ਜੀ-20 ਨੂੰ ਹੁਣ ਔਰਤਾਂ, ਬੱਚਿਆਂ ਅਤੇ ਅੱਲ੍ਹੜਾਂ ਦੀ ਸਿਹਤ ਅਤੇ ਕਲਿਆਣ ਦੀ ਦਿਸ਼ਾ ’ਚ ਕੰਮ ਕਰਨਾ ਚਾਹੀਦੈ

09/11/2023 4:40:03 PM

ਅਮਿਤਾਭ ਕਾਂਤ

ਨਵੀਂ ਦਿੱਲੀ - ਕੌਮਾਂਤਰੀ ਪੱਧਰ ’ਤੇ ਸਮੁੱਚੇ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣ ਪੱਖੋਂ ਔਰਤਾਂ, ਬੱਚਿਆਂ ਅਤੇ ਅੱਲ੍ਹੜਾਂ ਦੀ ਸਿਹਤ ’ਚ ਨਿਵੇਸ਼ ਕਰਨਾ ਬਹੁਤ ਅਹਿਮ ਹੈ। ਹਰ ਸਾਲ ਸਭ ਜੀ-20 ਦੇਸ਼ਾਂ ’ਚ ਕੁਲ ਮਿਲਾ ਕੇ ਲਗਭਗ 2 ਮਿਲੀਅਨ ਔਰਤਾਂ, ਨਵਜੰਮੇ ਬੱਚਿਆਂ, ਛੋਟੀ ਉਮਰ ਦੇ ਬੱਚਿਆਂ ਅਤੇ ਅੱਲ੍ਹੜਾਂ ਦੀ ਮੌਤ ਹੋ ਜਾਂਦੀ ਹੈ। ਇਨ੍ਹਾਂ ’ਚ ਮ੍ਰਿਤਕ ਬੱਚਿਆਂ ਦਾ ਜਨਮ ਵੀ ਸ਼ਾਮਲ ਹੈ। ਇਨ੍ਹਾਂ ਸਭ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਤਾਜ਼ਾ ਸਾਲਾਂ ’ਚ ਇਨ੍ਹਾਂ ਨਾਂਹਪੱਖੀ ਨਤੀਜਿਆਂ ਦੇ ਮੁੱਖ ਕਾਰਨਾਂ ’ਚ ‘ਚਾਰ-ਸੀ’ ਸ਼ਾਮਲ ਹਨ : ਕੋਵਿਡ-19, ਸੰਘਰਸ਼ (ਕਨਫਲਿਕਟ), ਪੌਣ-ਪਾਣੀ ਦੀ ਤਬਦੀਲੀ (ਕਲਾਈਮੇਟ ਚੇਂਜ) ਅਤੇ ਜ਼ਿੰਦਗੀ ਜਿਊਣ ਦੀ ਵਧਦੀ ਲਾਗਤ ਦਾ ਸੰਕਟ (ਕਾਸਟ ਆਫ ਲਿਵਿੰਗ ਕ੍ਰਾਇਸਿਜ਼)। ਇਨ੍ਹਾਂ ਕਾਰਨਾਂ ਨੇ ਸਾਂਝੇ ਤੌਰ ’ਤੇ ਔਰਤਾਂ, ਬੱਚਿਆਂ ਅਤੇ ਅੱਲ੍ਹੜਾਂ ਦੀ ਸਿਹਤ ਅਤੇ ਕਲਿਆਣ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਪ੍ਰਣਾਲੀ ਗਤ ਵਿਤਕਰੇ ਅਤੇ ਮੌਸਮ ਦੀਆਂ ਸਿਖਰਲੀਆਂ ਘਟਨਾਵਾਂ, ਖਾਣ-ਪੀਣ ਵਾਲੀਆਂ ਵਸਤਾਂ ਦੀ ਅਸੁਰੱਖਿਆ ਅਤੇ ਗਰੀਬੀ ਬਜ਼ੁਰਗ ਔਰਤਾਂ, ਬੱਚਿਆਂ ਅਤੇ ਅੱਲ੍ਹੜਾਂ ਦੀ ਸਿਹਤ ਸਬੰਧੀ ਪ੍ਰਗਤੀ ’ਚ ਮੁੱਖ ਰੁਕਾਵਟਾਂ ਹਨ। ਸੰਨ 2000 ’ਚ ਪੌਣ-ਪਾਣੀ ਸਬੰਧੀ ਹੰਗਾਮੀ ਹਾਲਤ ਦੌਰਾਨ ਪੂਰੀ ਦੁਨੀਆ ’ਚ 1,50,000 ਤੋਂ ਵੱਧ ਮੌਤਾਂ ਹੋਈਆਂ। ਕੌਮਾਂਤਰੀ ਪੱਧਰ ’ਤੇ ਬਿਮਾਰੀ ਦੇ ਵਧਦੇ ਭਾਰ ਦੀ ਦੁਨੀਆ ਜ਼ਿੰਮੇਵਾਰ ਬਣੀ ਸੀ। ਇਸ ਭਾਰ ਦਾ 88 ਫੀਸਦੀ ਹਿੱਸਾ ਬੱਚਿਆਂ ’ਤੇ ਪਿਆ ਸੀ। ਇਕ ਅੰਦਾਜ਼ੇ ਮੁਤਾਬਕ ਪੌਣ-ਪਾਣੀ ਹੰਗਾਮੀ ਹਾਲਤ ਕਾਰਨ ਉਜੜਣ ਵਾਲੇ ਲੋਕਾਂ ’ਚੋਂ 80 ਫੀਸਦੀ ਔਰਤਾਂ ਹਨ ਅਤੇ ਇਸ ਦਾ ਮੁੱਖ ਕਾਰਨ ਲਿੰਗਕ ਆਧਾਰ ’ਤੇ ਹੋਣ ਵਾਲੀ ਆਰਥਿਕ ਅਤੇ ਸਮਾਜਿਕ ਨਾਬਰਾਬਰੀ ਹੈ।

ਇਸ ਤਰ੍ਹਾਂ ਦੀਆਂ ਨਾਬਰਾਬਰੀਆਂ, ਚੌਗਿਰਦੇ ਦਾ ਨੁਕਸਾਨ ਅਤੇ ਮਨੁੱਖੀ ਜੀਵਨ ਅਤੇ ਪੂੰਜੀ ਦਾ ਨੁਕਸਾਨ ਬੇਹੱਦ ਦੁਖਦਾਈ ਹੈ। ਇਸ ਦੇ ਨਤੀਜੇ ਵਜੋਂ ਔਰਤਾਂ ਦੀ ਜ਼ਿੰਦਗੀ ’ਤੇ ਨਾਂਹਪੱਖੀ ਅਸਰ ਪੈਂਦਾ ਹੈ। ਇਸ ਨਾਲ ਗਰੀਬੀ ਦਾ ਇਸਤਰੀਕਰਨ ਵਧ ਜਾਂਦਾ ਹੈ। ਸਮੁੱਚੀ ਦੁਨੀਆ ’ਚ ਸਿੱਖਿਆ ਦੇ ਬਰਾਬਰ ਦੇ ਪੱਧਰ ਨੂੰ ਜੇ ਧਿਆਨ ’ਚ ਰੱਖ ਕੇ ਵੇਖੀਏ ਤਾਂ ਔਰਤਾਂ ਮਰਦਾਂ ਦੇ ਮੁਕਾਬਲੇ ਘਟ ਕਮਾ ਪਾਉਂਦੀਆਂ ਹਨ। ਜੀ-20 ਦੇਸ਼ਾਂ ’ਚ ਕੁੱਲ ਕੌਮਾਂਤਰੀ ਆਬਾਦੀ ਦਾ 2 ਤਿਹਾਈ ਹਿੱਸਾ ਰਹਿੰਦਾ ਹੈ। ਉਨ੍ਹਾਂ ਵੱਲੋਂ ਸਮੂਹਿਕ ਤੌਰ ’ਤੇ ਉਠਾਏ ਜਾਣ ਵਾਲੇ ਕਦਮ ਕੌਮਾਂਤਰੀ ਪੱਧਰ ਦੇ ਹੁੰਦੇ ਹਨ। ਜੀ-20 ਨੂੰ ਹੁਣ ਔਰਤਾਂ, ਬੱਚਿਆਂ ਅਤੇ ਅੱਲ੍ਹੜਾਂ ਦੀ ਸਿਹਤ ’ਚ ਸੁਧਾਰ ਲਿਆਉਣ ਅਤੇ ਰੋਕੇ ਜਾ ਸਕਣ ਵਾਲੇ ਜੀਵਨ ਦੇ ਨੁਕਸਾਨ ਨਾਲ ਨਜਿੱਠਣ ਸਬੰਧੀ ਕਾਰਵਾਈ ਕਰਨੀ ਚਾਹੀਦੀ ਹੈ। ਮੌਜੂਦਾ ਸਮੇਂ ’ਚ ਜੀ-20 ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਭਾਰਤ ਦੇ ਮੋਢਿਆਂ ’ਤੇ ਹੈ। ਉਹ ਸਮੁੱਚੀ ਸਿਹਤ ਕਵਰੇਜ ਹਾਸਲ ਕਰਨ ਅਤੇ ਕੌਮਾਂਤਰੀ ਪੱਧਰ ’ਤੇ ਸਿਹਤ ਸੇਵਾਵਾਂ ਦੀ ਵੰਡ ਨੂੰ ਵਧੀਆ ਬਣਾਉਣ ਲਈ ਪ੍ਰਤੀਬੱਧ ਹੈ। ਉਦਾਹਰਣ ਵਜੋਂ ਭਾਰਤ ਨੇ 2021 ਦੇ ਸ਼ੁਰੂ ’ਚ ਅਪਣਾਈ ਡਿਜੀਟਲ ਰਣਨੀਤੀ ਦੇ ਹਿੱਸੇ ਵਜੋਂ ਡਿਜੀਟਲ ਸਿਹਤ ਦੇ ਹੱਲ ਨਾਲ ਸਬੰਧਤ ਕਈ ਪਹਿਲਕਦਮੀਆਂ ਦਾ ਪ੍ਰਸਤਾਵ ਦਿੱਤਾ ਹੈ। ਇਨ੍ਹਾਂ ਡਿਜੀਟਲ ਯੰਤਰਾਂ ਨੇ ਟੀਕਾਕਰਨ ਕਵਰੇਜ ਦੀ ਨਿਗਰਾਨੀ ਲਈ 1 ਬਿਲੀਅਨ ਲੋਕਾਂ ਦੀ ਰਜਿਸਟ੍ਰੇਸ਼ਨ ਅਤੇ ਕੋਵਿਡ-19 ਟੀਕਿਆਂ ਦੀ 1.78 ਬਿਲੀਅਨ ਤੋਂ ਵੱਧ ਖੁਰਾਕ ਦਿੱਤੇ ਜਾਣ ਨੂੰ ਸੰਭਵ ਬਣਾਇਆ। 

ਭਾਰਤ ਨੇ ਜਨਤਕ ਸਿਹਤ ਅਤੇ ਮਹਾਮਾਰੀ ਸਬੰਧੀ ਵਧੀਆ ਤਿਆਰੀਆਂ ਅਤੇ ਉਪਾਵਾਂ ਨਾਲ ਜੁੜੇ ਯਤਨਾਂ ’ਤੇ ਪੌਣ-ਪਾਣੀ ਦੇ ਸੰਕਟ ਦੇ ਚੱਲ ਰਹੇ ਅਸਰ ਨੂੰ ਦੇਖਦੇ ਹੋਏ, ਪੌਣ-ਪਾਣੀ, ਸਿਹਤ ਨਾਲ ਜੁੜੀਆਂ ਪਹਿਲਕਦਮੀਆਂ ਦਾ ਪ੍ਰਸਤਾਵ ਵੀ ਦਿੱਤਾ ਹੈ। ਇਹ ਯਕੀਨੀ ਕਰਨਾ ਬਹੁਤ ਅਹਿਮ ਹੈ ਕਿ ਇਹ ਸਭ ਪਹਿਲਕਦਮੀਆਂ ਲਿੰਗਕ ਅਤੇ ਉਮਰ ਪੱਖੋਂ ਨਾਜ਼ੁਕ ਹੋਣ। ਉਦਾਹਰਣ ਵਜੋਂ ਔਰਤਾਂ ’ਤੇ ਕੇਂਦ੍ਰਿਤ ਡਿਜੀਟਲ ਸਿਹਤ ਸੇਵਾਵਾਂ ਨੂੰ ਪਹਿਲ ਦੇਣੀ ਪ੍ਰਮੁੱਖ ਹੈ। ਸਭ ਤੋਂ ਪਹਿਲਾਂ ਜੀ-20 ਦੇਸ਼ਾਂ ਨੂੰ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ, ਲੋੜੀਂਦੀਆਂ ਸਿਹਤ ਸੇਵਾਵਾਂ ਨੂੰ ਵਧੇਰੇ ਸੌਖਾ ਬਣਾਉਣ ਅਤੇ ਗਰੀਬੀ ਤੇ ਲਿੰਗਕ ਨਾਬਰਾਬਰੀ ਵਰਗੇ ਸਿਹਤ ਦੇ ਸਮਾਜਿਕ ਨਿਰਧਾਰਕਾਂ ਨੂੰ ਠੀਕ ਕਰਨ ਲਈ ਸਮੁੱਚੇ ਵਿੱਤੀ ਪੋਸ਼ਣ ’ਚ ਵਾਧੇ ਨੂੰ ਪਹਿਲ ਦੇਣੀ ਚਾਹੀਦੀ ਹੈ। ਲਿੰਗਕ ਪੱਖੋਂ ਭੌਤਿਕ ਅਤੇ ਡਿਜੀਟਲ ਬੁਨਿਆਦੀ ਢਾਂਚੇ ’ਚ ਨਿਵੇਸ਼ ਕਾਰਨ ਆਨਰੇਰੀ ਕੰਮ ਦਾ ਭਾਰ ਘੱਟ ਹੋ ਸਕਦਾ ਹੈ, ਵਧੀਆ ਕਲਿਆਣ ਹੋ ਸਕਦਾ ਹੈ, ਨੌਕਰੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ, ਕਿਰਤ ਸ਼ਕਤੀ ਦੀ ਭਾਈਵਾਲੀ ਵਧ ਸਕਦੀ ਹੈ, ਡਿਜੀਟਲ ਮੋਰਚੇ ’ਤੇ ਲਿੰਗਕ ਫਰਕ ’ਚ ਕਮੀ ਆ ਸਕਦੀ ਹੈ, ਉਤਪਾਦਕਤਾ ਵਧ ਸਕਦੀ ਹੈ ਅਤੇ ਆਰਥਿਕ ਵਿਕਾਸ ਨੂੰ ਹੱਲਾਸ਼ੇਰੀ ਮਿਲ ਸਕਦੀ ਹੈ।

ਦੂਜਾ, ਕਈ ਦੇਸ਼ ਆਪਣੇ ਸਿਹਤ ਸਬੰਧੀ ਖਰਚ ਨੂੰ ਮਹਾਮਾਰੀ ਦੇ ਪਹਿਲੇ ਵਾਲੇ ਪੱਧਰ ’ਤੇ ਬਣਾਈ ਰੱਖਣ ਲਈ ਜੂਝ ਰਹੇ ਹਨ। ਇਸ ਦਾ ਅਸਰ ਦੁਨੀਆ ’ਚ ਔਰਤਾਂ, ਬੱਚਿਆਂ ਅਤੇ ਅੱਲ੍ਹੜਾਂ ਦੀ ਸਿਹਤ ’ਤੇ ਪੈ ਰਿਹਾ ਹੈ। ਸਿਹਤ ਦੇ ਖੇਤਰ ਲਈ ਆਰਥਿਕ ਵਿਕਾਸ ਸਬੰਧੀ ਮਦਦ ਹਾਸਲ ਕਰ ਕੇ ਅਤੇ ਕਰਜ਼ੇ ਦੇ ਭਾਰ ਨੂੰ ਘੱਟ ਕਰਨ ਲਈ ਸਥਾਈ ਹੱਲ ਲੱਭ ਕੇ ਵੱਖ-ਵੱਖ ਦੇਸ਼ਾਂ ਨੂੰ ਆਪਣੀਆਂ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ’ਚ ਮਦਦ ਲਈ ਕੌਮਾਂਤਰੀ ਪੱਧਰ ’ਤੇ ਯਤਨਾਂ ਦੀ ਲੋੜ ਹੈ। ਜੀ-20 ਨੂੰ ਇਸ ਦੀ ਹਮਾਇਤ ਕਰਨੀ ਚਾਹੀਦੀ ਹੈ। ਤੀਜਾ, ਸਾਨੂੰ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਅਸਰਦਾਰ ਢੰਗ ਨਾਲ ਨਿਗਰਾਨੀ ਅਤੇ ਲਾਗੂ ਕਰਨ ਲਈ ਇਕ ਮਜ਼ਬੂਤ ਡਾਟਾ ਸਿਸਟਮ ਦੀ ਲੋੜ ਹੈ। ਚੌਥਾ, ਬਚਪਨ ਦੇ ਮੁੱਢਲੇ ਸਾਲਾਂ ’ਚ ਨਿਵੇਸ਼ ਕਰਨਾ ਬਹੁਤ ਅਹਿਮ ਹੈ। ਇਨ੍ਹਾਂ ’ਚ ਪਰਿਵਾਰ- ਢੁੱਕਵੀਆਂ ਨੀਤੀਆਂ ਅਤੇ ਸਮੁੱਚੇ ਸਮਾਜਿਕ ਸੁਰੱਖਿਆ ਦੇ ਪੱਖ ਸ਼ਾਮਲ ਹਨ। ਇਸ ਤਰ੍ਹਾਂ ਦੇ ਨਿਵੇਸ਼ ਨੋਟਿਸ ਲੈਣ ਵਾਲੀ ਪੂੰਜੀ ਨੂੰ ਹੱਲਾਸ਼ੇਰੀ ਦੇ ਸਕਦੇ ਹਨ ਤਾਂ ਜੋ ਸਮਾਵੇਸ਼ੀ ਆਰਥਿਕ ਵਿਕਾਸ ਸੰਭਵ ਹੋ ਸਕੇ। ਪੂਰੀ ਦੁਨੀਆ ’ਚ ਮੁਕੰਮਲ ਆਰਥਿਕ ਵਿਕਾਸ ਲਈ ਔਰਤਾਂ, ਬੱਚਿਆਂ ਅਤੇ ਅੱਲ੍ਹੜਾਂ ਦੀ ਸਿਹਤ ਅਤੇ ਕਲਿਆਣ ਬੇਹੱਦ ਜ਼ਰੂਰੀ ਹੈ। ਇਸ ਨੂੰ ਜੀ-20 ਦੀ ਮਜ਼ਬੂਤ ਅਗਵਾਈ ਤੋਂ ਬਿਨ੍ਹਾਂ ਸੰਭਵ ਨਹੀਂ ਬਣਾਇਆ ਜਾ ਸਕਦਾ।


cherry

Content Editor

Related News