ਡਿਜੀਟਲ ਯੁੱਗ ’ਚ ਡਗਮਗਾਉਂਦੀ ਹਿੰਦੀ ਨੂੰ ਚਮਕਾਉਣਾ ਹੋਵੇਗਾ

09/14/2021 3:59:49 AM

ਦੇਵੇਂਦਰ ਰਾਜ ਸੁਥਾਰ
ਹਿੰਦੀ ਭਾਸ਼ਾ ਨਸ਼ੀਲੀ, ਦਿਲ ਖਿੱਚਵੀਂ ਅਤੇ ਮਨ ਨੂੰ ਮੋਹ ਲੈਣ ਵਾਲੀ ਹੈ। ਇਹੀ ਕਾਰਨ ਹੈ ਕਿ ਰੂਸ ਦੇ ਵਰਾਨੀਕੋਵ ਅਤੇ ਬੈਲਜੀਅਮ ਦੇ ਬੁਲਕੇ ਭਾਰਤ ਆ ਕੇ ਹਿੰਦੀ ਨੂੰ ਸਮਰਪਿਤ ਹੋ ਗਏ। ਬੋਲਣ ਨੂੰ ਤਾਂ ਫ੍ਰੈਂਚ ਵੀ ਇਕ ਭਾਸ਼ਾ ਹੈ ਪਰ ਦਿਲਖਿੱਚਵੀਂ ਅਤੇ ਮਨ ਮੋਹ ਲੈਣ ਵਾਲੀ ਨਹੀਂ। ਇਟਾਲੀਅਨ ਭਾਸ਼ਾ ਦਿਲਖਿੱਚਵੀਂ ਹੈ ਪਰ ਨਸ਼ੀਲੀ ਅਤੇ ਮੋਹਕ ਨਹੀਂ। ਚੀਨੀ ਭਾਸ਼ਾ ਨਾ ਤਾਂ ਨਸ਼ੀਲੀ ਹੈ, ਨਾ ਦਿਲਖਿੱਚਵੀਂ ਅਤੇ ਨਾ ਹੀ ਮੋਹਕ। ਆਪਣੇਪਨ ਦੀ ਜਿਹੜੀ ਖੁਸ਼ਬੂ ਹਿੰਦੀ ਕੋਲ ਹੈ, ਉਹ ਹੋਰ ਕਿਸੇ ਵੀ ਭਾਸ਼ਾ ਕੋਲ ਨਹੀਂ ਹੈ। ਇਸ ਦੇ ਬਾਵਜੂਦ ਹਿੰਦੀ ਦਾ ਅਨਾਦਰ ਹੋ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਜਿਸ ਤਰ੍ਹਾਂ ਕੁਝ ਲੋਕਾਂ ਨੂੰ ਖੁਸ਼ਬੂ ਤੋਂ ਐਲਰਜੀ ਹੁੰਦੀ ਹੈ, ਉਸੇ ਤਰ੍ਹਾਂ ਭਾਰਤ ’ਚ ਕਥਿਤ ਅਭਿਜਾਤ ਵਰਗ ਹੈ, ਜਿਸ ਦੀਆਂ ਨਾਸਾਂ ਹਿੰਦੀ ਦੀ ਐਲਰਜੀ ਦੀ ਖੁਸ਼ਬੂ ਕਾਰਨ ਫੜਕਣ ਲੱਗਦੀਆਂ ਹਨ। ਮਾਂ ਬੋਲੀ ਜਦੋਂ ਸਿਰਫ ਕੁਝ ਲੋਕਾਂ ਦੀ ਭਾਸ਼ਾ ਬਣ ਕੇ ਰਹਿ ਜਾਏ ਤਾਂ ਉਸ ਦਾ ਕਿਵੇਂ ਅਤੇ ਕਿੰਨਾ ਵਿਕਾਸ ਹੋਵੇਗਾ, ਇਹ ਚਿੰਤਾਜਨਕ ਹੈ।

ਸਾਡਾ ਦੇਸ਼ ਲੰਬੇ ਸਮੇਂ ਤਕ ਅੰਗਰੇਜ਼ਾਂ ਦਾ ਗੁਲਾਮ ਰਿਹਾ। ਸਪੱਸ਼ਟ ਜਿਹੀ ਗੱਲ ਹੈ ਕਿ ਗੁਲਾਮ ਦੇਸ਼ ਕੋਲ ਆਪਣੀ ਕੋਈ ਸਰਕਾਰੀ ਜਾਂ ਰਾਸ਼ਟਰ ਭਾਸ਼ਾ ਨਹੀਂ ਹੁੰਦੀ। ਇਕ ਦੇਸ਼ ਬਿਨਾਂ ਭਾਸ਼ਾ ਤੋਂ ਗੂੰਗੇ, ਅਪਾਹਿਜ ਵਾਂਗ ਹੁੰਦਾ ਹੈ। ਉਹ ਆਪਣੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਦੇਖਦਾ ਹੈ ਪਰ ਬੋਲ ਨਹੀਂ ਸਕਦਾ। ਖੂਨ ਨਾ ਲਿਬੜੀ ਕ੍ਰਾਂਤੀ ਤੋਂ ਬਾਅਦ ਜਦੋਂ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ ਤਾਂ ਇਸ ਤੋਂ ਕੁਝ ਸਾਲਾਂ ਬਾਅਦ 14 ਸਤੰਬਰ 1949 ਨੂੰ ਸੰਵਿਧਾਨ ਸਭਾ ਨੇ ਇਕ ਰਾਏ ਨਾਲ ਇਹ ਫੈਸਲਾ ਕੀਤਾ ਕਿ ਹਿੰਦੀ ਹੀ ਭਾਰਤ ਦੀ ਸਰਕਾਰੀ ਭਾਸ਼ਾ ਹੋਵੇਗੀ। ਇਸ ਅਹਿਮ ਫੈਸਲੇ ਦੀ ਅਹਿਮੀਅਤ ’ਤੇ ਅਮਲ ਕਰਨ ਅਤੇ ਹਿੰਦੀ ਨੂੰ ਹਰ ਖੇਤਰ ’ਚ ਪ੍ਰਸਾਰਿਤ ਕਰਨ ਲਈ ਰਾਸ਼ਟਰ ਭਾਸ਼ਾ ਪ੍ਰਚਾਰ ਕਮੇਟੀ, ਵਰਧਾ ਦੀ ਬੇਨਤੀ ’ਤੇ 1953 ਤੋਂ ਪੂਰੇ ਭਾਰਤ ’ਚ 14 ਸਤੰਬਰ ਨੂੰ ਹਿੰਦੀ ਦਿਵਸ ਮਨਾਇਆ ਜਾਣ ਲੱਗਾ। ਭਾਰਤੀ ਸੰਵਿਧਾਨ ਦੇ ਹਿੱਸੇ 17 ਦੇ ਅਧਿਆਏ ਦੀ ਧਾਰਾ 343 (1) ’ਚ ਦਰਜ ਹੈ- ਸੰਘ ਦੀ ਸਰਕਾਰੀ ਭਾਸ਼ਾ ਹਿੰਦੀ ਅਤੇ ਲਿਪੀ ਦੇਵਨਾਗਰੀ ਹੋਵੇਗੀ। ਗੂੰਗੇ ਰਾਸ਼ਟਰ ਕੋਲ ਹੁਣ ਆਪਣੇ ਵਿਚਾਰ ਪ੍ਰਗਟ ਕਰਨ ਲਈ ਹਿੰਦੀ ਭਾਸ਼ਾ ਅਧਿਕਾਰਿਤ ਤੌਰ ’ਤੇ ਇਕ ਮਜ਼ਬੂਤ ਮਾਧਿਅਮ ਬਣੀ। ਅਜਿਹੀ ਗੱਲ ਵੀ ਨਹੀਂ ਕਿ ਆਜ਼ਾਦੀ ਤੋਂ ਪਹਿਲਾਂ ਦੇਸ਼ ’ਚ ਹਿੰਦੀ ਦੀ ਵਰਤੋਂ ਸਿਫਰ ਸੀ ਪਰ ਹਿੰਦੀ ਭਾਰਤ ਨੂੰ ਆਜ਼ਾਦ ਕਰਵਾਉਣ ’ਚ ਇਕ ਫੌਜੀ ਵਾਂਗ ਲੜੀ ਅਤੇ ਇਸ ਦੀ ਵਰਤੋਂ ਉਸ ਸਮੇਂ ਵੀ ਸਭ ਤੋਂ ਵਧ ਸੀ।

ਪਰ ਸਮੇਂ ਦੀ ਕਰਵਟ ਦੇ ਨਾਲ ਹਿੰਦੀ ਦਾ ਦਾਇਰਾ ਸੁੰਨਾ ਹੁੰਦਾ ਗਿਆ। ਲੋਕ ਅੰਗਰੇਜ਼ੀ ਨੂੰ ਭੁਲਾਉਣ ਦੀ ਬਜਾਏ ਉਸ ਦੇ ਹੋਰ ਵੀ ਦੀਵਾਨੇ ਹੁੰਦੇ ਚਲੇ ਗਏ। ਮਾਂ ਦੀ ਥਾਂ ਮੰਮੀ ਅਤੇ ਪਿਤਾ ਦੀ ਥਾਂ ਡੈਡ ਹੋ ਗਿਆ ਅਤੇ ਫਿਰ ਹਿੰਦੀ ਨੂੰ ਇਕ ਦਿਨ ਦੀ ਭਾਸ਼ਾ ਬਣਾ ਕੇ ਇਸ ਤਰ੍ਹਾਂ ਯਾਦ ਕੀਤਾ ਜਾਣ ਲਾਗਾ ਕਿ ਜਿਵੇਂ ਕਿਸੇ ਦੀ ਬਰਸੀ ਹੋਵੇ। ਅਸਲ ’ਚ ਅਸੀਂ ਆਪਣੀ ਭਾਸ਼ਾ ਦੇ ਮਾਣ ਤੋਂ ਅਨਜਾਣ ਹਾਂ। ਇਸ ਦੀ ਕੀਮਤ ਅਸੀਂ ਭੁੱਲ ਚੁੱਕੇ ਹਾਂ। ਅੱਜ ਹਿੰਦੀ ਵਾਸੀਆਂ ਨੂੰ ਅੰਗਰੇਜ਼ੀ ਦੀ ਗਾਲ੍ਹ ਵੀ ਚੰਗੀ ਲੱਗਦੀ ਹੈ। ਅਸਲ ’ਚ ਸੁੰਦਰਤਾ ਅਤੇ ਖੁਸ਼ਬੂ ਨਾਲ ਭਰਪੂਰ ਹਿੰਦੀ ਦਾ ਯਸ਼ ਮਿਟਦਾ ਜਾ ਰਿਹਾ ਹੈ। ਹਾਲਤ ਇਹ ਹੈ ਕਿ ਅਸੀਂ ਹਿੰਦੀ ਨੂੰ ਕੁਲੀਆਂ ਦੀ ਅਤੇ ਅੰਗਰੇਜ਼ੀ ਨੂੰ ਕੁਲੀਨਾਂ ਦੀ ਭਾਸ਼ਾ ਮੰਨਦੇ ਹਾਂ। ਦੇਸ਼ ਆਜ਼ਾਦ ਹੈ ਪਰ ਵਿਚਾਰਕ ਅਤੇ ਮਾਨਸਿਕ ਪੱਖੋਂ ਅਸੀਂ ਅੱਜ ਵੀ ਦਾਸ ਹਾਂ। ਇਸੇ ਕਾਰਨ ਹਿੰਦੀ ਨੂੰ ਕੂੜੇ-ਕਰਕਟ ਦਾ ਢੇਰ ਅਤੇ ਅੰਗਰੇਜ਼ੀ ਨੂੰ ਅੰਮ੍ਰਿਤ-ਸਾਗਰ ਸਮਝਣ ਦੀ ਸਾਡੀ ਮਾਨਤਾ ਅਜੇ ਵੀ ਨਹੀਂ ਬਦਲੀ। ਸਵਾਲ ਇਹ ਹੈ ਕਿ ਹਿੰਦੀ ਪ੍ਰੀਤ ਹੀਨਤਾ ਬੋਧ ਰਾਸ਼ਟਰ ਨੂੰ ਕੀ ਤਰੱਕੀ ਦੇ ਸਿਖਰ ’ਤੇ ਲਿਜਾਏਗੀ? ਯਾਦ ਰਹੇ ਕਿ ਕੋਈ ਰਾਸ਼ਟਰ ਆਪਣੀ ਭਾਸ਼ਾ ਦਾ ਆਦਰ ਕੀਤੇ ਬਿਨਾਂ ਵਿਕਸਿਤ ਅਤੇ ਖੁਸ਼ਹਾਲ ਨਹੀਂ ਹੋ ਸਕਦਾ।

ਅੱਜ ਭਾਰਤ ਹੀ ਨਹੀਂ ਹੋਰ ਦੇਸ਼ ਵੀ ਹਿੰਦੀ ਭਾਸ਼ਾ ਨੂੰ ਅਪਣਾ ਰਹੇ ਹਨ ਤਾਂ ਫਿਰ ਅਸੀਂ ਦੇਸ਼ ’ਚ ਰਹਿ ਕੇ ਵੀ ਆਪਣੀ ਭਾਸ਼ਾ ਨੂੰ ਹੱਲਾਸ਼ੇਰੀ ਦੇਣ ਦੀ ਬਜਾਏ ਉਸ ਨੂੰ ਖਤਮ ਕਰਨ ’ਤੇ ਤੁਲੇ ਹੋਏ ਹਾਂ। ਦੁਨੀਆ ’ਚ ਕਈ ਦੇਸ਼ ਜਿਵੇਂ ਇੰਗਲੈਂਡ, ਅਮਰੀਕਾ, ਜਾਪਾਨ ਅਤੇ ਜਰਮਨ ਆਦਿ ਆਪਣੀ ਭਾਸ਼ਾ ’ਤੇ ਮਾਣ ਮਹਿਸੂਸ ਕਰਦੇ ਹਨ ਤਾਂ ਅਸੀਂ ਕਿਉਂ ਨਹੀਂ?

ਸਾਨੂੰ ਸਮਝਣਾ ਹੋਵੇਗਾ ਕਿ ਭਾਸ਼ਾ ਦਾ ਬਹੁਤ ਵੱਡਾ ਬਾਜ਼ਾਰ ਹੁੰਦਾ ਹੈ। ਇਸ ’ਚ ਸਿਰਫ ਕਿਤਾਬਾਂ ਅਤੇ ਨਾਵਲ ਹੀ ਨਹੀਂ, ਉਦਯੋਗ, ਕਲਾ, ਵਿਗਿਆਪਨ, ਅਖਬਾਰ, ਟੀ. ਵੀ. ਪ੍ਰੋਗਰਾਮ, ਫਿਲਮਾਂ, ਸੈਰ-ਸਪਾਟਾ, ਸੰਸਕ੍ਰਿਤੀ, ਧਰਮ, ਖਾਣ-ਪੀਣ, ਰਹਿਣ-ਸਹਿਣ, ਵਿਚਾਰਧਾਰਾ, ਅੰਦੋਲਨ ਅਤੇ ਸਿਆਸਤ ਵੀ ਸ਼ਾਮਲ ਹੈ। ਜੇ ਇਕ ਸਾਲ ਦੇ ਲਈ ਹੀ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਅੰਗਰੇਜ਼ੀ ’ਤੇ ਰੋਕ ਲਗਾ ਦੇਣ ਤਾਂ ਅਮਰੀਕਾ ਅਤੇ ਇੰਗਲੈਂਡ ਦੀ ਅਰਥਵਿਵਸਥਾ ਡਗਮਗਾ ਸਕਦੀ ਹੈ। ਭਾਰਤ ’ਚ ਅੰਗਰੇਜ਼ੀ ਜਿੰਨੀ ਫਾਇਦੇਮੰਦ ਭਾਰਤੀਆਂ ਲਈ ਮੰਨੀ ਜਾਂਦੀ ਹੈ, ਉਸ ਤੋਂ ਹਜ਼ਾਰ ਗੁਣਾ ਵਧ ਲਾਭ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਕੈਨੇਡਾ ਲਈ ਭਾਰਤ ਤੋਂ ਕਮਾ ਲੈਂਦੀ ਹੈ। ਕਦੇ ਸੋਚਿਆ ਹੈ ਕਿ ਆਪਣੀ ਵਿਸ਼ਾਲ ਪੁਰਾਤਨ ਸੰਸਕ੍ਰਿਤੀ ਦੇ ਹੁੰਦਿਆਂ ਭਾਰਤ ਦੇ ਲੋਕ ਇਕ ਛੋਟੇ ਜਿਹੇ ਦੇਸ਼ ਇੰਗਲੈਂਡ ਨੂੰ ਮਹਾਨ ਕਿਉਂ ਮੰਨਦੇ ਹਨ ਜਦੋਂ ਕਿ ਉਸ ਦੇ ਗੁਆਂਢੀ ਫਰਾਂਸ, ਜਰਮਨ, ਹਾਲੈਂਡ, ਸਪੇਨ, ਪੁਰਤਗਾਲ ਅਤੇ ਇਟਲੀ ਆਦਿ ਉਸ ਦੀ ਵਧੇਰੇ ਪ੍ਰਵਾਹ ਨਹੀਂ ਕਰਦੇ।

ਇਸ ਦਾ ਕਾਰਨ ਇਹ ਹੈ ਕਿ ਅਸੀਂ ਇੰਗਲੈਂਡ ਦੀ ਭਾਸ਼ਾ ਨੂੰ ਮਹਾਨ ਮੰਨ ਲਿਆ ਪਰ ਉਸ ਦੇ ਗੁਆਂਢੀ ਦੇਸ਼ਾਂ ਨੇ ਨਹੀਂ ਮੰਨਿਆ। ਅੱਜ ਭਾਸ਼ਾ ਨੂੰ ਲੈ ਕੇ ਸੰਵੇਦਨਸ਼ੀਲ ਅਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਇਸ ਸਵਾਲ ’ਤੇ ਵੀ ਸੋਚਣਾ ਚਾਹੀਦਾ ਹੈ ਕਿ ਕੀ ਅੰਗਰੇਜ਼ੀ ਦਾ ਕੱਦ ਘੱਟ ਕਰਕੇ ਹੀ ਹਿੰਦੀ ਦਾ ਮਾਣ ਵਧਾਇਆ ਜਾ ਸਕਦਾ ਹੈ?

ਜਿਹੜੇ ਹਿੰਦੀ ਕਬੀਰ, ਤੁਲਸੀ, ਬਾਬਾ ਨਾਨਕ ਅਤੇ ਮੀਰਾ ਦੇ ਸ਼ਬਦਾਂ ਅਤੇ ਭਜਨਾਂ ਤੋਂ ਹੁੰਦੀ ਹੋਈ ਪ੍ਰੇਮਚੰਦ, ਪ੍ਰਸਾਦ, ਪੰਤ ਅਤੇ ਨਿਰਾਲਾ ਨੂੰ ਬੰਨ੍ਹਦੀ ਹੋਈ ਭਾਰਤੇਂਦੂ ਹਰੀਸ਼ਚੰਦਰ ਤਕ ਸਰਿਤਾ ਵਾਂਗ ਕਲਕਲ ਵਗਦੀ ਰਹੀ, ਅੱਜ ਉਸ ਦੇ ਰਾਹ ’ਚ ਅਟਕਲਾਂ ਕਿਉਂ ਹਨ? ਅਫਸੋਸ ਇਸ ਗੱਲ ਦਾ ਵੀ ਹੈ ਕਿ ਅਸੀਂ ਹਿੰਦੀ ਦਾ ਮਾਣ ਵਧਾਉਣ ਲਈ ਵਚਨਬੱਧ ਤਾਂ ਹਾਂ ਪਰ ਨਵਭਾਰਤ ਨਹੀਂ, ਨਿਊ ਇੰਡੀਆ ’ਚ।

ਜੇ ਅਸੀਂ ਦੇਸ਼ ਦਾ ਅਸਲ ਕਾਇਆਕਲਪ ਕਰਨਾ ਚਾਹੁੰਦੇ ਹਾਂ ਤਾਂ ਹਿੰਦੀ ਨੂੰ ਉਸ ਦੀ ਸ਼ਾਨ ਵਾਪਸ ਦੇਣੀ ਹੋਵੇਗੀ। ਡਿਜੀਟਲ ਇੰਡੀਆ ਦੇ ਇਸ ਯੁੱਗ ’ਚ ਡਗਮਗਾਉਂਦੀ ਹਿੰਦੀ ਨੂੰ ਚਮਕਾਉਣਾ ਹੋਵੇਗਾ। ਤਕਨੀਕੀ ਅਤੇ ਵਿਗਿਆਨਿਕ ਦੌਰ ’ਚ ਹਿੰਦੀ ਦੇ ਲਈ ਅਸਿੱਧੇ ਢੰਗ ਨਾਲ ਮਜਬੂਰੀ ਜ਼ਰੂਰੀ ਕਰਨੀ ਹੋਵੇਗੀ। ਉਦਾਹਰਣ ਵਜੋਂ ਗੂਗਲ ਵਰਗੇ ਵੱਡੇ ਸਰਚ ਇੰਜਣ ਨੂੰ ਹੀ ਲੈ ਲਓ, ਇਸ ’ਤੇ ਸਰਚ ਕਰਨ ਤੋਂ ਬਾਅਦ 90 ਫੀਸਦੀ ਨਤੀਜੇ ਅੰਗਰੇਜ਼ੀ ’ਚ ਆਉਂਦੇ ਹਨ ਜਦੋਂ ਕਿ ਇਸ ਦੇ ਉਲਟ 90 ਫੀਸਦੀ ਨਤੀਜੇ ਹਿੰਦੇ ’ਚ ਲਿਆਉਣੇ ਹੋਣਗੇ।

ਸਰਕਾਰੀ ਵੈੱਬਸਾਈਟ ਨੂੰ ਹਿੰਦੀ ’ਚ ਰੂਪਾਂਤਰਿਤ ਕਰਨ ਤੋਂ ਲੈ ਕੇ ਆਨ ਜਾਂ ਆਫਲਾਈਨ ਫਾਰਮ ਸਭ ਨੂੰ ਹਿੰਦੀ ’ਚ ਤਬਦੀਲ ਕਰਨਾ ਜਾਂ ਇਨ੍ਹਾਂ ਦਾ ਨਵੀਨੀਕਰਨ ਕਰਨਾ ਇਸ ਦਿਸ਼ਾ ’ਚ ਇਕ ਸਾਰਥਿਕ ਕਦਮ ਹੋਵੇਗਾ। ਇਸ ਤਰ੍ਹਾਂ ਕਈ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਮਨ ਤੋਂ ਕੀਤੀਆਂ ਜਾਣ ਤਾਂ ਹਿੰਦੀ ਪ੍ਰਤੀ ਇਕ ਸੁਖਾਵਾਂ ਮਾਹੌਲ ਤਿਆਰ ਕੀਤਾ ਜਾ ਸਕਦਾ ਹੈ।


Bharat Thapa

Content Editor

Related News