ਪੰਜਾਬ ''ਚ 1916 ਵਿੱਚ ਇਸ ਵਿਅਕਤੀ ਨੂੰ ਜਾਰੀ ਹੋਇਆ ਪਹਿਲਾ ਬਿਜਲੀ ਕੁਨੈਕਸ਼ਨ, ਵਿਭਾਗ ਨੇ ਮੰਗੇ ਸਨ 55 ਰੁਪਏ

02/09/2023 1:39:47 PM

ਭਾਰਤ ਵਿਚ ਲਗਭਗ 124 ਸਾਲ ਪਹਿਲਾਂ ਸੰਨ 1899 ਵਿਚ ਬਿਜਲੀ ਦਾ ਵਪਾਰਕ ਤੌਰ ’ਤੇ ਉਤਪਾਦਨ ਕੀਤਾ ਗਿਆ। ਦੇਸ਼ ਦੇ ਮੋਹਰੀ ਸੂਬਿਆਂ ਵਿਚੋਂ ਪੰਜਾਬ ਵਿਚ ਪੂਰੇ 107 ਸਾਲ ਪਹਿਲਾਂ 8 ਫਰਵਰੀ, ਸੰਨ 1916 ਨੂੰ ਬਿਜਲੀ ਦਾ ਪਹਿਲਾ ਕੁਨੈਕਸ਼ਨ ਜਾਰੀ ਕੀਤਾ ਗਿਆ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਨ ਬਾਰਡਰ ਜ਼ੋਨ ਦੇ ਮੁੱਖ ਇੰਜੀਨੀਅਰ ਇੰਜ. ਬਾਲ ਕ੍ਰਿਸ਼ਨ ਅਨੁਸਾਰ ਅੰਮ੍ਰਿਤਸਰ ਦੇ ਹਾਲ ਗੇਟ ਦੇ ਸਭ ਤੋਂ ਪੁਰਾਣੇ ਬਿਜਲੀ ਵਿਭਾਗ ਦੇ ਸਭ ਤੋਂ ਪੁਰਾਣੇ ਦਫ਼ਤਰ ਵੱਲੋਂ ਲੱਭੇ ਗਏ ਦਸਤਾਵੇਜ਼ਾਂ ਤੋਂ ਇਹ ਪਤਾ ਲਗਦਾ ਹੈ ਕਿ ਪਹਿਲਾ ਬਿਜਲੀ ਕੁਨੈਕਸ਼ਨ ਮੁੱਖ ਇਲੈਕਟ੍ਰੀਕਲ ਇੰਜੀਨੀਅਰ ਐੱਚ. ਸੀ. ਗ੍ਰੀਨਵੁਡ ਵੱਲੋਂ ਮਨਜ਼ੂਰ ਕੀਤਾ ਗਿਆ ਸੀ।

11 ਦਸੰਬਰ, ਸੰਨ 1915 ਨੂੰ ਮਿਊਂਸਪਲ ਇਲੈਕਟ੍ਰੀਸਿਟੀ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਘਰ ਲਈ ਪਹਿਲਾ ਕੁਨੈਕਸ਼ਨ ਜਾਰੀ ਕਰਨ ਲਈ ਬੇਨਤੀ ਪੱਤਰ ਦਿੱਤਾ ਗਿਆ। ਸੀ. ਐੱਮ. ਕਿੰਗ ਉਸ ਵੇਲੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਨ । ਬਿਜਲੀ ਕੁਨੈਕਸ਼ਨ ਜਾਰੀ ਕਰਨ ਲਈ ਬੇਨਤੀ ਤੇ ਵਰਕ ਆਰਡਰ 1 ਨੰਬਰ ਮਿਤੀ 8 ਫਰਵਰੀ,1916 ਰਾਹੀਂ ਪਹਿਲਾ ਬਿਜਲੀ ਕੁਨੈਕਸ਼ਨ ਜਾਰੀ ਕੀਤਾ ਗਿਆ ਅਤੇ ਬਿਨੈਕਾਰ ਨੂੰ ਬਿਜਲੀ ਕੁਨੈਕਸ਼ਨ ਜਾਰੀ ਕਰਨ ਲਈ 55 ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਸੀ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਕੋਲ ਰੱਖੇ ਰਿਕਾਰਡ ਅਨੁਸਾਰ ਸੰਨ 1917 ਵਿਚ ਬਿਜਲੀ ਦੀਆਂ ਦਰਾਂ ਅੱਠ ਆਨਾ ਪ੍ਰਤੀ ਯੂਨਿਟ ਸਨ ਅਤੇ ਇਸ ਵਿਚ 25 ਫ਼ੀਸਦੀ ਦੀ ਛੋਟ ਦਿੱਤੀ ਗਈ ਸੀ। ਅੱਪਰ ਬਾਰੀ ਦੁਆਬ ਨਹਿਰ ਦੀ ਜਗ੍ਹਾ, ਜਿਸ ’ਤੇ 1915 ਵਿਚ ਸ਼ਹਿਰ ਲਈ ਬਿਜਲੀ ਪੈਦਾ ਕਰਨ ਲਈ ਟਰਬਾਈਨਾਂ ਲਗਾਈਆਂ ਗਈਆਂ ਸਨ, ਨੂੰ ਹਿਰਦੇ ਪ੍ਰੋਜੈਕਟ ਤਹਿਤ ਸੁਰੱਖਿਅਤ ਰੱਖਿਆ ਗਿਆ ਹੈ । ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ. ਸੀ. ਐੱਲ.) ਵੱਲੋਂ 1995 ’ਚ ਨਗਰਪਾਲਿਕਾ ਬਿਜਲੀ ਵਿਭਾਗ ਨੂੰ ਆਪਣੇ ਕਬਜ਼ੇ ’ਚ ਲੈਣ ਤੋਂ ਬਾਅਦ ਇਹ ਕਾਫ਼ੀ ਲੰਮਾ ਸਫ਼ਰ ਤੈਅ ਕਰ ਚੁੱਕਾ ਹੈ।


ਮਨਮੋਹਨ ਸਿੰਘ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ


Harnek Seechewal

Content Editor

Related News