ਬਜ਼ੁਰਗ ਆਪਣੇ ਆਪ ਨੂੰ ਇਕੱਲੇ, ਬੇਸਹਾਰਾ ਅਤੇ ਨਜ਼ਰਅੰਦਾਜ਼ ਮਹਿਸੂਸ ਕਰਦੇ ਹਨ

11/24/2019 1:52:14 AM

ਮਨੀਸ਼ ਤਿਵਾੜੀ

ਸਾਡੇ ਦੇਸ਼ ਦੀ ਯੂਥ-ਕੇਂਦ੍ਰਿਤ ਨੀਤੀ ਸਾਡੇ ਸੀਨੀਅਰ ਨਾਗਰਿਕਾਂ ਨੂੰ ਭੁੱਲ ਜਾਂਦੀ ਹੈ। ਅੰਕੜਿਆਂ ਦੇ ਲਾਭਾਂ ਦਾ ਪੂਰਾ ਫਾਇਦਾ ਨੌਜਵਾਨਾਂ ਨੂੰ ਦੇਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੇ ਯੋਗਦਾਨ ਨਾਲ ਰਾਸ਼ਟਰੀ ਉਤਪਾਦਕਤਾ ਨੂੰ ਵਧਾਉਣਾ ਚਾਹੁੰਦੇ ਹਨ। ਹਾਲਾਂਕਿ ਅਸੀਂ ਕੁਝ ਅੰਕੜਿਆਂ ਦੀ ਗੱਲ ਕਰਾਂਗੇ, ਜੋ ਅਸਲੀਅਤ ਦਰਸਾਉਂਦੇ ਹਨ। 2011 ਦੀ ਮਰਦਮਸ਼ੁਮਾਰੀ ਅਨੁਸਾਰ ਭਾਰਤ ’ਚ ਕਰੀਬ 10.4 ਕਰੋੜ ਬਜ਼ੁਰਗ ਲੋਕ (ਉਮਰ 60 ਸਾਲ ਜਾਂ ਵੱਧ) ਰਹਿੰਦੇ ਹਨ, ਜਿਨ੍ਹਾਂ ’ਚ 5.3 ਕਰੋੜ ਔਰਤਾਂ ਅਤੇ 5.1 ਕਰੋੜ ਮਰਦ ਸ਼ਾਮਿਲ ਹਨ। ਇਕ ਰਿਪੋਰਟ ਅਨੁਸਾਰ, ਜਿਸ ਨੂੰ ਕਿ ਯੂਨਾਈਟਿਡ ਨੇਸ਼ਨ ਪਾਪੂਲੇਸ਼ਨ ਫੰਡ ਐਂਡ ਹੈਲਪਏਜ ਇੰਡੀਆ ਨੇ ਜਾਰੀ ਕੀਤਾ ਹੈ, ਦੇ ਅਨੁਸਾਰ 2026 ਤਕ ਬਜ਼ੁਰਗਾਂ ਦੀ ਗਿਣਤੀ ਵਧ ਕੇ 17.3 ਕਰੋੜ ਹੋ ਜਾਵੇਗੀ। ਫਰਾਂਸ ਦੀ ਕੁਲ ਆਬਾਦੀ 6.7 ਕਰੋੜ, ਬ੍ਰਿਟੇਨ ਦੀ 6.7 ਕਰੋੜ, ਸਵੀਡਨ ਦੀ 1.4 ਲੱਖ ਅਤੇ ਬੰਗਲਾਦੇਸ਼ ਦੀ 16.3 ਕਰੋੜ ਹੈ।

ਭਾਰਤ ਦੇ ਗ੍ਰਾਮੀਣ ਖੇਤਰ ’ਚ 71 ਫੀਸਦੀ ਭਾਰਤੀ ਸੀਨੀਅਰ ਨਾਗਰਿਕ ਰਹਿੰਦੇ ਹਨ, ਜਦਕਿ ਸ਼ਹਿਰੀ ਖੇਤਰ ’ਚ 29 ਫੀਸਦੀ ਹਨ। ਕੁਲ ਭਾਰਤ ’ਚ ਬਜ਼ੁਰਗ ਉਮਰ ਨਿਰਭਰਤਾ ਦਰ 1961 ’ਚ 10.9 ਫੀਸਦੀ ਸੀ। ਇਹ 2011 ’ਚ ਵਧ ਕੇ 14.2 ਫੀਸਦੀ ਹੋ ਗਈ। ਸੀਨੀਅਰ ਨਾਗਰਿਕਾਂ ’ਚ ਸੰਯੁਕਤ ਅਪਾਹਜਤਾ ’ਚ ਜ਼ਿਆਦਾ ਯੋਗਦਾਨ ਨੇਤਰ ਅਪਾਹਜਤਾ ਦਾ ਸੀ। ਕੇਰਲ ’ਚ ਬਜ਼ੁਰਗ ਲੋਕਾਂ ਦਾ ਸਭ ਤੋਂ ਜ਼ਿਆਦਾ ਆਬਾਦੀ ਅਨੁਪਾਤ 12.6 ਫੀਸਦੀ ਹੈ, ਜਦਕਿ ਗੋਆ ਦਾ 11.2 ਫੀਸਦੀ, ਤਾਮਿਲਨਾਡੂ ਦਾ 10.4 ਫੀਸਦੀ ਹੈ। 2011 ਦੀ ਮਰਦਮਸ਼ੁਮਾਰੀ ਤੋਂ ਬਾਅਦ ਇਨ੍ਹਾਂ ਅੰਕੜਿਆਂ ’ਚ ਮਹੱਤਵਪੂਰਨ ਢੰਗ ਨਾਲ ਵਾਧਾ ਹੋਇਆ ਹੈ।

ਬੀਤੇ ਸਮੇਂ ’ਚ ਬਜ਼ੁਰਗ ਲੋਕ ਆਪਣੇ ਪਰਿਵਾਰ ਦੇ ਨਾਲ ਹੀ ਨਹੀਂ, ਸਗੋਂ ਆਪਣੇ ਭਰਾਵਾਂ, ਭੈਣਾਂ, ਚਾਚੇ-ਚਾਚੀਆਂ ਨਾਲ ਰਹਿੰਦੇ ਸਨ ਅਤੇ ਉਹ ਇੰਨੇ ਨਜ਼ਦੀਕੀ ਰਿਸ਼ਤੇ ਰੱਖਦੇ ਸਨ ਕਿ ਕਦੇ ਕੋਈ ਸਿਹਤ ਦਾ ਮੁੱਦਾ ਜਾਂ ਫਿਰ ਕੋਈ ਅਣਕਿਆਸੀ ਘਟਨਾ ਵਾਪਰ ਜਾਵੇ ਤਾਂ ਸਾਰੇ ਮੋਢੇ ਨਾਲ ਮੋਢਾ ਮਿਲਾ ਕੇ ਚੱਲਦੇ ਸਨ। ਸਮਾਜਿਕ ਤਾਣਾ-ਬਾਣਾ ਸਹੀ ਢੰਗ ਨਾਲ ਬੁਣਿਆ ਗਿਆ ਸੀ ਅਤੇ ਸੀਨੀਅਰ ਨਾਗਰਿਕਾਂ ਨੂੰ ਪੂਰਾ ਸਨਮਾਨ ਦਿੱਤਾ ਜਾਂਦਾ ਸੀ। ਸਮਾਜ ’ਚ ਅਜਿਹਾ ਪ੍ਰਬੰਧ ਦੇਖ ਕੇ ਬਜ਼ੁਰਗ ਲੋਕ ਇਕ ਆਨੰਦਮਈ ਜੀਵਨ ਗੁਜ਼ਾਰਦੇ ਸਨ ਅਤੇ ਉਨ੍ਹਾਂ ਨੂੰ ਇਹ ਚਿੰਤਾ ਜ਼ਰਾ ਵੀ ਨਹੀਂ ਸੀ ਕਿ ਸਮਾਂ ਪੈਣ ’ਤੇ ਉਨ੍ਹਾਂ ਨੂੰ ਕੌਣ ਸੰਭਾਲੇਗਾ। ਜਦੋਂ ਕਦੇ ਵੀ ਕਿਸੇ ਬਜ਼ੁਰਗ ਨੂੰ ਸਿਹਤ ਸਬੰਧੀ ਦਿੱਕਤ ਆਉਂਦੀ ਸੀ ਤਾਂ ਪੂਰਾ ਸੰਯੁਕਤ ਪਰਿਵਾਰ ਦੌੜ ਪੈਂਦਾ ਸੀ ਅਤੇ ਆਪਣੀਆਂ ਸਾਰੀਆਂ ਜ਼ਰੂਰਤਾਂ ਅਨੁਸਾਰ ਉਸ ਨੂੰ ਮੈਡੀਕਲ ਸਹਾਇਤਾ ਪਹੁੰਚਾਉਂਦੇ ਸਨ। ਦੇਖਭਾਲ ਕਰਨ ’ਤੇ ਇਕ-ਦੂਜੇ ਨਾਲ ਚੰਗਾ ਤਾਲਮੇਲ ਸੀ ਅਤੇ ਸਾਰੇ ਆਪਣੀ ਡਿਊਟੀ ਨਿਭਾਉਂਦੇ ਸਨ। ਬਜ਼ੁਰਗ ਲੋਕਾਂ ਨੇ ਕਦੇ ਵੀ ਆਪਣੇ ਆਪ ਨੂੰ ਨੀਵਾਂ ਜਾਂ ਫਿਰ ਇਕੱਲਾ ਮਹਿਸੂਸ ਨਹੀਂ ਕੀਤਾ।

ਸੰਯੁਕਤ ਪਰਿਵਾਰਾਂ ਦੇ ਸਮਾਜ ਵਿਚ ਟੁੱਟਣ ਤੋਂ ਬਾਅਦ ਸਿੰਗਲ ਪਰਿਵਾਰਾਂ ਦੀ ਗਿਣਤੀ ਵਿਚ ਵਾਧਾ ਹੋਇਆ। ਭਾਰਤ ਵਿਚ ਬਜ਼ੁਰਗ ਲੋਕ ਆਪਣੇ ਆਪ ਨੂੰ ਇਕੱਲੇ, ਬੇਸਹਾਰਾ ਅਤੇ ਨਜ਼ਰਅੰਦਾਜ਼ ਮਹਿਸੂਸ ਕਰਨ ਲੱਗੇ, ਫਿਰ ਭਾਵੇਂ ਉਹ ਆਪਣੇ ਬੱਚਿਆਂ ਦੇ ਨਾਲ ਰਹਿਣ ਜਾਂ ਫਿਰ ਪੋਤੇ-ਪੋਤੀਆਂ ਨਾਲ। ਅੱਜ ਦੇ ਦੌਰ ਵਿਚ ਪਰਿਵਾਰਕ ਮੈਂਬਰ ਦਬਾਅ ਅਤੇ ਤਣਾਅ ’ਚ ਰਹਿੰਦੇ ਹਨ। ਉਨ੍ਹਾਂ ਦਾ ਧਿਆਨ ਆਪਣੀਆਂ ਜ਼ਰੂਰਤਾਂ ਅਤੇ ਸਿੱਖਿਆ ’ਤੇ ਕੇਂਦ੍ਰਿਤ ਹੁੰਦਾ ਹੈ ਅਤੇ ਉਨ੍ਹਾਂ ਕੋਲ ਪਰਿਵਾਰ ਦੇ ਬਜ਼ੁਰਗ ਲੋਕਾਂ ਨਾਲ ਸਮਾਂ ਗੁਜ਼ਾਰਨ ਦਾ ਮੌਕਾ ਨਹੀਂ ਹੈ।

ਬਜ਼ੁਰਗ ਲੋਕਾਂ ਦੀ ਹਾਲਤ ਤਰਸਯੋਗ ਹੈ। ਆਪਣੇ ਆਪ ਨੂੰ ਇਕੱਲਾ ਦੇਖ ਕੇ ਉਹ ਇਕੱਲੇ ਹੀ ਚੱਲਦੇ ਰਹਿੰਦੇ ਹਨ, ਜਦਕਿ ਉਨ੍ਹਾਂ ਦੀ ਸਿਹਤ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੰਦੀ। ਉਮਰ ਦੇ ਵਧਣ ਨਾਲ ਸਿਹਤ ਉਨ੍ਹਾਂ ਨੂੰ ਕਮਰੇ ਦੇ ਅੰਦਰ ਲੁਕੋ ਦਿੰਦੀ ਹੈ ਅਤੇ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਕੋਈ ਨਹੀਂ ਹੁੰਦਾ।

ਰਵਾਇਤੀ ਭਾਰਤੀ ਜਾਤੀ ਸੰਸਕਾਰ ਅਤੇ ਸੰਯੁਕਤ ਪਰਿਵਾਰ ਦੀ ਵਿਵਸਥਾ ਨੇ ਸਦੀਆਂ ਤੋਂ ਸਾਡੀ ਸਮਾਜਿਕ, ਆਰਥਿਕ ਪ੍ਰਣਾਲੀ ਨੂੰ ਬਜ਼ੁਰਗ ਅਤੇ ਸਨਮਾਨਿਤ ਲੋਕਾਂ ਲਈ ਸੰਭਾਲ ਕੇ ਰੱਖਿਆ ਹੈ ਪਰ ਪਿਛਲੇ ਕੁਝ ਦਹਾਕਿਆਂ ਤੋਂ ਸਿੰਗਲ ਪਰਿਵਾਰਾਂ ਦੀ ਸਰੀਰਕ ਅਤੇ ਵਿੱਤੀ ਅਸੁਰੱਖਿਆ ਦੀ ਬਨਾਵਟ ਨੇ ਸਾਡੇ ਬਜ਼ੁਰਗਾਂ ਨੂੰ ਇਕੱਲਾਪਣ ਦਿੱਤਾ ਹੈ। ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹਿੱਸਾ ਨਹੀਂ ਦਿੱਤਾ ਜਾਂਦਾ।

2011 ਦੀ ਮਰਦਮਸ਼ੁਮਾਰੀ ਦੀ ਰੂਪ-ਰੇਖਾ ਦੱਸਦੀ ਹੈ ਕਿ ਕਰੀਬ 15 ਮਿਲੀਅਨ ਸਾਡੇ ਸੀਨੀਅਰ ਨਾਗਰਿਕ ਇਕੱਲੇ ਹੀ ਰਹਿੰਦੇ ਹਨ, ਜਿਨ੍ਹਾਂ ’ਚ ਤਿੰਨ-ਚੌਥਾਈ ਔਰਤਾਂ ਸ਼ਾਮਿਲ ਹਨ। ਹਰੇਕ 7 ’ਚੋਂ ਇਕ ਬਜ਼ੁਰਗ ਘਰ ਵਿਚ ਰਹਿੰਦਾ ਹੈ, ਜਿਥੇ 60 ਸਾਲ ਤੋਂ ਘੱਟ ਉਮਰ ਦਾ ਇਕ ਵੀ ਵਿਅਕਤੀ ਨਹੀਂ।

ਹਾਲਾਂਕਿ ਇਕੱਲੇ ਰਹਿ ਰਹੇ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਹੋ ਸਕਦੇ ਹਨ, ਜੇਕਰ ਉਹ ਸੰਗਠਿਤ ਹੋਣ ਜਾਂ ਫਿਰ ਉਨ੍ਹਾਂ ਕੋਲ ਕੋਈ ਕੰਮ, ਭਾਵ ਕਿ ਪਰਿਵਾਰ ਵਿਚ ਰਹਿ ਰਹੇ ਹੋ ਜਾਂ ਫਿਰ ਲੋਕਾਂ ਦੇ ਝੁੰਡ ਵਿਚ, ਫਿਰ ਵੀ ਆਪਣੇ ਆਪ ਨੂੰ ਤੁਸੀਂ ਇਕੱਲਾ ਮਹਿਸੂਸ ਕਰਦੇ ਹੋ। ਇਕੱਲਾਪਣ ਇਹ ਮਹਿਸੂਸ ਕਰਾਉਂਦਾ ਹੈ ਕਿ ਤੁਹਾਡਾ ਕੋਈ ਵੀ ਹਮਦਰਦ ਨਹੀਂ ਅਤੇ ਨਾ ਹੀ ਤੁਹਾਡੇ ਨਾਲ ਕੋਈ ਪਿਆਰ ਕਰਨ ਵਾਲਾ ਹੈ। ਇਕ ਵਿਅਕਤੀ ਉਸ ਸਮੇਂ ਨਕਾਰਾਤਮਕ ਊਰਜਾ ਹਾਸਿਲ ਕਰਦਾ ਹੈ, ਜਦੋਂ ਉਸ ਨਾਲ ਗੱਲਬਾਤ ਕਰਨ ਲਈ ਕੋਈ ਅੱਗੇ ਨਹੀਂ ਆਉਂਦਾ। ਵਿੱਦਿਅਕ ਖੋਜਾਂ ਖੁਲਾਸਾ ਕਰਦੀਆਂ ਹਨ ਕਿ 65 ਫੀਸਦੀ ਬਜ਼ੁਰਗ ਲੋਕ ਗਰੀਬ ਹਨ ਅਤੇ ਉਨ੍ਹਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ। 35 ਫੀਸਦੀ ਕੋਲ ਜਾਇਦਾਦ, ਨਿਵੇਸ਼ ਅਤੇ ਬੱਚਤ ਹੈ। ਭਾਰਤ ’ਚ 100 ਮਿਲੀਅਨ ਬਜ਼ੁਰਗ ਲੋਕਾਂ ਦੀ ਆਬਾਦੀ ਹੈ ਅਤੇ 2050 ਵਿਚ ਇਹ 324 ਮਿਲੀਅਨ ਨੂੰ ਛੂਹ ਜਾਵੇਗੀ ਅਤੇ ਇਹ ਉਨ੍ਹਾਂ ਰਾਸ਼ਟਰਾਂ ਦੀ ਆਬਾਦੀ ਦੇ ਬਰਾਬਰ ਹੋ ਜਾਵੇਗੀ, ਜਿਨ੍ਹਾਂ ਵਿਚ ਸਮਾਜਿਕ ਸੁਰੱਖਿਆ ਦੀ ਕਮੀ ਹੈ।

ਇਹ ਹੋਰ ਵੀ ਮੰਦਭਾਗਾ ਹੈ ਕਿ ਯੂਨਾਈਟਿਡ ਨੇਸ਼ਨਜ਼ ਵਰਲਡ ਐਲਡਰ ਐਬਿਊਜ਼ ਅਵੇਅਰਨੈੱਸ ਡੇਅ, ਜੋ ਹਰੇਕ ਸਾਲ 15 ਜੂਨ ਨੂੰ ਮਨਾਇਆ ਜਾਂਦਾ ਹੈ, ਵਲੋਂ ਜਾਰੀ ਇਕ ਖੋਜ ਵਿਚ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਬਜ਼ੁਰਗ ਲੋਕ ਇਕ ਤਰ੍ਹਾਂ ਨਾਲ ਭੈੜਾ ਵਿਵਹਾਰ ਹੀ ਸਹਿਣ ਕਰਦੇ ਹਨ। ਖੋਜ ਨੇ ਖੁਲਾਸਾ ਕੀਤਾ ਹੈ ਕਿ ਆਪਣੇ ਹੱਕਾਂ ਦੇ ਗਿਆਨ ਦੀ ਕਮੀ ਕਾਰਣ ਉਹ ਲੋਕ ਸਖਤ ਹਾਲਾਤ ਵਿਚ ਜਿਊਣ ਲਈ ਮਜਬੂਰ ਹਨ। ਬਜ਼ੁਰਗਾਂ ਨਾਲ ਗਲਤ ਵਿਵਹਾਰ ਦੀਆਂ ਕਈ ਰੌਂਗਟੇ ਖੜ੍ਹੇ ਕਰ ਦੇਣ ਵਾਲੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ। ਬਦਕਿਸਮਤੀ ਦੀ ਗੱਲ ਇਹ ਹੈ ਕਿ ਬਜ਼ੁਰਗ ਲੋਕ ਜ਼ਿਆਦਾਤਰ ਆਪਣੇ ਆਪ ਨੂੰ ਤਕਦੀਰ ਦੇ ਫੈਸਲੇ ’ਤੇ ਛੱਡ ਦਿੰਦੇ ਹਨ।

ਐੱਨ. ਡੀ. ਏ./ਭਾਜਪਾ ਸਰਕਾਰ ਦੇ ਔਸਤਨ ਉਮਰ ਦੇ ਲੋਕ 60 ਸਾਲ ਦੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਸਾਡੇ ਸੀਨੀਅਰ ਨਾਗਰਿਕਾਂ ਦੀ ਡਿੱਗ ਰਹੀ ਲਗਾਤਾਰ ਸਰੀਰਕ ਅਤੇ ਮਾਨਸਿਕ ਸਥਿਤੀ ਲਈ ਕੋਈ ਨੀਤੀ ਲਿਆਂਦੀ ਜਾਵੇ ਅਤੇ ਨਾਲ ਹੀ ਨਾਲ ਉਨ੍ਹਾਂ ਲਈ ਕੋਈ ਮਹੱਤਵਪੂਰਨ ਸਾਧਨ ਵੀ ਜੁਟਾਏ ਜਾਣ। 2011 ਦੀ ਸੀਨੀਅਰ ਨਾਗਰਿਕਾਂ ਦੀ ਰਾਸ਼ਟਰੀ ਨੀਤੀ ਇਕ ਸ਼ਲਾਘਾਯੋਗ ਕਦਮ ਸੀ ਪਰ ਮੰਦੇ ਭਾਗਾਂ ਨਾਲ ਇਹ ਕਾਗਜ਼ਾਂ ਤਕ ਹੀ ਸੀਮਤ ਰਹੀ। ਹੁਣ ਇਸ ਨੂੰ ਅਪਡੇਟ ਕਰਨ ਅਤੇ ਮੁਕੰਮਲ ਤੌਰ ’ਤੇ ਲਾਗੂ ਕਰਨ ਦਾ ਸਮਾਂ ਆ ਗਿਆ ਹੈ। ਸਾਡੇ ’ਚੋਂ ਜ਼ਿਆਦਾਤਰ ਨੂੰ ਬਜ਼ੁਰਗਾਂ ਨੂੰ ਆਦਰ ਅਤੇ ਸਨਮਾਨ ਦੇਣਾ ਪਵੇਗਾ ਅਤੇ ਅਸੀਂ ਇਸ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਵਾਂਗੇ।


Bharat Thapa

Content Editor

Related News