ਮੰਦਰ ’ਤੇ ਭਾਰੀ ਮੰਡਲ

Saturday, Jun 08, 2024 - 06:31 PM (IST)

ਮੰਦਰ ’ਤੇ ਭਾਰੀ ਮੰਡਲ

2024 ਦੀਆਂ ਆਮ ਚੋਣਾਂ ’ਚ ਉੱਤਰ ਪ੍ਰਦੇਸ਼ ’ਚ ‘ਇੰਡੀਆ’ ਬਲਾਕ ਦਾ ਸ਼ਾਨਦਾਰ ਪ੍ਰਦਰਸ਼ਨ ਐੱਨ. ਡੀ. ਏ. ਦੇ 300 ਦੇ ਅੰਕੜੇ ਤੋਂ ਹੇਠਾਂ ਰਹਿਣ ਅਤੇ ਭਾਜਪਾ ਦੇ ਆਪਣੇ ਦਮ ’ਤੇ ਬਹੁਮਤ ਹਾਸਲ ਕਰਨ ’ਚ ਨਾਕਾਮ ਰਹਿਣ ਦਾ ਇਕ ਪ੍ਰਮੁੱਖ ਕਾਰਨ ਹੈ। ਨੇੜਲੇ ਮੁਕਾਬਲੇ ’ਚ ਹੋਈਆਂ ਚੋਣਾਂ ’ਚ ਉੱਤਰ ਪ੍ਰਦੇਸ਼ ’ਚ ‘ਇੰਡੀਆ’ ਬਲਾਕ 43 ਸੀਟਾਂ ਜਿੱਤਣ ’ਚ ਸਫਲ ਰਿਹਾ, ਜਦਕਿ ਐੱਨ. ਡੀ. ਏ. ਨੂੰ 36 ਸੀਟਾਂ ਮਿਲੀਆਂ। ਸਪਾ ਨੂੰ 37, ਕਾਂਗਰਸ ਨੂੰ 6 ਅਤੇ ਭਾਜਪਾ ਨੂੰ 33 ਸੀਟਾਂ ਮਿਲੀਆਂ। ਨਤੀਜੇ ਹੈਰਾਨ ਕਰਨ ਵਾਲੇ ਸਨ ਕਿਉਂਕਿ ਯੂ. ਪੀ. ਰੂੜੀਵਾਦੀ ‘ਹਿੰਦੀ ਪੱਟੀ ਵਾਲਾ ਖੇਤਰ’ ਹੈ ਜਿੱਥੇ ਨਰਿੰਦਰ ਮੋਦੀ ਦੇ ਤਹਿਤ ਹਿੰਦੂਤਵ ਵਿਚਾਰਧਾਰਾ ਦੀਆਂ ਜੜ੍ਹਾਂ ਡੂੰਘੀਆਂ ਹੋ ਗਈਆਂ ਹਨ।

ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਭਾਜਪਾ ਨੂੰ ਯੂ. ਪੀ. ’ਚ 2019 ਦਾ ਪ੍ਰਦਰਸ਼ਨ ਦੁਹਰਾਉਣ ਦਾ ਭਰੋਸਾ ਸੀ ਪਰ ਜਿਵੇਂ-ਜਿਵੇਂ ਚੋਣਾਂ ਅੱਗੇ ਵਧੀਆਂ, ਘੱਟ ਵੋਟਿੰਗ, ਮੋਦੀ ਸਮਰਥਕ ਲਹਿਰ ਦੀ ਕਮੀ ਅਤੇ ਸਥਾਨਕ ਮੁੱਦਿਆਂ ਦੇ ਕੇਂਦਰ ’ਚ ਪਹੁੰਚਣ ਨਾਲ ਇਹ ਸਪੱਸ਼ਟ ਹੋ ਗਿਆ ਕਿ ਭਾਜਪਾ ਨੂੰ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ। ਅਸਲ ’ਚ ਪਿਛਲੇ ਕੁਝ ਸਾਲਾਂ ’ਚ ਯੂ. ਪੀ. ’ਚ ਕਈ ਮਹੱਤਵਪੂਰਨ ਵਿਕਾਸ ਜਿਨ੍ਹਾਂ ’ਤੇ ਬਣਦਾ ਧਿਆਨ ਨਹੀਂ ਦਿੱਤਾ ਗਿਆ ਹੈ, ਨਤੀਜਿਆਂ ਦੇ ਪਿੱਛੇ ਦਾ ਇਕ ਵੱਡਾ ਕਾਰਨ ਹੈ। ਮੁੜ ਸੁਰਜੀਤ ਹੋਈ ਸਪਾ ਵੱਲੋਂ ‘ਇੰਡੀਆ’ ਬਲਾਕ ਦਾ ਗਠਨ, ਰਾਹੁਲ ਗਾਂਧੀ ਦਾ ਬਿਹਤਰ ਅਕਸ, ਯੋਗੀ ਆਦਿੱਤਿਆਨਾਥ ਸਰਕਾਰ ਦੇ ਨਾਲ ਖਾਸ ਤੌਰ ’ਤੇ ਦਲਿਤ ਭਾਈਚਾਰੇ ਅਤੇ ਓ. ਬੀ. ਸੀ. ਦੇ ਵਰਗਾਂ ਦੇ ਵਿਚਾਲੇ ਵਧਦੀ ਬੇਚੈਨੀ ਅਤੇ ਸਭ ਤੋਂ ਮਹੱਤਵਪੂਰਨ ਗੱਲ ਯੂ. ਪੀ. ਦੀ ਅਰਥਵਿਵਸਥਾ ਦੀ ਖਰਾਬ ਹਾਲਤ, ਜਿਸ ਨੇ ਗਰੀਬ ਅਤੇ ਵਾਂਝੇ ਵਰਗਾਂ ’ਤੇ ਖਰਾਬ ਅਸਰ ਪਾਇਆ ਹੈ।

‘ਇੰਡੀਆ’ ਬਲਾਕ ਦੇ ਮੁੱਖ ਵਾਸਤੂਕਾਰ ਅਖਿਲੇਸ਼ ਯਾਦਵ ਦੀ ਅਗਵਾਈ ’ਚ ਸਪਾ ਮੁੜ ਸੁਰਜੀਤ ਹੋਈ ਹੈ। 2014 ਤੋਂ ਬਾਅਦ ਪਹਿਲੀ ਵਾਰ, ਕੋਈ ਨੇਤਾ ਦਬਦਬੇ ਵਾਲੀ ਭਾਜਪਾ ਨੂੰ ਚੁਣੌਤੀ ਦੇ ਸਕਿਆ ਹੈ ਜੋ 57 ਸੀਟਾਂ ਹਾਰ ਗਈ ਹੈ। ਸਪਾ ਨੇ ਆਪਣੀਆਂ ਸੀਟਾਂ ਦੀ ਗਿਣਤੀ ’ਚ 67 ਸੀਟਾਂ ਦਾ ਵਾਧਾ ਕੀਤਾ ਅਤੇ 36.32 ਫੀਸਦੀ ਵੋਟ ਸ਼ੇਅਰ ਹਾਸਲ ਕੀਤਾ। ਦਲਿਤ ਵੋਟਾਂ ਨੂੰ ਖਿੱਚਣ ਲਈ ਅਖਿਲੇਸ਼ ਨੇ ਇਕੱਲੇ ਹੀ ਛੋਟੇ ਓ. ਬੀ. ਸੀ., ਦਲਿਤ ਦਲਾਂ ਅਤੇ ਬਾਬਾ ਸਾਹਿਬ ਵਾਹਿਨੀ ਦਾ ਭਾਜਪਾ ਵਿਰੋਧੀ ਮੋਰਚਾ ਬਣਾਇਆ।

ਖੁਦ ਨੂੰ ‘ਪਿਛੜੇ’ ਨੇਤਾ ਦੇ ਰੂਪ ’ਚ ਸਥਾਪਿਤ ਕਰਦੇ ਹੋਏ ਉਨ੍ਹਾਂ ਨੇ ਚੋਣ ਚਰਚਾ ਨੂੰ ਹਿੰਦੂਤਵ ਅਤੇ ਸਮਾਜਿਕ ਨਿਆਂ ਦੇ ਵਿਚਾਲੇ ਦੀ ਲੜਾਈ ’ਚ ਬਦਲ ਦਿੱਤਾ। 2024 ’ਚ ਆਪਣੀ ਸਫਲਤਾ ਨੂੰ ਅੱਗੇ ਲਿਜਾਣ ਲਈ ਉਨ੍ਹਾਂ ਨੇ ਕਾਂਗਰਸ ਨਾਲ ਸੀਟਾਂ ਦੀ ਵੰਡ ’ਤੇ ਧੀਰਜ ਨਾਲ ਗੱਲਬਾਤ ਕੀਤੀ ਅਤੇ 62 ਸੀਟਾਂ ਬਰਕਰਾਰ ਰੱਖਦੇ ਹੋਏ ਉਸ ਨੂੰ 11 ਸੀਟਾਂ ਦੇਣ ’ਤੇ ਸਹਿਮਤੀ ਪ੍ਰਗਟ ਕੀਤੀ। ਉਨ੍ਹਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ’ਚ ਸਪਾ ਦੇ ਮੁਸਲਿਮ-ਯਾਦਵ ਪਾਰਟੀ ਦੇ ਤੌਰ ’ਤੇ ਬਣੇ ਅਕਸ ਨੂੰ ਮਿਟਾ ਦਿੱਤਾ।

ਯੂ. ਪੀ. ’ਚ ਨਾਰਾਜ਼ਗੀ ਦਾ ਫਾਇਦਾ ਉਠਾਇਆ ਗਿਆ। ਪਹਿਲਾਂ ਦੇ ਫਾਰਮੂਲੇ ਦੇ ਮੁਕਾਬਲੇ ’ਚ, ਜਿਸ ’ਚ ਯਾਦਵ ਅਤੇ ਮੁਸਲਮਾਨਾਂ ਨੂੰ ਸ਼ਾਮਲ ਕੀਤਾ ਗਿਆ ਸੀ, ਸਿਰਫ 5 ਯਾਦਵਾਂ-ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਟਿਕਟ ਦੇ ਕੇ ਬਾਕੀ ਨੂੰ ਵੱਖ-ਵੱਖ, ਅਸਰਦਾਰ ਗੈਰ-ਯਾਦਵ ਪਿਛੜੇ ਭਾਈਚਾਰੇ ’ਚ ਵੰਡ ਕੇ ਸਪਾ ਦੇ ਮੁਸਲਿਮ-ਯਾਦਵ ਪਾਰਟੀ ਦੇ ਅਕਸ ਨੂੰ ਖਤਮ ਕਰ ਦਿੱਤਾ। ਯਾਦਵ-ਮੁਸਲਿਮ ਫਾਰਮੂਲੇ ਦੇ ਤਹਿਤ 40 ਫੀਸਦੀ ਤੋਂ ਵੱਧ ਵੋਟ ਸ਼ੇਅਰ ਹਾਸਲ ਹੋਇਆ। ਯੂ. ਪੀ. ਦੀਆਂ 17 ਰਾਖਵੀਆਂ ਸੀਟਾਂ ’ਤੇ ਕਈ ਟਿਕਟਾਂ ਗੈਰ-ਯਾਦਵਾਂ ਨੂੰ ਦਿੱਤੀਆਂ ਗਈਆਂ।

2024 ਦੀਆਂ ਚੋਣਾਂ ਇਕ ਮੁੜ ਸੁਰਜੀਤ ਹੋਈ ਕਾਂਗਰਸ ਵੱਲ ਵੀ ਇਸ਼ਾਰਾ ਕਰਦੀਆਂ ਹਨ, ਜਿਸ ’ਚ ਰਾਹੁਲ ਗਾਂਧੀ ਦੀਆਂ 2 ਯਾਤਰਾਵਾਂ ਦੇ ਕਾਰਨ ਉਨ੍ਹਾਂ ਦੇ ਅਕਸ ’ਚ ਬਦਲਾਅ ਆਇਆ ਹੈ। ਵੰਸ਼ਵਾਦੀ ਗੜ੍ਹ ਕਹੇ ਜਾਣ ਵਾਲੇ ਅਮੇਠੀ ਅਤੇ ਰਾਏਬਰੇਲੀ ’ਚ ਕਾਂਗਰਸ ਦੀ ਜਿੱਤ ਉਸ ਦੀ ਬਹਾਲ ਹੋਈ ਲੋਕਪ੍ਰਿਯਤਾ ਵੱਲ ਇਸ਼ਾਰਾ ਕਰਦੀ ਹੈ। ਕਾਂਗਰਸ ਦੇ ਮੈਨੀਫੈਸਟੋ ਜਾਂ ਨਿਆਂ ਪੱਤਰ ਨੂੰ ਉਸ ਦੀਆਂ 5 ਗਾਰੰਟੀਆਂ ਦੇ ਨਾਲ ਖੂਬ ਸਲਾਹਿਆ ਗਿਆ, ਖਾਸ ਤੌਰ ’ਤੇ ਨੌਕਰੀ ਦੀ ਗਾਰੰਟੀ ਅਤੇ ਐੱਸ.ਸੀ./ਐੱਸ.ਟੀ. ਅਤੇ ਓ.ਬੀ.ਸੀ. ਗਰੁੱਪਾਂ ਲਈ ਰਾਖਵਾਂਕਰਨ ’ਤੇ 50 ਫੀਸਦੀ ਦੀ ਹੱਦ ਵਧਾਉਣ ਲਈ ਸੰਵਿਧਾਨਕ ਸੋਧ ਦੇ ਵਾਅਦੇ ਨੂੰ ਖੂਬ ਸਲਾਹਿਆ ਗਿਆ। ‘ਇੰਡੀਆ’ ਗੱਠਜੋੜ ਵਲੋਂ ਸਾਂਝੀਆਂ ਰੈਲੀਆਂ ਦੇਰ ਨਾਲ ਸ਼ੁਰੂ ਹੋਈਆਂ ਪਰ ਮਈ ’ਚ ਘੱਟੋ-ਘੱਟ 6 ਰੈਲੀਆਂ ਆਯੋਜਿਤ ਕੀਤੀਆਂ ਗਈਆਂ, ਜਿਨ੍ਹਾਂ ’ਚ ਭਾਰੀ ਭੀੜ ਵੱਲੋਂ ਅਖਿਲੇਸ਼ ਦਾ ਸਵਾਗਤ ਕਰਨ ਲਈ ਮੰਚ ’ਤੇ ਚੜ੍ਹਨ ਦੀ ਕੋਸ਼ਿਸ਼ ਕਰਨ ਦੀਆਂ ਖਬਰਾਂ ਸਨ।

‘ਇੰਡੀਆ’ ਬਲਾਕ ਦੇ ਨੇਤਾਵਾਂ ਨੇ ਲੋਕਾਂ ਦੇ ਮੁੱਦਿਆਂ ਨੂੰ ਦੁਹਰਾਉਂਦੇ ਹੋਏ ਲਗਾਤਾਰ ਜ਼ਮੀਨ ’ਤੇ ਨਾਰਾਜ਼ਗੀ ਦਾ ਫਾਇਦਾ ਉਠਾਇਆ। ਜਾਤੀ ਮਰਦਮਸ਼ੁਮਾਰੀ ਦੀ ਲੋੜ, ਜਿਸ ਦਾ ਭਾਜਪਾ ਵਿਰੋਧ ਕਰ ਰਹੀ ਸੀ, ਦਲਿਤ ਭਾਈਚਾਰਿਆਂ ਵਿਚਾਲੇ ਇਹ ਡਰ ਹੈ ਕਿ ਭਾਜਪਾ ਸੰਵਿਧਾਨ ਨੂੰ ਬਦਲ ਕੇ ਉਨ੍ਹਾਂ ਨੂੰ ਰਾਖਵੇਂਕਰਨ ਤੋਂ ਵਾਂਝਾ ਕਰ ਦੇਵੇਗੀ। ਨਾਪਸੰਦ ਅਗਨੀਵੀਰ ਯੋਜਨਾ, ਪ੍ਰਤੀਯੋਗੀ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰਾਂ ਦਾ ਵਾਰ-ਵਾਰ ਲੀਕ ਹੋਣਾ ਆਦਿ ਮੁੱਦੇ ਵੀ ਸਪਾ-ਕਾਂਗਰਸ ਦੀ ਜਿੱਤ ਦੇ ਮੁੱਖ ਸੂਤਰਧਾਰ ਹਨ। ਚਰਚਾ ਨੂੰ ਫਿਰਕੂ ਬਿਆਨਬਾਜ਼ੀ ਤੋਂ ਦੂਰ ਲਿਜਾਣ ’ਚ ਉਨ੍ਹਾਂ ਦੀ ਸਫਲਤਾ ਫੈਜ਼ਾਬਾਦ ਚੋਣ ਹਲਕੇ ’ਚ ਭਾਜਪਾ ਦੀ ਹਾਰ ’ਚ ਦੇਖੀ ਗਈ ਹੈ, ਜਿੱਥੇ ਰਾਮ ਮੰਦਰ ਬਣਿਆ ਹੈ। ਦਲਿਤ ਨੇਤਾ ਅਤੇ ਸਪਾ ਦੇ ਅਵਧੇਸ਼ ਸਿੰਘ ਨੇ ਇਹ ਸੀਟ ਜਿੱਤ ਲਈ। 2014 ਤੋਂ ਬਾਅਦ ਬਸਪਾ ਦੇ ਕਮਜ਼ੋਰ ਹੋਣ ਤੋਂ ਬਾਅਦ, ਗੈਰ-ਜਾਟਵਾਂ ਨੇ ਪ੍ਰਮੁੱਖ ਯਾਦਵਾਂ ਅਤੇ ਉਨ੍ਹਾਂ ਦੀ ਨੁਮਾਇੰਦਗੀ ਕਰਨ ਵਾਲੀ ਸਪਾ ਤੋਂ ਸਾਵਧਾਨ ਹੋ ਕੇ ਭਾਜਪਾ ਨੂੰ ਪਹਿਲ ਦਿੱਤੀ ਸੀ ਪਰ ਸਪਾ ਦੇ ਕਾਂਗਰਸ ਨਾਲ ਹੱਥ ਮਿਲਾਉਣ ਤੋਂ ਬਾਅਦ ਉਨ੍ਹਾਂ ਨੇ ‘ਇੰਡੀਆ’ ਬਲਾਕ ਨੂੰ ਇਕ ਵਿਵਹਾਰਕ ਬਦਲ ਦੇ ਰੂਪ ’ਚ ਦੇਖਿਆ। ਜਾਟਵ ਬਸਪਾ ਤੋਂ ਦੂਰ ਭੀਮ ਆਰਮੀ/ਆਜ਼ਾਦ ਸਮਾਜ ਪਾਰਟੀ ਜਾਂ ਅੰਬੇਡਕਰ ਪਾਰਟੀ ਵੱਲ ਚਲੇ ਗਏ ਹਨ।

ਮੁਦਰਾਸਫੀਤੀ ਅਤੇ ਵਧਦੀ ਬੇਰੋਜ਼ਗਾਰੀ ਵਰਗੇ ਆਰਥਿਕ ਮੁੱਦਿਆਂ ’ਤੇ ਸੰਕਟ ਨੇ ਭਾਜਪਾ ਦੀ ਮੁਸੀਬਤ ਨੂੰ ਹੋਰ ਵਧਾ ਦਿੱਤਾ। ਉੱਧਰ ਆਦਿੱਤਿਆਨਾਥ ਦੀ ‘ਬੁਲਡੋਜ਼ਰ ਸਿਆਸਤ’ ਨੂੰ ਨਾਪਸੰਦ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਵੱਡੀਆਂ ਬੁਨਿਆਦੀ ਢਾਂਚਾ ਯੋਜਨਾਵਾਂ, ਯਮੁਨਾ ਅਤੇ ਗੰਗਾ ਐਕਸਪ੍ਰੈੱਸ-ਵੇਅ, ਸਨੌਤਾ-ਪੁਰਕਾਜੀ ਐਕਸਪ੍ਰੈੱਸ-ਵੇਅ ਦਾ ਬੜੀ ਧੂਮਧਾਮ ਨਾਲ ਉਦਘਾਟਨ ਕੀਤਾ। ਵਾਰਾਣਸੀ ਤੋਂ ਨੋਇਡਾ ਤੱਕ 8-ਲੇਨ ਐਕਸਪ੍ਰੈੱਸ-ਵੇਅ ਅਤੇ ਕੁਸ਼ੀਨਗਰ ਅਤੇ ਜੇਵਰ ’ਚ ਕੌਮਾਂਤਰੀ ਹਵਾਈ ਅੱਡਿਆਂ ਦੀ ਯੋਜਨਾ ਦੀ ਸ਼ੁਰੂਆਤ ਮਾਇਆਵਤੀ ਨੇ ਕੀਤੀ ਅਤੇ ਅਖਿਲੇਸ਼ ਨੇ ਇਸ ਨੂੰ ਜਾਰੀ ਰੱਖਿਆ।

ਸੰਖੇਪ ’ਚ, 2024 ਦੀਆਂ ਚੋਣਾਂ ’ਚ ਹਿੰਦੂਵਾਦੀ ਤਾਕਤਾਂ ਅਤੇ ਸਮਾਜਿਕ ਨਿਆਂ ਦਾ ਸਮਰਥਨ ਕਰਨ ਵਾਲੇ ਮੰਡਲ ਵਿਚਾਲੇ ਇਕ ਭਿਆਨਕ-ਨੇੜਲੀ ਲੜਾਈ ਦੇਖੀ ਗਈ।

ਸੁਧਾ ਪਈ


author

Rakesh

Content Editor

Related News