ਟਰੰਪ ਜੇਕਰ ਗੰਭੀਰ ਤਾਂ ਜੰਗ ਖ਼ਤਮ ਹੋਣੀ ਤੈਅ

Thursday, Mar 26, 2026 - 05:04 PM (IST)

ਟਰੰਪ ਜੇਕਰ ਗੰਭੀਰ ਤਾਂ ਜੰਗ ਖ਼ਤਮ ਹੋਣੀ ਤੈਅ

ਹੋ ਸਕਦਾ ਹੈ ਕਿ ਜਦੋਂ ਤੁਸੀਂ ਇਹ ਲੇਖ ਪੜ੍ਹ ਰਹੇ ਹੋਵੋ ਤਾਂ ਅਮਰੀਕਾ ਅਤੇ ਈਰਾਨ ਦੇ ਵਿਚਾਲੇ ਸ਼ੁਰੂਆਤੀ ਦੌਰ ਦੀ ਗੱਲਬਾਤ ਹੋ ਚੁੱਕੀ ਹੋਵੇ ਜਾਂ ਗੱਲਬਾਤ ਦੀ ਤਾਰੀਖ਼ ਅਤੇ ਸਮਾਂ ਤੈਅ ਕਰ ਲਿਆ ਗਿਆ ਹੋਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਕੀ ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਰਾਸ਼ਟਰਪਤੀ ਟਰੰਪ ਦੀ 5 ਦਿਨਾਂ ਦੀ ਸ਼ਾਂਤੀ ਮੋਹਲਤ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਜਾਂ ਇਸ ਨੂੰ ਟਰੰਪ ਦੀ ਕੋਈ ਨਵੀਂ ਚਾਲ ਮੰਨਿਆ ਜਾਵੇ? ਟਰੰਪ ਲਈ ‘ਟੈਕੋ’ (TACO) ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦਾ ਮਤਲਬ ਹੈ ‘ਟਰੰਪ ਆਲਵੇਜ਼ ਚਿਕਨਜ਼ ਆਊਟ’ ਭਾਵ ਟਰੰਪ ਹਮੇਸ਼ਾ ਪਲਟੀ ਮਾਰ ਜਾਂਦੇ ਹਨ ਜਾਂ ਖ਼ੁਦ ਦੇ ਕਹੇ ਨੂੰ ਨਕਾਰਨ ਲੱਗਦੇ ਹਨ। ਕਿਹਾ ਜਾ ਰਿਹਾ ਹੈ ਕਿ ਅੰਦਰੋਂ ਤਾਂ ਟਰੰਪ ਯੁੱਧ ’ਚੋਂ ਨਿਕਲਣਾ ਚਾਹੁੰਦੇ ਹਨ, ਈਰਾਨ ਵੀ ਸਥਾਈ ਹੱਲ ਦੀ ਕੋਸ਼ਿਸ਼ ’ਚ ਹੈ, ਨੇਤਨਯਾਹੂ ਨੂੰ ਵੀ ਲੱਗਣ ਲੱਗਿਆ ਹੈ ਕਿ ਲੜਾਈ ਤੋਂ ਜਿੰਨਾ ਲਾਭ ਮਿਲਣਾ ਸੀ ਓਨਾ ਮਿਲ ਚੁੱਕਾ। ਕੁਝ ਰੱਖਿਆ ਜਾਣਕਾਰਾਂ ਦਾ ਕਹਿਣਾ ਹੈ ਕਿ ਯੁੱਧ ਨੂੰ ਹੁਣ ਸਮਾਪਤ ਮੰਨ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਇਕ ਵਾਰ ਗੱਲਬਾਤ ਦਾ ਦੌਰ ਸ਼ੁਰੂ ਹੁੰਦਾ ਹੈ ਤਾਂ ਉਹ ਰੁਕਦਾ ਨਹੀਂ, ਉਹ ਸਿਲਸਿਲਾ ਬਣ ਜਾਂਦਾ ਹੈ ਪਰ ਕੁਝ ਹੋਰ ਜਾਣਕਾਰ ਕਹਿੰਦੇ ਹਨ ਕਿ ਜੇਕਰ ਟਰੰਪ ਦਿਲ ਤੋਂ ਯੁੱਧ ਦਾ ਖ਼ਾਤਮਾ ਚਾਹੁੰਦੇ ਹਨ ਤਾਂ 5 ਦਿਨ ਤੱਕ ਹਰ ਤਰ੍ਹਾਂ ਦੀ ਬੰਬਾਰੀ ਰੋਕਣ ਦੀ ਗੱਲ ਕਰਨੀ ਚਾਹੀਦੀ ਸੀ ਅਤੇ ਨੇਤਨਯਾਹੂ ਨੂੰ ਵੀ ਇਸ ਦੇ ਪੱਖ ’ਚ ਹੱਥ ਖੜ੍ਹਾ ਕਰਨਾ ਚਾਹੀਦਾ ਸੀ। ਇਹ ਇਕ ਤਰ੍ਹਾਂ ਨਾਲ 5 ਦਿਨ ਦਾ ਸੀਜ਼ਫਾਇਰ ਹੁੰਦਾ ਜੋ ਹੋ ਨਹੀਂ ਸਕਿਆ। ਕੁਲ ਮਿਲਾ ਕੇ ਕਿਹਾ ਜਾ ਰਿਹਾ ਹੈ ਕਿ ਟਰੰਪ ਨੇ ਜੋ ਮੁੱਠੀ ਹਵਾ ’ਚ ਤਾਣ ਰੱਖੀ ਸੀ, ਉਸ ਨੂੰ ਥੋੜ੍ਹਾ ਨੀਵਾਂ ਕਰ ਦਿੱਤਾ ਹੈ ਪਰ ਉਹ ਅਜੇ ਵੀ ਹਵਾ ’ਚ ਤਣੀ ਹੈ।

ਅਮਰੀਕਾ ਨੇ ਕਿਹਾ ਹੈ ਕਿ ਕਰੀਬ 15 ਨੁਕਤਿਆਂ ’ਤੇ ਗੱਲਬਾਤ ਕਰਨਾ ਤੈਅ ਹੋ ਗਿਆ ਹੈ। ਦਿਲਚਸਪ ਗੱਲ ਹੈ ਕਿ ਇਹ ਉਹੀ ਨੁਕਤੇ ਹਨ, ਜਿਨ੍ਹਾਂ ’ਤੇ 28 ਫਰਵਰੀ ਤੋਂ ਪਹਿਲਾਂ ਗੱਲ ਹੋ ਰਹੀ ਸੀ ਜਦੋਂ ਇਜ਼ਰਾਈਲ ਨੇ ਅਚਾਨਕ ਹਮਲਾ ਕਰ ਕੇ ਅਯਾਤੁੱਲਾ ਖ਼ਾਮੇਨੇਈ ਸਮੇਤ ਕਰੀਬ 40 ਕਮਾਂਡਰਾਂ ਨੂੰ ਮਾਰ ਸੁੱਟਿਆ ਸੀ। ਈਰਾਨ ਦੁੱਧ ਦਾ ਸੜਿਆ ਹੈ, ਛਾਛ ਵੀ ਫੂਕ-ਫੂਕ ਕੇ ਪੀ ਰਿਹਾ ਹੈ। ਈਰਾਨ ਨੇ ਦਬਾਅ ਵਧਾ ਦਿੱਤਾ ਹੈ। ਟਰੰਪ ਵੀ ਜਾਣਦੇ ਹਨ ਕਿ ਈਰਾਨ ਦੀਆਂ ਕੁਝ ਗੱਲਾਂ ਨੂੰ ਮੰਨਣ ਨਾਲ ਮਾਹੌਲ ਸਮਝੌਤੇ ਦਾ ਬਣੇਗਾ। ਈਰਾਨ ਕਹਿ ਰਿਹਾ ਹੈ ਕਿ ਉਸ ’ਤੇ ਲੱਗੀਆਂ ਪਾਬੰਦੀਆਂ ਹਟਾਈਆਂ ਜਾਣ, ਉਸ ਨੂੰ ਖ਼ੁਦ ਦੀ ਰੱਖਿਆ ਨੀਤੀ ਤੈਅ ਕਰਨ ਦਾ ਅਧਿਕਾਰ ਹੋਵੇ ਅਤੇ ਅਮਰੀਕਾ ਦਖ਼ਲਅੰਦਾਜ਼ੀ ਕਰਨਾ ਬੰਦ ਕਰੇ। ਈਰਾਨ ਨੂੰ ਲੱਗਦਾ ਹੈ ਕਿ ਅਜਿਹਾ ਨਹੀਂ ਹੋ ਸਕਦਾ ਕਿ ਇਕ ਪਾਸੇ ਮਿਜ਼ਾਈਲ ਹਮਲੇ ਹੁੰਦੇ ਰਹਿਣ, ਟਰੰਪ ਆਪਣੇ 3000 ਮੈਰੀਨ ਹੋਰਮੁਜ਼ ਦੀ ਖਾੜੀ ਭਿਜਵਾਉਣ ਦੀ ਯੋਜਨਾ ’ਤੇ ਅਮਲ ਕਰਦੇ ਰਹਿਣ ਅਤੇ ਤੀਜੇ ਪਾਸੇ ਗੱਲਬਾਤ ਦਾ ਚੋਗਾ ਪਾਇਆ ਜਾਵੇ। ਟਰੰਪ ਦਾ 5 ਦਿਨ ਦਾ ਸ਼ਾਂਤੀਕਾਲ ਸ਼ੁੱਕਰਵਾਰ ਤੱਕ ਹੋਵੇਗਾ ਅਤੇ ਉਦੋਂ ਤੱਕ ਟਰੰਪ ਦੀ ਵਿਸ਼ੇਸ਼ ਫ਼ੌਜ ਹੋਰਮੁਜ਼ ਪਹੁੰਚ ਚੁੱਕੀ ਹੋਵੇਗੀ। ਕੁਲ ਮਿਲਾ ਕੇ, ਈਰਾਨ ਦਾ ਵਿਸ਼ਵਾਸ ਜਿੱਤਣਾ ਹੈ ਤਾਂ ਟਰੰਪ ਨੂੰ ਉਸ ਦੀ ਹਥੇਲੀ ’ਤੇ ਕੁਝ ਨਾ ਕੁਝ ਰੱਖਣਾ ਹੀ ਹੋਵੇਗਾ।

ਕਿਹਾ ਜਾਂਦਾ ਹੈ ਕਿ ਸ਼ੇਅਰ ਬਾਜ਼ਾਰ ਡਿੱਗਣ ਨਾਲ ਟਰੰਪ ਦਾ ਦਿਲ ਧੜਕਣਾ ਤੇਜ਼ ਹੋ ਜਾਂਦਾ ਹੈ। ਅਮਰੀਕਾ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਢਾਈ ਡਾਲਰ ਗੈਲਨ ਤੋਂ ਵਧ ਕੇ 4 ਡਾਲਰ ਤੱਕ ਪਹੁੰਚ ਰਹੀਆਂ ਹਨ। ਸਬਜ਼ੀਆਂ ਦੇ ਭਾਅ 60 ਅਤੇ ਫਲਾਂ ਦੇ ਭਾਅ 20 ਫੀਸਦੀ ਵਧ ਚੁੱਕੇ ਹਨ। ਤਾਜ਼ਾ ਸਰਵੇ ’ਚ ਹਰ 4 ’ਚੋਂ 3 ਅਮਰੀਕੀ ਇਸ ਯੁੱਧ ਦੇ ਖ਼ਿਲਾਫ਼ ਹਨ। ਟਰੰਪ ਨੂੰ ਨਵੰਬਰ ਦੀਆਂ ਮੱਧਕਾਲੀ ਚੋਣਾਂ ਦੀ ਚਿੰਤਾ ਹੈ। ਜੇਕਰ ਕਾਂਗਰਸ ਅਤੇ ਸੀਨੇਟ ’ਚ ਬਹੁਮਤ ਗੁਆਇਆ ਤਾਂ ਟਰੰਪ ਦੀ ਸਿਆਸੀ ਜ਼ਿੰਦਗੀ ਦਾ ਅੰਤ ਹੋ ਜਾਵੇਗਾ। ਟਰੰਪ ਇਹ ਵੀ ਜਾਣਦੇ ਹਨ ਕਿ ਈਰਾਨ ਆਸਾਨੀ ਨਾਲ ਯੁੱਧ ਹਾਰਨ ਵਾਲਾ ਨਹੀਂ ਹੈ, ਉੱਥੇ ਸੱਤਾ ਪਰਿਵਰਤਨ ਨਹੀਂ ਹੋਣ ਵਾਲੀ ਅਤੇ ਨੇਤਨਯਾਹੂ ਦੀ ਜ਼ਿੱਦ ਭਾਰੀ ਪੈ ਸਕਦੀ ਹੈ। ਟਰੰਪ ਦੇ ਨਾਲ ਨਾਟੋ ਦੇ ਦੇਸ਼ ਨਹੀਂ ਹਨ, ਭਾਰਤ ਵਰਗੇ ਦੇਸ਼ ਊਰਜਾ ਸੰਕਟ ’ਚੋਂ ਗੁਜ਼ਰ ਰਹੇ ਹਨ, ਯੂਰਪ ’ਚ ਤਰਾਹ-ਤਰਾਹ ਮਚੀ ਹੈ, ਪੁਤਿਨ ਤੇਲ ਵੇਚ ਕੇ ਅਰਬਾਂ ਕਮਾ ਰਹੇ ਹਨ, ਚੀਨ ਖ਼ੁਦ ਨੂੰ ਮਜ਼ਬੂਤ ਕਰ ਰਿਹਾ ਹੈ, ਦੋਵੇਂ ਦੇਸ਼ ਈਰਾਨ ਦੇ ਨਾਲ ਖੁੱਲ੍ਹ ਕੇ ਆ ਗਏ ਹਨ। ਅਜਿਹੇ ’ਚ ਲੜਾਈ ਜਾਰੀ ਰੱਖਣ ਦਾ ਕੋਈ ਇਕ ਫ਼ਾਇਦਾ ਟਰੰਪ ਨੂੰ ਨਜ਼ਰ ਨਹੀਂ ਆ ਰਿਹਾ। ਹਾਂ, ਜੇਕਰ ਸਵਾਲ ਨੱਕ ਦੀ ਲੜਾਈ ਦਾ ਹੈ ਤਾਂ ਟਰੰਪ ਚਾਹੁਣਗੇ ਕਿ ਈਰਾਨ ਤੋਂ ਕੁਝ ਗੱਲਾਂ ’ਤੇ ਹਾਮੀ ਭਰਵਾ ਲੈਣ। ਹਾਲ ਹੀ ’ਚ ਅਮਰੀਕਾ ਨੇ ਈਰਾਨ ’ਤੇ ਇਕ ਮਹੀਨੇ ਲਈ ਤੇਲ ਵੇਚਣ ਦੀ ਪਾਬੰਦੀ ਹਟਾ ਲਈ ਹੈ। ਜੰਗਬੰਦੀ ਦੀ ਸੂਰਤ ’ਚ ਕੁਝ ਪਾਬੰਦੀਆਂ ਹਟਾਈਆਂ ਜਾ ਸਕਦੀਆਂ ਹਨ।

ਜਿੱਥੋਂ ਤੱਕ ਹੋਰਮੁਜ਼ ਦੀ ਖਾੜੀ ਦਾ ਸਵਾਲ ਹੈ ਤਾਂ ਈਰਾਨ ਇਸ ਨੂੰ ਬੀਮਾ ਪਾਲਿਸੀ ਦੇ ਤੌਰ ’ਤੇ ਲੈਂਦਾ ਹੈ। ਜਦੋਂ ਤੱਕ ਸੀਜ਼ਫਾਇਰ ਨਹੀਂ ਹੁੰਦਾ, ਉਦੋਂ ਤੱਕ ਈਰਾਨ ਇਸ ਖਾੜੀ ਨੂੰ ਖੋਲ੍ਹ ਦੇਣ ਦਾ ਜੋਖਮ ਨਹੀਂ ਉਠਾਏਗਾ। ਟਰੰਪ ਕਹਿ ਰਹੇ ਹਨ ਈਰਾਨ ਅਤੇ ਅਮਰੀਕਾ ਦੋਵੇਂ ਮਿਲ ਕੇ ਇਸ ਖਾੜੀ ਦਾ ਕੰਟਰੋਲ ਆਪਣੇ ਹੱਥਾਂ ’ਚ ਲੈ ਸਕਦੇ ਹਨ। ਈਰਾਨ ਅਜਿਹਾ ਹਰਗਿਜ਼ ਨਹੀਂ ਕਰੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸਲਾਮਿਕ ਫੌਜ ਦਾ ਗਠਨ ਹੋਵੇਗਾ ਜਿਸ ’ਚ ਖਾੜੀ ਦੇਸ਼ ਵੀ ਸ਼ਰੀਕ ਹੋਣਗੇ ਜੋ ਖਾੜੀ ਦੀ ਹਿਫਾਜ਼ਤ ਕਰੇਗੀ। ਇਸ ਬਹਾਨੇ ਈਰਾਨ ਖਾੜੀ ਦੇਸ਼ਾਂ (ਯੂ. ਏ. ਈ., ਸਾਊਦੀ ਅਰਬ, ਕੁਵੈਤ, ਇਰਾਕ, ਜਾਰਡਨ, ਬਹਿਰੀਨ, ਕਤਰ, ਓਮਾਨ) ਦੀ ਅਲੱਗ ਤੋਂ ਕਮਾਨ ਬਣਾਉਣਾ ਚਾਹੁੰਦਾ ਹੈ ਤਾਂ ਕਿ ਇਜ਼ਰਾਈਲ ਨੂੰ ਅਲੱਗ-ਥਲੱਗ ਕੀਤਾ ਜਾ ਸਕੇ। ਅਜਿਹਾ ਹੋਣ ਦਾ ਮਤਲਬ ਹੈ ਖਾੜੀ ਦੇਸ਼ਾਂ ਤੋਂ ਅਮਰੀਕੀ ਫੌਜ ਟਿਕਾਣਿਆਂ ਦਾ ਹਟਣਾ। ਟਰੰਪ ਅਜਿਹਾ ਨਹੀਂ ਹੋਣ ਦੇਣਗੇ ਕਿਉਂਕਿ ਇਜ਼ਰਾਈਲ ਦਾ ‘ਗ੍ਰੇਟਰ ਇਜ਼ਰਾਈਲ’ ਦਾ ਸੁਪਨਾ ਚੂਰ-ਚੂਰ ਹੋ ਜਾਵੇਗਾ। ਇਕ ਮਹੱਤਵਪੂਰਨ ਘਟਨਾਕ੍ਰਮ ਇਰਾਕ ’ਚ ਹੋਇਆ ਹੈ, ਜਿਸ ਨੇ ਟਰੰਪ ਨੂੰ ਇੱਥੋਂ ਆਪਣੇ ਫੌਜੀ ਅੱਡੇ ਖਾਲੀ ਕਰਨ ਨੂੰ ਕਿਹਾ ਹੈ।

ਤਾਂ ਜਦੋਂ ਇੰਨੇ ਮਤਭੇਦ ਹਨ ਤਾਂ ਸਮਝੌਤਾ ਕਿਵੇਂ ਹੋਵੇਗਾ, ਸਮਝੌਤਾ ਨਹੀਂ ਹੋਵੇਗਾ ਤਾਂ ਜੰਗ ਕਿਵੇਂ ਰੁਕੇਗੀ? ਜਾਣਕਾਰਾਂ ਦਾ ਕਹਿਣਾ ਹੈ ਕਿ ਕਿਉਂਕਿ ਤਿੰਨੋਂ ਹੀ ਦੇਸ਼ ਜੰਗ ਖ਼ਤਮ ਕਰਨਾ ਚਾਹੁੰਦੇ ਹਨ, ਇਸ ਲਈ ਕੋਈ ਵਿਚਕਾਰਲੀ ਸੂਰਤ ਨਿਕਲਣ ਦੀ ਸੰਭਾਵਨਾ ਹਮੇਸ਼ਾ ਬਣੀ ਰਹੇਗੀ। ਪ੍ਰਮਾਣੂ ਪ੍ਰੋਗਰਾਮ ’ਤੇ ਈਰਾਨ ਅਮਰੀਕਾ ਦੀ ਗੱਲ ਮੰਨ ਸਕਦਾ ਹੈ, ਬਸ਼ਰਤੇ ਅੰਤਰਰਾਸ਼ਟਰੀ ਏਜੰਸੀ ਵਿਚੋਲਾ ਬਣੇ। ਅਮਰੀਕਾ ਨੂੰ ਹੋਰਮੁਜ਼ ਦੀ ਖਾੜੀ ’ਚ ਦਖ਼ਲਅੰਦਾਜ਼ੀ ਕਰਨ ਦਾ ਇਰਾਦਾ ਛੱਡਣਾ ਹੀ ਪਵੇਗਾ। ਈਰਾਨ ’ਤੇ 40 ਸਾਲਾਂ ਤੋਂ ਪਾਬੰਦੀਆਂ ਹਨ ਪਰ ਪਾਬੰਦੀਆਂ ਲਗਾਉਣ ਦਾ ਮਕਸਦ ਪੂਰਾ ਨਹੀਂ ਹੋਇਆ ਤਾਂ ਪਾਬੰਦੀਆਂ ਹਟਾਉਣ ’ਤੇ ਸਾਰਥਕ ਪਹਿਲ ਕੀਤੀ ਜਾ ਸਕਦੀ ਹੈ। ਜੇਕਰ ਟਰੰਪ ਜੰਗ ਬੰਦ ਕਰਨ ਲਈ ਇੰਨੇ ਹੀ ਗੰਭੀਰ ਹਨ ਤਾਂ ਉਹ ਖ਼ੁਦ ਨੂੰ ਅਲੱਗ ਕਰ ਸਕਦੇ ਹਨ। ਨੇਤਨਯਾਹੂ ਇਕੱਲੇ ਕਦੋਂ ਤੱਕ ਲੜਨਗੇ?

ਈਰਾਨ ਆਪਣੇ ਮਿਜ਼ਾਈਲ ਪ੍ਰੋਗਰਾਮ ਨੂੰ ਰੋਕਣ ਵਾਲਾ ਨਹੀਂ ਹੈ। ਇਹ ਗੱਲ ਅਮਰੀਕਾ ਵੀ ਜਾਣਦਾ ਹੈ। ਕਿਸੇ ਦੇਸ਼ ਨੂੰ ਕਿਵੇਂ, ਕਿੰਨੇ, ਕਿਸ ਮਾਰਕ ਸਮਰੱਥਾ ਦੇ ਮਿਜ਼ਾਈਲ ਜਾਂ ਬੰਬ ਬਣਾਉਣੇ ਹਨ, ਇਹ ਉਸ ਦੇਸ਼ ਦਾ ਫ਼ੈਸਲਾ ਹੁੰਦਾ ਹੈ, ਕੋਈ ਹੋਰ ਦੇਸ਼ ਕਿਵੇਂ ਦਖ਼ਲਅੰਦਾਜ਼ੀ ਕਰ ਸਕਦਾ ਹੈ?

ਇਸ ਜੰਗ ਦਾ ਸਭ ਤੋਂ ਵੱਡਾ ਸਬਕ ਇਹੀ ਹੈ ਕਿ ਲੜਾਈ ਲੜਨ ਦੇ ਹਥਿਆਰ ਹੁਣ ਬਦਲ ਗਏ ਹਨ। 2000 ਤੋਂ ਲੈ ਕੇ 50,000 ਡਾਲਰ ਦੇ ਡਰੋਨ, 1000 ਕਰੋੜ ਦੇ ਫਾਈਟਰ ਜਹਾਜ਼ ਦਾ ਬਦਲ ਬਣਦੇ ਜਾ ਰਹੇ ਹਨ। ਈਰਾਨ ਦੇ ‘ਸ਼ਾਹਿਦ’ ਨਾਂ ਦੇ ਡਰੋਨ ਦੀ ਕੀਮਤ 35,000 ਡਾਲਰ ਹੈ ਅਤੇ ਇਸ ਨੂੰ ਰੋਕਣ ਲਈ ਅਮਰੀਕਾ ਨੂੰ 4 ਮਿਲੀਅਨ ਡਾਲਰ ਕੀਮਤ ਦੀ ਮਿਜ਼ਾਈਲ ਚਲਾਉਣੀ ਪੈਂਦੀ ਹੈ। ਯੂਕ੍ਰੇਨ ਨੇ ਤਾਂ 2000 ਡਾਲਰ ਕੀਮਤ ਦੇ ਡਰੋਨ ਬਣਾਏ ਹਨ, ਜੋ 280 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਮਲਾ ਕਰਦੇ ਹਨ। ਈਰਾਨ ਹਰ ਮਹੀਨੇ 400 ਸ਼ਾਹਿਦ ਡਰੋਨ ਬਣਾ ਰਿਹਾ ਹੈ ਅਤੇ ਅਗਲੇ ਸਾਲ ਤੱਕ 1000 ਹਰ ਮਹੀਨੇ ਬਣਾਉਣ ਲੱਗੇਗਾ।

ਖਾੜੀ ਦੇਸ਼ਾਂ ’ਚ ਈਰਾਨ ਦੀ ਬੰਬਾਰੀ ਨਾਲ ਜੋ ਤੇਲ ਗੈਸ ਦੇ ਪਲਾਂਟ ਨੁਕਸਾਨੇ ਗਏ ਹਨ, ਉਨ੍ਹਾਂ ਦੀ ਮੁਰੰਮਤ ਦਾ ਠੇਕਾ ਅਮਰੀਕਾ ਨੂੰ ਮਿਲੇਗਾ। ਅਮਰੀਕਾ ਨੇ ਖਾੜੀ ਦੇਸ਼ਾਂ ਨੂੰ 23 ਬਿਲੀਅਨ ਡਾਲਰ ਦੇ ਹਥਿਆਰ ਵੇਚਣ ਦਾ ਸਮਝੌਤਾ ਕੀਤਾ ਹੈ। ਰੂਸ ਬਾਜ਼ਾਰ ਮੁੱਲ ਤੋਂ ਜ਼ਿਆਦਾ (ਪ੍ਰੀਮੀਅਮ ਦਰ ’ਤੇ) ਮੁੱਲ ’ਤੇ ਤੇਲ ਵੇਚ ਕੇ ਕਮਾ ਰਿਹਾ ਹੈ। ਚੀਨ ਨੂੰ ਈਰਾਨ ਤੋਂ ਯੂਆਨ ’ਚ ਤੇਲ ਮਿਲ ਰਿਹਾ ਹੈ। ਉਹ ਡਾਲਰ ਬਚਾ ਕੇ ਲਾਭ ਕਮਾ ਰਿਹਾ ਹੈ। ਉਧਰ ਦੁਨੀਆ ਦੇ ਬਹੁਤ ਸਾਰੇ ਦੇਸ਼ ਮਹਿੰਗਾ ਤੇਲ-ਗੈਸ ਖ਼ਰੀਦਣ ਨੂੰ ਮਜਬੂਰ ਹਨ। ਵਿਸ਼ਵ ਬੈਂਕ ਚਿਤਾਵਨੀ ਦੇ ਰਿਹਾ ਹੈ ਕਿ ਜੰਗ ਲੰਬੀ ਚੱਲੀ ਅਤੇ ਖਾਦ ਦਾ ਸੰਕਟ ਡੂੰਘਾ ਹੋਇਆ ਤਾਂ 5 ਕਰੋੜ ਲੋਕ ਭੁੱਖਮਰੀ ਦੇ ਕੰਢੇ ’ਤੇ ਪਹੁੰਚ ਜਾਣਗੇ। ਸਭ ਕੁਝ ਕਿੰਨਾ ਆਪਾ ਵਿਰੋਧੀ ਹੈ। ਇਸ ਆਪਾ ਵਿਰੋਧੀ ਨੂੰ ਦੂਰ ਕਰਨ ਲਈ ਜੰਗ ਦਾ ਖ਼ਾਤਮਾ ਹੋਣਾ ਹੀ ਚਾਹੀਦਾ ਹੈ।

ਵਿਜੇ ਵਿਦਰੋਹੀ


author

Rakesh

Content Editor

Related News