ਕਿਰਪਾ ਕਰ ਕੇ ਸਾਬਤ ਕਰੋ ਕਿ ਤੁਸੀਂ ਇਨਸਾਨ ਹੋ ..!

Friday, Nov 06, 2026 - 06:03 PM (IST)

ਕਿਰਪਾ ਕਰ ਕੇ ਸਾਬਤ ਕਰੋ ਕਿ ਤੁਸੀਂ ਇਨਸਾਨ ਹੋ ..!

ਕੱਲ੍ਹ, ਇਕ ਵੈੱਬਸਾਈਟ ਨੇ ਮੈਨੂੰ ਇਹ ਸਾਬਤ ਕਰਨ ਲਈ ਕਿਹਾ ਕਿ ਮੈਂ ਇਨਸਾਨ ਹਾਂ। ਮੈਂ ਸੋਚਿਆ ਕਿ ਉਸ ਨੂੰ ਆਪਣਾ ਬਿਜਲੀ ਦਾ ਬਿੱਲ, ਆਪਣੇ ਪਾਲਤੂ ਜਾਨਵਰ ਦੀ ਤਸਵੀਰ ਅਤੇ ਕਿਸੇ ਆਟੋਮੈਟਿਕ ਹੈਲਪਲਾਈਨ ਨਾਲ ਬਹਿਸ ਕਰਦੇ ਹੋਏ ਦੀ ਸਾਰੀ ਰਿਕਾਰਡਿੰਗ ਭੇਜ ਦੇਵਾਂ। ਯਕੀਨੀ ਤੌਰ ’ਤੇ ਕੋਈ ਹੋਰ ਪ੍ਰਜਾਤੀ ਇੰਨੀ ਬਕਵਾਸ ਬਰਦਾਸ਼ਤ ਨਹੀਂ ਕਰੇਗੀ ਪਰ ਵੈੱਬਸਾਈਟ ਚਾਹੁੰਦੀ ਸੀ ਕਿ ਮੈਂ ਟ੍ਰੈਫਿਕ ਲਾਈਟਾਂ ਦੀ ਪਛਾਣ ਕਰਾਂ।

9 ਛੋਟੇ ਵਰਗ ਬਣੇ ਹੋਏ ਸਨ। ਇਕ ’ਚ ਟ੍ਰੈਫਿਕ ਲਾਈਟ ਦਾ ਵਧੇਰੇ ਹਿੱਸਾ ਸੀ। ਦੂਜੇ ’ਚ ਉਸ ਦੀ ਕੂਹਣੀ ਸੀ। ਤੀਜੇ ’ਚ ਕੁਝ ਅਜਿਹਾ ਸੀ ਜੋ ਖੰਭਾ ਹੋ ਸਕਦਾ ਸੀ, ਨਾਲੀ ਦੀ ਪਾਈਪ ਹੋ ਸਕਦੀ ਸੀ ਜਾਂ ਇਸ ਪ੍ਰੀਖਿਆ ’ਚ ਅਸਫ਼ਲ ਹੋਣ ਤੋਂ ਬਾਅਦ ਮੇਰਾ ਭਵਿੱਖ ਹੋ ਸਕਦਾ ਸੀ। ਮੈਂ ਸਾਵਧਾਨੀ ਨਾਲ ਕਲਿੱਕ ਕੀਤਾ। ਕੰਪਿਊਟਰ ਦੇ ਅੰਦਰ ਕਿਤੇ ਮੈਂ ਕਲਪਨਾ ਕੀਤੀ ਕਿ ਇਕ ਮਸ਼ੀਨ ਦੂਜੀ ਮਸ਼ੀਨ ਨੂੰ ਕਹਿ ਰਹੀ ਹੈ, ‘ਇਹ ਝਿਜਕ ਰਿਹਾ ਹੈ। ਯਕੀਨੀ ਤੌਰ ’ਤੇ ਸ਼ੱਕੀ ਹੈ।’

ਮੈਂ ਅਸਫ਼ਲ ਹੋ ਗਿਆ। ਵੈੱਬਸਾਈਟ ਨੇ ਮੈਨੂੰ ਅੱਗੇ ਮੋਟਰਸਾਈਕਲ ਦਿੱਤੇ। ਹੁਣ, ਮੈਂ ਸਾਲਾਂ ਤੱਕ ਭਾਰਤੀ ਸੜਕਾਂ ’ਤੇ ਕਾਰ ਚਲਾਈ ਹੈ, ਜਿੱਥੇ ਮੋਟਰਸਾਈਕਲ ਪਛਾਣਨ ਦਾ ਮਤਲਬ ਆਪਣੀ ਕਾਰ ਤੇ ਕੰਕਰੀਟ ਦੇ ਡਿਵਾਈਡਰ ਦਰਮਿਆਨ ਇਕ ਮੋਟਰਸਾਈਕਲ ਲੱਭ ਕੇ ਕੱਢਣਾ ਹੁੰਦਾ ਹੈ। ਫਿਰ ਵੀ ਇੱਥੇ ਮੈਂ ਇਕ ਛੋਟੀ ਜਿਹੀ ਤਸਵੀਰ ਨੂੰ ਘੂਰ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਕੀ ਸਵਾਰ ਦੀ ਖੱਬੀ ਚੱਪਲ ਵਾਹਨ ਦਾ ਹਿੱਸਾ ਮੰਨੀ ਜਾਵੇਗੀ ਜਾਂ ਨਹੀਂ।

‘ਦੁਬਾਰਾ ਕੋਸ਼ਿਸ਼ ਕਰੋ,’ ਕੰਪਿਊਟਰ ਨੇ ਕਿਹਾ। ਕਿੰਨਾ ਭਰੋਸਾ ਸੀ ਉਸ ਵਿਚ! ਕਿਸੇ ਵੀ ਅਧਿਆਪਕ ਨੇ ਮੈਨੂੰ ਕਦੇ ਇੰਨੀਆਂ ਪੂਰਕ ਪ੍ਰੀਖਿਆਵਾਂ ਦੇਣ ਦਾ ਮੌਕਾ ਨਹੀਂ ਦਿੱਤਾ ਸੀ। ਆਖਿਰ, ਮੈਂ ਪਾਸ ਹੋ ਗਿਆ ਅਤੇ ਮੈਨੂੰ ਆਪਣਾ ਪਾਸਵਰਡ ਪਾਉਣ ਦੀ ਇਜਾਜ਼ਤ ਮਿਲ ਗਈ। ‘ਗਲਤ ਪਾਸਵਰਡ,’ ਉਸ ਨੇ ਇਕ ਅਜਿਹੇ ਚੌਕੀਦਾਰ ਦੀ ਸੰਤੁਸ਼ਟੀ ਵਾਂਗ ਐਲਾਨ ਕੀਤਾ ਜਿਸ ਨੇ ਤੁਹਾਨੂੰ ਗੇਟ ਦੇ ਅੰਦਰ ਤਾਂ ਆਉਣ ਦਿੱਤਾ, ਪਰ ਸਿਰਫ਼ ਇਹ ਦੱਸਣ ਲਈ ਕਿ ਤੁਸੀਂ ਗਲਤ ਇਮਾਰਤ ’ਚ ਆ ਗਏ ਹੋ।

ਮੈਂ ‘ਪਾਸਵਰਡ ਭੁੱਲ ਗਏ’ ’ਤੇ ਕਲਿੱਕ ਕੀਤਾ। ਉਸ ਨੇ ਮੇਰੇ ਕੋਲੋਂ ਪੁਰਾਣਾ ਪਾਸਵਰਡ ਮੰਗਿਆ। ਇਹ ਵੀ ਉਸ ਆਦਮੀ ਤੋਂ, ਜਿਸ ਦੀ ਐਨਕ ਗੁਅਾਚ ਗਈ ਹੋਵੇ ਤੇ ਉਸ ਨੂੰ ਐਨਕ ਲੱਭਣ ਦੇ ਨਿਰਦੇਸ਼ਾਂ ਨੂੰ ਪੜ੍ਹਨ ਲਈ ਕਿਹਾ ਗਿਆ ਹੋਵੇ। ਅੱਗੇ ਦੀ ਗੱਲਬਾਤ ਤੋਂ ਬਾਅਦ ਉਹ ਇਕ ਓ. ਟੀ. ਪੀ. ਭੇਜਣ ਲਈ ਸਹਿਮਤ ਹੋ ਗਿਆ। ਮੈਂ ਉਡੀਕ ਕੀਤੀ। ਫ਼ੋਨ ਸ਼ਾਂਤ ਰਿਹਾ। ਮੈਂ ਇਕ ਹੋਰ ਭੇਜਣ ਦੀ ਬੇਨਤੀ ਕੀਤੀ। ਤਿੰਨ ਓ. ਟੀ. ਪੀ. ਇਕੱਠੇ ਆਏ, ਉਨ੍ਹਾਂ ਰਿਸ਼ਤੇਦਾਰਾਂ ਵਾਂਗ ਜਿਨ੍ਹਾਂ ਨੇ ਸੁਣ ਲਿਆ ਹੋਵੇ ਕਿ ਦੁਪਹਿਰ ਦਾ ਖਾਣਾ ਪਰੋਸਿਆ ਜਾ ਰਿਹਾ ਹੈ।

ਸੁਭਾਵਿਕ ਤੌਰ ’ਤੇ, ਮੈਂ ਗਲਤ ਵਾਲਾ ਦਰਜ ਕਰ ਦਿੱਤਾ। ‘ਬਹੁਤ ਜ਼ਿਆਦਾ ਕੋਸ਼ਿਸ਼’- ਵੈੱਬਸਾਈਟ ਨੇ ਕਿਹਾ। ਤੁਹਾਡੀ ਸੁਰੱਖਿਆ ਲਈ ਤੁਹਾਡਾ ਖਾਤਾ ਲੌਕ ਕਰ ਦਿੱਤਾ ਗਿਆ ਹੈ। ਮੇਰਾ ਖਾਤਾ ਹੁਣ ਇੰਨਾ ਸੁਰੱਖਿਅਤ ਸੀ ਕਿ ਉਸ ਦਾ ਮਾਲਕ ਵੀ ਉਸ ’ਚ ਦਖ਼ਲ ਨਹੀਂ ਦੇ ਸਕਦਾ ਸੀ। ਕਿਤੇ ਨਾ ਕਿਤੇ, ਸੰਭਵ ਤੌਰ ’ਤੇ ਕੋਈ ਅਪਰਾਧੀ ਤਾਜ਼ਗੀ ਭਰੀ ਚਾਹ ਦੀ ਚੁਸਕੀ ਲੈ ਰਿਹਾ ਸੀ, ਜਦੋਂ ਕਿ ਮੇਰੇ ਨਾਲ ਮੁੱਖ ਖਤਰੇ ਵਾਂਗ ਸਲੂਕ ਕੀਤਾ ਜਾ ਰਿਹਾ ਸੀ।

ਮੈਂ ਕਸਟਮਰ ਕੇਅਰ ਨੂੰ ਫ਼ੋਨ ਕੀਤਾ। ਇਕ ਹੱਸਮੁੱਖ ਰਿਕਾਰਡ ਕੀਤੀ ਗਈ ਮਹਿਲਾ ਨੇ ਮੈਨੂੰ ਸੂਚਿਤ ਕੀਤਾ ਕਿ ਮੇਰੀ ਕਾਲ ਅਹਿਮ ਹੈ। ਫਿਰ ਉਸ ਨੇ ਵੀਹ ਮਿੰਟ ਇਹ ਵਿਖਾਉਣ ਵਿਚ ਬਿਤਾਏ ਕਿ ਉਹ ਕਿੰਨੀ ਘੱਟ ਅਹਿਮ ਸੀ। ਹਰ ਕੁਝ ਮਿੰਟ ਬਾਅਦ ਉਹ ਮੈਨੂੰ ਇਹ ਭਰੋਸਾ ਦੇਣ ਲਈ ਵਾਪਸ ਆਉਂਦੀ ਕਿ ਉਨ੍ਹਾਂ ਦੇ ਸਾਰੇ ਅਧਿਕਾਰੀ ਅਜੇ ਰੁੱਝੇ ਹੋਏ ਹਨ। ਮੈਂ ਸੋਚਣ ਲੱਗਾ ਕਿ ਕੀ ਦੋਵੇਂ ਅਧਿਕਾਰੀ ਆਪਣੇ ਪਾਸਵਰਡ ਯਾਦ ਰੱਖਣ ’ਚ ਇਕ-ਦੂਜੇ ਦੀ ਮਦਦ ਕਰ ਰਹੇ ਸਨ।

ਆਖਿਰ, ਇੱਕ ਇਨਸਾਨ ਨੇ ਜਵਾਬ ਦਿੱਤਾ। ਮੈਂ ਤਾਂ ਲੱਗਭਗ ਪਰਿਵਾਰ ’ਚ ਉਸ ਦਾ ਸਵਾਗਤ ਹੀ ਕਰ ਦਿੱਤਾ ਸੀ। ਉਸ ਨੇ ਮੇਰਾ ਨਾਂ, ਜਨਮ ਮਿਤੀ, ਰਜਿਸਟਰਡ ਨੰਬਰ ਅਤੇ ਮੇਰੀ ਸਮੱਸਿਆ ਦੀ ਕਿਸਮ ਪੁੱਛੀ। ਮੈਂ ਸਭ ਕੁਝ ਸਮਝਾਇਆ। ‘ਯਕੀਨੀ ਤੌਰ ’ਤੇ, ਸਰ’ ਉਸ ਨੇ ਕਿਹਾ। ‘ਪਹਿਲਾਂ, ਕਿਰਪਾ ਕਰ ਕੇ ਆਪਣੇ ਖਾਤੇ ’ਚ ਲੌਗ ਇਨ ਕਰੋ।’ ਅਜਿਹੇ ਪਲ ਹੁੰਦੇ ਹਨ ਜਦੋਂ ਹੌਸਲੇ ਨੂੰ ਫਰਨੀਚਰ ਦੀ ਮਦਦ ਦੀ ਲੋੜ ਹੁੰਦੀ ਹੈ। ਮੈਂ ਹੱਥੇ (ਆਰਮ-ਰੈਸਟ) ਨੂੰ ਮਜ਼ਬੂਤੀ ਨਾਲ ਫੜ ਲਿਆ।

ਸ਼ਾਮ ਤੱਕ, ਮੈਂ ਇਕ ਵੈੱਬਸਾਈਟ ਦੇ ਸਾਹਮਣੇ ਸਾਬਤ ਕਰ ਦਿੱਤਾ ਸੀ ਕਿ ਮੈਂ ਇਨਸਾਨ ਹਾਂ, ਇਕ ਐਪ ਦੇ ਸਾਹਮਣੇ ਸਾਬਤ ਕਰ ਦਿੱਤਾ ਸੀ ਕਿ ਮੈਂ ਆਪਣੇ ਫ਼ੋਨ ਦਾ ਮਾਲਕ ਹਾਂ, ਤੇ ਇਕ ਅਜਿਹੇ ਆਦਮੀ ਦੇ ਸਾਹਮਣੇ ‘ਖੁਦ ਨੂੰ ਖੁਦ’ ਸਾਬਤ ਕਰ ਦਿੱਤਾ ਸੀ ਜੋ ਮੈਨੂੰ ਕਦੇ ਨਹੀਂ ਮਿਲਿਆ ਸੀ। ਤਦ ਮੇਰੀ ਪਤਨੀ ਨੇ ਨਾਲ ਦੇ ਕਮਰੇ ਤੋਂ ਆਵਾਜ਼ ਦਿੱਤੀ, ਕੀ ਤੁਸੀਂ ਸੁਣ ਰਹੇ ਹੋ? ਹਾਂ, ਮੈਂ ਸਕਰੀਨ ਨੂੰ ਘੂਰਦੇ ਹੋਏ ਆਪਣੇ ਆਪ ਜਵਾਬ ਦਿੱਤਾ। ਮੈਂ ਹੁਣੇ ਕੀ ਕਿਹਾ ਸੀ? ਉਸ ਨੇ ਪੁੱਛਿਆ।

ਫਿਰ ਤੋਂ, ਇਕ ਅਜਿਹਾ ਸੁਰੱਖਿਆ ਸਵਾਲ ਜਿਸ ਵਿਚ ਮੇਰਾ ਅਸਫ਼ਲ ਹੋਣਾ ਤੈਅ ਸੀ..।

—ਰਾਬਰਟ ਕਲੀਮੈਂਟਸ


author

Anmol Tagra

Content Editor

Related News