ਪਾਕਿਸਤਾਨ ’ਚ ‘ਲੋਕਤੰਤਰ’ ਕਿੰਨਾ ਸਹੀ

Thursday, Feb 08, 2024 - 01:48 PM (IST)

ਪਾਕਿਸਤਾਨ ’ਚ ‘ਲੋਕਤੰਤਰ’ ਕਿੰਨਾ ਸਹੀ

ਅੱਜ ਪਾਕਿਸਤਾਨ ’ਚ ਆਮ ਚੋਣਾਂ ਹਨ। ਇਸ ਦੇ ਨਤੀਜੇ ਤੋਂ ਸਾਰੇ ਜਾਣੂ ਹਨ। ਵੋਟਰ ਕੁਝ ਵੀ ਕਹਿਣ, ਦੋ ਗੱਲਾਂ ਸਪੱਸ਼ਟ ਹਨ। ਪਹਿਲੀ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ- ਨਵਾਜ਼ (ਪੀ.ਐੱਮ.ਐੱਲ.-ਐੱਨ) ਦੀ ਅਗਵਾਈ ’ਚ ਨਵੀਂ ਸਰਕਾਰ ਬਣੇਗੀ। ਦੂਜੀ-ਸੱਤਾ ਦੀ ਅਸਲੀ ਚਾਭੀ ਪਾਕਿਸਤਾਨੀ ਫੌਜ ਅਤੇ ਉਸ ਦੀ ਖੂਫੀਆ ਏਜੰਸੀ ਆਈ.ਐੱਸ.ਆਈ. ਕੋਲ ਹੀ ਰਹੇਗੀ। ਇਸ ਨਾਲ ਪਾਕਿਸਤਾਨ ’ਚ ‘ਲੋਕਤੰਤਰ’ ਨਾਂ ਦੇ ਇਕ ਹੋਰ ਨਾਟਕ ਦਾ ਪਰਦਾ ਡਿੱਗ ਪਵੇਗਾ। ਇਹ ਤੈਅ ਹੈ ਕਿ ਨਵਾਜ਼ ਚੌਥੀ ਵਾਰ ਪ੍ਰਧਾਨ ਮੰਤਰੀ ਦੇ ਰੂਪ ’ਚ ਪਾਕਿਸਤਾਨ ਦੀ ਕਮਾਨ ਸੰਭਾਲਣਗੇ ਪਰ ਕੀ ਉਹ ਆਪਣਾ ਕਾਰਜਕਾਲ ਪੂਰਾ ਕਰ ਸਕਣਗੇ ਜਾਂ ਪਹਿਲਾਂ ਵਾਂਗ ਉਨ੍ਹਾਂ ਦਾ ਤਖਤਾਪਲਟ ਹੋ ਜਾਵੇਗਾ? ਇਸ ਦਾ ਜਵਾਬ ਭਵਿੱਖ ਦੇ ਗਰਭ ’ਚ ਹੈ।

ਅਗਸਤ 1947 ਤੋਂ ਪਹਿਲਾਂ ਅਫਗਾਨਿਸਤਾਨ ਸਰਹੱਦ ਤੋਂ ਲੈ ਕੇ ਪੂਰਬੀ ਕਿਨਾਰੇ ’ਤੇ ਸਥਿਤ ਬੰਗਾਲ ਦੀ ਖਾੜੀ ਤੱਕ ਭਾਰਤ ਇਕ ਸੀ। ਇਸਲਾਮ ਦੇ ਨਾਂ ’ਤੇ ਪਹਿਲਾਂ ਦੇਸ਼ ਦੋ ਟੁਕੜਿਆਂ ’ਚ ਵੰਡਿਆ ਗਿਆ ਫਿਰ 1971 ’ਚ ਮਜ਼੍ਹਬੀ ਕਾਰਨਾਂ ਕਰ ਕੇ ਹੀ ਪਾਕਿਸਤਾਨ ਦੇ ਵੀ ਦੋ ਟੁੱਕੜੇ ਹੋ ਗਏ। ਕੀ ਕਾਰਨ ਹੈ ਕਿ ਵਿਸ਼ਵ ਦੇ ਇਸ ਹਿੱਸੇ ’ਚ ਖੰਡਿਤ ਭਾਰਤ ਇਕ ਜਿਊਂਦਾ ਧਰਮ-ਨਿਰਪੱਖ ਲੋਕਤੰਤਰ ਅਤੇ ਬਹੁਲਤਾਵਾਦੀ ਹੈ ਤਾਂ ਪਾਕਿਸਤਾਨ-ਬੰਗਾਲਦੇਸ਼ ’ਚ ਇਨ੍ਹਾਂ ਦੋਵਾਂ ਦੀ ਬੇਹੱਦ ਘਾਟ ਹੈ।

ਆਖਿਰ ਕੀ ਕਾਰਨ ਹੈ ਕਿ ਇਨ੍ਹਾਂ ਤਿੰਨਾਂ ਦੇਸ਼ਾਂ ਨੂੰ ਵਿਰਾਸਤ ਦੇ ਰੂਪ ’ਚ ਅੰਗ੍ਰੇਜ਼ਾਂ ਵੱਲੋਂ ਜੋ ਵਿਵਸਥਾ ਮਿਲੀ ਸੀ, ਅੱਜ ਦੀ ਸਥਿਤੀ ’ਚ ਉਸ ’ਚ ਖੰਡਿਤ ਭਾਰਤ ਅਤੇ ਪਾਕਿਸਤਾਨ ’ਚ ਮੀਲਾਂ ਦਾ ਫਰਕ ਆ ਗਿਆ ਹੈ। ਜਿੱਥੇ ਭਾਰਤ ਅੱਜ ਆਰਥਿਕ, ਜੰਗੀ, ਕੂਟਨੀਤਕ ਅਤੇ ਜ਼ਿੰਮੇਵਾਰ ਦੇਸ਼ ਦੇ ਰੂਪ ’ਚ ਸਥਾਪਿਤ ਹੈ ਤਾਂ ਪਾਕਿਸਤਾਨ ਆਰਥਿਕ ਤੌਰ ’ਤੇ ਕੰਗਾਲ ਅੱਤਵਾਦ ਦੀ ਨਰਸਰੀ ਅਤੇ ਫੌਜੀ ਤਾਨਾਸ਼ਾਹੀ ਦਾ ਦੂਜਾ ਨਾਂ ਬਣਿਆ ਹੋਇਆ ਹੈ। 26/11 ਮੁੰਬਈ ਜਿਹਾਦੀ ਹਮਲੇ ਦੇ ਮੁਖੀ ਤੇ ਐਲਾਨੇ ਸੰਸਾਰਕ ਅੱਤਵਾਦੀ ਹਾਫਿਜ਼ ਸਈਦ ਦੀ ‘ਮਰਕਜੀ ਮੁਸਲਿਮ ਲੀਗ’ ਚੋਣਾਂ ’ਚ ਹਿੱਸਾ ਲੈ ਰਹੀ ਹੈ ਜਿਸ ’ਚ ਹਾਫਿਜ਼ ਦੇ ਬੇਟੇ ਅਤੇ ਜਵਾਈ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਸੱਚ ਤਾਂ ਇਹ ਹੈ ਕਿ ਜਿਸ ‘ਕਾਫਿਰ-ਕੁਫਰ’ ਧਾਰਨਾ ਤੋਂ ਪ੍ਰੇਰਿਤ ਵਿਚਾਰਕ ਸੰਸਥਾਨ ਦੀ ਨੀਂਹ ’ਤੇ 1947 ’ਚ ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਦਾ ਨਿਰਮਾਣ ਕੀਤਾ ਗਿਆ ਸੀ, ਉਹ ਬੁਨਿਆਦੀ ਤੌਰ ’ਤੇ ਲੋਕਤੰਤਰ ਬਹੁਲਤਾਵਾਦ ਅਤੇ ਧਰਮ-ਨਿਰਪੱਖਤਾ ਦੇ ਉਲਟ ਹੀ ਹੈ। ਇਹ ਗੱਲ ਪਾਕਿਸਤਾਨੀ ਕਠਮੁੱਲਿਆਂ ਦੇ ਨਾਲ-ਨਾਲ ਉਨ੍ਹਾਂ ਦੀ ਫੌਜ ਵੀ ਚੰਗੀ ਤਰ੍ਹਾਂ ਸਮਝਦੀ ਹੈ।

ਪਾਕਿਸਤਾਨੀ ਡੀਪ-ਸਟੇਟ ਲਈ 1970 ਦੀਆਂ ਆਮ-ਚੋਣਾਂ ਕਿਸੇ ਮਾੜੇ ਸੁਪਨੇ ਵਰਗੀਆਂ ਹਨ। ਹੋਂਦ ’ਚ ਆਉਣ ਤੋਂ ਲਗਭਗ ਢਾਈ ਦਹਾਕੇ ਬਾਅਦ ਸਾਲ 1970 ’ਚ ਇਸ ਐਲਾਨੇ ਇਸਲਾਮੀ ਦੇਸ਼ ’ਚ ਪਹਿਲੀਆਂ ਆਮ ਚੋਣਾਂ ਹੋਈਆਂ ਸਨ ਜੋ ਕਿ ਪਾਕਿਸਤਾਨ ਦੇ ਇਤਿਹਾਸ ਦੀਆਂ ਪਹਿਲੀਆਂ ਅਤੇ ਆਜ਼ਾਦ ਨਿਰਪੱਖ ਚੋਣਾਂ ਸਨ। ਉਦੋਂ ਕੁਲ 300 ਸੀਟਾਂ ’ਤੇ ਚੋਣਾਂ ਹੋਈਆਂ ਸਨ ਜਿਨ੍ਹਾਂ ’ਚੋਂ 162 ਸੀਟਾਂ ਪੂਰਬੀ ਪਾਕਿਸਤਾਨੀ (ਮੌਜੂਦਾ ਬੰਗਲਾਦੇਸ਼), ਤਾਂ 138 ਸੀਟਾਂ ਪੱਛਮੀ ਪਾਕਿਸਤਾਨ (ਮੌਜੂਦਾ ਪਾਕਿਸਤਾਨ) ’ਚ ਸਨ।

ਇਨ੍ਹਾਂ ਚੋਣਾਂ ’ਚ ਮੁੱਖ ਮੁਕਾਬਲਾ ਪੂਰਬੀ ਪਾਕਿਸਤਾਨ ਆਧਾਰਿਤ ਅਤੇ ਬੰਗਾਲੀ ਭਾਸ਼ੀ ਅਵਾਮੀ ਲੀਗ ਦਾ ਪੱਛਮੀ ਪਾਕਿਸਤਾਨ ਤੋਂ ਸੰਚਾਲਿਤ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨਾਲ ਸੀ। ਚੋਣਾਂ ’ਚ ਆਵਾਮੀ ਲੀਗ ਨੂੰ 160 ਸੀਟਾਂ ਨਾਲ ਪੂਰਾ ਬਹੁਮਤ ਮਿਲਿਆ ਤਾਂ ਪੀ.ਪੀ.ਪੀ. ਨੂੰ 81 ਸੀਟਾਂ ਮਿਲੀਆਂ। ਨਤੀਜੇ ਪਿੱਛੋਂ ਸੱਤਾ ਆਵਾਮੀ ਲੀਗ ਦੇ ਆਗੂ ਸ਼ੇਖ ਮੁਜੀਬੁਰ ਰਹਿਮਾਨ ਨੂੰ ਸੌਂਪੀ ਜਾਣੀ ਸੀ ਪਰ ਪਾਕਿਸਤਾਨੀ ਫੌਜੀ ਤਾਨਾਸ਼ਾਹ ਯਾਹੀਆ ਖਾਨ ਨੇ ਮਜ਼੍ਹਬੀ ਕਾਰਨਾਂ ਨਾਲ ਅਜਿਹਾ ਨਹੀਂ ਹੋਣ ਦਿੱਤਾ।

ਨਤੀਜੇ ਵਜੋਂ ਪਾਕਿਸਤਾਨੀ ਫੌਜ ਵੱਲੋਂ ਸਪਾਂਸਰ ਭਿਆਨਕ ਕਤਲੇਆਮ (ਲਗਭਗ 30 ਲੱਖ) ਤੋਂ ਪੈਦਾ ਹੋਏ ਗ੍ਰਹਿ ਯੁੱਧ ਨੇ ਪਾਕਿਸਤਾਨ ਨੂੰ ਦੋ ਟੁਕੜਿਆਂ ’ਚ ਤੋੜ ਦਿੱਤਾ। ਇਸ ’ਚ ਉਦੋਂ ਤਤਕਾਲੀ ਭਾਰਤੀ ਲੀਡਰਸ਼ਿਪ ਦੀ ਵੀ ਮੁੱਖ ਭੂਮਿਕਾ ਸੀ, ਜਿਸ ਨੂੰ ਅਸੀਂ 1971 ਦੀ ਭਾਰਤ ਪਾਕਿਸਤਾਨ ਜੰਗ ਦੇ ਰੂਪ ’ਚ ਯਾਦ ਕਰਦੇ ਹਾਂ। ਇਹ ਗੱਲ ਵੱਖਰੀ ਹੈ ਕਿ ਆਪਣੀ ਸਥਾਪਨਾ ਦੇ ਕੁਝ ਸਾਲਾਂ ਬਾਅਦ ਹੀ ਬੰਗਲਾਦੇਸ਼ ’ਚ ਤਖਤਾਪਲਟ ਹੋ ਗਿਆ। ਸ਼ੇਖ ਮੁਜੀਬੁਰ ਦੀ ਹੱਤਿਆ ਕਰ ਦਿੱਤੀ ਗਈ ਅਤੇ ਬਾਅਦ ’ਚ ਖੁਦ ਨੂੰ ਇਸਲਾਮੀ ਦੇਸ਼ ਐਲਾਨ ਦਿੱਤਾ।

ਲੋਕਤੰਤਰ ਦੀ ਮਜ਼ਬੂਤੀ ਨਾਲ ਪਾਕਿਸਤਾਨ ਕਿਤੇ ਫਿਰ ਤੋਂ ਦੋ-ਫਾੜ ਨਾ ਹੋ ਜਾਵੇ ਇਸ ਲਈ ਪਾਕਿਸਤਾਨੀ ਫੌਜ ਨੇ ਵੋਟਰਾਂ ਦੀ ਪਸੰਦ ਨੂੰ ਉਸ ਵੱਲੋਂ ਚੁਣੇ ਗਏ ਲੋਕਾਂ ਤੱਕ ਹੀ ਸੀਮਤ ਕਰ ਦਿੱਤਾ ਹੈ। ਅਜੇ ਪਿਛਲੀਆਂ ਚੋਣਾਂ ਵਾਂਗ ਇਸ ਵਾਰ ਵੀ ਉਹ ਆਪਣੇ ਵੱਲੋਂ ਚੁਣੇ ਹੋਏ ਵਿਅਕਤੀ ਨੂੰ ਜੇਤੂ ਬਣਾਉਣ ਲਈ ਚੋਣ ਨਤੀਜੇ ਤੈਅ ਕਰਨ ਅਤੇ ਉਸ ਨੂੰ ਸੱਤਾ ਸੌਂਪਣ ਦੀ ਦਿਸ਼ਾ ’ਚ ਕੰਮ ਕਰ ਰਹੀ ਹੈ। ਇਕ ਗੱਲ ਤੈਅ ਹੈ ਕਿ ਇਸ ਵਾਰ ਪਾਕਿਸਤਾਨੀ ਫੌਜ ਆਪਣੀ ਪੁਰਾਣੀ ਕਠਪੁਤਲੀ ਇਮਰਾਨ ਨੂੰ ਕਿਸੇ ਵੀ ਹਾਲਤ ’ਚ ਉਭਰਨ ਨਹੀਂ ਦੇਵੇਗੀ।

ਇਹ ਇਸ ਗੱਲ ਤੋਂ ਸਪੱਸ਼ਟ ਹੈ ਕਿ ਨਵਾਜ਼ ਸ਼ਰੀਫ ਵਿਰੁੱਧ ਚੋਣ ਲੜ ਰਹੀ ਪੀ.ਟੀ.ਆਈ. ਸਮਰਥਿਤ ਮਹਿਲਾ ਉਮੀਦਵਾਰ ਨੂੰ 6 ਫਰਵਰੀ ਨੂੰ ਅੱਤਵਾਦ ਮਾਮਲੇ ’ਚ ਦੋਸ਼ੀ ਬਣਾ ਦਿੱਤਾ ਗਿਆ ਹੈ। ਪਾਕਿਸਤਾਨ ਚੋਣ ਕਮਿਸ਼ਨ ਵੱਲੋਂ ਪੀ.ਟੀ.ਆਈ. ਦਾ ਚੋਣ ਨਿਸ਼ਾਨ ਵਾਪਸ ਲੈਣ ਦੇ ਫੈਸਲੇ ਨੂੰ ਪਾਕਿਸਤਾਨੀ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ ਸੀ ਜਿਸ ਤੋਂ ਬਾਅਦ ਪੀ.ਟੀ.ਆਈ. ਦੇ ਉਮੀਦਵਾਰ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜਨ ਲੱਗੇ। ਜਿਸ ਤਰ੍ਹਾਂ ਪੀ.ਟੀ.ਆਈ. ਦੇ ਆਜ਼ਾਦ ਉਮੀਦਵਾਰਾਂ ਦੇ ਚੋਣ ਪ੍ਰਚਾਰ ’ਚ ਰੋੜੇ ਅਟਕਾਏ ਜਾ ਰਹੇ ਹਨ ਉਸ ਤੋਂ ਸਪੱਸ਼ਟ ਹੈ ਕਿ ਪਾਕਿਸਤਾਨੀ ਫੌਜ ਪੀ.ਐੱਮ.ਐੱਲ-ਐੱਨ ਦੇ ਚੋਣ ਜਿੱਤਣ ਦਾ ਰਾਹ ਸਾਫ ਕਰ ਰਹੀ ਹੈ।

ਇਮਰਾਨ ਦੀ ਸਮੱਸਿਆ ਸਿਰਫ ਪਾਕਿਸਤਾਨੀ ਫੌਜ ਨਾਲ ਟਕਰਾਅ ਤੱਕ ਸੀਮਤ ਨਹੀਂ ਹੈ। ਇਸ ਇਸਲਾਮੀ ਦੇਸ਼ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਨ ਵਾਲੇ 3 ਦੇਸ਼ ਅਮਰੀਕਾ, ਚੀਨ ਅਤੇ ਸਾਊਦੀ ਅਰਬ ਵੀ ਇਮਰਾਨ ਤੋਂ ਨਾਖੁਸ਼ ਹਨ। ਜਿੱਥੇ ਅਮਰੀਕਾ ਰੂਸ-ਯੂਕ੍ਰੇਨ ਜੰਗ ਦੇ ਸਮੇਂ ਇਮਰਾਨ ਦੀ ਮਾਸਕੋ ਯਾਤਰਾ ਤੋਂ ਖਿਝਿਆ ਹੈ ਤਾਂ ਚੀਨ ਇਮਰਾਨ ’ਤੇ ਨਵਾਜ਼ ਭਰਾਵਾਂ ਤੋਂ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਸਮਝੌਤਿਆਂ ’ਚ ਚੀਨੀ ਕੰਪਨੀਆਂ ਤੋਂ ਰਿਸ਼ਵਤ ਲੈਣ ਦਾ ਦੋਸ਼ ਲੱਗਣ ਤੋਂ ਅਸਹਿਜ ਹੈ।

ਸਾਊਦੀ ਅਰਬ ਇਮਰਾਨ ’ਤੇ ਉਦੋਂ ਤੋਂ ਭੜਕਿਆ ਹੈ ਜਦ ਉਨ੍ਹਾਂ ਨੇ ਪ੍ਰਧਾਨ ਮੰਤਰੀ ਰਹਿੰਦਿਆਂ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਐਰਦੋਗਨ ਅਤੇ ਸਾਬਕਾ ਮਲੇਸ਼ੀਆਈ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨਾਲ ਮਿਲ ਕੇ ਸਾਊਦੀ ਅਰਬ ਦੇ ਦਬਦਬੇ ਵਾਲੇ ਇਸਲਾਮੀ ਸਹਿਯੋਗ ਸੰਗਠਨ (ਓ.ਆਈ.ਸੀ.) ਦੇ ਸਮਾਨਾਂਤਰ ਹੋਰ ਇਸਲਾਮੀ ਗਰੁੱਪ ਖੜਾ ਕਰਨ ਦੀ ਕੋਸ਼ਿਸ਼ ਕੀਤੀ ਸੀ।

ਇਸ ਦੇ ਮੁਕਾਬਲੇ ’ਚ ਅਮਰੀਕਾ, ਚੀਨ ਅਤੇ ਸਾਊਦੀ ਅਰਬ ਨੂੰ ਇਮਰਾਨ ਦੀ ਤੁਲਨਾ ’ਚ ਨਵਾਜ਼ ਸ਼ਰੀਫ ਜ਼ਿਆਦਾ ਪ੍ਰਵਾਨਤ ਹੋਣਗੇ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਬਿਲਾਵਲ ਭੁੱਟੋ ਜਰਦਾਰੀ ਵੀ ਪਾਕਿਸਤਾਨੀ ਫੌਜ ਦੀ ਮਨਪਸੰਦ ਬਣਨ ’ਚ ਕੋਈ ਕਸਰ ਨਹੀਂ ਛੱਡ ਰਿਹਾ ਹੈ। ਉਨ੍ਹਾਂ ਵੱਲੋਂ ਵਾਰ-ਵਾਰ ਭਾਰਤ ਵਿਰੋਧੀ ਜ਼ਹਿਰ ਉਗਲਣਾ ਇਸ ਦਾ ਸਬੂਤ ਹੈ।

ਪਾਕਿਸਤਾਨ ’ਚ ਚੱਲ ਰਹੇ ਘਟਨਾਕ੍ਰਮ ਦਾ ਭਾਰਤ ’ਤੇ ਕੀ ਅਸਰ ਪਵੇਗਾ? ਕੁਝ ਖਾਸ ਨਹੀਂ। ਪਾਕਿਸਤਾਨ ਦਾ ਸਾਰ-ਤੱਤ ਭਾਰਤ ਹਿੰਦੂ ਵਿਰੋਧੀ ਹੈ। ਉੱਥੋਂ ਦੀ ਸੱਤਾ ’ਤੇ ਉਹੀ ਕਾਬਜ਼ ਹੋ ਸਕਦਾ ਹੈ ਜੋ ਉਸ ਦੇ ਵਿਚਾਰਕ ਸੰਸਥਾਨ ਨੂੰ ਬਰਾਬਰ ਖਾਦ-ਪਾਣੀ ਦਿੰਦਾ ਰਹੇ। ਇਸ ਕੌੜੇ ਸੱਚ ਨੂੰ ਫੌਜ ਚੰਗੀ ਤਰ੍ਹਾਂ ਜਾਣਦੀ ਹੈ ਅਤੇ ਸੱਤਾ ਦੀ ਅਸਲੀ ਚਾਬੀ ਉਸੇ ਕੋਲ ਹੈ। ਪਾਕਿਸਤਾਨ ਭਾਰਤ-ਹਿੰਦੂ ਵਿਰੋਧੀ ਸੀ, ਹੈ ਅਤੇ ਅੱਗੇ ਵੀ ਰਹੇਗਾ। ਪਾਕਿਸਤਾਨ ’ਚ ਆਮ ਚੋਣਾਂ ਤੋਂ ਬਾਅਦ ਇਸ ਸਥਿਤੀ ’ਚ ਕੋਈ ਤਬਦੀਲੀ ਆਵੇਗੀ, ਇਸ ਦੀ ਕੋਈ ਸੰਭਾਵਨਾ ਨਹੀਂ ਹੈ।

ਬਲਬੀਰ ਪੁੰਜ


author

Rakesh

Content Editor

Related News