ਹਾਥਰਸ : ਯੋਗੀ ਦੀ ਪ੍ਰੀਖਿਆ

10/03/2020 2:43:00 AM

ਡਾ. ਵੇਦਪ੍ਰਤਾਪ ਵੈਦਿਕ

ਹਾਥਰਸ ’ਚ ਹੋਏ ਜਬਰ-ਜ਼ਨਾਹ ਕਾਰਨ ਦੇਸ਼ ’ਚ ਉਹੋ-ਜਿਹਾ ਰੋਸ ਪੈਦਾ ਹੋ ਰਿਹਾ ਹੈ, ਜਿਹੋ-ਜਿਹਾ ਨਿਰਭਯਾ-ਕਾਂਡ ਸਮੇਂ ਪੈਦਾ ਹੋਇਆ ਸੀ, ਸਗੋਂ ਮੈਂ ਤਾਂ ਇਹ ਕਹਾਂਗਾ ਕਿ ਨਿਰਭਯਾ ਕਾਂਡ ਤੋਂ ਵੀ ਵੱਧ ਦੁਖਦਾਈ ਅਤੇ ਭਿਆਨਕ ਸਥਿਤੀ ਬਣ ਰਹੀ ਹੈ। ਜੇਕਰ ਇਹ ਕੋਰੋਨਾ ਮਹਾਮਾਰੀ ਦਾ ਸਮਾਂ ਨਾ ਹੁੰਦਾ ਤਾਂ ਲੱਖਾਂ ਲੋਕ ਸਾਰੇ ਦੇਸ਼ ’ਚ ਸੜਕਾਂ ’ਤੇ ਨਿਕਲ ਆਉਂਦੇ ਅਤੇ ਸਰਕਾਰਾਂ ਨੂੰ ਲੈਣੇ ਦੇ ਦੇਣੇ ਪੈ ਜਾਂਦੇ। ਇਹ ਠੀਕ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਮੁਸਤੈਦ ਕੀਤਾ ਹੈ ਅਤੇ ਯੋਗੀ ਨੇ ਤੁਰੰਤ ਸਾਰੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਕਮੇਟੀ ਬਿਠਾ ਦਿੱਤੀ ਹੈ ਪਰ ਸਾਰੇ ਮਾਮਲੇ ’ਚ ਹਾਥਰਸ ਦੀ ਪੁਲਸ ਅਤੇ ਡਾਕਟਰਾਂ ਦੇ ਵਤੀਰੇ ਨੇ ਸਰਕਾਰ ਦੇ ਵੱਕਾਰ ਨੂੰ ਵੀ ਦਾਅ ’ਤੇ ਲਾ ਦਿੱਤਾ ਹੈ। ਪੁਲਸ ਅਤੇ ਸੂਚਨਾ ਵਿਭਾਗ ਦੇ ਕੁਝ ਅਧਿਕਾਰੀਅਾਂ ਵਿਰੁੱਧ ਵੀ ਕੁਝ ਕਾਰਵਾਈ ਹੋਈ ਹੈ ਪਰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਪੁਲਸ ਅਧਿਕਾਰੀਅਾਂ ਨੇ ਜੋ ਸਲੂਕ ਕੀਤਾ, ਉਸ ਕਾਰਨ ਇਨ੍ਹਾਂ ਦੋਵਾਂ ਭੈਣ-ਭਰਾਵਾਂ ਦਾ ਅਕਸ ਤਾਂ ਚਮਕਿਆ ਹੀ, ਪ੍ਰਸ਼ਾਸਨ ਦੇ ਵਤੀਰੇ ’ਤੇ ਵੀ ਕਈ ਸਵਾਲੀਆ ਨਿਸ਼ਾਨ ਲੱਗ ਗਏ ਹਨ।

ਸਭ ਤੋਂ ਪਹਿਲਾਂ ਤਾਂ ਇਹੀ ਸਵਾਲ ਉੱਠਿਆ ਕਿ ਇਕ ਹਫਤੇ ਤੱਕ ਇਸ ਜਬਰ-ਜ਼ਨਾਹ ਦੀ ਸ਼ਿਕਾਇਤ ਪੁਲਸ ਨੇ ਦਰਜ ਕਿਉਂ ਨਹੀਂ ਕੀਤੀ। ਸਥਾਨਕ ਹਸਪਤਾਲ ਨੇ ਉਸ ਮੁਟਿਆਰ ਦੇ ਇਲਾਜ ’ਚ ਇੰਨੀ ਲਾਪ੍ਰਵਾਹੀ ਕਿਉਂ ਵਰਤੀ? ਦਿੱਲੀ ਦੇ ਇਕ ਹਸਪਤਾਲ ’ਚ ਉਸ ਦੀ ਮੌਤ ਹੋ ਜਾਣ ’ਤੇ ਪੁਲਸ ਨੇ ਉਸ ਦੀ ਲਾਸ਼ ਨੂੰ ਰਾਤ ਨੂੰ ਹੀ ਫੂਕ ਦਿੱਤਾ ਅਤੇ ਉਸ ਦੇ ਪਰਿਵਾਰ ਤੋਂ ਕੋਈ ਸਹਿਮਤੀ ਤੱਕ ਨਹੀਂ ਲਈ ਗਈ। ਕਿਸ ਡਰ ਦੇ ਮਾਰੇ ਪੁਲਸ ਨੇ ਇਹ ਗੈਰ-ਮਨੁੱਖੀ ਕਾਰਾ ਕਰ ਦਿੱਤਾ? ਉਸ ਲੜਕੀ ਨੇ ਖੁਦ ਜਬਰ-ਜ਼ਨਾਹ ਦੀ ਗੱਲ ਕਹੀ ਅਤੇ ਉਸ ਨੇ ਦਰਿੰਦਿਅਾਂ ਦੇ ਨਾਂ ਦੱਸੇ। ਕੀ ਮਰਨ ਤੋਂ ਪਹਿਲਾਂ ਉਸ ਨੇ ਜੋ ਬਿਆਨ ਦਿੱਤਾ, ਉਸ ’ਤੇ ਸ਼ੱਕ ਕੀਤਾ ਜਾ ਰਿਹਾ ਹੈ? ਉਨ੍ਹਾਂ ਦਰਿੰਦਿਅਾਂ ਨੇ ਉਸ ਮੁਟਿਆਰ ਦੀ ਕਮਰ ਦੀ ਹੱਡੀ ਤੋੜ ਦਿੱਤੀ, ਜ਼ੁਬਾਨ ਵੱਢ ਦਿੱਤੀ ਅਤੇ ਉਸ ਦੇ ਅੱਧਮਰੇ ਸਰੀਰ ਨੂੰ ਉਸ ਦੀ ਚੁੰਨੀ ਨਾਲ ਘਸੀਟਿਆ ਗਿਆ। ਉਸ ਦੀ ਲਾਸ਼ ’ਤੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਸਾੜ ਦਿੱਤਾ ਗਿਆ ਅਤੇ ਉਸ ਦੀਅਾਂ ਅਸਥੀਅਾਂ ਅਜੇ ਤੱਕ ਉਥੇ ਪਈਅਾਂ ਹੋਈਅਾਂ ਹਨ।

ਉਸ ਦੇ ਪਰਿਵਾਰ ਨੂੰ ਨਜ਼ਰਬੰਦ ਕੀਤਾ ਗਿਆ। ਉਨ੍ਹਾਂ ਦੇ ਮੋਬਾਇਲ ਫੋਨ ਪੁਲਸ ਵਾਲਿਅਾਂ ਨੇ ਜ਼ਬਤ ਕਰ ਲਏ ਤਾਂ ਕਿ ਉਹ ਬਾਹਰਲੇ ਲੋਕਾਂ ਨਾਲ ਗੱਲ ਨਾ ਕਰ ਸਕਣ। ਉਸ ਪਰਿਵਾਰ ਨਾਲ ਕਿਸੇ ਵੀ ਪੱਤਰਕਾਰ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ। ਇੰਝ ਲੱਗਦਾ ਹੈ ਕਿ ਹਾਥਰਸ ਦੀ ਪੁਲਸ ਅਤੇ ਪ੍ਰਸ਼ਾਸਨ ਅਖੌਤੀ ਹੈ, ਖੁਦਮੁਖਤਿਆਰ ਹੈ, ਸਰਬਉੱਚ ਹੈ। ਇਹ ਸਥਿਤੀ ਯੂ. ਪੀ. ਸਰਕਾਰ ਦੇ ਵੱਕਾਰ ਨੂੰ ਧੁੰਦਲਾ ਕਰ ਰਹੀ ਹੈ। ਜੇਕਰ ਯੋਗੀ ਸਰਕਾਰ ਆਪਣੇ ਐਲਾਨ ਦੇ ਮੁਤਾਬਕ ਆਪਣੀ ਪੁਲਸ ਖਿਲਾਫ਼ ਬਹੁਤ ਸਖਤ ਕਦਮ ਨਹੀਂ ਚੁੱਕੇਗੀ ਤਾਂ ਉਹ ਨਾ ਸਿਰਫ ਆਪਣੇ ਲਈ ਖਤਰਾ ਪੈਦਾ ਕਰ ਲਵੇਗੀ, ਸਗੋਂ ਸਾਰੀਅਾਂ ਭਾਜਪਾ ਸਰਕਾਰਾਂ ਦੇ ਭਵਿੱਖ ਨੂੰ ਖੂਹ-ਖਾਤੇ ਪਾ ਦੇਵੇਗੀ। ਇਹ ਯੋਗੀ ਦੀ ਸਭ ਤੋਂ ਗੰਭੀਰ ਪ੍ਰੀਖਿਆ ਦਾ ਸਮਾਂ ਹੈ। ਯੋਗੀ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਜਬਰ-ਜ਼ਨਾਹੀਅਾਂ ਅਤੇ ਪੁਲਸ ਵਿਰੁੱਧ ਇੰਨੀ ਸਖਤ ਕਾਰਵਾਈ ਕਰਨਗੇ ਕਿ ਉਹ ਦੂਸਰੇ ਮੁੱਖ ਮੰਤਰੀਅਾਂ ਲਈ ਮਿਸਾਲ ਬਣ ਜਾਵੇ।


Bharat Thapa

Content Editor

Related News