲੋਕ ਤਾਲਿਬਾਨ ਦੀ ਤਾਕਤ ਨੂੰ ਵਧਾ-ਚੜ੍ਹਾ ਕੇ ਪੇਸ਼ ਕਰ ਰਹੇ ਹਨ। ਉਹ ਕਹਿ ਰਹੇ ਹਨ ਕਿ ਉਨ੍ਹਾਂ ਦੇ ਡਰ ਕਾਰਨ ਮਹਾਬਲੀ ਅਮਰੀਕਾ ਵੀ ਉਥੋਂ ਭੱਜ ਗਿਆ। ਬਾਕੀਆਂ ਦੀ ਤਾਂ ਕੀ ਹਸਤੀ ਹੈ। ਆਪਣੇ ਦੇਸ਼ ਦੇ ਬਹੁਤ ਸਾਰੇ ਲੋਕ ਜੋ ਅਕਸਰ ਔਰਤਾਂ ਦੇ ਅਧਿਕਾਰਾਂ ਨੂੰ ਲੈ ਕੇ ਹਾਹਾਕਾਰ ਮਚਾਈ ਰੱਖਦੇ ਹਨ, ਉਹ ਅਫਗਾਨਿਸਤਾਨ ਦੀਆਂ ਔਰਤਾਂ ਦੇ ਮਾਮਲੇ ’ਚ ਬਿਲਕੁਲ ਚੁੱਪ ਹੋ ਕੇ ਬੈਠ ਗਏ ਹਨ।

ਕੋਈ ਵੀ ਧਾਰਮਿਕ ਸੱਤਾ, ਸਭ ਤੋਂ ਪਹਿਲਾ ਹਮਲਾ ਆਪਣੀਆਂ ਔਰਤਾਂ ’ਤੇ ਹੀ ਕਰਦੀ ਹੈ। ਔਰਤਾਂ ਦਾ ਮਤਲਬ ਹੈ ਅਗਲੀਆਂ ਔਲਾਦਾਂ ਜੋ ਆਪਣੀ-ਆਪਣੀ ਸੱਭਿਅਤਾ ਅਤੇ ਉਸ ਨਾਲ ਜੁੜੇ ਧਰਮ ਲਈ ਜ਼ਰੂਰੀ ਹੈ। ਯਾਦ ਕਰੋ ਕਿ ਤਾਲਿਬਾਨ ਨੇ ਪਹਿਲਾਂ ਜੋ ਕੁਝ ਔਰਤਾਂ ਨਾਲ ਕੀਤਾ ਸੀ, ਉਹ ਤਾਂ ਹੈ ਹੀ, ਹੁਣ ਵੀ ਉਨ੍ਹਾਂ 12 ਤੋਂ ਲੈ ਕੇ 45 ਸਾਲ ਤੱਕ ਦੀਆਂ ਕੁੜੀਆਂ ਅਤੇ ਔਰਤਾਂ ਦੀ ਲਿਸਟ ਮੰਗੀ ਹੈ ਜੋ ਭਵਿੱਖ ਲਈ ਤਾਲਿਬਾਨੀ ਪੈਦਾ ਕਰ ਸਕਣ। ਇਸ ਸਬੰਧੀ ਕਈ ਦਹਾਕੇ ਪਹਿਲਾਂ ਬਣੀ ਸਾਰਾ ਸ਼ਾਹ ਦੀ ਫਿਲਮ ‘ਦਾ ਬਿਹਾਈਂਡਿਡ’ ਨੂੰ ਵੇਖਿਆ ਜਾ ਸਕਦਾ ਹੈ।

ਹਟਿੰਗਟਨ ਅਨੁਸਾਰ ਸੱਭਿਆਤਾਵਾਂ ਉਹ ਹਨ ਜੋ ਇਤਿਹਾਸ, ਭਾਸ਼ਾ, ਸੱਭਿਆਚਾਰਕ ਰਵਾਇਤਾਂ ਅਤੇ ਸਭ ਤੋਂ ਵੱਧ ਧਰਮਾਂ ਵਜੋਂ ਇਕ-ਦੂਜੇ ਤੋਂ ਵੱਖ ਹੁੰਦੀਆਂ ਹਨ। ਉਹ ਕਹਿੰਦੇ ਹਨ ਕਿ ਉਹ ਸੱਭਿਆਤਾਵਾਂ ਜੋ ਧਰਮ ’ਤੇ ਆਧਾਰਤ ਨਹੀਂ ਸਨ, ਖਤਮ ਹੋ ਗਈਆਂ ਹਨ। ਕਮਿਊਨਿਜ਼ਮ ਦੇ ਪਤਨ ਤੋਂ ਬਾਅਦ ਸਿਆਸੀ ਸੱਤਾ ਦਾ ਬੋਲਬਾਲਾ ਵੀ ਘੱਟ ਹੋਇਆ ਹੈ। ਇਕ ਦੂਜੇ ਦੇਸ਼ ਦੇ ਦੌਰੇ ਕਰਨ ਅਤੇ ਉਥੇ ਵੱਸਣ ਕਾਰਨ ਕੌਮੀ ਪਛਾਣ ਵੀ ਲਗਾਤਾਰ ਘੱਟ ਹੋ ਰਹੀ ਹੈ। ਇੰਨੇ ਸਾਰੇ ਗੈਪ ਨੂੰ ਭਰਨ ਲਈ ਸਮੁੱਚੀ ਦੁਨੀਆ ’ਚ ਧਾਰਮਿਕ ਪਛਾਣ ਆਪਣਾ ਸਿਰ ਉਠਾ ਰਹੀ ਹੈ। ਇਹ ਸੰਘਰਸ਼ ਕੌਮਾਂਤਰੀ, ਸਥਾਨਕ ਦੋਵੇਂ ਤਰ੍ਹਾਂ ਦਾ ਹੋਵੇਗਾ।

ਮੱਧ ਪੂਰਬ ਵਿਚ ਯਾਹੂਦੀ, ਮੁਸਲਮਾਨ ਅਤੇ ਇਸਾਈ ਲੜ ਰਹੇ ਹਨ। ਅਮਰੀਕਾ ਦੇ ਵਰਲਡ ਟਰੇਡ ਟਾਵਰ ਨੂੰ ਤੋੜਣ ਨੂੰ ਵੀ ਇਸੇ ਰੂਪ ’ਚ ਵੇਖਿਆ ਗਿਆ ਸੀ। ਭਾਰਤ ’ਚ ਮੁਸਲਮਾਨਾਂ ਅਤੇ ਹਿੰਦੂਆਂ ਦਰਮਿਆਨ ਇਹ ਤਣਾਅ ਵੇਖਿਆ ਜਾ ਸਕਦਾ ਹੈ। ਅਜਿਹਾ ਲਗਦਾ ਹੈ ਕਿ ਜਲਦੀ ਹੀ ਸਮੁੱਚੀ ਦੁਨੀਆ ਦੇ ਸਿਆਸਤਦਾਨ ਆਪਣੀ-ਆਪਣੀ ਧਾਰਮਿਕ ਪਛਾਣ ਵੱਲ ਚਲੇ ਜਾਣਗੇ। ਆਪਣੇ ਦੇਸ਼ ’ਚ ਅਸੀਂ ਵੇਖ ਹੀ ਰਹੇ ਹਾਂ ਕਿ ਕਲ ਤੱਕ ਜੋ ਲੋਕ ਰਾਮ ਮੰਦਰ ਦਾ ਵਿਰੋਧ ਕਰ ਰਹੇ ਸਨ,ਉਹ ਸਭ ਹੁਣ ਆਪਣੇ ਆਪ ਨੂੰ ਹਿੰਦੂ ਕਹਿ ਰਹੇ ਹਨ, ਜ਼ੋਰ-ਸ਼ੋਰ ਨਾਲ ਰਾਮ ਭਗਤ ਹੋਣ ਦਾ ਦਾਅਵਾ ਕਰ ਰਹੇ ਹਨ। ਇਸੇ ਅਨੁਪਾਤ ਵਿਚ ਕਈ ਮੁਸਲਮਾਨ ਆਗੂਆਂ ਅਤੇ ਬਹੁਤ ਸਾਰੇ ਬੁੱਧੀਜੀਵੀਆਂ ਦੀ ਤਾਲਿਬਾਨ ਪ੍ਰਤੀ ਪ੍ਰਤੀਕਿਰਿਆ ਨੂੰ ਵੇਖਿਆ ਜਾ ਸਕਦਾ ਹੈ।

ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਸੀਰੀਆ ਤੋਂ ਭਾਰੀ ਗਿਣਤੀ ਵਿਚ ਸ਼ਰਨਾਰਥੀ ਪੱਛਮੀ ਦੇਸ਼ਾਂ ’ਚ ਗਏ ਸਨ ਤਾਂ ਉਹ ਉਥੋਂ ਦੀਆਂ ਔਰਤਾਂ ਦੇ ਕੱਪੜੇ ਵੇਖ ਕੇ ਉਨ੍ਹਾਂ ਨਾਲ ਛੇੜਖਾਨੀ ਕਰਨ ਲੱਗੇ ਅਤੇ ਪੱਛਮੀ ਦੇਸ਼ਾਂ ਵਿਚ ਇਸ ਕਾਰਨ ਪ੍ਰੇਸ਼ਾਨੀ ਪੈਦਾ ਹੋਣ ਲੱਗੀ। ਇਹ ਗੱਲ ਹਟਿੰਗਟਨ ਦੀ ਧਾਰਨਾ ਦੀ ਪੁਸ਼ਟੀ ਕਰਦੀ ਹੈ। ਜਿਹੜੇ ਵਿਅਕਤੀ ਭਾਰਤ ਵਿਚ ਹਿੰਦੂ ਉਭਾਰ ਨੂੰ ਕਿਸੇ ਹੋਰ ਪੱਖ ਤੋਂ ਵੇਖਦੇ ਹਨ, ਉਨ੍ਹਾਂ ਨੂੰ ਹਟਿੰਗਟਨ ਦੀ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ।

ਹੁਣੇ ਜਿਹੇ ਹੀ ਕਾਂਗਰਸ ਦੇ ਇਕ ਦਲਿਤ ਨੇਤਾ ਨੇ ਤਾਲਿਬਾਨ ਦੀ ਆਲੋਚਨਾ ਕੀਤੀ ਅਤੇ 1960 ਦੇ ਦਹਾਕੇ ’ਚ ਅਫਗਾਨਿਸਤਾਨ ਦੀਆਂ ਔਰਤਾਂ ਦੀ ਸਕਰਟ ਪਾਈ ਤਸਵੀਰ ਲਾਈ ਤਾਂ ਬਹੁਤ ਸਾਰੇ ਲੋਕ ਉਨ੍ਹਾਂ ਦੇ ਪਿੱਛੇ ਪੈ ਗਏ। ਕਹਿਣ ਲੱਗੇ- ਤੂੰ ਆਪਣੀਆਂ ਔਰਤਾਂ ਨੂੰ ਨੰਗਾ ਘੁੰਮਾਉਂਦਾ ਹੈ ਤਾਂ ਘੁੰਮਾ, ਸਾਡੀਆਂ ਔਰਤਾਂ ਦੀ ਚਿੰਤਾ ਨਾ ਕਰ। ਅਜਿਹੀਆਂ ਗੱਲਾਂ ਵੀ ਸਾਹਮਣੇ ਆਈਆਂ ਕਿ ਲੋਕਾਂ ਨੇ ਕਿਹਾ ਕਿ ਆਪਣੀਆਂ ਔਰਤਾਂ ਨਾਲ ਤਾਂ ਰੋਜ਼ਾਨਾ ਜਬਰ-ਜ਼ਨਾਹ ਹੋ ਰਹੇ ਹਨ ਅਤੇ ਅਫਗਾਨਿਸਤਾਨ ਦੀਆਂ ਔਰਤਾਂ ਦੇ ਦੁੱਖ ’ਚ ਮਰੇ ਜਾ ਰਹੇ ਹਨ। ਕਿਥੇ ਕੌਮਾਂਤਰੀ ਪਹਿਰਾਵੇ ਦੀਆਂ ਗੱਲਾਂ ਹੁੰਦੀਆਂ ਸਨ ਅਤੇ ਕਿਥੇ ਤੇਰੀ ਔਰਤ, ਮੇਰੀ ਔਰਤ ਦੀਆਂ ਗੱਲਾਂ ਹੋਣ ਲੱਗ ਪਈਆਂ ਹਨ। ਹੋਰ ਕਿਸੇ ਨੇ ਇਸ ਵਿਚਾਰ ’ਤੇ ਇਤਰਾਜ਼ ਨਹੀਂ ਪ੍ਰਗਟਾਇਆ। ਸੋਚਦੀ ਹਾਂ ਕਿ ਕਿਤੇ ਹਟਿੰਗਟਨ ਤਾਂ ਸਹੀ ਨਹੀਂ ਹੋਣ ਵਾਲੇ?


author

Bharat Thapa

Content Editor

Related News