‘ਰਾਮਾਇਣ’ ਟੀ.ਵੀ. ਸ਼ੋਅ ਨੇ ਕਿਵੇਂ ਇਕ ਰਾਸ਼ਟਰਵਾਦੀ ਹਿੰਦੂ ਪਛਾਣ ਨੂੰ ਆਕਾਰ ਦਿੱਤਾ
Thursday, Feb 13, 2025 - 05:19 PM (IST)
![‘ਰਾਮਾਇਣ’ ਟੀ.ਵੀ. ਸ਼ੋਅ ਨੇ ਕਿਵੇਂ ਇਕ ਰਾਸ਼ਟਰਵਾਦੀ ਹਿੰਦੂ ਪਛਾਣ ਨੂੰ ਆਕਾਰ ਦਿੱਤਾ](https://static.jagbani.com/multimedia/2025_2image_17_18_399914116ramayana.jpg)
ਰਾਮਾਇਣ ਟੈਲੀਵਿਜ਼ਨ ਲੜੀਵਾਰ ਦਾ ਪ੍ਰਸਾਰਣ ਭਾਰਤ ਦੇ ਮੀਡੀਆ ਅਤੇ ਸੱਭਿਆਚਾਰਕ ਇਤਿਹਾਸ ’ਚ ਇਕ ਅਹਿਮ ਪਲ ਸੀ। ਇਹ ਜਨਵਰੀ 1987 ਤੋਂ ਜੁਲਾਈ 1988 ਤੱਕ ਚੱਲਿਆ। ਇਹ ਉਹ ਸਮਾਂ ਸੀ ਜਦੋਂ ਟੈਲੀਵਿਜ਼ਨ ਸਿਗਨਲ ਰਿਸੈਪਸ਼ਨ ਦਾ ਵਿਸਥਾਰ ਹੋ ਰਿਹਾ ਸੀ ਪਰ ਅਜੇ ਵੀ ਸੀਮਤ ਸੀ।
ਇਸ ਲਈ ਆਬਾਦੀ ਦੇ ਇਕ ਵੱਡੇ ਹਿੱਸੇ ਲਈ, ਇਸ ਲੜੀਵਾਰ ਰਾਹੀਂ ਉਨ੍ਹਾਂ ਦੀ ਪਹਿਲੀ ਜਾਣ-ਪਛਾਣ ਪੁਰਾਤਨ ਹਿੰਦੂ ਮਹਾਕਾਵਿ ਦਾ ਟੈਲੀਵਿਜ਼ਨ ਰੂਪਾਂਤਰਨ ਸੀ। ਵਿਸ਼ਾਲ ਦਰਸ਼ਕ ਗਿਣਤੀ ਅਤੇ ਧਾਰਮਿਕ ਨਜ਼ਰੀਏ ਨਾਲ ਇਸ ਨੇ ਲੜੀਵਾਰ ਨੂੰ ਆਪਣੇ ਦਰਸ਼ਕਾਂ ’ਤੇ ਇਕ ਵੱਡਾ ਪ੍ਰਭਾਵ ਪਾਉਣ ਦਾ ਕਾਰਨ ਬਣਾ ਦਿੱਤਾ।
ਰਾਮਾਇਣ ਟੀ. ਵੀ. ਸ਼ੋਅ ਦੇ ਪ੍ਰਦਰਸ਼ਨ ਦੇ ਪ੍ਰਭਾਵਾਂ ਦੀ ਪਛਾਣ ਕਰਨ ਲਈ ਇਸ ਖੋਜ ਪੱਤਰ ਦੇ ਲੇਖਕ ਇਹ ਸਵਾਲ ਉਠਾਉਂਦੇ ਹਨ ਕਿ ਮਾਸ ਮੀਡੀਆ ਰਾਹੀਂ ਕੀ ਧਾਰਮਿਕ ਬਿਰਤਾਂਤਾਂ ਦਾ ਪ੍ਰਦਰਸ਼ਨ ਸੱਭਿਆਚਾਰਕ ਪਛਾਣ ਅਤੇ, ਬਦਲੇ ਵਿਚ, ਕੀ ਸਿਆਸੀ ਦ੍ਰਿਸ਼ ਨੂੰ ਪ੍ਰਭਾਵਿਤ ਕਰ ਸਕਦਾ ਹੈ?
ਪਹਿਲਾਂ ਤੋਂ ਹੀ ਖੋਜ ਦਾ ਇਕ ਸਮੂਹ ਮੌਜੂਦ ਹੈ ਜੋ ‘ਹਾਂ’ ਕਹਿੰਦਾ ਹੈ। ਮਿਸਾਲ ਲਈ ਇਹ ਬਹਿਸ ਦਾ ਵਿਸ਼ਾ ਨਹੀਂ ਹੈ ਕਿ ਰਾਮਾਇਣ ਦੇ ਪ੍ਰਸਾਰਣ ਨੇ ਹਿੰਦੂ ਰਾਸ਼ਟਰਵਾਦ ਦੀ ਚੜ੍ਹਤ ’ਚ ਸਹਾਇਤਾ ਕੀਤੀ। ਇਹ ਸੱਚ ਸੀ। ਇਹ ਅਧਿਐਨ, ‘ਸੱਭਿਆਚਾਰਕ, ਸਮਾਜਿਕ ਅਤੇ ਸਿਆਸੀ ਨਤੀਜਿਆਂ ’ਤੇ ਰਾਮਾਇਣ ਦੇ ਪ੍ਰਸਾਰਣ ਦੇ ਲੰਬੇ ਸਮੇਂ ਦੇ ਪ੍ਰਭਾਵਾਂ ਦੀ ਜਾਂਚ ਕਰ ਕੇ’ ਇਸ ਸਾਹਿਤ ਦੇ ‘ਕਈ ਆਪਸੀ ਜੁੜੇ ਹੋਏ ਧਾਗਿਆਂ’ ਨੂੰ ਜੋੜਨ ਦਾ ਯਤਨ ਕਰਦਾ ਹੈ।
ਇਸ ਦੀ ਅਨੋਖੀ ਕਾਰਜਪ੍ਰਣਾਲੀ ਭਾਰਤ ਭਰ ’ਚ ਟੀ. ਵੀ. ਸਿਗਨਲ ਦੀ ਤਾਕਤ ’ਚ ਵਿਭਿੰਨਤਾ ਦਾ ਲਾਭ ਉਠਾਉਣ ’ਤੇ ਨਿਰਭਰ ਕਰਦੀ ਹੈ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਰਾਮਾਇਣ ਲੜੀਵਾਰ ਦੇ ‘ਪ੍ਰਦਰਸ਼ਨ’ ਨੇ ਸੱਭਿਆਚਾਰ ਮਾਪਦੰਡਾਂ, ਭਾਈਚਾਰਕ ਸਾਂਝ ਨੂੰ ਕਿਵੇਂ ਪ੍ਰਭਾਵਿਤ ਕੀਤਾ? ਸ਼ੋਅ ਨੇ ਸੱਭਿਆਚਾਰਕ ਵਤੀਰੇ ਨੂੰ ਪ੍ਰਭਾਵਿਤ ਕੀਤਾ।
ਖੋਜ ਪੱਤਰ ’ਚ 3 ਅਹਿਮ ਸਿੱਟੇ ਪੇਸ਼ ਕੀਤੇ ਗਏ ਹਨ। ਸਭ ਤੋਂ ਪਹਿਲਾਂ, ‘ਰਾਮਾਇਣ ਦੇ ਵੱਧ ਸੰਪਰਕ ਵਾਲੇ ਇਲਾਕਿਆਂ (1987 ’ਚ ਉੱਚ ਟੀ. ਵੀ. ਸਿਗਨਲ ਸ਼ਕਤੀ) ’ਚ ਸੱਭਿਆਚਾਰਕ ਪ੍ਰਥਾਵਾਂ ’ਚ ਅਹਿਮ ਤਬਦੀਲੀਆਂ ਆਈਆਂ ਜੋ ਧਾਰਮਿਕ ਪਛਾਣ ਨੂੰ ਪੱਕਿਆਂ ਕਰਨ ਦਾ ਸੰਕੇਤ ਦਿੰਦੀਆਂ ਹਨ।’
ਇਸ ਅਧਿਐਨ ’ਚ 2 ਸੱਭਿਆਚਾਰਕ ਪ੍ਰਥਾਵਾਂ ’ਤੇ ਨਜ਼ਰ ਰੱਖੀ ਗਈ-ਨਵਜਨਮੇ ਬਾਲਾਂ ਦਾ ਨਾਮਕਰਨ ਅਤੇ ਨਿਮਨ ਜਾਤੀ ਦੇ ਘਰਾਂ ’ਚ ਖੁਰਾਕ ਅਤੇ ਦੋਵਾਂ ’ਚ ਅਹਿਮ ਤਬਦੀਲੀਆਂ ਸਾਹਮਣੇ ਆਈਆਂ। ਹਿੰਦੂ ਮਾਤਾ-ਪਿਤਾ ਨਵਜਨਮੇ ਬੇਟਿਆਂ ਨੂੰ ਆਮ ਹਿੰਦੂ ਨਾਂ ਦੇਣ ਲਈ ਵੱਧ ਚਾਹਵਾਨ ਹੋ ਗਏ ਅਤੇ ਨਿਮਨ ਜਾਤੀ ਦੇ ਘਰਾਂ ’ਚ ਰੂੜੀਵਾਦੀ ਹਿੰਦੂ ਖੁਰਾਕ ਪ੍ਰਥਾਵਾਂ (ਸ਼ਾਕਾਹਾਰ ’ਚ ਲੋੜੀਂਦਾ ਵਾਧਾ) ਦਾ ਪਾਲਣ ਵਧਿਆ।
ਦੂਜਾ, ਰਾਮਾਇਣ ਤੋਂ ਵੱਧ ਪ੍ਰਭਾਵਿਤ ਇਲਾਕਿਆਂ ’ਚ 1992 ਤੱਕ ਹਿੰਦੂ-ਮੁਸਲਿਮ ਫਿਰਕੂ ਹਿੰਸਾ ’ਚ ‘ਘੱਟ ਸਮੇਂ’ ਦਾ ਵਾਧਾ ਦੇਖਿਆ ਗਿਆ ਅਤੇ ਅਖੀਰ ’ਚ, ਅਧਿਐਨ ’ਚ ਚੋਣ ਨਤੀਜਿਆਂ ’ਤੇ ‘ਲੰਬੇ ਸਮੇਂ’ ਦਾ ਪ੍ਰਭਾਵ (ਸਾਲ 2000 ਤੱਕ) ਦੇਖਿਆ ਗਿਆ, ਜਿਸ ’ਚ ਹਿੰਦੂ ਰਾਸ਼ਟਰਵਾਦੀ ਭਾਜਪਾ ਦੀ ਉਨ੍ਹਾਂ ਇਲਾਕਿਆਂ ’ਚ ਵਿਧਾਨ ਸਭਾ ਚੋਣਾਂ ਜਿੱਤਣ ਦੀ ਸੰਭਾਵਨਾ ਵੱਧ ਗਈ ਜਿਥੇ ਰਾਮਾਇਣ ਦਾ ਵੱਧ ਪ੍ਰਭਾਵ ਸੀ।
ਇਸ ਸੰਦਰਭ ’ਚ ਇਕ ਸਵਾਲ ਆਪਣੇ ਆਪ ਉੱਠਦਾ ਹੈ ਕਿ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਰਾਮਾਇਣ ਦੇ ਪ੍ਰਭਾਵ ਕਾਰਨ ਰਾਮ ਜਨਮ ਭੂਮੀ ਅੰਦੋਲਨ ਦਾ ਵੀ ਜਨਮ ਹੋ ਸਕਦਾ ਹੈ, ਜੋ ਉਸੇ ਸਮੇਂ ਜ਼ੋਰ ਫੜ ਰਿਹਾ ਸੀ? ਲੇਖਕਾਂ ਨੇ ਇਕ ਕੰਟਰੋਲ ਵੇਰੀਏਬਲ ਦੀ ਵਰਤੋਂ ਕਰਕੇ ‘ਰਾਮਾਇਣ ਪ੍ਰਭਾਵ’ ਨੂੰ ਵੱਖ ਕੀਤਾ ਹੈ।
ਇਸ ਗੱਲ ਨੂੰ ਪੁਖਤਾ ਕਰਦੇ ਹੋਏ ਕਿ ਰਾਮਾਇਣ ਦੇ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ’ਚ ਕਦੇ ਵੀ ਧਾਰਮਿਕ ਵਿਸ਼ੇ ’ਤੇ ਕੋਈ ਟੀ. ਵੀ. ਸ਼ੋਅ ਨਹੀਂ ਆਇਆ ਸੀ, ਪੇਪਰ ’ਚ ਕਿਹਾ ਗਿਆ ਹੈ ਕਿ ਰਾਮਾਇਣ ਲੜੀਵਾਰ ਧਾਰਮਿਕ ਟਿੱਪਣੀ ’ਚ ਇਕ ਕਦਮ ਸੀ। ਇਸ ਨੂੰ ਮਾਤਰਾ ਵਜੋਂ ਜ਼ਿਕਰ ਕਰਨ ਲਈ, ਲੇਖਕਾਂ ਨੇ 1980 ਤੋਂ ਭਾਰਤੀ ਜਨਤਕ ਨੈੱਟਵਰਕ ’ਤੇ ਪ੍ਰਸਾਰਿਤ ਸਾਰੇ 176 ਟੈਲੀਵਿਜ਼ਨ ਲੜੀਵਾਰਾਂ ਦਾ ਡੇਟਾ ਇਕੱਠਾ ਕੀਤਾ।
1987 ਤੋਂ ਪਹਿਲਾਂ ਕੋਈ ਧਾਰਮਿਕ ਸ਼ੋਅ ਨਹੀਂ ਸੀ। ਇਹ ਇਕ ਹੋਰ ਕਾਰਕ ਸੀ ਜਿਸ ਨੇ ਰਾਮਾਇਣ ਦੇ ਅਨੋਖੇ ਪ੍ਰਭਾਵ ਨੂੰ ਵਧਾਇਆ, ਇਹ ਦੇਖਦੇ ਹੋਏ ਕਿ ਇਸ ਦੇ ਦਰਸ਼ਕਾਂ ਦੀ ਗਿਣਤੀ ਵੀ ‘ਭਾਰਤ ’ਚ ਬੇਮਿਸਾਲ’ ਸੀ, ਅੰਦਾਜ਼ਨ 80 ਮਿਲੀਅਨ (8 ਕਰੋੜ) ਲੋਕ ਹਰੇਕ ਐਪੀਸੋਡ ਨੂੰ ਦੇਖਣ ਲਈ ਟਿਊਨ ਕਰਦੇ ਸਨ।
ਆਪਣੇ ਸਿਖਰ ’ਤੇ 100 ਮਿਲੀਅਨ ਤੋਂ ਵੱਧ ਦਰਸ਼ਕ ਇਕੋ ਵਾਰ ਰਾਮਾਇਣ ਦੇਖ ਰਹੇ ਸਨ, ਜਦਕਿ ਉਸ ਸਮੇਂ ਭਾਰਤ ’ਚ ਸਿਰਫ 30 ਮਿਲੀਅਨ (3 ਕਰੋੜ) ਟੈਲੀਵਿਜ਼ਨ ਸੈੱਟ ਸਨ। ਇਸ ਭਾਈਚਾਰਕ ਦੇਖਣ ਦੀ ਘਟਨਾ ਨਾਲ ਸਮਝਾਇਆ ਗਿਆ ਹੈ ਜਿਸ ’ਚ ਲੋਕ ਇਕ ਹੀ ਟੈਲੀਵਿਜ਼ਨ ਸੈੱਟ ਦੇ ਆਲੇ-ਦੁਆਲੇ ਵੱਡੇ ਸਮੂਹਾਂ ’ਚ ਇਕੱਠੇ ਹੁੰਦੇ ਸਨ, ਅਕਸਰ ਜਨਤਕ ਸਥਾਨਾਂ ’ਤੇ ਜਾਂ ਟੀ. ਵੀ. ਰੱਖਣ ਵਾਲੇ ਗੁਆਂਢੀਆਂ ਦੇ ਘਰਾਂ ’ਚ।
ਨਤੀਜੇ ਵਜੋਂ, ਪਹਿਲੀ ਵਾਰ ਦੇਸ਼ ਭਰ ਦੇ ਸਾਰੇ ਹਿੰਦੂਆਂ ਨੇ ਇਕ ਹੀ ਚੀਜ਼ ਦੇਖੀ ਅਤੇ ਇਕ ਹੀ ਸਮੇਂ ’ਚ ਸੁਣੀ। ਲੜੀਵਾਰ ਨੇ ਹਿੰਦੂ ਧਰਮ ’ਚ ਇਕ ਸਮੂਹਿਕ ਲਾਜ਼ਮੀਅਤਾ ਦਾ ਸਬੂਤ ਦਿੱਤਾ ਅਤੇ ਇਕ ਏਕੀਕ੍ਰਿਤ ਕਥਾ ਪ੍ਰਦਾਨ ਕੀਤੀ ਜੋ ਸਥਾਨਕ ਮਤਭੇਦਾਂ ਤੋਂ ਪਰ੍ਹੇ ਸੀ।
ਦਿਲਚਸਪ ਗੱਲ ਇਹ ਹੈ ਕਿ ਜਿਵੇਂ ਕਿ ਪੇਪਰ ਰੇਖਾਂਕਿਤ ਕਰਦਾ ਹੈ, ਲੜੀਵਾਰ ਦਾ ਸਿਆਸੀ ਪ੍ਰਭਾਵ ਸੰਭਵ ਤੌਰ ’ਤੇ ਸਰਕਾਰ ਵਲੋਂ ਅਣਕਿਆਸਿਆ ਸੀ। ਪ੍ਰਸਾਰਣ ਦੇ ਸਮੇਂ, ਰਾਸ਼ਟਰੀ ਸਰਕਾਰ ਦੀ ਅਗਵਾਈ ਕਾਂਗਰਸ ਪਾਰਟੀ ਕਰ ਰਹੀ ਸੀ ਨਾ ਕਿ ਭਾਜਪਾ।
ਅਸਲ ’ਚ ਸ਼ੋਅ ਦੇ ਨਿਰਮਾਤਾ ਰਾਮਾਨੰਦ ਸਾਗਰ ਨੂੰ ਅਧਿਕਾਰੀਆਂ ਦੇ ਭਾਰੀ ਸ਼ੱਕ ਦਾ ਸਾਹਮਣਾ ਕਰਨਾ ਪਿਆ ਅਤੇ ਪ੍ਰਸਾਰਣ ਲਈ ਮਨਜ਼ੂਰੀ ਮਿਲਣ ਲਈ ਵੱਡੇ ਪੱਧਰ ’ਤੇ ਲਾਬਿੰਗ (ਹਮਾਇਤ ਜੁਟਾਉਣੀ) ਕਰਨੀ ਪਈ।
ਰਾਮਾਇਣ ਦੇ ਪ੍ਰਸਾਰਣ ਦੀ ਕਹਾਣੀ ਉਸ ਜ਼ਿੰਮੇਵਾਰੀ ਦੀ ਸ਼ਕਤੀਸ਼ਾਲੀ ਯਾਦ ਦਿਵਾਉਂਦੀ ਹੈ ਜੋ ਕਥਾਵਾਂ ਨੂੰ ਆਕਾਰ ਦੇਣ ਦੀ ਸ਼ਕਤੀ ਨਾਲ ਆਉਂਦੀ ਹੈ ਅਤੇ ਇਸ ਦੇ ਵਿਸਥਾਰ ਨਾਲ, ਇਕ ਰਾਸ਼ਟਰ ਦੇ ਸੱਭਿਆਚਾਰਕ ਅਤੇ ਸਿਆਸੀ ਭਵਿੱਖ ਨੂੰ ਵੀ ਆਕਾਰ ਦਿੰਦੀ ਹੈ।
ਜੀ. ਸੰਪਤ