ਮੁੰਬਈ ’ਚ I.N.D.I.A. ਦਾ ਦਿੱਲੀ ਗੇਟ ਦਿਸ ਜਾਵੇਗਾ

Wednesday, Aug 30, 2023 - 04:36 PM (IST)

ਮੁੰਬਈ ’ਚ I.N.D.I.A. ਦਾ ਦਿੱਲੀ ਗੇਟ ਦਿਸ ਜਾਵੇਗਾ

ਕੀ ਮੁੰਬਈ ’ਚ ਆਈ. ਐੱਨ. ਡੀ. ਆਈ. ਏ. (I.N.D.I.A.) ਨੂੰ ਸੰਜੋਯਕ ਮਿਲੇਗਾ? ਕੀ I.N.D.I.A. ਨੂੰ ‘ਲੋਗੋ’ ਮਿਲੇਗਾ? ਕੀ I.N.D.I.A. ਦਿੱਲੀ ’ਚ ਆਪਣਾ ਫ੍ਰੰਟ ਹੈੱਡਕੁਆਰਟਰ ਖੋਲ੍ਹਣ ’ਤੇ ਫੈਸਲਾ ਕਰ ਸਕੇਗੀ? ਇਨ੍ਹਾਂ ਤਿੰਨਾਂ ਸਵਾਲਾਂ ਦੇ ਜਵਾਬ ਹਾਂ ’ਚ ਹੋ ਸਕਦੇ ਹਨ ਪਰ ਕੀ ਮੁੰਬਈ ’ਚ I.N.D.I.A. ਸੀਟ ਸ਼ੇਅਰਿੰਗ ’ਤੇ ਕੋਈ ਫਾਰਮੂਲਾ ਬਣਾ ਸਕਣ ’ਚ ਸਫਲ ਹੋਵੇਗੀ? ਕੀ ਸ਼ਰਦ ਪਵਾਰ ਦੀ ਬਿਆਨਬਾਜ਼ੀ ’ਤੇ ਠੋਸ ਗੱਲ ਹੋਵੇਗੀ? ਕੀ I.N.D.I.A. ਮੋਦੀ ਸਰਕਾਰ ਦੀਆਂ ਨੀਤੀਆਂ ਸਾਹਮਣੇ ਬਦਲਵੀਆਂ ਨੀਤੀਆਂ ਬਣਾਉਣ ਲਈ ਟੀਮ ਗਠਿਤ ਕਰ ਸਕੇਗੀ? ਕੀ ਅਰਵਿੰਦ ਕੇਜਰੀਵਾਲ ਸਥਿਰ ਹੋ ਸਕਣਗੇ? ਕੀ ਬੰਗਾਲ ’ਚ ਮਮਤਾ ਬੈਨਰਜੀ ਲੈਫਟ ਨੂੰ ਲੈ ਕੇ ਸਾਫਟ ਹੋਵੇਗੀ? ਕੀ ਯੂ. ਪੀ. ’ਚ ਅਖਿਲੇਸ਼ ਯਾਦਵ ਸੱਚਮੁੱਚ ਵੱਡਾ ਦਿਲ ਦਿਖਾ ਸਕਣਗੇ? ਇਹ ਕੁਝ ਅਜਿਹੇ ਸਵਾਲ ਹਨ ਜਿਹੜੇ ਹਵਾ ’ਚ ਝੂਲ ਰਹੇ ਹਨ ਅਤੇ ਮੁੰਬਈ ’ਚ ਸਾਰੇ ਸਵਾਲਾਂ ਦੇ ਜਵਾਬ ਮਿਲਣਾ ਲਗਭਗ ਨਾਮੁਮਕਿਨ ਹੈ ਪਰ ਕੀ ਸਵਾਲਾਂ ’ਤੇ ਗੰਭੀਰ ਚਰਚਾ ਵੀ ਹੋਈ ਤਾਂ ਪ੍ਰਧਾਨ ਮੰਤਰੀ ਮੋਦੀ ਦੇ ਮੱਥੇ ’ਤੇ ਵਲ੍ਹ ਪੈਣੇ ਤੈਅ ਹਨ?

ਇਨ੍ਹਾਂ ਦਿਨਾਂ ’ਚ I.N.D.I.A. ਦੇ ਕਈ ਵੱਡੇ ਆਗੂ ਬਿਆਨਾਂ ’ਚ ਤਾਂ ਕੁਰਬਾਨੀ ਦਿੰਦੇ ਨਜ਼ਰ ਆ ਰਹੇ ਹਨ। ਹਰ ਕੋਈ ਕਹਿ ਰਿਹਾ ਹੈ ਕਿ ਉਹ ਸੇਵਾ ’ਚ ਯਕੀਨ ਕਰਦਾ ਹੈ, ਮੇਵੇ ਦਾ ਮੋਹ ਨਹੀਂ ਹੈ ਪਰ ਸਿਆਸਤ ’ਚ ਅਜਿਹੇ ਬਿਆਨ ਸ਼ੱਕ ਦੀ ਨਜ਼ਰ ਨਾਲ ਦੇਖੇ ਜਾਂਦੇ ਰਹੇ ਹਨ। ਨਿਤੀਸ਼ ਕੁਮਾਰ ਪ੍ਰਧਾਨ ਮੰਤਰੀ ਦੀ ਰੇਸ ’ਚ ਨਹੀਂ ਹਨ। ਹੁਣ ਤਾਂ ਉਹ ਸੰਯੋਜਕ ਬਣਨ ਦੇ ਚਾਹਵਾਨ ਵੀ ਨਹੀਂ। ਕਿਹਾ ਜਾ ਰਿਹਾ ਹੈ ਕਿ I.N.D.I.A. ਦੇ ਆਗੂਆਂ ਦਾ ਇਰਾਦਾ ਉਂਝ ਤਾਂ 11 ਮੈਂਬਰਾਂ ਦੀ ਤਾਲਮੇਲ ਕਮੇਟੀ ਬਣਾਉਣ ਦਾ ਹੈ, ਜਿਸ ਦੀ ਅਗਵਾਈ ਲਈ ਨਿਤੀਸ਼ ਤੋਂ ਕਾਬਲ ਕੋਈ ਹੋਰ ਆਗੂ ਫਿਲਹਾਲ ਨਜ਼ਰ ਨਹੀਂ ਆ ਰਿਹਾ ਪਰ ਗੱਲ ਨਾ ਬਣੀ ਤਾਂ ਸਮੂਹਿਕ ਅਗਵਾਈ ਦੀ ਆੜ ਲੈਣਾ ਮਜਬੂਰੀ ਹੋਵੇਗੀ। ਰਾਹੁਲ ਗਾਂਧੀ ਤੋਂ ਲੈ ਕੇ ਮਲਿਕਾਰਜੁਨ ਖੜਗੇ ਤੱਕ ਸਾਫ ਕਹਿ ਚੁੱਕੇ ਹਨ ਕਿ ਉਹ ਪ੍ਰਧਾਨ ਮੰਤਰੀ ਅਹੁਦੇ ਦੀ ਰੇਸ ’ਚ ਨਹੀਂ ਹਨ ਅਤੇ ਕਾਂਗਰਸ ਤੋਂ ਵੀ ਹੋਰ ਕੋਈ ਦਾਅਵੇਦਾਰ ਹੋਵੇ, ਇਹ ਜ਼ਰੂਰੀ ਨਹੀਂ ਹੈ। ਮਮਤਾ ਨੂੰ ਲੱਗਦਾ ਹੈ ਕਿ ਮੋਦੀ ਇਸੇ ਸਾਲ ਦਸੰਬਰ ’ਚ ਆਮ ਚੋਣਾਂ ਕਰਵਾ ਸਕਦੇ ਹਨ ਪਰ ਮਮਤਾ ਵੀ ਪ੍ਰਧਾਨ ਮੰਤਰੀ ਬਣਨ ਨੂੰ ਲੈ ਕੇ ਉਤਸੁਕ ਨਹੀਂ ਹੈ। ਉਂਝ ਵੀ ਇਸ ਵੇਲੇ ਸਵਾਲ ਪ੍ਰਧਾਨ ਮੰਤਰੀ ਅਹੁਦੇ ਦਾ ਹੈ ਹੀ ਨਹੀਂ, ਅਜੇ ਤਾਂ ਦੋ ਹੀ ਸਵਾਲ ਹਨ, ਜਿਨ੍ਹਾਂ ਨਾਲ I.N.D.I.A. ਦੇ ਆਗੂਆਂ ਨੇ ਜੂਝਣਾ ਹੈ। ਇਕ, ਵੱਧ ਤੋਂ ਵੱਧ ਸੀਟਾਂ ’ਤੇ ਭਾਜਪਾ ਦਾ ਮੁਕਾਬਲਾ ਸਾਂਝੇ ਉਮੀਦਵਾਰ ਕਰਨ ਅਤੇ ਕਿਸ ਸੀਟ ’ਤੇ ਕਿਸ ਪਾਰਟੀ ਦਾ ਆਗੂ ਉਮੀਦਵਾਰ ਹੋਵੇ। ਦੋ, ਮੋਦੀ ਸਰਕਾਰ ਨੂੰ ਬੇਰੋਜ਼ਗਾਰੀ ਤੇ ਮਹਿੰਗਾਈ ਦੇ ਮੁੱਦੇ ’ਤੇ ਜੇ ਘੇਰਨਾ ਹੈ ਤਾਂ I.N.D.I.A. ਨੂੰ ਦੱਸਣਾ ਹੀ ਹੋਵੇਗਾ ਕਿ ਸੱਤਾ ’ਚ ਆਉਣ ’ਤੇ ਮਹਿੰਗਾਈ ਰੋਕਣ ਲਈ ਅਤੇ ਰੋਜ਼ਗਾਰ ਵਧਾਉਣ ਲਈ ਕੀ-ਕੀ ਕੀਤਾ ਜਾਵੇਗਾ। ਸ਼ਰਦ ਪਵਾਰ ਦਾ ਕਹਿਣਾ ਹੈ ਕਿ ਜਿਹੜਾ ਜਿੱਥੇ ਮਜ਼ਬੂਤ ਹੈ, ਉਹ ਉੱਥੇ ਮਜ਼ਬੂਤੀ ਨਾਲ ਲੜੇ ਅਤੇ ਕੋਈ ਦੂਜਾ ਉੱਥੋਂ ਟਿਕਟ ਦੀ ਜ਼ਿੱਦ ਨਾ ਕਰੇ। ਮਮਤਾ ਕਹਿ ਚੁੱਕੀ ਹੈ ਕਿ ਸੂਬਿਆਂ ਦੇ ਹਿਸਾਬ ਨਾਲ ਸੂਬਾਈ ਸਿਆਸਤ ਨੂੰ ਦੇਖਦਿਆਂ ਸੀਟ ਸ਼ੇਅਰਿੰਗ ਕੀਤੀ ਜਾਵੇ। ਅਖਿਲੇਸ਼ ਸੰਕੇਤ ਦੇ ਚੁੱਕੇ ਹਨ ਕਿ ਉਹ ਵੀ ਗੱਠਜੋੜ ਲਈ ਉਤਸੁਕ ਹਨ ਅਤੇ ਦਿਲ ਬਹੁਤ ਵੱਡਾ ਹੈ। ਅਰਵਿੰਦ ਕੇਜਰੀਵਾਲ ਬਾਰੇ ਕਦੀ ਸੁਣਿਆ ਜਾਂਦਾ ਹੈ ਕਿ ਪੰਜਾਬ ਦੀਆਂ 13, ਚੰਡੀਗੜ੍ਹ ਦੀ 1 ਅਤੇ ਦਿੱਲੀ ਦੀਆਂ 7 ਸੀਟਾਂ ਲਈ ਸਿੱਧੀ ਸੋਨੀਆ ਗਾਂਧੀ ਨਾਲ ਗੱਲ ਹੋ ਰਹੀ ਹੈ, ਤਾਂ ਅਗਲੇ ਹੀ ਦਿਨ ਉਹ ਛੱਤੀਸਗੜ੍ਹ ਦੇ ਸਰਕਾਰੀ ਸਕੂਲਾਂ ਨੂੰ ਖਸਤਾ ਦੱਸ ਰਹੇ ਹੁੰਦੇ ਹਨ। ਉਂਝ ਦੇਖਿਆ ਜਾਵੇ ਤਾਂ I.N.D.I.A. ਕੋਲ ਮਹਾਰਾਸ਼ਟਰ ਅਤੇ ਬਿਹਾਰ (ਕੁਝ ਹੱਦ ਤਕ ਝਾਰਖੰਡ ਵੀ) ਵਰਗੀਆਂ ਉਦਾਹਰਣਾਂ ਹਨ। ਇੰਡੀਆ ਟੂਡੇ ਦਾ ਸਰਵੇ ਭਾਵੇਂ ਹੀ ਮੋਦੀ ਦੇ ਐੱਨ. ਡੀ. ਏ. ਨੂੰ 306 ਸੀਟਾਂ ਦੇ ਰਿਹਾ ਹੋਵੇ ਪਰ ਮਹਾਰਾਸ਼ਟਰ ਅਤੇ ਬਿਹਾਰ ’ਚ ਉਸ ਦੀ ਦਾਲ ਗਲ਼ ਨਹੀਂ ਰਹੀ। ਮਹਾਰਾਸ਼ਟਰ ਦੀਆਂ 48 ਅਤੇ ਬਿਹਾਰ ਦੀਆਂ 40 ਸੀਟਾਂ ਭਾਵ ਕੁਲ ਮਿਲਾ ਕੇ 88 ਸੀਟਾਂ ’ਚੋਂ ਪਿਛਲੀ ਵਾਰ ਐੱਨ. ਡੀ. ਏ. ਨੇ 81 ਸੀਟਾਂ ਜਿੱਤੀਆਂ ਸਨ ਪਰ ਇਸ ਵਾਰ ਅੱਧੀਆਂ ਤੋਂ ਕੁਝ ਜ਼ਿਆਦਾ ਸੀਟਾਂ ਹੀ ਮਿਲਦੀਆਂ ਦਿਸ ਰਹੀਆਂ ਹਨ। ਜ਼ਾਹਿਰ ਹੈ ਕਿ ਇਹ ਕਮਾਲ I.N.D.I.A. ਦੇ ਮਹਾਗੱਠਜੋੜ ਦਾ ਹੈ।

ਹੁਣ ਜੇ ਯੂ. ਪੀ. ’ਚ ਇਸ ਤੋਂ ਪ੍ਰੇਰਨਾ ਲੈਂਦਿਆਂ ਅਖਿਲੇਸ਼, ਕਾਂਗਰਸ, ਜਯੰਤ ਚੌਧਰੀ ਅਤੇ ਚੰਦਰਸ਼ੇਖਰ ਰਾਵਣ ਦਾ ਕੁਝ ਹੋਰ ਛੋਟੀਆਂ ਪਾਰਟੀਆਂ ਨਾਲ ਮਿਲ ਕੇ ਗੱਠਜੋੜ ਬਣ ਜਾਂਦਾ ਹੈ ਤਾਂ ਭਾਜਪਾ ਦੀਆਂ ਸੰਭਾਵਿਤ 72 ਸੀਟਾਂ ’ਚ ਡੂੰਘੀ ਸੰਨ੍ਹ ਲਾਈ ਜਾ ਸਕਦੀ ਹੈ। ਯੂ. ਪੀ. ’ਚ ਜੇ ਰਾਹੁਲ ਗਾਂਧੀ, ਅਖਿਲੇਸ਼ ਯਾਦਵ, ਪ੍ਰਿਅੰਕਾ ਗਾਂਧੀ, ਨਿਤੀਸ਼ ਕੁਮਾਰ, ਮਲਿਕਾਰਜੁਨ ਖੜਗੇ, ਜਯੰਤ ਚੌਧਰੀ, ਚੰਦਰਸ਼ੇਖਰ ਰਾਵਣ ਚੋਣ ਲੜਦੇ ਨਜ਼ਰ ਆਉਂਦੇ ਹਨ ਤਾਂ ਇਹ ਯੂ. ਪੀ. ਦੇ ਸਿਆਸੀ ਮੰਜ਼ਰ ਨੂੰ ਬਦਲ ਸਕਦਾ ਹੈ। ਪਤਾ ਲੱਗਾ ਹੈ ਕਿ ਬੰਗਾਲ ’ਚ ਮਮਤਾ ਅਤੇ ਕਾਂਗਰਸ ਦਰਮਿਆਨ ਸਮਝੌਤਾ ਤੈਅ ਹੋ ਗਿਆ ਹੈ। ਉੱਥੇ ਖਾਸ ਰਣਨੀਤੀ ਤਹਿਤ ਲੈਫਟ ਮੋਰਚੇ ਨੂੰ ਗੱਠਜੋੜ ਤੋਂ ਬਾਹਰ ਰੱਖਣ ਦੀ ਗੱਲ ਹੋ ਰਹੀ ਹੈ ਤਾਂ ਕਿ ਮਮਤਾ ਵਿਰੋਧੀ ਵੋਟ ਪੂਰੀ ਦੀ ਪੂਰੀ ਭਾਜਪਾ ਦੀ ਝੋਲੀ ’ਚ ਜਾਣ ਤੋਂ ਰੋਕੀ ਜਾ ਸਕੇ। ਬਿਹਾਰ ਅਤੇ ਮਹਾਰਾਸ਼ਟਰ ਵਾਂਗ ਤਮਿਲਨਾਡੂ ਦੀਆਂ 39 ਅਤੇ ਪੁੱਡੂਚੇਰੀ ਦੀ ਇਕ ਸੀਟ ਲਈ ਡੀ. ਐੱਮ. ਕੇ. ਦੀ ਅਗਵਾਈ ਵਾਲਾ ਮਜ਼ਬੂਤ ਗੱਠਜੋੜ ਹੈ। ਕੇਰਲ ’ਚ ਸੀਟਾਂ ਕਾਂਗਰਸ ਨੂੰ ਮਿਲਣ ਜਾਂ ਲੈਫਟ ਨੂੰ ਕੋਈ ਫਰਕ ਨਹੀਂ ਪੈਂਦਾ। ਲਾਲੂ ਪ੍ਰਸਾਦ ਯਾਦਵ ਦਾ ਕਹਿਣਾ ਹੈ ਕਿ ਭਾਜਪਾ ਵਿਰੁੱਧ I.N.D.I.A. ਸਾਂਝੇ ਤੌਰ ’ਤੇ 450 ਸੀਟਾਂ ’ਤੇ ਲੜੇਗਾ, ਜਿਨ੍ਹਾਂ ਦੀ ਪਛਾਣ ਕਰ ਲਈ ਗਈ ਹੈ। ਸੀਟਾਂ ਦੀ ਗਿਣਤੀ ਜ਼ਰੂਰ ਤੈਅ ਕੀਤੀ ਜਾ ਸਕਦੀ ਹੈ ਪਰ ਕਿਸ ਸੀਟ ’ਤੇ ਕੌਣ ਲੜੇਗਾ, ਇਹ ਕੰਮ ਜ਼ਿਆਦਾ ਜ਼ਰੂਰੀ ਹੈ।

ਮਮਤਾ, ਸ਼ਰਦ, ਕੇਜਰੀਵਾਲ ਅਤੇ ਅਖਿਲੇਸ਼, ਇਹ ਚਾਰ ਆਗੂ ਹਨ ਜੋ ਜੇ ਤਨ, ਮਨ, ਧਨ ਤੋਂ ਨਾਲ ਹਨ ਤਾਂ I.N.D.I.A. 2024 ’ਚ ਹੈਰਾਨ ਕਰ ਸਕਦਾ ਹੈ ਕਿਉਂਕਿ ਰਾਹੁਲ, ਲਾਲੂ, ਨਿਤੀਸ਼, ਹੇਮੰਤ ਸੋਰੇਨ, ਸਟਾਲਿਨ, ਊਧਵ ਇਕ ਹੀ ਪਲੇਟਫਾਰਮ ’ਤੇ ਨਜ਼ਰ ਆਉਂਦੇ ਹਨ। ਕਿਹਾ ਜਾ ਰਿਹਾ ਹੈ ਕਿ ਤੇਲੰਗਾਨਾ ਵਿਧਾਨ ਸਭਾ ਚੋਣਾਂ ਪਿੱਛੋਂ ਕੇ. ਸੀ. ਆਰ. ਵੀ I.N.D.I.A. ਨਾਲ ਜੁੜ ਸਕਦੇ ਹਨ। ਜੇ ਅਜਿਹਾ ਹੋਇਆ ਤਾਂ ਦੱਖਣ ’ਚ ਭਾਜਪਾ ਲਈ ਦਰਵਾਜ਼ਾ ਤਾਂ ਛੱਡੋ, ਰੌਸ਼ਨਦਾਨ ਤਕ ਖੋਲ੍ਹਣ ਲਈ ਲਾਲੇ ਪੈ ਸਕਦੇ ਹਨ ਪਰ ਸਭ ਨੂੰ ਇਕ ਮੰਚ ’ਤੇ ਲਿਆਉਣਾ ਅਤੇ ਲਿਆ ਕੇ ਮੰਚ ’ਤੇ ਬਿਠਾਈ ਰੱਖਣਾ ਸਭ ਤੋਂ ਵੱਡੀ ਚੁਣੌਤੀ ਹੈ। ਇਸ ਲਈ ਨਿਤੀਸ਼ ਕੁਮਾਰ ਵਰਗੇ ਸੰਯੋਜਕ ਦੀ ਲੋੜ ਪਵੇਗੀ। ਕੁਝ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਵੀ ਇਹ ਕੰਮ ਸੰਭਾਲ ਸਕਦੀ ਹੈ। ਉਂਝ ਕੁਝ ਮੁਤਾਬਕ ਰਾਹੁਲ ਗਾਂਧੀ ਨੂੰ ਵਿਰੋਧੀ ਆਗੂਆਂ ਦੇ ਇੱਥੇ ਚਾਹ ਪੀਣ ਦੀ ਆਦਤ ਪਾ ਲੈਣੀ ਚਾਹੀਦੀ ਹੈ।

I.N.D.I.A. ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਨਤਾ ਬਦਲ ਲਈ ਜੇ ਤਰਸ ਨਹੀਂ ਰਹੀ, ਤਾਂ ਵੀ ਬਦਲ ’ਤੇ ਵਿਚਾਰ ਜ਼ਰੂਰ ਕਰ ਰਹੀ ਹੈ। 2019 ਦੇ ਸਮੇਂ ਅਜਿਹਾ ਨਹੀਂ ਸੀ। ਜਿਸ ਦੇਸ਼ ਦੀ 65 ਫੀਸਦੀ ਆਬਾਦੀ 40 ਸਾਲ ਤੋਂ ਘੱਟ ਉਮਰ ਦੀ ਹੋਵੇ ਅਤੇ ਜਿਸ ਦੇਸ਼ ’ਚ 18 ਤੋਂ 24 ਸਾਲ ਦਰਮਿਆਨ 81 ਫੀਸਦੀ ਨੌਜਵਾਨ ਬੇਰੋਜ਼ਗਾਰੀ ਨੂੰ ਗੰਭੀਰ ਮੁੱਦਾ ਦੱਸ ਰਹੇ ਹੋਣ ਤਾਂ ਵਿਰੋਧੀ ਧਿਰ ਲਈ ਇਸ ਤੋਂ ਵੱਧ ਉਪਜਾਊ/ਵੱਤਰ ਸਿਆਸੀ ਜ਼ਮੀਨ ਤਾਂ ਹੋ ਹੀ ਨਹੀਂ ਸਕਦੀ। ਇਸੇ ਤਰ੍ਹਾਂ 62 ਫੀਸਦੀ ਲੋਕਾਂ ਲਈ ਮਹਿੰਗਾਈ ਕਾਰਨ ਰੋਜ਼ਮੱਰਾ ਦਾ ਖਰਚ ਕਰਨਾ ਕਾਬੂ ਤੋਂ ਬਾਹਰ ਹੋ ਗਿਆ ਹੈ।

ਅਮਿਤ ਸ਼ਾਹ ਇਸ ਨੂੰ ਸਮਝ ਰਹੇ ਹਨ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਇਕ ਪਾਸੇ ਮਹਿੰਗਾਈ, ਬੇਰੋਜ਼ਗਾਰੀ ਹੈ ਤਾਂ ਦੂਜੇ ਪਾਸੇ ਜਾਤੀਗਤ ਸਿਆਸੀ ਆਧਾਰ ’ਤੇ I.N.D.I.A. ਹੈ। ਇਸ ਦੀ ਕਾਟ ਸਿਰਫ ਹਿੰਦੂਤਵ ਹੀ ਹੋ ਸਕਦਾ ਹੈ। ਜਾਤੀ ਨੂੰ ਧਰਮ ਹੀ ਤੋੜਦਾ ਹੈ। ਰਾਸ਼ਟਰਵਾਦ ਵੀ ਇਸ ’ਚ ਮਦਦ ਕਰਦਾ ਹੈ। 2014 ਅਤੇ 2019 ’ਚ ਹੋ ਚੁੱਕਾ ਹੈ। ਇੰਡੀਆ ਟੂਡੇ ਸਰਵੇ ’ਚ ਵੀ 17 ਫੀਸਦੀ ਲੋਕ ਰਾਮ ਮੰਦਰ ਮੁੱਦੇ ਨੂੰ ਵੱਡਾ ਮੁੱਦਾ ਦੱਸ ਰਹੇ ਹਨ। ਹਾਲਾਂਕਿ 33 ਫੀਸਦੀ ਮੋਦੀ ਦੀ ਭਾਰਤ ਨੂੰ ਤੀਜੇ ਨੰਬਰ ਦੀ ਅਰਥਵਿਵਸਥਾ ਬਣਾਉਣ ਦੀ ਗਾਰੰਟੀ ਨੂੰ ਮੁੱਖ ਮੁੱਦਾ ਦੱਸ ਰਹੇ ਹਨ। ਕੀ ਇਸ ਸਿੱਟੇ ’ਤੇ ਪੁੱਜਿਆ ਜਾ ਸਕਦਾ ਹੈ ਕਿ ਜਾਤੀ ਚੱਲੀ ਤਾਂ ਮੋਦੀ ਦੀ ਵਾਪਸੀ ਮੁਸ਼ਕਲ ਹੋਵੇਗੀ? ਜੇ ਧਰਮ ਚੱਲਿਆ ਅਤੇ ਉਸ ’ਚ ਰਾਸ਼ਟਰਵਾਦੀ ਅਰਥਵਿਵਸਥਾ ਦਾ ਤੜਕਾ ਲੱਗਾ ਤਾਂ ਮੋਦੀ ਦੀ ਹੈਟ੍ਰਿਕ ਆਸਾਨ ਹੋਵੇਗੀ।

ਮੁੰਬਈ ’ਚ ਗੇਟ-ਵੇ ਆਫ ਇੰਡੀਆ ਹੈ। ਤਾਂ ਕੀ ਉੱਥੇ I.N.D.I.A. ਨੂੰ ਦਿੱਲੀ ਜਾਣ ਦਾ ਗੇਟ-ਵੇ ਦਿਸ ਜਾਵੇਗਾ...?

ਵਿਜੇ ਵਿਦ੍ਰੋਹੀ


author

Rakesh

Content Editor

Related News