ਹਰਿਆਣਾ ਦਾ ਡਿਜੀਟਲ ਸੰਕਲਪ : ਨਸ਼ਾ ਮੁਕਤ ਜੀਵਨ, ਵਿਲੱਖਣ ਜੀਵਨ

Monday, May 05, 2025 - 12:52 PM (IST)

ਹਰਿਆਣਾ ਦਾ ਡਿਜੀਟਲ ਸੰਕਲਪ : ਨਸ਼ਾ ਮੁਕਤ ਜੀਵਨ, ਵਿਲੱਖਣ ਜੀਵਨ

ਕਦੇ ਬਾਲਟੀ ਟੂਟੀ ਤੋਂ ਟਪਕਦੇ ਪਾਣੀ ਨੂੰ ਸਮੇਟਣ ਲਈ ਘਰ ਦੇ ਕੋਨੇ ’ਚ ਪਈ ਰਹਿੰਦੀ ਸੀ। ਅੱਜ ਉਹੀ ਬਾਲਟੀ ਸਮਾਜ ਤੋਂ ਟਪਕਦੀਆਂ ਬੁਰਾਈਆਂ ਨੂੰ ਟਿਕਾਣੇ ਲਗਾਉਣ ਲਈ ਨਿਕਲ ਪਈ ਹੈ। ਉਸ ਨੂੰ ਦੇਖੋ, ਉਹ ਕਿਸੇ ਮੰਚ ’ਤੇ ਨਹੀਂ, ਕਿਸੇ ਮਸ਼ਾਲ ਜਲੂਸ ’ਚ ਨਹੀਂ, ਉਹ ਤਾਂ ਬਸ ਲੋਕਾਂ ਦੇ ਹੱਥ ’ਚ ਹੈ। ਸਿਰਫ ਪਾਣੀ ਨਾਲ ਭਰੀ ਹੋਈ ਨਹੀਂ, ਇਰਾਦੇ ਨਾਲ ਭਰੀ ਹੋਈ ਵੀ।

ਇਹ ਉਹੀ ਬਾਲਟੀ ਹੈ ਜੋ ਹੁਣ ਪੋਸਟਰ ਦੇ ਨਾਲ ਵੀਡੀਓ ’ਚ ਆਉਂਦੀ ਹੈ ਅਤੇ ਜਦੋਂ ਕੈਮਰਾ ਆਨ ਹੁੰਦਾ ਹੈ ਤਾਂ ਲੋਕ ਕਹਿੰਦੇ ਹਨ -

‘‘ਮੈਂ ਨਸ਼ਾਮੁਕਤ ਜੀਵਨ ਦਾ ਸੰਕਲਪ ਲੈਂਦਾ ਹਾਂ।’’ ਹੁਣ ਕਹੋ, ਸਮਾਜ ਸੁਧਾਰ ਲਈ ਹੋਰ ਕੀ ਚਾਹੀਦਾ? ਇਹ ਨਾਟਕ ਨਹੀਂ, ਨੀਅਤ ਹੈ।

ਕੁਝ ਲੋਕ ਪਹਿਲਾਂ ਬੋਲੇ, ‘‘ਇਹ ਕੀ, ਹੁਣ ਬਾਲਟੀ ਨਾਲ ਸਮਾਜ ਸੁਧਰੇਗਾ?’’

ਅਸੀਂ ਕਿਹਾ, ਕਿਉਂ ਨਹੀਂ?

ਜਦੋਂ ਕ੍ਰਿਕਟ ਦਾ ਬੱਲਾ ਦੇਸ਼ ਨੂੰ ਮਾਣ ਦਿਵਾ ਸਕਦਾ ਹੈ, ਜਦੋਂ ਫਿਲਮਾਂ ਦੇ ਸੰਵਾਦ ਨੌਜਵਾਨ ਦਿਲਾਂ ਨੂੰ ਦਿਸ਼ਾ ਦੇ ਸਕਦੇ ਹਨ, ਤਾਂ ਬਾਲਟੀ ਕਿਉਂ ਨਹੀਂ ਵਿਚਾਰ ਬਦਲ ਸਕਦੀ? ਇਹ ਕੋਈ ਛਲਾਂਗ ਮਾਰਦਾ ਅੰਦੋਲਨ ਨਹੀਂ ਹੈ। ਇਹ ਤਾਂ ਪੌੜੀਆਂ ਤੋਂ ਚੜ੍ਹਦੀ ਮੁਹਿੰਮ ਹੈ ਹੌਲੀ-ਹੌਲੀ ਪਰ ਠੋਸ?

ਪੋਸਟਰ ਦਾ ਮਤਲਬ ਕੀ ਹੈ? ਹੁਣ ਤੁਸੀਂ ਕਹੋਗੇ, ‘‘ਇਸ ’ਚ ਕੀ ਖਾਸ ਹੈ?’’

ਇਕ ਪੋਸਟਰ, ‘ਇਕ ਬਾਲਟੀ ਅਤੇ ਇਕ ਵੀਡੀਓ?

ਤਾਂ ਜਨਾਬ, ਖਾਸ ਗੱਲ ਇਹੀ ਹੈ ਕਿ ਇਸ ’ਚ ਕੋਈ ਉਲਝਣ ਨਹੀਂ ਹੈ, ਸਿਰਫ ਈਮਾਨ ਹੈ।

ਉਹ ਪੋਸਟਰ ਜਿਸ ’ਤੇ ਲਿਖਿਆ ਹੈ ‘‘ਨਸ਼ਾ ਮੁਕਤ ਜੀਵਨ, ਨਾਯਾਬ ਜੀਵਨ’’

ਕਾਗਜ਼ ’ਤੇ ਨਹੀਂ, ਇਰਾਦੇ ’ਤੇ ਲਿਖਿਆ ਗਿਆ ਹੈ। ਹੋਰ ਜਦੋਂ ਉਸ ਨੂੰ ਕੈਮਰੇ ’ਤੇ ਦਿਖਾਉਂਦੇ ਹਾਂ ਉਹ ਆਪਣੇ ਅੰਦਰ ਦਾ ਡਰ, ਦੁਚਿੱਤੀ ਅਤੇ ਬਹਾਨਾ ਸਬ ਡਿਲੀਟ ਕਰ ਦਿੰਦੇ ਹਨ।

ਬਾਲਟੀ ਨੇ ਹੁਣ ਤੱਕ ਕੀ ਕੀਤਾ ਹੈ? ਹੁਣ ਤਕ ਇਸ ਮੁਹਿੰਮ ਨਾਲ 50 ਲੱਖ ਲੋਕ ਜੁੜ ਚੁੱਕੇ ਹਨ। 50 ਲੱਖ ਲੋਕਾਂ ਨੇ ਬਾਲਟੀ ਚੁੱਕ ਕੇ ਕਿਹਾ, ‘‘ਹੁਣ ਨਹੀਂ!’’ ਅਤੇ ਇਹ ਸੰਕਲਪ ਹੁਣ 1 ਕਰੋੜ ਵੱਲ ਵਧ ਰਿਹਾ ਹੈ। ਪਿੰਡ-ਪਿੰਡ ’ਚ, ਥਾਣੇ ’ਚ, ਸਕੂਲ ’ਚ, ਖੇਤ ’ਚ, ਸੱਥ ’ਚ ਹਰ ਜਗ੍ਹਾ ਬਾਲਟੀ ਉੱਠ ਰਹੀ ਹੈ ਅਤੇ ਸਭ ਤੋਂ ਖਾਸ ਗੱਲ ਇਹ ਕਿ ਇਸ ’ਚ ਕੋਈ ਵੀ.ਆਈ.ਪੀ. ਨਹੀਂ ਹੈ, ਸਭ ਬਰਾਬਰ ਹਨ। ਹੁਣ ਆਉਂਦੇ ਹਾਂ ਸਿਤਾਰਿਆਂ ’ਤੇ ਜੋ ਅਸਮਾਨ ’ਚ ਰਹਿੰਦੇ ਹਨ ਪਰ ਜ਼ਮੀਨ ਦੇ ਲੋਕ ਉਨ੍ਹਾਂ ਨੂੰ ਪੂਜਦੇ ਹਨ। ਹਰਿਆਣਾ ਦੇ 2 ਸ਼ਹਿਰਾਂ ਗੁਰੂਗ੍ਰਾਮ ਅਤੇ ਪੰਚਕੂਲਾ ’ਚ ਕੋਈ ਅਜਿਹੇ ਨਾਂ ਵੱਸਦੇ ਹਨ, ਜਿਨ੍ਹਾਂ ਦੇ ਪੋਸਟ ’ਤੇ ਲੱਖਾਂ ਲਾਈਕਸ ਆਉਂਦੇ ਹਨ, ਜਿਨ੍ਹਾਂ ਦੇ ਵਾਲ ਕਟਵਾਉਣ ਨਾਲ ਟ੍ਰੈਂਡ ਬਦਲਦੇ ਹਨ, ਜਿਨ੍ਹਾਂ ਦੇ ਚੁੱਪ ਰਹਿਣ ਨਾਲ ਵੀ ਲੋਕ ਕੁਝ ਮੰਨ ਲੈਂਦੇ ਹਨ। ਅਸੀਂ ਗੱਲ ਕਰ ਰਹੇ ਹਾਂ :

* ਵਿਰਾਟ ਕੋਹਲੀ ਦੀ ਜਿਨ੍ਹਾਂ ਦਾ ਅਨੁਸ਼ਾਸਨ ਲੱਖਾਂ ਨੌਜਵਾਨਾਂ ਦੀ ਪ੍ਰੇਰਣਾ ਹੈ।

* ਕਪਿਲ ਦੇਵ ਦੀ ਜਿਨ੍ਹਾਂ ਨੇ ਪੂਰੇ ਦੇਸ਼ ਨੂੰ ‘ਹਮ ਕਰ ਸਕਤੇ ਹੈਂ ਸਿਖਾਇਆ।

* ਸ਼ਿਖਰ ਧਵਨ ਦੀ ਜਿਨ੍ਹਾਂ ਦੀ ਮੁਸਕਾਨ ਵੀ ਫਾਲੋਅ ਹੁੰਦੀ ਹੈ।

* ਆਯੁਸ਼ਮਾਨ ਖੁਰਾਨਾ ਦੀ ਜਿਨ੍ਹਾਂ ਦੀਆਂ ਫਿਲਮਾਂ ’ਚ ਸੰਵੇਦਨਾ ਅਤੇ ਸਮਾਜ ਦੋਵੇਂ ਹੁੰਦੇ ਹਨ।

* ਬੀ ਪਰਾਗ ਦੀ ਜਿਨ੍ਹਾਂ ਦੀ ਆਵਾਜ਼ ਨੌਜਵਾਨਾਂ ਦੀ ਪਲੇਲਿਸਟ ’ਚ ਗੂੰਜਦੀ ਹੈ।

ਤੁਹਾਡਾ ਸਾਰਿਆਂ ਦਾ ਇਕ ਵੀਡੀਓ ਜਿਸ ’ਚ ਤੁਸੀਂ ਪੋਸਟਰ ਦਿਖਾਉਂਦੇ ਹੋਏ ਕਹੋ, ‘‘ਮੈਂ ਨਸ਼ਾਮੁਕਤ ਜੀਵਨ ਦਾ ਸੰਕਲਪ ਲੈਂਦਾ ਹਾਂ।’’ ਇਹ ਨਾ ਸਿਰਫ ਪ੍ਰੇਰਣਾ ਦੇਵੇਗਾ ਸਗੋਂ ਇਕ ਲਹਿਰ ਉਠਾਏਗਾ। ਹੁਣ ਗੱਲ ਉਨ੍ਹਾਂ ਦੇ ‘ਏਜੰਟਾਂ’ ਦੀ ਜੋ ਫਾਲੋਅਰਸ ਨੂੰ ਪੈਸਾ ਮੰਨਦੇ ਹਨ, ਇਨਸਾਨ ਨਹੀਂ। ਕੁਝ ਸਿਤਾਰੇ ਇਸ ਮੁਹਿੰਮ ਨਾਲ ਜੁੜਨਾ ਚਾਹੁੰਦੇ ਹਨ। ਉਹ ਅੱਗੇ ਆਉਣਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਰਸਤੇ ’ਚ ਖੜ੍ਹਾ ਹੁੰਦਾ ਹੈ ਉਨ੍ਹਾਂ ਦਾ ਹੀ ਕੋਈ ਮੈਨੇਜਰ, ਜੋ ਕਹਿੰਦਾ ਹੈ ‘‘ਇਸ ’ਚ ਬ੍ਰਾਂਡਿੰਗ ਕਿਥੇ ਹੈ?’’

ਤਾਂ ਇਕ ਨਿਮਤਾ ਭਰੀ ਪਰ ਸਪੱਸ਼ਟ ਗੱਲ ਇਹ ਹੈ ਕਿ ਜੋ ਲੋਕ ਲੱਖਾਂ ਨੌਜਵਾਨਾਂ ਨੂੰ ਪ੍ਰਭਾਵਿਤ ਕਰਦੇ ਹਨ ਪਰ ਜੇਕਰ ਉਹ ਸਾਮਾਜਿਕ ਜ਼ਿੰਮੇਵਾਰੀ ਤੋਂ ਵੀ ਬਚਦੇ ਹਨ ਤਾਂ ਇਹ ਸਿਰਫ ਲਾਪਰਵਾਹੀ ਨਹੀਂ, ਵਿਸ਼ਵਾਸਘਾਤ ਹੈ। ਮੈਨੇਜਰ ਸਾਹਿਬ ਜੇਕਰ ਤੁਹਾਨੂੰ ਬ੍ਰਾਂਡ ਦੀ ਚਿੰਤਾ ਹੈ ਤਾਂ ਯਾਦ ਰੱਖੋ ਸਹੀ ਸਮੇਂ ’ਤੇ ਚੁੱਕੀ ਗਈ ਬਾਲਟੀ, ਤੁਹਾਡੇ ਸਟਾਰ ਨੂੰ ਉਹ ਸਨਮਾਨ ਦਿਵਾ ਸਕਦੀ ਹੈ ਜੋ ਕੋਈ ਬ੍ਰਾਂਡ ਨਹੀਂ ਦਿਵਾ ਸਕਦਾ।

ਇਹ ਅੰਦੋਲਨ ਸਿਰਫ ਨਸ਼ੇ ਦੇ ਵਿਰੁੱਧ ਨਹੀਂ, ਡਰ ਦੇ ਵਿਰੁੱਧ ਵੀ ਹੈ। ਕਈ ਲੋਕ ਨਸ਼ਾ ਇਸ ਲਈ ਨਹੀਂ ਛੱਡ ਸਕਦੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕੀ ਫਰਕ ਪਏਗਾ? ਤਾਂ ਇਹ ਬਕੇਟ ਚੈਲੇਂਜ, ਉਸ ‘ਕੁਝ ਨਹੀਂ ਬਦਲਦਾ’ ਸੋਚ ਦੇ ਵਿਰੁੱਧ ਹੈ। ਇਹ ਉਸ ਚੁੱਪੀ ਦੇ ਵਿਰੁੱਧ ਹੈ, ਜੋ ਸਭ ਤੋਂ ਖਤਰਨਾਕ ਨਸ਼ਾ ਹੈ। ਜਦੋਂ ਇਕ ਅੱਲੜ ਕੈਮਰੇ ’ਤੇ ਮੁਸਕਰਾ ਕੇ ਕਹਿੰਦਾ ਹੈ, ‘‘ਮੈਂ ਨਸ਼ਾ ਨਹੀਂ ਕਰਾਂਗਾ’’ ਤਾਂ ਉਸ ਦੇ ਪਿੱਛੇ ਹਜ਼ਾਰਾਂ ਲੋਕ ਖੜ੍ਹੇ ਹੋ ਜਾਂਦੇ ਹਨ। ਇਸ ਲਈ ਬਾਲਟੀ ਚੁੱਕੋ, ਸਿਰਫ ਪਾਣੀ ਦੇ ਲਈ ਨਹੀਂ ਵਿਚਾਰ ਵਹਾਉਣ ਲਈ। ਇਹ ਸਮਾਂ ਹੈ ਜਿਥੇ ਪੋਸਟਰ ਹਥਿਆਰ ਹੈ ਅਤੇ ਵੀਡੀਓ ਐਲਾਨ। ਜੇਕਰ ਬਦਲਾਅ ਲਿਆਉਣਾ ਹੈ ਤਾਂ ਸਟਾਰਡਮ ਦੀ ਵੀ ਵਰਤੋਂ ਹੋਵੇ, ਕਿਸੇ ਬ੍ਰਾਂਡ ਦੇ ਲਈ ਨਹੀਂ ਸਮਾਜ ਦੇ ਲਈ।

ਤਾਂ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ‘‘ਮੈਂ ਕੀ ਕਰਾਂ?’’ ਘਬਰਾਓ ਨਾ, ਕਿਸੇ ਸਰਕਾਰੀ ਫਾਈਲ ਵਰਗਾ ਉਲਝਿਆ ਮਾਮਲਾ ਨਹੀਂ ਹੈ। ਬਸ ਹੇਠਾਂ ਦਿੱਤੇ ਗਏ 6 ਸਟੈੱਪ ਪੜ੍ਹੋ ਅਤੇ ਫਿਰ ਚੁੱਕੋ ਪਹਿਲਾ ਕਦਮ।

ਬਕੇਟ ਚੈਲੇਂਜ ’ਚ ਹਿੱਸਾ ਲੈਣ ਦੇ 6 ਆਸਾਨ ਤਰੀਕੇ :

1. ਇਕ ਬਾਲਟੀ ਲਵੋ, ਉਸ ’ਚ ਥੋੜ੍ਹਾ ਗੰਦਾ ਪਾਣੀ ਭਰੋ। ਇਹ ਨਸ਼ੇ ਦੀ ਬੁਰਾਈ ਦਾ ਪ੍ਰਤੀਕ ਹੈ।

2. ਇਕ ਪੋਸਟਰ ਬਣਾਓ, ਕਾਗਜ਼ ’ਤੇ ਮੋਟੋ ਅੱਖਰਾਂ ’ਚ ਲਿਖੋ-‘ਨਸ਼ਾ ਮੁਕਤ ਜੀਵਨ, ਵਿਲੱਖਣ ਜੀਵਨ’

3. ਕੈਮਰੇ ’ਤੇ ਪੋਸਟਰ ਦਿਖਾਓ ਅਤੇ ਕਹੋ ‘‘ਮੈਂ ਨਸ਼ਾਮੁਕਤ ਜੀਵਨ ਦਾ ਸੰਕਲਪ ਲੈਂਦਾ ਹਾਂ।’’

4. ਬਾਲਟੀ ਦਾ ਪਾਣੀ ਜ਼ਮੀਨ ’ਤੇ ਵਹਾਓ, ਜਿਵੇਂ ਨਸ਼ੇ ਨੂੰ ਆਪਣੇ ਜੀਵਨ ਤੋਂ ਵਹਾਅ ਰਹੇ ਹੋ।

5. ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕਰੋ ਨਸ਼ਾ ਮੁਕਤ ਜੀਵਨ ਅਤੇ ਵਿਲੱਖਣ ਜੀਵਨ ਹੈਸ਼ਟੈਗ ਦੇ ਨਾਲ।

6. ਤਿੰਨ ਲੋਕਾਂ ਨੂੰ ਟੈਕ ਕਰੋ ਤਾਂਕਿ ਇਹ ਲਹਿਰ ਵਧਦੀ ਜਾਏ। ਧਿਆਨ ਰੱਖੋ, ਪੋਸਟਰ ਬਾਲਟੀ ’ਚ ਨਾ ਸੁੱਟੋ। ਉਸ ਨੂੰ ਕੈਮਰੇ ’ਤੇ ਜ਼ਰੂਰ ਦਿਖਾਓ ਕਿਉਂਕਿ ਇਸ ਅੰਦੋਲਨ ’ਚ ਪਾਣੀ ਤੋਂ ਵੱਧ ਜ਼ਰੂਰੀ ਹੈ ਤੁਹਾਡੀ ਸੋਚ। 

ਆਖਿਰ ’ਚ ਬਸ ਇਹੀ ਕਹਾਂਗੇ :

ਜੇਕਰ ਅੱਜ ਤੁਸੀਂ ਬਾਲਟੀ ਚੁੱਕਦੇ ਹੋ

ਤਾਂ ਕਲ ਕੋਈ ਤੁਹਾਨੂੰ ਦੇਖ ਕੇ ਨਸ਼ੇ ਤੋਂ ਤੌਬਾ ਕਰੇਗਾ।

ਇਕ ਬਾਲਟੀ, ਇਕ ਪੋਸਟਰ, ਇਕ ਆਵਾਜ਼ ਅਤੇ ਸਮਾਜ ਬਦਲੇਗਾ।

-ਓ. ਪੀ. ਸਿੰਘ


author

Tanu

Content Editor

Related News