ਵਿਆਹ ਤੋਂ ਇਨਕਾਰ ਕਰਦੀਆਂ ਕੁੜੀਆਂ
Tuesday, Feb 10, 2026 - 05:06 PM (IST)
ਪਿਛਲੇ ਦਿਨੀਂ ਬਰੇਲੀ ਤੋਂ ਇਕ ਖ਼ਬਰ ਆਈ। ਉਸ ’ਚ ਦੱਸਿਆ ਗਿਆ ਕਿ ਇਕ ਕੁੜੀ ਨੇ ਐਨ ਵਿਆਹ ਵਾਲੇ ਦਿਨ ਮੁੰਡੇ ਨਾਲ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ। ਕਾਰਨ ਇਹ ਦੱਸਿਆ ਕਿ ਮੁੰਡਾ ਬਹੁਤ ਮੋਟਾ ਹੈ। ਮੁੰਡੇ ਨੇ ਕਿਹਾ ਕਿ ਪਹਿਲਾਂ ਵੀ ਉਸ ਦੀ ‘ਬਾਡੀ ਸ਼ੇਮਿੰਗ’ ਕੀਤੀ ਗਈ ਸੀ। ਉਸ ਨੇ ਜਦੋਂ ਕੁੜੀ ਕੋਲੋਂ ਇਸ ਬਾਰੇ ਪੁੱਛਿਆ ਸੀ, ਤਾਂ ਉਸ ਨੇ ਕਿਹਾ ਸੀ ਕਿ ਉਸ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਹੁਣ ਵਿਆਹ ਵੀ ਤੋੜ ਦਿੱਤਾ, ਪੰਜਾਹ ਲੱਖ ਰੁਪਏ ਵੀ ਮੰਗ ਰਹੇ ਹਨ।
ਪਿਛਲੇ ਕਈ ਸਾਲਾਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ। ਇਕ ਕੁੜੀ ਨੇ ਆਪਣੇ ਪਤੀ ਨੂੰ ਇਸ ਲਈ ਸਾੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਕਾਲਾ ਹੈ। ਇੰਨਾ ਹੀ ਨਹੀਂ, ਅੱਜਕੱਲ ਇਨ੍ਹਾਂ ਗੱਲਾਂ ਕਾਰਨ ਵਿਆਹਾਂ ਦਾ ਟੁੱਟਣਾ ਆਮ ਗੱਲ ਹੋ ਗਈ ਹੈ, ਜਿਨ੍ਹਾਂ ’ਚ ਕੁੜੀਆਂ ਕਹਿੰਦੀਆਂ ਹਨ ਕਿ ਉਸ ਮੁੰਡੇ ਨਾਲ ਵਿਆਹ ਕਿਉਂ ਕਰਵਾਈਏ, ਜਿੱਥੇ ਉਨ੍ਹਾਂ ਦੀ ਕੋਈ ਇੱਛਾ ਪੂਰੀ ਨਹੀਂ ਹੁੰਦੀ।
ਉਨ੍ਹਾਂ ’ਤੇ ਨਿਗ੍ਹਾ ਰੱਖੀ ਜਾਂਦੀ ਹੈ। ਉਨ੍ਹਾਂ ਨੂੰ ਖ਼ਰੀਦਦਾਰੀ ਲਈ ਪੈਸੇ ਨਹੀਂ ਦਿੱਤੇ ਜਾਂਦੇ। ਘੁਮਾਉਣ-ਫਿਰਾਉਣ ਨਹੀਂ ਲਿਜਾਇਆ ਜਾਂਦਾ। ਘਰਵਾਲਿਆਂ ਨਾਲ ਜ਼ਿਆਦਾ ਗੱਲਾਂ ਕਰਨ ਤੋਂ ਮਨ੍ਹਾ ਕੀਤਾ ਜਾਂਦਾ ਹੈ। ਸੱਸ-ਸਹੁਰਾ ਅਤੇ ਪਰਿਵਾਰ ਵਾਲਿਆਂ ਦੀ ਸੇਵਾ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਵੱਡਾ ਪਰਿਵਾਰ ਹੈ, ਕੋਈ ਪ੍ਰਾਈਵੇਸੀ ਨਹੀਂ ਹੈ।
ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਅਜਿਹੀਆਂ ਗੱਲਾਂ ਸਿਰਫ਼ ਮਹਾਨਗਰਾਂ ’ਚ ਹੀ ਨਹੀਂ ਹੋ ਰਹੀਆਂ, ਸਗੋਂ ਛੋਟੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਤੋਂ ਵੀ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ।
ਵਿਆਹ ਦੀ ਉਹ ਪਰਿਭਾਸ਼ਾ ਖ਼ਤਮ ਹੋ ਗਈ ਹੈ, ਜਿੱਥੇ ਸਾਰੀ ਜ਼ਿੰਮੇਵਾਰੀ ਔਰਤਾਂ ਨੂੰ ਹੀ ਉਠਾਉਣੀ ਪੈਂਦੀ ਸੀ। ਵਿਆਹ ਦਾ ਮਤਲਬ ਬੈਲਗੱਡੀ ਦੇ ਦੋ ਪਹੀਏ ਹੁੰਦੇ ਹਨ। ਜੇ ਇਕ ਪਹੀਆ ਕਮਜ਼ੋਰ ਹੋਇਆ ਤਾਂ ਵਿਆਹ ਨਹੀਂ ਚੱਲ ਸਕਦਾ। ਇਹੀ ਕਾਰਨ ਹੈ ਕਿ ਆਪਣੇ ਸਮਾਜ ’ਚ ਵਿਆਹ ਬਹੁਤ ਟੁੱਟਦੇ ਹਨ। ਹੁਣ ਕਿਸੇ ਔਰਤ ਨੂੰ ਇਸ ਗੱਲ ਨਾਲ ਫ਼ਰਕ ਵੀ ਨਹੀਂ ਪੈਂਦਾ ਕਿ ਉਸ ਦਾ ਵਿਆਹ ਟੁੱਟ ਗਿਆ ਹੈ, ਲੋਕ ਕੀ ਕਹਿਣਗੇ ਕਿਉਂਕਿ ਲੋਕ ਕਿਸੇ ਦੀ ਜ਼ਿੰਦਗੀ ਦੀ ਮੁਸ਼ਕਿਲ ਨੂੰ ਹੱਲ ਕਰਨ ਲਈ ਨਹੀਂ ਆਉਂਦੇ। ਹਾਂ, ਉਹ ਗੱਲਾਂ ਕਰ ਸਕਦੇ ਹਨ, ਉਂਗਲੀਆਂ ਉਠਾ ਸਕਦੇ ਹਨ, ਮਗਰ ਹੁਣ ਇਨ੍ਹਾਂ ਗੱਲਾਂ ਦੀ ਪਰਵਾਹ ਘੱਟੋ-ਘੱਟ ਔਰਤਾਂ ਨੂੰ ਨਹੀਂ ਰਹੀ।
ਮੋਟੇ ਹੋਣ ਦੇ ਕਾਰਨ ਵਰ ਨੂੰ ਐਨ ਵਿਆਹ ਵਾਲੇ ਦਿਨ ਰਿਜੈਕਟ ਕਰਨਾ ਇਹ ਦਰਸਾਉਂਦਾ ਹੈ ਕਿ ਕੁੜੀ ਆਪਣੇ ਫ਼ੈਸਲੇ ’ਤੇ ਨਹੀਂ ਰਹਿ ਸਕੀ। ਉਸ ਦੇ ਕੀ ਕਾਰਨ ਰਹੇ, ਇਹ ਨਹੀਂ ਦੱਸਿਆ ਗਿਆ। ਲੰਬੇ ਸਮੇਂ ਤੱਕ ਮਾਮੂਲੀ ਗੱਲਾਂ ’ਤੇ ਔਰਤਾਂ ਨੂੰ, ਕੁੜੀਆਂ ਨੂੰ ਰਿਜੈਕਟ ਕੀਤਾ ਜਾਂਦਾ ਰਿਹਾ ਹੈ। ਜਿਵੇਂ ਕਿ ਕੁੜੀ ਦੇ ਪਰਿਵਾਰ ਵਾਲਿਆਂ ਨੇ ਓਨਾ ਦਾਜ ਨਹੀਂ ਦਿੱਤਾ, ਜਿੰਨਾ ਮੰਗਿਆ ਗਿਆ ਸੀ ਜਾਂ ਬਾਰਾਤ ਦੀ ਸਹੀ ਢੰਗ ਨਾਲ ਦੇਖਭਾਲ ਨਹੀਂ ਕੀਤੀ ਜਾਂ ਕੁੜੀ ਕਾਲੀ ਹੈ, ਮੋਟੀ ਹੈ, ਨਿੱਕੀ ਹੈ। ਉਸ ਦੇ ਦੰਦ ਵੱਡੇ ਹਨ, ਠੀਕ ਤਰ੍ਹਾਂ ਬੋਲ ਨਹੀਂ ਸਕਦੀ, ਸ਼ਹਿਰ ’ਚ ਰਹਿਣ ਲਾਇਕ ਨਹੀਂ, ਘੱਟ ਪੜ੍ਹੀ-ਲਿਖੀ ਹੈ। ਉਸ ਦੇ ਪਰਿਵਾਰ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ। ਬੱਚੇ ਨਹੀਂ ਹੋਏ, ਕੁੜੀਆਂ ਨੂੰ ਜਨਮ ਦਿੱਤਾ, ਮੁੰਡੇ ਨੂੰ ਜਨਮ ਨਹੀਂ ਦੇ ਸਕੀ।
ਦੁੱਖ ਇਹ ਦੇਖ ਕੇ ਵੀ ਹੁੰਦਾ ਹੈ ਕਿ ਜੇ ਔਰਤਾਂ ਦੀਆਂ ਸਮੱਸਿਆਵਾਂ ਨਾਲ ਜੁੜੇ ਅਜਿਹੇ ਨਿੱਜੀ ਕਾਲਮਾਂ ਨੂੰ ਦੇਖਿਆ ਜਾਵੇ ਤਾਂ ਉੱਥੇ ਅਜਿਹੀਆਂ ਗੱਲਾਂ ਭਰਪੂਰ ਦਿਖਾਈ ਦਿੰਦੀਆਂ ਹਨ। ਆਮ ਪੜ੍ਹੀਆਂ-ਲਿਖੀਆਂ ਨੌਕਰੀ-ਪੇਸ਼ਾ ਔਰਤਾਂ ਵੀ ਇਨ੍ਹਾਂ ਗੱਲਾਂ ਨੂੰ ਝੱਲਣ ਲਈ ਮਜਬੂਰ ਹਨ। ਉਹ ਤਰ੍ਹਾਂ-ਤਰ੍ਹਾਂ ਦੀਆਂ ਮਾਨਸਿਕ ਅਤੇ ਸਰੀਰਕ ਹਿੰਸਾ ਨੂੰ ਝੱਲਦੀਆਂ ਹਨ।
ਬਹੁਤ ਵਾਰ ਕਿਸੇ ਸਬੰਧ ਨੂੰ ਸਿਰਫ਼ ਇਸ ਲਈ ਚਲਾਈ ਰੱਖਦੀਆਂ ਹਨ ਕਿ ਬੱਚਿਆਂ ਦਾ ਕੀ ਹੋਵੇਗਾ ਪਰ ਬਹੁਤ ਸਾਰੇ ਮਾਮਲੇ ਹੁਣ ਅਜਿਹੇ ਵੀ ਦਿਖਾਈ ਦਿੰਦੇ ਹਨ, ਜਿੱਥੇ ਔਰਤਾਂ ਬੱਚਿਆਂ ਨੂੰ ਛੱਡ ਕੇ ਚਲੀਆਂ ਜਾਂਦੀਆਂ ਹਨ। ਇਨ੍ਹਾਂ ’ਚੋਂ ਕਈਆਂ ਦਾ ਕਹਿਣਾ ਹੁੰਦਾ ਹੈ ਕਿ ਜਿਸ ਦੇ ਬੱਚੇ ਹਨ, ਉਹੀ ਪਾਲੇ। ਉਹ ਕਿਉਂ ਸਾਰੀ ਉਮਰ ਦਾ ਖਤਰਾ ਮੁੱਲ ਲੈਣ? ਇਸ ਨਾਲ ਕਿਸੇ ਦਾ ਕੁਝ ਨਹੀਂ ਵਿਗੜਦਾ।
ਔਰਤ ਆਪਣੀ ਰਾਹ ਜਾਂਦੀਆਂ ਹਨ। ਦੂਜਾ ਵਿਆਹ ਕਰਦੀਆਂ ਹਨ। ਮਰਦ ਮਿੱਤਰ ਦੇ ਨਾਲ ਚਲੀਆਂ ਜਾਂਦੀਆਂ ਹਨ। ਪਿਤਾ ਵੀ ਦੂਜਾ ਵਿਆਹ ਕਰ ਲੈਂਦਾ ਹੈ। ਭੁਗਤਣਾ ਸਿਰਫ਼ ਤੇ ਸਿਰਫ਼ ਬੱਚਿਆਂ ਨੂੰ ਪੈਂਦਾ ਹੈ।
ਔਰਤਾਂ ਦਾ ਸਸ਼ਕਤੀਕਰਨ ਹੋਵੇ, ਉਨ੍ਹਾਂ ਦਾ ਸ਼ੋਸ਼ਣ ਰੁਕੇ, ਇਹ ਚੰਗੀ ਗੱਲ ਹੈ ਪਰ ਬੱਚਿਆਂ ਨੂੰ ਵੀ ਇੰਨਾ ਅਨਾਥ ਨਹੀਂ ਛੱਡਣਾ ਚਾਹੀਦਾ। ਆਖ਼ਰ ਉਨ੍ਹਾਂ ਦਾ ਕੀ ਕਸੂਰ ਹੈ? ਬਹੁਤ ਸਾਰੇ ਅਜਿਹੇ ਬੱਚੇ ਜਿਨ੍ਹਾਂ ਦੇ ਮਾਤਾ-ਪਿਤਾ ਦੇ ਸਬੰਧ ਠੀਕ ਨਹੀਂ ਰਹੇ, ਉਹ ਇਸ ਦੁੱਖ ਤੋਂ ਸਾਰੀ ਉਮਰ ਮੁਕਤ ਨਹੀਂ ਹੋ ਸਕਦੇ। ਦੂਜਿਆਂ ਦਾ ਕੀਤਾ ਉਹ ਭੁਗਤਦੇ ਹਨ, ਭਾਵੇਂ ਉਨ੍ਹਾਂ ਦੇ ਮਾਤਾ-ਪਿਤਾ ਹੀ ਕਿਉਂ ਨਾ ਹੋਣ। ਹੁਣ ਓਹੋ ਜਿਹੇ ਸਾਂਝੇ ਪਰਿਵਾਰ ਵੀ ਗਿਣਤੀ ਦੇ ਹੀ ਬਚੇ ਹੋਣਗੇ, ਜਿੱਥੇ ਮਾਤਾ-ਪਿਤਾ ਦੀ ਗੈਰ-ਹਾਜ਼ਰੀ ’ਚ ਬੱਚਿਆਂ ਨੂੰ ਪਾਲ ਲਿਆ ਜਾਂਦਾ ਸੀ।
ਸ਼ਾਇਦ ਇਹੀ ਵਜ੍ਹਾ ਹੈ ਕਿ ਅੱਜਕੱਲ ਮੱਧ ਵਰਗੀ ਪਰਿਵਾਰਾਂ ਦੇ ਨੌਜਵਾਨ ਵਿਆਹ ਤੋਂ ਬਾਅਦ ਜਲਦੀ ਬੱਚਿਆਂ ਨੂੰ ਦੁਨੀਆ ’ਚ ਨਹੀਂ ਲਿਆਉਂਦੇ। ਉਨ੍ਹਾਂ ਦੇ ਮਨ ’ਚ ਇਹੀ ਸ਼ੰਕਾ ਰਹਿੰਦੀ ਹੋਵੇਗੀ ਕਿ ਜੇ ਸਬੰਧ ਨਾ ਚੱਲੇ ਤਾਂ ਬੱਚਿਆਂ ਦਾ ਕੀ ਹੋਵੇਗਾ।
ਜਿਸ ਕੁੜੀ ਨੇ ਮੁੰਡੇ ਦੇ ਮੋਟਾਪੇ ਕਾਰਨ ਵਿਆਹ ਤੋਂ ਇਨਕਾਰ ਕਰ ਦਿੱਤਾ, ਇਹ ਉਸ ਦੀ ਪਸੰਦ (ਚੁਆਇਸ) ਹੈ ਪਰ ਜਦੋਂ ਮੁੰਡੇ ਨੇ ਉਸ ਨੂੰ ਪੁੱਛਿਆ ਕਿ ਉਸ ਨੂੰ ਉਦੋਂ ਕੋਈ ਫ਼ੈਸਲਾ ਲੈਣਾ ਚਾਹੀਦਾ ਸੀ, ਨਾ ਕਿ ਐਨ ਵਿਆਹ ਵਾਲੇ ਦਿਨ।
ਤੁਹਾਨੂੰ ਗਾਜ਼ੀਆਬਾਦ ਦੀ ਉਸ ਕੁੜੀ ਦਾ ਕਿੱਸਾ ਤਾਂ ਯਾਦ ਹੀ ਹੋਵੇਗਾ, ਜਿਸ ਨੇ ਬਾਰਾਤ ਆਉਣ ’ਤੇ ਵਿਆਹ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਮੁੰਡੇ ਵਾਲੇ ਦਾਜ ਮੰਗ ਰਹੇ ਹਨ। ਬਾਅਦ ’ਚ ਪਤਾ ਲੱਗਿਆ ਕਿ ਅਜਿਹਾ ਕੁਝ ਨਹੀਂ ਸੀ। ਮੀਡੀਆ ਨੇ ਉਸ ਨੂੰ ਰਾਤੋ-ਰਾਤ ਮਹਾਰਾਣੀ ਲਕਸ਼ਮੀਬਾਈ ਬਣਾ ਦਿੱਤਾ ਸੀ।
ਅਸਲ ’ਚ ਕੁੜੀ ਆਪਣੇ ਮਰਦ ਮਿੱਤਰ ਨਾਲ ਵਿਆਹ ਕਰਨਾ ਚਾਹੁੰਦੀ ਸੀ। ਬਾਅਦ ’ਚ ਉਸ ਮਿੱਤਰ ਨੇ ਵੀ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ। ਅਦਾਲਤ ’ਚ ਮਾਮਲਾ ਚੱਲਿਆ, ਤਦ ਉਸ ਮੁੰਡੇ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕੀਤਾ ਗਿਆ, ਜਿਸ ’ਤੇ ਦਾਜ ਮੰਗਣ ਦਾ ਦੋਸ਼ ਲਾਇਆ ਗਿਆ ਸੀ। ਚਾਹੁੰਦੀ ਤਾਂ ਇਹ ਕੁੜੀ ਵੀ ਵਿਆਹ ਤੈਅ ਹੋਣ ਤੋਂ ਪਹਿਲਾਂ ਹੀ ਇਨਕਾਰ ਕਰ ਦਿੰਦੀ, ਬੇਕਾਰ ਦਾ ਵਿਵਾਦ ਨਾ ਹੁੰਦਾ।
ਸ਼ਮਾ ਸ਼ਰਮਾ
