ਹਿੰਦੂ, ਦੇਸ਼ ਵਿਰੋਧੀ ਸੋਚ ਹੀ ਕਮਿਊਨਿਸਟਾਂ ਨੂੰ ਲੈ ਡੁੱਬੀ

01/22/2020 1:34:43 AM

ਵਿਸ਼ਨੂੰ ਗੁਪਤ

ਪ੍ਰਸਿੱਧ ਇਤਿਹਾਸਕਾਰ ਰਾਮਚੰਦਰ ਗੁਹਾ ਨੇ ਕਮਿਊਨਿਸਟਾਂ ਬਾਰੇ ਤਿੰਨ ਅਹਿਮ ਗੱਲਾਂ ਕਹੀਆਂ ਹਨ, ਜਿਨ੍ਹਾਂ ’ਤੇ ਮੀਡੀਆ ਵਿਚ ਗੰਭੀਰਤਾ ਨਾਲ ਚਰਚਾ ਹੋਈ ਹੈ। ਉਨ੍ਹਾਂ ਨੇ ਇਕ ਗੱਲ ਇਹ ਕਹੀ ਹੈ ਕਿ ਖੱਬੇਪੱਖੀ ਪਾਖੰਡੀ ਹਨ ਅਤੇ ਦੂਜੀ ਇਹ ਕਿ ਕਮਿਊਨਿਸਟਾਂ ਦੀ ਆਸਥਾ ਦੇਸ਼ ਪ੍ਰਤੀ ਨਹੀਂ ਹੈ, ਸਗੋਂ ਦੂਜੇ ਦੇਸ਼ਾਂ ਨਾਲ ਜੁੜੀ ਹੋਈ ਹੈ।

ਰਾਮਚੰਦਰ ਗੁਹਾ ਆਪਣੀ ਤੀਜੀ ਗੱਲ ਵਿਚ ਕਹਿੰਦੇ ਹਨ ਕਿ ਹਿੰਦੂਤਵ ਦੇ ਪਸਾਰ ਵਿਚ ਖੱਬੇਪੱਖੀਆਂ ਦਾ ਅੰਨ੍ਹਾ ਵਿਰੋਧ ਸ਼ਾਮਿਲ ਹੈ। ਕੀ ਰਾਮਚੰਦਰ ਗੁਹਾ ਦੀਆਂ ਇਹ ਤਿੰਨੋਂ ਗੱਲਾਂ ਸਹੀ ਹਨ? ਕਮਿਊਨਿਸਟਾਂ ਦਾ ਇਤਿਹਾਸ ਤਾਂ ਇਹੋ ਕਹਿੰਦਾ ਹੈ ਕਿ ਉਹ ਦੇਸ਼ ਦੀ ਸੱਭਿਅਤਾ ਨੂੰ ਕਦੇ ਵੀ ਅਪਣਾ ਨਹੀਂ ਸਕੇ, ਦੇਸ਼ ਦੀ ਸੱਭਿਅਤਾ ਨੂੰ ਕਦੇ ਪ੍ਰੇਰਕ ਨਹੀਂ ਮੰਨ ਸਕੇ। ਇੰਨਾ ਹੀ ਨਹੀਂ, ਉਨ੍ਹਾਂ ਨੇ ਦੇਸ਼ ਦੀ ਸੱਭਿਅਤਾ ਨੂੰ ਫਿਰਕਾਪ੍ਰਸਤੀ ਦਾ ਪ੍ਰਤੀਕ ਵੀ ਮੰਨ ਲਿਆ। ਜਦ ਉਨ੍ਹਾਂ ਨੇ ਦੇਸ਼ ਦੀ ਸੱਭਿਅਤਾ ਨੂੰ ਫਿਰਕਾਪ੍ਰਸਤੀ ਦਾ ਪ੍ਰਤੀਕ ਹੀ ਮੰਨ ਲਿਆ ਤਾਂ ਫਿਰ ਉਨ੍ਹਾਂ ਦਾ ਸਾਰਾ ਜ਼ੋਰ ਦੇਸ਼ ਦੀ ਸੱਭਿਅਤਾ ਨੂੰ ਨਸ਼ਟ ਕਰਨ, ਅਪਮਾਨਿਤ ਕਰਨ ਵਿਚ ਹੀ ਲੱਗਾ ਰਿਹਾ।

ਕੋਈ ਵੀ ਦੇਸ਼ ਆਪਣੀ ਸੱਭਿਅਤਾ ’ਤੇ ਰਾਜ ਕਰਦਾ ਹੈ, ਮਾਣ ਕਰਦਾ ਹੈ ਤੇ ਆਪਣੇ ਮਹਾਪੁਰਸ਼ਾਂ ’ਤੇ ਵੀ ਮਾਣ ਕਰਦਾ ਹੈ। ਅਜਿਹਾ ਰੁਝਾਨ ਭਾਰਤ ਹੀ ਨਹੀਂ, ਸਗੋਂ ਪੂਰੀ ਦੁਨੀਆ ਵਿਚ ਹੈ। ਫਿਰ ਆਪਣੀ ਹੀ ਸੱਭਿਅਤਾ ਨੂੰ ਨਸ਼ਟ ਕਰਨ ਵਾਲਿਆਂ ਅਤੇ ਨਾ ਅਪਣਾਉਣ ਵਾਲਿਆਂ ਦਾ ਸਾਥ ਦੇਸ਼ ਦੇ ਲੋਕ ਕਿਵੇਂ ਦੇਣਗੇ? ਕਮਿਊਨਿਸਟ ਭਾਰਤ ਵਿਚ ਜ਼ਰੂਰ ਤੇਜ਼ੀ ਨਾਲ ਉੱਭਰੇ ਸਨ ਪਰ ਹੁਣ ਉਹ ਹੌਲੀ-ਹੌਲੀ ਨਾ ਸਿਰਫ ਸੀਮਤ ਹੁੰਦੇ ਗਏ, ਸਗੋਂ ਅੱਜ ਤਾਂ ਉਨ੍ਹਾਂ ਦੀ ਹੋਂਦ ’ਤੇ ਹੀ ਸੰਕਟ ਦੇ ਬੱਦਲ ਮੰਡਰਾਅ ਰਹੇ ਹਨ। ਕਮਿਊਨਿਸਟਾਂ ਦੀ ਸੱਤਾ ਸਿਰਫ ਕੇਰਲ ਵਿਚ ਹੈ ਅਤੇ ਅਗਲੀਆਂ ਕੇਰਲ ਵਿਧਾਨ ਸਭਾ ਚੋਣਾਂ ਵਿਚ ਉਹ ਮੁੜ ਸੱਤਾ ਵਿਚ ਆ ਸਕਣਗੇ ਜਾਂ ਨਹੀਂ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਯੂਨੀਵਰਸਿਟੀਆਂ ਅਤੇ ਹੋਰ ਬੁੱਧੀਜੀਵੀ ਸੰਗਠਨਾਂ ਵਿਚ ਇਨ੍ਹਾਂ ਦੀ ਜੋ ਮੌਜੂਦਗੀ ਬਚੀ ਹੈ, ਉਹ ਵੀ ਕੋਈ ਦੇਸ਼ ਦੇ ਪ੍ਰੇਰਕ ਤੱਤ ਨਹੀਂ ਹਨ।

ਕਮਿਊਨਿਸਟਾਂ ਦੀਆਂ ਇਤਿਹਾਸਕ ਭੁੱਲਾਂ

ਕਮਿਊਨਿਸਟਾਂ ਦੀਆਂ ਕਰਤੂਤਾਂ ਦਾ ਇਕ ਲੰਮਾ-ਚੌੜਾ ਇਤਿਹਾਸ ਹੈ। ਕਮਿਊਨਿਸਟ ਇਸ ਨੂੰ ਮੰਨਦੇ ਵੀ ਹਨ। ਇਹ ਵੱਖਰੀ ਗੱਲ ਹੈ ਕਿ ਉਹ ਸਿੱਧੇ ਤੌਰ ’ਤੇ ਨਹੀਂ ਮੰਨਦੇ। ਆਪਣੀਆਂ ਕਰਤੂਤਾਂ ਦਾ ਬਚਾਅ ਕਰਨ ਲਈ ਇਹ ‘ਭੁੱਲ’ ਸ਼ਬਦ ਦੀ ਵਰਤੋਂ ਕਰਦੇ ਹਨ। ਆਮ ਕਮਿਊਨਿਸਟ ਕਹਿੰਦੇ ਹਨ ਕਿ ਉਨ੍ਹਾਂ ਨੇ ਕੁਝ ਇਤਿਹਾਸਕ ਭੁੱਲਾਂ ਕੀਤੀਆਂ ਹਨ, ਜਿਨ੍ਹਾਂ ਵਿਚ ਮਹਾਤਮਾ ਗਾਂਧੀ ਨੂੰ ਅੰਗਰੇਜ਼ਾਂ ਦਾ ਦਲਾਲ ਕਹਿਣਾ, ਸੁਭਾਸ਼ ਚੰਦਰ ਬੋਸ ਨੂੰ ਹਿਟਲਰ ਦਾ ਦਲਾਲ ਕਹਿਣਾ, ਭਾਰਤ ਛੱਡੋ ਅੰਦੋਲਨ ਦਾ ਵਿਰੋਧ ਕਰਨਾ, ਪਾਕਿਸਤਾਨ ਦੀ ਹਮਾਇਤ ਕਰਨਾ, ਆਜ਼ਾਦੀ ਤੋਂ ਪਹਿਲਾਂ ਹੋਏ ਦੰਗਿਆਂ ਵਿਚ ਮੁਸਲਮਾਨਾਂ ਦਾ ਸਾਥ ਦੇਣਾ, ਮੁਸਲਿਮ ਜੇਹਾਦ ਅਤੇ ਚੀਨ ਦੇ ਹਮਲੇ ਦਾ ਸਮਰਥਨ ਕਰਨਾ, ਚੀਨ ਦੀ ਹਮਲਾਵਰ ਫੌਜ ਦੇ ਸਵਾਗਤ ’ਚ ਬੈਨਰ ਲਾਉਣਾ, ਚੀਨੀ ਹਮਲੇ ਦੇ ਸਮੇਂ ਭਾਰਤੀ ਅਸਲਾ ਕਾਰਖਾਨਿਆਂ ਵਿਚ ਹੜਤਾਲ ਕਰਨਾ ਤਾਂ ਕਿ ਭਾਰਤੀ ਫੌਜ ਤਕ ਗੋਲਾ-ਬਾਰੂਦ ਅਤੇ ਹੋਰ ਹਥਿਆਰ ਨਾ ਪਹੁੰਚ ਸਕਣ।

ਇਸ ਤੋਂ ਇਲਾਵਾ ਚੀਨ ਦੇ ਤਾਨਾਸ਼ਾਹ ਮਾਓ-ਤਸੇ-ਤੁੰਗ ਨੂੰ ਆਪਣਾ ਪ੍ਰਧਾਨ ਮੰਤਰੀ, ਭਾਵ ਭਾਰਤ ਦਾ ਪ੍ਰਧਾਨ ਮੰਤਰੀ ਕਹਿਣਾ, ਇੰਦਰਾ ਗਾਂਧੀ ਵਲੋਂ ਦੇਸ਼ ਵਿਚ ਲਾਈ ਐਮਰਜੈਂਸੀ ਦਾ ਸਮਰਥਨ ਕਰਨਾ, ਕਸ਼ਮੀਰ ਵਿਚ ਇਸਲਾਮਿਕ ਅੱਤਵਾਦ ਦਾ ਸਮਰਥਨ ਕਰਨਾ, ਕਸ਼ਮੀਰ ਵਿਚ ਹਿੰਦੂਆਂ ਦੇ ਪਲਾਇਨ ਕਰਨ ਵਿਰੁੱਧ ਬੋਲਣ, ਲਿਖਣ ਵਾਲਿਆਂ ਨੂੰ ਫਿਰਕੂ ਕਹਿਣਾ ਵੀ ਕਮਿਊਨਿਸਟਾਂ ਦੀਆਂ ਭੁੱਲਾਂ ਵਿਚ ਸ਼ਾਮਿਲ ਹੈ।

ਦੋਗਲਾ ਚਰਿੱਤਰ

ਕਮਿਊਨਿਸਟਾਂ ਦਾ ਪਾਖੰਡ ਦੇਖੋ, ਇਨ੍ਹਾਂ ਦਾ ਦੋਗਲਾ ਚਰਿੱਤਰ ਦੇਖੋ। ਇਹ ਲੋਕ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਹਮੇਸ਼ਾ ਹਿਟਲਰ ਦਾ ਦਲਾਲ ਕਹਿੰਦੇ ਰਹੇ। ਉਨ੍ਹਾਂ ਨੇ ਨੇਤਾਜੀ ਦਾ ਅਪਮਾਨ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੱਤਾ ਪਰ ਇਹ ਸਟਾਲਿਨ ਵਿਰੁੱਧ ਕੁਝ ਨਹੀਂ ਬੋਲਦੇ, ਸਗੋਂ ਉਸ ਨੂੰ ਆਪਣਾ ਪ੍ਰੇਰਕ ਮਹਾਪੁਰਸ਼ ਮੰਨਦੇ ਹਨ, ਜਦਕਿ ਸਟਾਲਿਨ ਦੀ ਤਾਨਾਸ਼ਾਹੀ ਦੁਨੀਆ ’ਚ ਬਦਨਾਮ ਰਹੀ ਹੈ। ਉਸ ਨੇ ਆਪਣੇ ਲੱਖਾਂ ਵਿਰੋਧੀਆਂ ਨੂੰ ਚੁਣ-ਚੁਣ ਕੇ ਮਰਵਾਇਆ ਸੀ।

ਕਮਿਊਨਿਸਟ ਤਾਂ ਮਹਾਤਮਾ ਗਾਂਧੀ ਨੂੰ ਵੀ ਗੱਦਾਰ, ਅੰਗਰੇਜ਼ਾਂ ਦਾ ਚਮਚਾ ਕਹਿੰਦੇ ਰਹੇ ਹਨ। ਇਹ ਲੋਕ ਮਹਾਤਮਾ ਗਾਂਧੀ ਦੀ ਲੰਗੋਟੀ ਵਿਚ ਗਰੀਬ ਭਾਰਤ ਨਹੀਂ ਦੇਖ ਸਕੇ, ਗਾਂਧੀ ਦੀ ਆਮ ਆਦਮੀ ਤਕ ਪਹੁੰਚ ਨੂੰ ਨਹੀਂ ਦੇਖ ਸਕੇ ਅਤੇ ਗਾਂਧੀ ਜੀ ਦੀ ਆਜ਼ਾਦੀ ਅੰਦੋਲਨ ਵੇਲੇ ਦਿਖਾਈ ਬਹਾਦਰੀ ਨੂੰ ਨਹੀਂ ਦੇਖ ਸਕੇ। ਕਮਿਊਨਿਸਟਾਂ ਦਾ ਇਕ ਹੋਰ ਪਾਖੰਡ ਦੇਖੋ ਕਿ ਇਹ ਗਾਂਧੀ ਜੀ ਨੂੰ ਤਾਂ ਬੁਰਾ-ਭਲਾ ਕਹਿਣ ਵਿਚ ਅੱਗੇ ਰਹਿੰਦੇ ਹਨ ਪਰ ਕਈ ਵਾਰ ਆਪਣੀ ਸਹੂਲਤ ਲਈ ਗਾਂਧੀ ਦਾ ਇਸਤੇਮਾਲ ਕਰਨ ਤੋਂ ਵੀ ਪਿੱਛੇ ਨਹੀਂ ਰਹਿੰਦੇ। ਅੱਜ ਗਾਂਧੀਵਾਦੀ ਸੰਗਠਨਾਂ ’ਤੇ ਕਮਿਊਨਿਸਟਾਂ ਦਾ ਕਬਜ਼ਾ ਹੋ ਗਿਆ ਹੈ।

ਭਾਰਤ ਜਦੋਂ ਪ੍ਰਮਾਣੂ ਵਿਸਫੋਟ ਕਰਦਾ ਹੈ ਤਾਂ ਕਮਿਊਨਿਸਟ ਆਪਣੇ ਹੀ ਦੇਸ਼ ਨੂੰ ਹਿੰਸਕ ਦੱਸ ਕੇ ਅਪਮਾਨਿਤ ਕਰਦੇ ਹਨ। ਜਦੋਂ ਸ਼੍ਰੀ ਵਾਜਪਾਈ ਦੀ ਸਰਕਾਰ ਨੇ ਪ੍ਰਮਾਣੂ ਪ੍ਰੀਖਣ ਕੀਤਾ ਸੀ, ਉਦੋਂ ਕਮਿਊਨਿਸਟ ਨੇਤਾ ਸੀਤਾਰਾਮ ਯੇਚੁਰੀ ਸਮੇਤ ਹੋਰ ਕਈ ਕਮਿਊਨਿਸਟਾਂ ਨੇ ਇਸ ਨੂੰ ਹਿੰਸਕ ਨੀਤੀ ਦੱਸਿਆ ਸੀ ਅਤੇ ਕਿਹਾ ਸੀ ਕਿ ਭਾਰਤ ਦੀ ਇਹ ਕਾਰਵਾਈ ਗੁਆਂਢੀ ਦੇਸ਼ਾਂ ਨੂੰ ਡਰਾਉਣ-ਧਮਕਾਉਣ ਲਈ ਹੈ ਅਤੇ ਭਾਰਤ ਇਕ ਹਿੰਸਕ ਦੇਸ਼ ਬਣ ਗਿਆ ਹੈ।

ਠੀਕ ਉਸੇ ਸਮੇਂ ਉੱਤਰੀ ਕੋਰੀਆ ਨੇ ਵੀ ਪ੍ਰਮਾਣੂ ਵਿਸਫੋਟ ਕੀਤਾ ਸੀ ਪਰ ਉਸ ’ਤੇ ਕਮਿਊਨਿਸਟਾਂ ਦੀ ਧਾਰਨਾ ਬਦਲ ਗਈ ਸੀ। ਉਦੋਂ ਕਮਿਊਨਿਸਟਾਂ ਨੇ ਕਿਹਾ ਸੀ ਕਿ ਅਜਿਹਾ ਕਰਨਾ ਉੱਤਰੀ ਕੋਰੀਆ ਦਾ ਆਪਣਾ ਅਧਿਕਾਰ ਹੈ, ਉਹ ਆਪਣੀਆਂ ਲੋੜਾਂ ਮੁਤਾਬਿਕ ਅਤੇ ਸੁਰੱਖਿਆ ਦੇ ਮੱਦੇਨਜ਼ਰ ਅਜਿਹਾ ਕਰਨ ਲਈ ਆਜ਼ਾਦ ਹਨ। ਵਾਰ-ਵਾਰ ਬੰਬ ਧਮਾਕੇ ਕਰਨ ਵਾਲੇ ਚੀਨ ਨੂੰ ਕਮਿਊਨਿਸਟ ਕਦੇ ਵੀ ਹਿੰਸਕ ਦੇਸ਼ ਨਹੀਂ ਕਹਿੰਦੇ।

ਕਸ਼ਮੀਰ ’ਚੋਂ ਹਿੰਦੂਆਂ ਨੂੰ ਪਲਾਇਨ ਕਰਨ ਲਈ ਮਜਬੂਰ ਕੀਤਾ ਗਿਆ, ਹਿੰਸਕ ਕਹਿਰ ਢਾਹਿਆ ਗਿਆ, ਹਜ਼ਾਰਾਂ ਹਿੰਦੂ ਔਰਤਾਂ ਦੀ ਇੱਜ਼ਤ ਲੁੱਟੀ ਗਈ ਪਰ ਕਮਿਊਨਿਸਟਾਂ ਨੇ ਇਸ ਦਾ ਕਦੇ ਵਿਰੋਧ ਨਹੀਂ ਕੀਤਾ। ਇਹ ਉਨ੍ਹਾਂ ਦੀ ਇਸਲਾਮਿਕ ਸੋਚ ਨੂੰ ਦਰਸਾਉਂਦਾ ਹੈ। ਕਸ਼ਮੀਰ ਵਿਚ ਇਸਲਾਮੀ ਰਾਜ ਲਈ ਜੇਹਾਦ ਜਾਰੀ ਹੈ, ਇਹ ਕੌਣ ਨਹੀਂ ਜਾਣਦਾ ਪਰ ਕਸ਼ਮੀਰ ਦੇ ਹਿੰਦੂ ਸ਼ਰਨਾਰਥੀਆਂ ਦੀ ਗੱਲ ਕਰਨ ਵਾਲੇ ਹਿੰਦੂ ਸੰਗਠਨਾਂ ਨੂੰ ਕਮਿਊਨਿਸਟ ਦੰਗਾਕਾਰੀ ਅਤੇ ਫਿਰਕੂ ਕਹਿਣਾ ਨਹੀਂ ਭੁੱਲਦੇ। ਇਨ੍ਹਾਂ ਨੂੰ ਹਰੇਕ ਭਗਵਾਧਾਰੀ ਹਿੰਸਕ ਅਤੇ ਫਿਰਕੂ ਲੱਗਦਾ ਹੈ।

ਇਸਲਾਮ ਕਾਰਣ ਦੇਸ਼ ਦੀ ਵੰਡ ਹੋਈ। ਇਸਲਾਮ ਨੂੂੰ ਮੰਨਣ ਵਾਲੇ ਮਜ਼ਹਬ ਦੇ ਨਾਂ ’ਤੇ ਪਾਕਿਸਤਾਨ ਬਣਵਾਇਆ ਗਿਆ ਪਰ ਕਮਿਊਨਿਸਟਾਂ ਨੂੰ ਇਸ ਵਿਚ ਕੋਈ ਫਿਰਕਾਪ੍ਰਸਤੀ ਨਜ਼ਰ ਨਹੀਂ ਆਉਂਦੀ। ਹਿੰਦੂਤਵ ਦਾ ਵਿਰੋਧ ਕਰਨਾ ਇਨ੍ਹਾਂ ਦੀ ਪਸੰਦੀਦਾ ਖੇਡ ਹੈ। ਹਿੰਦੂਤਵ ਦਾ ਇਨ੍ਹਾਂ ਨੇ ਇੰਨਾ ਵਿਰੋਧ ਕੀਤਾ ਕਿ ਇਹ ਕਦਮ ਹੀ ਕਮਿਊਨਿਸਟਾਂ ਦੀ ਬਰਬਾਦੀ ਦਾ ਕਾਰਣ ਬਣ ਗਿਆ। ਪੱਛਮੀ ਬੰਗਾਲ ਅਤੇ ਤ੍ਰਿਪੁਰਾ ਤਕ ਵਿਚ ਇਨ੍ਹਾਂ ਦਾ ਸਫਾਇਆ ਹੋ ਗਿਆ। ਹਿੰਦੂਤਵ ਦੀ ਅੱਜ ਜੋ ਤਾਕਤ ਵਧੀ ਹੈ, ਉਸ ਪਿੱਛੇ ਕਮਿਊਨਿਸਟਾਂ ਦੇ ਅੰਨ੍ਹੇ ਵਿਰੋਧ ਦੀ ਹੀ ਤਾਕਤ ਹੈ।

ਹੁਣ ਤਾਂ ਕਮਿਊਨਿਸਟ ਸਿਰਫ ਯੂੂਨੀਵਰਸਿਟੀਆਂ ਅਤੇ ਅਖੌਤੀ ਐੱਨ. ਜੀ. ਓ. ਛਾਪ ਬੁੱਧੀਜੀਵੀਆਂ ਤਕ ਹੀ ਸੀਮਤ ਰਹਿ ਗਏ ਹਨ। ਯੂਨੀਵਰਸਿਟੀਆਂ ਵਿਚ ਵੀ ਇਨ੍ਹਾਂ ਨੂੰ ਹੁਣ ਰਾਸ਼ਟਰਵਾਦੀ ਵਿਦਿਆਰਥੀ ਸਮੂਹਾਂ ਤੋਂ ਚੁਣੌਤੀ ਮਿਲ ਰਹੀ ਹੈ। ‘ਟੁਕੜੇ-ਟੁਕੜੇ ਗੈਂਗ’ ਕਾਰਣ ਵੀ ਇਨ੍ਹਾਂ ਦਾ ਅਕਸ ਸ਼ੱਕੀ ਬਣਿਆ ਹੋਇਆ ਹੈ। ਇਨ੍ਹਾਂ ਦੀ ਭਰੋਸੇਯੋਗਤਾ ਵੀ ਹੁਣ ਖਤਮ ਹੋਣ ਕੰਢੇ ਹੈ। ਫਿਰ ਵੀ ਕਮਿਊਨਿਸਟ ਆਪਣਾ ਪਾਖੰਡ ਛੱਡਣ ਲਈ ਤਿਆਰ ਨਹੀਂ।

(guptvishnu@gmail.com)


Bharat Thapa

Content Editor

Related News