ਭਾਰਤ ’ਚ ਸੈਲਫੀ ਲਈ ਦਾਅ ’ਤੇ ਲੱਗਦੀਆਂ ਹਨ ਅਨਮੋਲ ਜ਼ਿੰਦਗੀਆਂ

07/10/2019 6:33:28 AM

ਯੁੱਧਵੀਰ ਸਿੰਘ ਲਾਂਬਾ
ਕੀ ਪੂਰੀ ਦੁਨੀਆ ’ਚ ਸੈਲਫੀ ਲੈਂਦੇ ਸਮੇਂ ਸਭ ਤੋਂ ਜ਼ਿਆਦਾ ਲੋਕਾਂ ਦੀ ਮੌਤ ਭਾਰਤ ’ਚ ਹੁੰਦੀ ਹੈ? ਜੀ ਹਾਂ। ਹੈਰਾਨ ਨਾ ਹੋਵੋ, ਇਹ ਸੋਲ੍ਹਾਂ ਆਨੇ ਸੱਚ ਹੈ। ਯਕੀਨ ਨਾ ਹੋਵੇ ਤਾਂ ਇੰਡੀਆ ਜਰਨਲ ਆਫ ਫੈਮਿਲੀ ਮੈਡੀਸਨ ਐਂਡ ਪ੍ਰਾਇਮਰੀ ਕੇਅਰ ਵਲੋਂ ਹਾਲ ਹੀ ’ਚ ਜਾਰੀ ਰਿਪੋਰਟ ਨੂੰ ਜ਼ਰੂਰ ਪੜ੍ਹ ਲਓ। ਇੰਡੀਆ ਜਰਨਲ ਆਫ ਫੈਮਿਲੀ ਮੈਡੀਸਨ ਐਂਡ ਪ੍ਰਾਇਮਰੀ ਕੇਅਰ ਨੇ ਆਪਣੀ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ 2011 ਤੋਂ 2017 ਤਕ 259 ਲੋਕ ਸੈਲਫੀ ਲੈਣ ਦੇ ਚੱਕਰ ’ਚ ਆਪਣੀ ਜਾਨ ਗੁਆ ਬੈਠੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਅੰਕੜਾ ਸਾਲੋ-ਸਾਲ ਵਧ ਰਿਹਾ ਹੈ। ਸੈਲਫੀ ਕਾਰਣ ਹੁਣ ਤਕ 159 ਲੋਕਾਂ ਦੀ ਮੌਤ ਦੇ ਅੰਕੜੇ ਨਾਲ ਭਾਰਤ ਸਭ ਤੋਂ ਅੱਗੇ ਹੈ, ਜਦਕਿ ਪੂਰੀ ਦੁਨੀਆ ’ਚ ਸੈਲਫੀ ਕਾਰਣ ਹੋਣ ਵਾਲੀਆਂ ਮੌਤਾਂ ਦੀ ਗਿਣਤੀ 259 ਹੈ। ਉਕਤ ਸਮੇਂ ’ਚ ਰੂਸ ਵਿਚ 16 ਲੋਕਾਂ ਅਤੇ ਪਾਕਿਸਤਾਨ ਤੇ ਅਮਰੀਕਾ ’ਚ 14 ਲੋਕਾਂ ਦੀ ਜਾਨ ਸੈਲਫੀ ਕਾਰਣ ਗਈ। ਪੂਰੀ ਦੁਨੀਆ ’ਚ ਸੈਲਫੀ ਦਾ ਹਰ ਕੋਈ ਦੀਵਾਨਾ ਹੈ ਪਰ ਭਾਰਤ ’ਚ ਨੌਜਵਾਨਾਂ ਵਿਚ ਸੈਲਫੀ ਦਾ ਕ੍ਰੇਜ਼ ਕੁਝ ਜ਼ਿਆਦਾ ਹੀ ਹੈ। ਭਾਰਤ ’ਚ ਆਏ ਦਿਨ ਕਿਤੇ ਨਾ ਕਿਤੇ ਸੈਲਫੀ ਨਾਲ ਲੋਕਾਂ ਦੇ ਮਰਨ ਦੀਆਂ ਖ਼ਬਰਾਂ ਆ ਜਾਂਦੀਆਂ ਹਨ, ਜੋ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ। ਅੱਜਕਲ ਹਰ ਕੋਈ ਸੈਲਫੀ ਰਾਹੀਂ ਦੋਸਤਾਂ ਜਾਂ ਪਰਿਵਾਰ ਨਾਲ ਬਿਤਾਏ ਖੱਟੇ-ਮਿੱਠੇ ਖੁਸ਼ਨੁਮਾ ਪਲਾਂ ਅਤੇ ਯਾਦਾਂ ਨੂੰ ਕੈਮਰੇ ’ਚ ਕੈਦ ਕਰਨਾ ਚਾਹੁੰਦਾ ਹੈ। ਸੈਲਫੀ ਦੀ ਦੀਵਾਨਗੀ ’ਚ ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ ਜਿਹੜੇ ਨੌਜਵਾਨ ਲੜਕੇ ਜਾਂ ਲੜਕੀਆਂ ਆਪਣੀਆਂ ਕੀਮਤੀ ਜਾਨਾਂ ਦੀ ਵੀ ਪਰਵਾਹ ਨਹੀਂ ਕਰ ਰਹੀਆਂ, ਉਨ੍ਹਾਂ ਨੂੰ ਇਹ ਸਮਝਣਾ ਹੀ ਪਵੇਗਾ ਕਿ ਜ਼ਿੰਦਗੀ ਅਨਮੋਲ ਹੈ। ਸ਼੍ਰੀਮਦ ਭਗਵਦ ਗੀਤਾ ’ਚ ਲਿਖਿਆ ਹੈ ਕਿ ‘ਦੁਰਲਭੋ ਮਾਨੁਸ਼ੋ ਦੇਹੋ’ ਭਾਵ ਦੇਹਧਾਰੀਆਂ ’ਚ ਮਨੁੱਖੀ ਦੇਹ ਦੁਰਲੱਭ ਹੈ।

ਅੱਜ ਦੇ ਦੌਰ ’ਚ ਲੱਗਭਗ ਹਰ ਕਿਸੇ ਨੂੰ ਸੈਲਫੀ ਲੈਣ ਦਾ ਸ਼ੌਕ ਹੈ। ਹੁਣ ਸਵਾਲ ਆਉਂਦਾ ਹੈ ਕਿ ਆਖਿਰ ਇਹ ਸੈਲਫੀ ਕੀ ਹੁੰਦੀ ਹੈ? ਆਕਸਫੋਰਡ ਡਿਕਸ਼ਨਰੀ ਦੀ ਪਰਿਭਾਸ਼ਾ ਅਨੁਸਾਰ, ‘‘ਸੈਲਫੀ ਦਾ ਮਤਲਬ ਕਿਸੇ ਸਮਾਰਟਫੋਨ ਜਾਂ ਵੈੱਬਕੈਮ ਨਾਲ ਆਪਣੀ ਖ਼ੁਦ ਦੀ ਤਸਵੀਰ ਖਿੱਚਣਾ ਅਤੇ ਉਸ ਨੂੰ ਸੋਸ਼ਲ ਵੈੱਬਸਾਈਟ ’ਤੇ ਅਪਲੋਡ ਕਰਨਾ ਹੈ।’’ ਸੈਲਫੀ ਨੂੰ ਆਕਸਫੋਰਡ ਵਰਡ ਆਫ ਦਿ ਯੀਅਰ 2013 ਐਲਾਨ ਕਰ ਦਿੱਤਾ ਗਿਆ ਹੈ। ਸੈਲਫੀ ਸ਼ਬਦ ਨੂੰ ਫ੍ਰੈਂਚ ਡਿਕਸ਼ਨਰੀ ‘ਲੇ ਪੇਟਿਟ ਲਰਾਊਸੇ’ ਵਿਚ ਸ਼ਾਮਿਲ ਕੀਤਾ ਗਿਆ ਹੈ। ਬ੍ਰਿਟੇਨ ਦੀ ਅਖਬਾਰ ‘ਟੈਲੀਗ੍ਰਾਫ’ ਵਿਚ ਛਪੀ ਇਕ ਖਬਰ ਅਨੁਸਾਰ ਫ੍ਰੈਂਚ ਡਿਕਸ਼ਨਰੀ ’ਚ ਸ਼ਾਮਿਲ ਕੀਤੇ ਗਏ ਇਨ੍ਹਾਂ ਨਵੇਂ ਸ਼ਬਦਾਂ ’ਚ ‘ਸੈਲਫੀ’ ਸਭ ਤੋਂ ਪ੍ਰਭਾਵਸ਼ਾਲੀ ਸ਼ਬਦ ਹੈ। ਇਸ ਐਤਵਾਰ 7 ਜੁਲਾਈ 2019 ਨੂੰ ਮੈਂ ਮੇਰੇ ਪਿੰਡ ਧਾਰੌਲੀ, ਜ਼ਿਲਾ ਝੱਜਰ ’ਚ ਆਪਣੇ ਸਹਿਪਾਠੀ ਜਤਿੰਦਰ ਸ਼ਰਮਾ ਨਾਲ ਗੱਲ ਕਰ ਰਿਹਾ ਸੀ ਕਿ ਅੱਜ ਸਾਡੇ ਦੇਸ਼ ਭਾਰਤ ’ਚ ਲੋਕ ਸੈਲਫੀ ਲੈਣ ਦੇ ਚੱਕਰ ’ਚ ਆਪਣੀ ਅਨਮੋਲ ਜਾਨ ਦੀ ਵੀ ਪਰਵਾਹ ਨਹੀਂ ਕਰ ਰਹੇ। ਭਾਰਤ ਵਿਚ ਸੈਲਫੀ ਲੈਣ ਦੌਰਾਨ ਜ਼ਿਆਦਾਤਰ ਲੋਕਾਂ ਦੀ ਮੌਤ ਝੀਲ, ਨਦੀ ਜਾਂ ਸਮੁੰਦਰ ’ਚ ਡੁੱਬਣ ਨਾਲ ਜਾਂ ਚੱਲਦੀ ਟਰੇਨ ਸਾਹਮਣੇ, ਪਹਾੜਾਂ ’ਤੇ ਪੈਰ ਤਿਲਕਣ ਨਾਲ ਅਤੇ ਸੱਪ ਤੇ ਹਾਥੀ ਵਰਗੇ ਜਾਨਵਰਾਂ ਨਾਲ ਸੈਲਫੀ ਲੈਣ ਦੌਰਾਨ ਹੋ ਰਹੀ ਹੈ, ਬਾਵਜੂਦ ਇਸ ਦੇ ਨਾ ਤਾਂ ਪੁਲਸ ਅਤੇ ਨਾ ਪ੍ਰਸ਼ਾਸਨ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਕੋਈ ਠੋਸ ਕਦਮ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਨਾ ਹੀ ਸਾਡੇ ਦੇਸ਼ ਦਾ ਭਵਿੱਖ (ਨੌਜਵਾਨ ਪੀੜ੍ਹੀ) ਹੀ ਕੋਈ ਸਬਕ ਸਿੱਖ ਰਿਹਾ ਹੈ।

ਹਰ ਕੋਈ ਸੈਲਫੀ ਦਾ ਦੀਵਾਨਾ

ਨੌਜਵਾਨਾਂ ਤੋਂ ਲੈ ਕੇ ਅੱਧਖੜ੍ਹ ਅਤੇ ਬਜ਼ੁਰਗ ਵੀ ਫਿਲਮ ਦੇਖਣ ਗਏ, ਪਿਕਨਿਕ ਗਏ, ਵੋਟ ਪਾਉਣ ਗਏ, ਪਹਾੜ, ਗਲੇਸ਼ੀਅਰ, ਮੈਮੋਰੀਅਲ ਘੁੰਮਣ ਗਏ ਹੋਣ, ਹਰ ਜਗ੍ਹਾ ਉਹ ਸੈਲਫੀ ਲੈ ਲੈਂਦੇ ਹਨ। ਵਿਆਹ ’ਚ ਗਏ ਜਾਂ ਫਿਰ ਆਫਿਸ ’ਚ ਹੀ ਕੋਈ ਨਵੀਂ ਡ੍ਰੈੱਸ ਪਾ ਕੇ ਆਇਆ ਹੋਵੇ ਤਾਂ ਲੋਕ ਸੈਲਫੀ ਲੈਣਾ ਨਹੀਂ ਭੁੱਲਦੇ। ਅੱਜਕਲ ਤਾਂ ਨੌਜਵਾਨਾਂ ਨੂੰ ਸੈਲਫੀ ਦਾ ਇੰਨਾ ਬੁਖਾਰ ਚੜ੍ਹ ਗਿਆ ਕਿ ਫੋਟੋ ਲੈ ਕੇ ਉਸ ਨੂੰ ਤੁਰੰਤ ਸੋਸ਼ਲ ਮੀਡੀਆ ਟਵਿਟਰ, ਫੇਸਬੁੱਕ ਅਤੇ ਇੰਸਟ੍ਰਾਗ੍ਰਾਮ ’ਤੇ ਵਾਰ-ਵਾਰ ਅਪਲੋਡ ਕਰਦੇ ਹਨ ਅਤੇ ਫਿਰ ਉਸ ’ਤੇ ਆਉਣ ਵਾਲੇ ਲਾਈਕਸ ਅਤੇ ਕੁਮੈਂਟਸ ਦਾ ਇੰਤਜ਼ਾਰ ਕਰਨ ਲੱਗਦੇ ਹਨ। ਅਮਰੀਕਾ ਦੀ ਪ੍ਰਮੁੱਖ ਅਖ਼ਬਾਰ ‘ਦਿ ਵਾਸ਼ਿੰਗਟਨ ਪੋਸਟ’ ਨੇ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਸਾਲ 2015 ’ਚ ਭਾਰਤ ਵਿਚ ਕਈ ਲੋਕਾਂ ਨੇ ਖਤਰਨਾਕ ਢੰਗ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ। ਇਸ ਕਾਰਣ ਉਨ੍ਹਾਂ ਦੀ ਜਾਨ ਚਲੀ ਗਈ। ਅਮਰੀਕਾ ਸਥਿਤ ਕਾਰਨੇਗੀ ਮੇਲਨ ਯੂਨੀਵਰਸਿਟੀ ਅਤੇ ਦਿੱਲੀ ਦੇ ਇੰਦਰਪ੍ਰਸਥ ਇੰਸਟੀਚਿਊਟਸ ਆਫ ਇਨਫਰਮੇਸ਼ਨ ਟੈਕਨਾਲੋਜੀ ਵਲੋਂ ਕੀਤੀ ਗਈ ਸਰਵੇ ਰਿਪੋਰਟ ’ਚ ਪਾਇਆ ਗਿਆ ਕਿ ਸੈਲਫੀ ਲੈਣ ਦੇ ਚੱਕਰ ’ਚ ਜਾਨ ਗੁਆਉਣ ਵਾਲਿਆਂ ’ਚ ਭਾਰਤ ਸਭ ਤੋਂ ਉਪਰ ਹੈ। ਸੈਲਫੀ ਕਾਰਣ ਭਾਰਤ ’ਚ ਮਾਰਚ 2014 ਵਿਚ ਲੱਗਭਗ 127 ਲੋਕਾਂ ਦੀ ਜਾਨ ਗਈ ਹੈ। ਲੰਡਨ ਦੀ ਨਾਟਿੰਘਮ ਟ੍ਰੈਂਟ ਯੂਨੀਵਰਸਿਟੀ ਅਤੇ ਤਾਮਿਲਨਾਡੂ ਦੇ ਤਿਆਗਰਾਜਨ ਸਕੂਲ ਆਫ ਮੈਨੇਜਮੈਂਟ ਨੇ ਆਪਣੀ ਰਿਸਰਚ ਵਿਚ ਦਾਅਵਾ ਕੀਤਾ ਹੈ ਕਿ ਸੈਲਫੀ ਲੈਣਾ ਵੀ ਇਕ ਵੱਡੀ ਬੀਮਾਰੀ ਹੈ। ਇਹ ਰਿਸਰਚ ਇੰਟਰਨੈਸ਼ਨਲ ਜਰਨਲ ਆਫ ਮੈਂਟਲ ਹੈਲਥ ਐਂਡ ਅਡਿਕਸ਼ਨ ’ਚ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਰਿਸਰਚ ਅਨੁਸਾਰ ਖੋਜਕਾਰਾਂ ਨੇ ਸੈਲਫੀ ਨਾਲ ਜੁੜੇ ਇਸ ਡਿਸਆਰਡਰ ਨੂੰ ‘ਸੈਲਫਾਈਟਿਸ’ ਦਾ ਨਾਂ ਦਿੱਤਾ ਹੈ।

ਸਬਕ ਲੈਣ ਲਈ ਤਿਆਰ ਨਹੀਂ ਲੋਕ

ਹੈਰਾਨੀ ਦੀ ਗੱਲ ਹੈ ਕਿ ਸੈਲਫੀ ਲੈਣ ਦੇ ਚੱਕਰ ’ਚ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਇਸ ਦੇ ਬਾਵਜੂਦ ਕੋਈ ਸਬਕ ਲੈਣ ਲਈ ਤਿਆਰ ਨਹੀਂ। ਅਜੇ ਕੁਝ ਹੀ ਦਿਨਾਂ ’ਚ ਅਜਿਹੀਆਂ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸੈਲਫੀ ਕ੍ਰੇਜ਼ ਮੌਤ ਵੱਲ ਕਦਮ ਵਧਾਉਣ ਵੱਲ ਹੈ। ਸੈਲਫੀ ਲੈਣਾ ਮੌਤ ਨੂੰ ਦਾਅਵਤ ਦੇਣ ਤੋਂ ਘੱਟ ਨਹੀਂ ਹੈ। 30 ਜੂਨ 2019 ਐਤਵਾਰ ਨੂੰ ਉੱਤਰਾਖੰਡ ਦੇ ਪਿਥੌਰਾਗੜ੍ਹ ਵਿਚ ਪਰਿਵਾਰ ਨਾਲ ਪਿਕਨਿਕ ਮਨਾਉਣ ਦੌਰਾਨ ਸੈਲਫੀ ਲੈਣ ਦੇ ਚੱਕਰ ’ਚ ਪੀਣ ਵਾਲੇ ਪਾਣੀ ਦੀ ਯੋਜਨਾ ਲਈ ਬਣਾਏ ਗਏ ਡੈਮ ਵਿਚ ਡਿੱਗਣ ਨਾਲ 13 ਸਾਲ ਦੇ ਲੜਕੇ ਗੌਰਵ ਬਿਅਰ ਸ਼ਿਵਾ ਦੀ ਮੌਤ ਹੋ ਗਈ। ਅਪ੍ਰੈਲ 2019 ਨੂੰ ਹਰਿਆਣਾ ’ਚ ਪਾਨੀਪਤ-ਬਾਬਰਪੁਰ ਰੇਲਵੇ ਲਾਈਨ ਵਿਚਾਲੇ 3 ਨੌਜਵਾਨ ਸੈਲਫੀ ਲੈ ਰਹੇ ਸਨ ਪਰ ਉਸੇ ਦੌਰਾਨ ਦੂਜੇ ਪਾਸੇ ਤੋਂ ਆ ਰਹੀ ਟਰੇਨ ਦੀ ਲਪੇਟ ਵਿਚ ਆਉਣ ਨਾਲ ਚਮਨ, ਸਨੀ ਅਤੇ ਕਿਸ਼ਨ ਨਾਂ ਦੇ ਲੜਕਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। 2019 ਮਾਰਚ ਮਹੀਨੇ ’ਚ ਜੈਪੁਰ ਵਿਚ 2 ਛੋਟੇ ਬੱਚਿਆਂ ਕਮਲ (10) ਅਤੇ ਅਜੈ (13) ਸੈਲਫੀ ਲੈਣ ਲਈ ਰੇਲ ਦੇ ਪੁਲ ’ਤੇ ਚੜ੍ਹ ਗਏ। ਤੇਜ਼ੀ ਨਾਲ ਆਉਂਦੀ ਟਰੇਨ ਤੋਂ ਉਹ ਖ਼ੁਦ ਨੂੰ ਬਚਾ ਨਹੀਂ ਸਕੇ ਅਤੇ ਉਨ੍ਹਾਂ ਦੀ ਟਰੇਨ ਨਾਲ ਕੱਟ ਕੇ ਮੌਤ ਹੋ ਗਈ। ਹਰਿਆਣਾ ਦੇ ਯਮੁਨਾਨਗਰ ’ਚ ਜੂਨ 2019 ਐਤਵਾਰ ਨੂੰ ਸ਼ਿਵਨਗਰ ਨਿਵਾਸੀ ਸੋਨੂੰ ਦੀ ਜਗਾਧਰੀ ਵਰਕਸ਼ਾਪ ਯਾਰਡ ’ਚ ਖੜ੍ਹੀ ਟਰੇਨ ’ਤੇ ਚੜ੍ਹ ਕੇ ਸੈਲਫੀ ਲੈਣ ਕਾਰਣ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿਚ ਆਉਣ ਨਾਲ ਮੌਤ ਹੋ ਗਈ। 2019 ਦੇ ਮਈ ਮਹੀਨੇ ’ਚ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ 25 ਸਾਲਾ ਡਾਕਟਰ ਯੁਤੂਕੁਰੂ ਰਾਮਯਾ ਕ੍ਰਿਸ਼ਨਾ ਗੋਆ ਦੀ ਕੋਲੰਬ ਬੀਚ ਦੀ ਚੱਟਾਨ ’ਤੇ ਸੈਲਫੀ ਲੈ ਰਹੀ ਸੀ ਕਿ ਅਚਾਨਕ ਇਕ ਵੱਡੀ ਲਹਿਰ ਆਈ ਤੇ ਉਸ ਨੂੰ ਨਾਲ ਲੈ ਗਈ। ਭਾਰਤ ’ਚ ਸੈਲਫੀ ਦੇ ਚੱਕਰ ’ਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਇਸ ਲਈ ਸਰਕਾਰ ਨੂੰ ਸੈਲਫੀ ਦੀ ਚੁਣੌਤੀ ਨਾਲ ਨਜਿੱਠਣ ਲਈ ਦ੍ਰਿੜ੍ਹ ਇੱਛਾ-ਸ਼ਕਤੀ ਦੇ ਨਾਲ ਠੋਸ ਅਤੇ ਵਿਵਹਾਰਿਕ ਕਦਮ ਚੁੱਕਣੇ ਪੈਣਗੇ। ਸਾਨੂੰ ਵੀ ਆਪਣੇ ਬੱਚਿਆਂ ਨੂੰ ਸਮਝਾਉਣਾ ਪਵੇਗਾ ਕਿ ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ ਕਿਸੇ ਅਜਿਹੇ ਖਤਰਨਾਕ ਪੋਜ਼ ’ਚ ਸੈਲਫੀ ਨਾ ਖਿੱਚੋ।
 


Bharat Thapa

Content Editor

Related News