ਸਮੁੰਦਰ ਮੰਥਨ ਤੋਂ ਲੈ ਕੇ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਤੱਕ

Saturday, Aug 13, 2022 - 12:17 PM (IST)

ਸਮੁੰਦਰ ਮੰਥਨ ਤੋਂ ਲੈ ਕੇ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਤੱਕ

ਪੂਰਨ ਚੰਦ ਸਰੀਨ

ਸਾਡੀਆਂ ਪੁਰਾਤਨ ਕਥਾਵਾਂ ’ਚ ਸਮੁੰਦਰ ਮੰਥਨ ਦੀ ਮਹਿਮਾ ਸਭ ਤੋਂ ਵੱਧ ਹੈ। ਦੇਵਤਿਆਂ ਅਤੇ ਰਾਕਸ਼ਸਾਂ ਦੇ ਦਰਮਿਆਨ ਲਗਾਤਾਰ ਟਕਰਾਅ ਹੁੰਦੇ ਰਹਿਣ ਦੇ ਕਾਰਨ ਇਹ ਉਪਾਅ ਕੱਢਿਆ ਗਿਆ ਕਿ ਸਮੁੰਦਰ ਨੂੰ ਰਿੜਕਿਆ ਜਾਵੇ ਅਤੇ ਉਸ ’ਚੋਂ ਜੋ ਕੁਝ ਨਿਕਲੇ, ਆਪਸ ’ਚ ਵੰਡ ਕੇ ਬਿਨਾਂ ਇਕ-ਦੂਜੇ ਦੇ ਨਾਲ ਲੜਾਈ-ਝਗੜਾ ਕੀਤੇ ਸ਼ਾਂਤੀ ਨਾਲ ਰਿਹਾ ਜਾਵੇ। ਦੇਖਿਆ ਜਾਵੇ ਤਾਂ ਇਹ ਮੰਥਨ ਉਦੋਂ ਦੀ ਹੀ ਨਹੀਂ ਅੱਜ ਦੀ ਵੀ ਸੱਚਾਈ ਹੈ। ਆਪਸੀ ਵੈਰ ਖਤਮ ਕਰਨ ਦਾ ਇਕ ਵਧੀਆ ਉਪਾਅ ਹੈ।

ਟੀਮ ਵਰਕ ਦੀ ਮਹਿਮਾ :– ਸਮੁੰਦਰ ਮੰਥਨ ਦੇ ਲਈ ਦੋਵਾਂ ਧਿਰਾਂ ਵਿਚਾਲੇ ਬਣੀ ਸਹਿਮਤੀ ਦਾ ਸੰਦਰਭ ਲੈ ਕੇ ਇਹ ਕਿਹਾ ਜਾਵੇ ਕਿ ਅੰਗਰੇਜ਼ੀ ਦਾਸਤਾ ਤੋਂ ਮੁਕਤੀ ਪਾਉਣ ਲਈ ਭਾਰਤ ਦੇ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕ ਆਜ਼ਾਦੀ ਰੂਪੀ ਅੰਮ੍ਰਿਤ ਹਾਸਲ ਕਰਨ ਲਈ ਇਕਜੁੱਟ ਹੋਏ ਅਤੇ ਆਜ਼ਾਦੀ ਹਾਸਲ ਕੀਤੀ। ਜਿਸ ਤਰ੍ਹਾਂ ਉਦੋਂ ਦੇਵਤਿਆਂ ਅਤੇ ਰਾਕਸ਼ਸਾਂ ਨੇ ਆਪਣਾ ਬਲਿਦਾਨ ਦਿੱਤਾ ਸੀ, ਉਸੇ ਤਰ੍ਹਾਂ ਸਾਰੇ ਧਰਮਾਂ, ਖਾਸ ਕਰ ਕੇ ਹਿੰਦੂਆਂ ਅਤੇ ਮੁਸਲਮਾਨਾਂ ਦੋਵਾਂ ਨੇ ਆਪਣੀਆਂ ਅਾਹੂਤੀਆਂ ਦੇ ਕੇ ਸਿੱਧ ਕਰ ਿਦੱਤਾ ਕਿ ਉਹ ਆਪਣੇ ਟੀਚੇ ਦੀ ਪ੍ਰਾਪਤੀ ਪ੍ਰਤੀ ਸਮਰਪਿਤ ਹਨ। ਇੱਥੋਂ ਤੱਕ ਕਿ ਇਸ ਲਈ ਦੇਸ਼ ਦਾ ਦੋ ਟੁਕੜਿਆਂ ’ਚ ਵੰਡ ਦਿੱਤਾ ਜਾਣਾ ਵੀ ਮੰਨਣਾ ਪਿਆ।

ਆਜ਼ਾਦੀ ਮਿਲੀ, ਨਾਲ ਹੀ ਵੰਡ ਦੀ ਤ੍ਰਾਸਦੀ ਵੀ ਅਤੇ ਸਮੁੰਦਰ ਮੰਥਨ ਵਾਂਗ ਆਜ਼ਾਦੀ ਸੰਗਰਾਮ ਤੋਂ ਨਿਕਲਿਆ ਫਿਰਕੂਪੁਣੇ ਦਾ ਜ਼ਹਿਰ ਦੰਗਿਆਂ ਦੇ ਰੂਪ ’ਚ ਆਪਣਾ ਅਸਰ ਦਿਖਾਉਣ ਲੱਗਾ। ਇਸ ਦਾ ਪਾਨ ਕਰਨ ਲਈ ਸ਼ਿਵ ਦੇ ਵਾਂਗ ਵਿਵਹਾਰ ਕਰਨ ਦੇ ਯਤਨ ਵੀ ਹੋਏ ਪਰ ਸਫਲਤਾ ਨਾ ਮਿਲੀ।

ਸਮੁੰਦਰ ਮੰਥਨ ਤੋਂ ਮਹਾਲਕਸ਼ਮੀ ਭਾਵ ਧਨ, ਵੈਭਵ, ਸੌਭਾਗਯ ਅਤੇ ਸੰਪੰਨਤਾ ਹਾਸਲ ਹੋਈ, ਉਸੇ ਤਰ੍ਹਾਂ ਆਜ਼ਾਦੀ ਦੇ ਬਾਅਦ ਸਾਰੇ ਕੁਦਰਤੀ ਸੋਮੇ ਸਾਡੇ ਲਈ ਮੁਹੱਈਆ ਸਨ। ਇਨ੍ਹਾਂ ’ਤੇ ਕਬਜ਼ਾ ਕਰਨ ਦੀ ਹੋੜ ਲੱਗੀ ਅਤੇ ਜੋ ਤਾਕਤਵਰ ਸਨ, ਇਸ ’ਚ ਸਫਲ ਹੋਏ ਅਤੇ ਇਸੇ ਦੇ ਨਾਲ ਹਲਾਹਲ ਜ਼ਹਿਰ ਆਪਣੇ ਦੂਜੇ ਰੂਪਾਂ ਭ੍ਰਿਸ਼ਟਾਚਾਰ, ਸ਼ੋਸ਼ਣ, ਅਨੈਤਿਕਤਾ, ਬੇਈਮਾਨੀ ਅਤੇ ਰਿਸ਼ਵਤਖੋਰੀ ਦੇ ਪੰਜ ਫਨ ਲੈ ਕੇ ਪ੍ਰਗਟ ਹੋਇਆ। ਇਸ ਦਾ ਨਤੀਜਾ ਗਰੀਬੀ, ਬੇਰੋਜ਼ਗਾਰੀ, ਆਰਥਿਕ ਨਾਬਰਾਬਰੀ ਅਤੇ ਵਰਗ ਸੰਘਰਸ਼ ਦੇ ਰੂਪ ’ਚ ਸਾਹਮਣੇ ਆਇਆ।

ਇਕ ਚਰਚਾ :– ਮੌਜੂਦਾ ਸਮੇਂ ’ਚ ਸਮੁੰਦਰ ਮੰਥਨ ਨੂੰ ਸਮਝਣਾ ਜ਼ਰੂਰੀ ਹੈ। ਸਮੁੰਦਰ ਕੀ ਹੈ, ਅਤੇ ਕੁਝ ਨਹੀਂ, ਮਨੁੱਖੀ ਕਦਰਾਂ-ਕੀਮਤਾਂ ਦਾ ਮਹਾਸਾਗਰ ਹੈ ਜਿਸ ’ਚ ਲਹਿਰਾਂ ਅਤੇ ਤਰੰਗਾਂ ਉੱਠਦੀਆਂ-ਡਿੱਗਦੀਆਂ ਰਹਿੰਦੀਆਂ ਹਨ। ਇਹ ਸਾਡੀ ਪੀੜ, ਖੁਸ਼ੀ, ਭਾਵੁਕਤਾ, ਸਨੇਹ ਅਤੇ ਸੁਹੱਪਣ ਦਾ ਪ੍ਰਤੀਕ ਹੈ। ਇਸੇ ਤਰ੍ਹਾਂ ਮੰਦਾਰਗਿਰੀ ਅਜਿਹਾ ਪਹਾੜ ਹੈ ਜੋ ਜ਼ਿੰਦਗੀ ਨੂੰ ਸਥਿਰਤਾ ਮੁਹੱਈਆ ਕਰਦਾ ਹੈ ਅਤੇ ਸਮੁੰਦਰ ’ਚ ਉਸ ਦੇ ਹਿੱਲਣ-ਜੁਲਣ ਨਾਲ ਹੋਣ ਵਾਲੀ ਹਲਚਲ ਨੂੰ ਰੋਕਣ ਲਈ ਕੱਛੂਕੰੁਮੇ ਨੂੰ ਆਧਾਰ ਬਣਾਉਣਾ ਮਨੁੱਖ ਦੀਆਂ ਸੂਖਮ ਪ੍ਰਵਿਰਤੀਆਂ ਨੂੰ ਮਜ਼ਬੂਤ ਬਣਾਉਣ ਵਾਂਗ ਹੈ। ਵਾਸੁਕੀ ਨਾਗ ਰੱਸੀ ਭਾਵ ਮਧਾਣੀ ਦੇ ਰੂਪ ’ਚ ਇਹੀ ਤਾਂ ਪ੍ਰਗਟ ਕਰਦੇ ਹਨ ਕਿ ਮਨੁੱਖ ਦਾ ਆਪਣੀਆਂ ਇੱਛਾਵਾਂ ’ਤੇ ਕਾਬੂ ਪਾਉਣਾ ਬੜਾ ਔਖਾ ਹੈ ਅਤੇ ਸਿਰਫ ਸਾਧਨਾ ਭਾਵ ਲੋਕ ਭਲਾਈ ਦੇ ਕੰਮ ਕਰਨ ਦੀ ਇੱਛਾ ਰੱਖਣ ਨਾਲ ਹੀ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਸਰਪਰਾਜ ਦਾ ਮੂੰਹ ਫੜਨਾ ਹੈ ਜਾਂ ਉਸ ਦੀ ਪੂਛ, ਇਹ ਫੈਸਲਾ ਕਰਨ ਦਾ ਕੰਮ ਸਾਡੇ ਅੰਦਰ ਮੌਜੂਦ ਸਿਆਣਪ ਅਤੇ ਬੁੱਧੀ ਦਾ ਹੈ। ਗਲਤੀ ਹੋਣ ਨਾਲ ਤਬਾਹੀ ਅਤੇ ਸਹੀ ਕਦਮ ਚੁੱਕਣ ਨਾਲ ਨਿਰਮਾਣ ਹੁੰਦਾ ਹੈ, ਇਹੀ ਇਸ ਦਾ ਮਤਲਬ ਹੈ।

ਇਹ ਦੇਵ ਅਤੇ ਰਾਕਸ਼ਸ ਕੀ ਹਨ, ਸਾਡੇ ਅੰਦਰ ਵਿਆਪਤ ਸੱਚ ਅਤੇ ਝੂਠ ਦੀਆਂ ਪ੍ਰਵਿਰਤੀਆਂ ਹੀ ਤਾਂ ਹਨ ਜੋ ਹਰੇਕ ਮਨੁੱਖ ’ਚ ਮੌਜੂਦ ਰਹਿੰਦੀਆਂ ਹਨ। ਇਹ ਸਾਡੇ ਅਤੇ ਸਾਡੇ ਪਰਿਵੇਸ਼, ਸੰਸਕਾਰ ਅਤੇ ਵਾਤਾਵਰਣ ’ਤੇ ਨਿਰਭਰ ਹੈ ਕਿ ਅਸੀਂ ਕਿਨ੍ਹਾਂ ਨੂੰ ਘੱਟ ਜਾਂ ਵੱਧ ਦੇ ਰੂਪ ’ਚ ਅਪਣਾਉਂਦੇ ਹਾਂ। ਸਫਲਤਾ ਹਾਸਲ ਕਰਨ ਲਈ ਹਾਂਪੱਖੀ ਊਰਜਾ ਅਤੇ ਨਾਂਹਪੱਖੀ ਸੋਚ ਦਾ ਸੰਤੁਲਨ ਹੋਣਾ ਜ਼ਰੂਰੀ ਹੈ। ਕੋਈ ਵੀ ਵਿਅਕਤੀ ਚੰਗਾ ਜਾਂ ਬੁਰਾ ਨਹੀਂ ਹੋ ਸਕਦਾ, ਉਹ ਦੋਵਾਂ ਦਾ ਮਿਸ਼ਰਨ ਹੈ, ਇਹ ਖੁਦ ’ਤੇ ਹੈ ਕਿ ਅਸੀਂ ਕਿਸ ਨੂੰ ਅਹਿਮੀਅਤ ਦਿੰਦੇ ਹਾਂ ਿਕਉਂਕਿ ਸੁਰ ਅਤੇ ਅਸੁਰ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ। ਜ਼ਿੰਦਗੀ ਨੂੰ ਇਕ ਝਟਕੇ ’ਚ ਖਤਮ ਕਰਨ ਵਾਲਾ ਹਲਾਹਲ ਜ਼ਹਿਰ ਅਤੇ ਅੰਮ੍ਰਿਤਾ ਮੁਹੱਈਆ ਕਰਨ ਵਾਲਾ ਅੰਮ੍ਰਿਤ ਕਲਸ਼, ਹਰੇਕ ਪਲ ਹੋਣ ਵਾਲਾ ਕਿਰਿਆਕਲਾਪ, ਮਨੁੱਖ ਦੀ ਦਿਨਚਰਿਆ ਅਤੇ ਸਹੀ ਜਾਂ ਗਲਤ ਫੈਸਲੇ ਦਾ ਨਤੀਜਾ ਹੀ ਤਾਂ ਹੈ। ਇਸ ਨੂੰ ਆਪਣੇ ਕਰਮਾਂ ਦਾ ਲੇਖਾ-ਜੋਖਾ ਜਾਂ ਜਿਹੋ ਜਿਹਾ ਕਰੋਗੇ ਉਹੋ ਜਿਹਾ ਭਰੋਗੇ ਕਿਹਾ ਜਾ ਸਕਦਾ ਹੈ।

ਕਥਾ ਹੈ ਕਿ ਭਗਵਾਨ ਵਿਸ਼ਨੂੰ ਨੇ ਦੇਵਤਿਆਂ ਨੂੰ ਕਿਹਾ ਸੀ ਕਿ ਉਹ ਸਮੁੰਦਰ ’ਚੋਂ ਨਿਕਲਣ ਵਾਲੇ ਵੱਖ-ਵੱਖ ਰਤਨਾਂ ਨੂੰ ਹਾਸਲ ਕਰਨ ਦੀ ਥਾਂ ’ਤੇ ਅੰਮ੍ਰਿਤ ਕਲਸ਼ ਹਾਸਲ ਕਰਨ ਲਈ ਇਕਾਗਰਚਿਤ ਹੋ ਕੇ ਯਤਨ ਕਰਨ। ਇਸ ਦਾ ਅਰਥ ਇਹੀ ਹੈ ਕਿ ਜ਼ਿੰਦਗੀ ’ਚ ਆਏ ਵੱਖ-ਵੱਖ ਲਾਲਚਾਂ ਅਤੇ ਬੇਈਮਾਨੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਦੇ ਮੌਕਿਆਂ ’ਤੇ ਧਿਆਨ ਨਾ ਦੇ ਕੇ ਅੰਤਰ ਆਤਮਾ ਦੀ ਆਵਾਜ਼ ਸੁਣ ਕੇ ਫੈਸਲਾ ਕਰਨਾ ਹੀ ਉੱਤਮ ਹੈ।

ਸਿੱਟਾ ਇਹੀ ਹੈ :– ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਉਣ ਦਾ ਅਰਥ ਹੈ ਕਿ ਧਰਮ ਅਤੇ ਫਿਰਕੇ ਦੇ ਆਧਾਰ ’ਤੇ ਗਿਲਾ-ਸ਼ਿਕਵਾ, ਨਫਰਤ ਅਤੇ ਹਿੰਸਾ ਦੀ ਥਾਂ ’ਤੇ ਮਨੁੱਖੀ ਸਰੋਕਾਰ ਅਤੇ ਭਾਵਨਾਵਾਂ ਨੂੰ ਅਪਣਾਇਆ ਜਾਵੇ, ਨਹੀਂ ਤਾਂ ਜੋ ਫੁੱਟਪਾਊ ਤਾਕਤਾਂ ਹਨ, ਉਹ ਸਾਡਾ ਸੁਖ-ਚੈਨ ਖੋਹਣ ਲਈ ਤਿਆਰ ਹੀ ਹਨ। ਸਮੁੰਦਰ ਮੰਥਨ ਦੀ ਪ੍ਰਕਿਰਿਆ ਦੀ ਵਰਤੋਂ ਅੱਜ ਖੋਜ, ਪ੍ਰਬੰਧਨ, ਸਿਖਲਾਈ ਅਤੇ ਵੱਖ-ਵੱਖ ਮਤ ਜਾਂ ਵਿਚਾਰ ਰੱਖਣ ਵਾਲੀਆਂ ਟੀਮਾਂ ਵੱਲੋਂ ਆਪਣੇ ਟੀਚੇ ਭਾਵ ਅੰਮ੍ਰਿਤ ਹਾਸਲ ਕਰਨ ਦੀ ਦਿਸ਼ਾ ’ਚ ਕੀਤੇ ਜਾਣ ਵਾਲੇ ਯਤਨ ਹੀ ਹਨ।

ਅੱਜ ਅਸੀਂ ਖੇਤੀ ਉਤਪਾਦਨ ’ਚ ਘਾਟ ਦੀ ਹੱਦ ਪਾਰ ਕਰ ਕੇ ਆਤਮਨਿਰਭਰ ਹੋ ਗਏ ਹਾਂ, ਵਿਗਿਆਨ ਅਤੇ ਤਕਨੀਕ ’ਚ ਵਿਸ਼ਵ ਭਰ ’ਚ ਨਾਂ ਦਰਜ ਕਰ ਚੁੱਕੇ ਹਾਂ, ਵਪਾਰ ਅਤੇ ਉਦਯੋਗ ’ਚ ਬੜੇ ਅੱਗੇ ਹਾਂ, ਆਪਣੀਆਂ ਲੋੜਾਂ ਖੁਦ ਪੂਰਾ ਕਰਨ ’ਚ ਸਮਰੱਥ ਹਾਂ। ਆਧੁਨਿਕ ਸੰਚਾਰ ਸਾਧਨਾਂ ਦੀ ਵਰਤੋਂ ਕਰਨ ’ਚ ਮੋਹਰੀ ਹਾਂ ਤਾਂ ਫਿਰ ਸਮਾਜਿਕ ਅਤੇ ਆਰਥਿਕ ਵਿਤਕਰੇ ਦਾ ਕੀ ਕਾਰਨ ਹੈ? ਇਸ ’ਤੇ ਕੋਈ ਸਾਰਥਕ ਬਹਿਸ ਇਸ ਅਮ੍ਰਿਤ ਮਹਾਉਤਸਵ ’ਚ ਸ਼ੁਰੂ ਹੋਵੇ ਤਾਂ ਇਹ ਇਕ ਵੱਡੀ ਪ੍ਰਾਪਤੀ ਹੋਵੇਗੀ।

ਅੰਮ੍ਰਿਤ ਮਹਾਉਤਸਵ ’ਚ ਸਾਡੇ ਆਜ਼ਾਦੀ ਸੰਗਰਾਮ ਦੇ ਭੁਲਾ ਿਦੱਤੇ ਗਏ ਨਾਇਕ ਅਤੇ ਨਾਇਕਾਵਾਂ ਨੂੰ ਯਾਦ ਕਰਨਾ, ਆਜ਼ਾਦੀ ਦੇ ਬਾਅਦ ਹੁਣ ਤੱਕ ਵੱਖ-ਵੱਖ ਖੇਤਰਾਂ ’ਚ ਹੋਈਆਂ ਤਬਦੀਲੀਆਂ, ਤਰੱਕੀ, ਵਿਕਾਸ ਅਤੇ ਸੋਮਿਆਂ ਦੀ ਵਰਤੋਂ ਬਾਰੇ ਜਾਣਨਾ ਜ਼ਰੂਰੀ ਹੈ। ਇਸ ਦੇ ਨਾਲ ਇਸ ਗੱਲ ’ਤੇ ਮੰਥਨ ਜ਼ਰੂਰੀ ਹੈ ਕਿ ਅੱਜ ਤੱਕ ਹਰ ਬੱਚੇ ਨੂੰ ਸਿੱਖਿਆ ਅਤੇ ਹਰ ਹੱਥ ਨੂੰ ਰੋਜ਼ਗਾਰ ਦੇਣਾ ਕਿਉਂ ਸੰਭਵ ਨਹੀਂ ਹੋ ਸਕਿਆ। ਕੁਝ ਲੋਕਾਂ ਕੋਲ ਅਥਾਹ ਧਨ ਕਿਵੇਂ ਪਹੁੰਚ ਗਿਆ ਅਤੇ ਜਾਇਦਾਦ ਦਾ ਸਹੀ ਬਟਵਾਰਾ ਕਿਵੇਂ ਹੋਵੇ ਤਾਂ ਕਿ ਹਰੇਕ ਨੂੰ ਉਸ ਦਾ ਹੱਕ ਮਿਲੇ? ਇਹ ਕੁਝ ਅਜਿਹੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਹਰੇਕ ਭਾਰਤ ਵਾਸੀ ਨੂੰ ਮਿਲਣਾ ਚਾਹੀਦਾ ਹੈ।


author

Rakesh

Content Editor

Related News