ਦੇਸ਼ ’ਚ ਹਥਿਆਰਾਂ ਦੇ ਲਾਇਸੈਂਸ ਫਰਜ਼ੀ ਬਣਨ ਲੱਗੇ, ਜਨਤਾ ਦੀ ਸੁਰੱਖਿਆ ਦੇ ਲਈ ਵੱਡਾ ਖਤਰਾ

Friday, Jul 12, 2024 - 02:46 AM (IST)

ਦੇਸ਼ ’ਚ ਹਥਿਆਰਾਂ ਦੇ ਲਾਇਸੈਂਸ ਫਰਜ਼ੀ ਬਣਨ ਲੱਗੇ, ਜਨਤਾ ਦੀ ਸੁਰੱਖਿਆ ਦੇ ਲਈ ਵੱਡਾ ਖਤਰਾ

ਪਿਛਲੇ ਕੁਝ ਸਮੇਂ ਤੋਂ ਦੇਸ਼ ’ਚ ‘ਨਕਲੀ’ ਦਾ ਬੋਲਬਾਲਾ ਵਧਦਾ ਜਾ ਰਿਹਾ ਹੈ। ਪਹਿਲਾਂ ਤਾਂ ਨਕਲੀ ਖੁਰਾਕੀ ਪਦਾਰਥਾਂ ਆਦਿ ਦੀ ਗੱਲ ਹੀ ਸੁਣੀ ਜਾਂਦੀ ਸੀ ਪਰ ਹੁਣ ਇਹ ਬੀਮਾਰੀ ਉੱਚ ਸਰਕਾਰੀ ਅਹੁਦਿਆਂ ਤੋਂ ਹੁੰਦੇ ਹੋਏ ਵੱਖ-ਵੱਖ ਵਿਭਾਗਾਂ ਦੇ ਫਰਜ਼ੀ ਸਰਟੀਫਿਕੇਟਾਂ ਅਤੇ ਹਥਿਆਰਾਂ ਦੇ ਫਰਜ਼ੀ ਲਾਇਸੈਂਸਾਂ ਤੱਕ ਵੀ ਪਹੁੰਚ ਗਈ ਹੈ, ਜੋ ਪਿਛਲੇ ਤਿੰਨ ਮਹੀਨਿਆਂ ਦੀਆਂ ਹੇਠਲੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :

* 10 ਅਪ੍ਰੈਲ ਨੂੰ ਗਾਜ਼ੀਆਬਾਦ ਕ੍ਰਾਈਮ ਬ੍ਰਾਂਚ ਨੇ ਫਰਜ਼ੀ ਢੰਗ ਨਾਲ ਹਥਿਆਰਾਂ ਦੇ ਲਾਇਸੈਂਸ ਤਿਆਰ ਕਰਨ ਅਤੇ ਉਸ ਦੇ ਬਦਲੇ ’ਚ ਮੋਟੀ ਰਕਮ ਵਸੂਲਣ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਉਸ ਦੇ ਕਬਜ਼ੇ ’ਚੋਂ 8 ਦੇਸੀ ਹਥਿਆਰ, ਫਰਜ਼ੀ ਹਥਿਆਰ ਲਾਇਸੈਂਸ ਅਤੇ ਫੌਜ ਦਾ ਫਰਜ਼ੀ ਪਛਾਣ ਪੱਤਰ ਆਦਿ ਬਰਾਮਦ ਕੀਤੇ ਗਏ।

* 20 ਜੂਨ ਨੂੰ ਬਿਹਾਰ ’ਚ ਮੁਜ਼ੱਫਰਪੁਰ ਦੀ ਪੁਲਸ ਨੇ ਫਰਜ਼ੀ ਢੰਗ ਨਾਲ ਹਥਿਆਰਾਂ ਦੇ ਲਾਇਸੈਂਸ ਬਣਵਾ ਕੇ ਟੋਲ ਪਲਾਜ਼ਾ ’ਤੇ ਡਿਊਟੀ ਕਰ ਰਹੇ 2 ਸੁਰੱਖਿਆ ਮੁਲਾਜ਼ਮਾਂ ਨੂੰ 2 ਬੰਦੂਕਾਂ, ਹਥਿਆਰ ਅਤੇ 10 ਕਾਰਤੂਸਾਂ ਦੇ ਨਾਲ ਗ੍ਰਿਫਤਾਰ ਕੀਤਾ।

* 10 ਜੁਲਾਈ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਹਥਿਆਰਾਂ ਦੇ ਫਰਜ਼ੀ ਲਾਇਸੈਂਸ ਬਣਾਉਣ ਵਾਲੇ ਗਿਰੋਹ ਦੇ 2 ਮੈਂਬਰਾਂ ਅਤੇ 6 ਫਰਜ਼ੀ ਹਥਿਆਰ ਲਾਇਸੈਂਸ ਧਾਰਕਾਂ ਨੂੰ ਗ੍ਰਿਫਤਾਰ ਕਰ ਕੇ ਫਰਜ਼ੀ ਹਥਿਆਰ ਲਾਇਸੈਂਸ ਰੈਕੇਟ ਦਾ ਪਰਦਾਫਾਸ਼ ਕੀਤਾ।

ਡੀ. ਜੀ. ਪੀ. ਗੌਰਵ ਯਾਦਵ ਦੇ ਅਨੁਸਾਰ ਇਹ ਰੈਕੇਟ ‘ਤਰਨਤਾਰਨ ਸੇਵਾ ਕੇਂਦਰ’ ਦੇ ਜ਼ਿਲਾ ਮੈਨੇਜਰ ਸੂਰਜ ਭੰਡਾਰੀ ਦੀ ਮਿਲੀਭੁਗਤ ਨਾਲ ਚਲਾਇਆ ਜਾ ਰਿਹਾ ਸੀ। ਗਿਰੋਹ ਦੇ ਗ੍ਰਿਫਤਾਰ ਮੈਂਬਰਾਂ ’ਚ ਤਰਨਤਾਰਨ ਸੇਵਾ ਕੇਂਦਰ ਦਾ ਮੁਲਾਜ਼ਮ ਹਰਪਾਲ ਸਿੰਘ ਤੇ ਇਕ ਫੋਟੋਕਾਪੀ ਕਰਨ ਵਾਲੀ ਦੁਕਾਨ ਦਾ ਮਾਲਕ ਬਲਜੀਤ ਸਿੰਘ ਵੀ ਸ਼ਾਮਲ ਹਨ।

ਗਿਰੋਹ ਦਾ ਸਰਗਣਾ ਸੂਰਜ ਭੰਡਾਰੀ ਹਥਿਆਰਾਂ ਦਾ ਲਾਇਸੈਂਸ ਬਣਾਉਣ ਲਈ ਪ੍ਰਤੀ ਗਾਹਕ 1.50 ਲੱਖ ਰੁਪਏ ਫੀਸ ਲੈਂਦਾ ਸੀ ਜਿਸ ’ਚੋਂ ਉਹ ਕਮੀਸ਼ਨ ਵਜੋਂ 5-10 ਹਜ਼ਾਰ ਰੁਪਏ ਫੋਟੋਕਾਪੀ ਕਰਨ ਵਾਲੀ ਦੁਕਾਨ ਦੇ ਮਾਲਕ ਬਲਜੀਤ ਸਿੰਘ ਨੂੰ ਅਤੇ 10-20 ਹਜ਼ਾਰ ਰੁਪਏ ਸਰਵਿਸ ਕੇਂਦਰ ਦੇ ਮੁਲਾਜ਼ਮ ਹਰਪਾਲ ਸਿੰਘ ਨੂੰ ਦਿੰਦਾ ਸੀ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਦੇਸ਼ ’ਚ ਜਾਅਲਸਾਜ਼ੀ ਦੀ ਬੁਰਾਈ ਕਿੰਨੀ ਵਧ ਰਹੀ ਹੈ। ਖਾਸ ਕਰ ਕੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਜੇਕਰ ਲੋਕਾਂ ਨੂੰ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਹਥਿਆਰਾਂ ਤੱਕ ਦੇ ਲਾਇਸੈਂਸ ਮਿਲਣ ਲੱਗਣਗੇ ਤਾਂ ਇਹ ਹਾਲਤ ਸਮਾਜਿਕ ਸੁਰੱਖਿਆ ਲਈ ਕਿੰਨੀ ਖਤਰਨਾਕ ਸਿੱਧ ਹੋ ਸਕਦੀ ਹੈ।

ਇਸ ਲਈ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲੇ ਅਜਿਹੇ ਤੱਤਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ। 

-ਵਿਜੇ ਕੁਮਾਰ


author

Harpreet SIngh

Content Editor

Related News