ਸੈਕਸ ਸ਼ੋਸ਼ਣ ’ਚ ਜੁਰਮਾਨੇ ਦੇ ਬਾਵਜੂਦ ਟ੍ਰੰਪ ਬਣੇ ਰਿਪਬਲਿਕਨ ਦੇ ਰਾਸ਼ਟਰਪਤੀ ਉਮੀਦਵਾਰ

Friday, Mar 08, 2024 - 03:31 AM (IST)

ਸੈਕਸ ਸ਼ੋਸ਼ਣ ’ਚ ਜੁਰਮਾਨੇ ਦੇ ਬਾਵਜੂਦ ਟ੍ਰੰਪ ਬਣੇ ਰਿਪਬਲਿਕਨ ਦੇ ਰਾਸ਼ਟਰਪਤੀ ਉਮੀਦਵਾਰ

ਹਾਲਾਂਕਿ ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਲਗਭਗ 9 ਮਹੀਨੇ ਪਿੱਛੋਂ ਨਵੰਬਰ ’ਚ ਹੋਣੀਆਂ ਹਨ ਪਰ ਉੱਥੇ ਇਕ-ਦੂਜੇ ’ਤੇ ਦੋਸ਼-ਪ੍ਰਤੀਦੋਸ਼ ਦਾ ਸਿਲਸਿਲਾ ਹੁਣ ਤੋਂ ਹੀ ਸ਼ੁਰੂ ਹੋ ਗਿਆ ਹੈ ਅਤੇ ਮੌਜੂਦਾ ‘ਰਾਸ਼ਟਰਪਤੀ ਜੋਅ ਬਾਈਡੇਨ’ (ਡੈਮੋਕ੍ਰੇਟਿਕ ਪਾਰਟੀ) ਦੇ ਵਿਰੁੱਧ ਇਕ ਵਾਰ ਫਿਰ ਚੋਣ ਲੜਨ ਦੇ ਮਜ਼ਬੂਤ ਦਾਅਵੇਦਾਰ ਬਣੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ (ਰਿਪਬਲਿਕਨ ਪਾਰਟੀ) ਵਿਰੁੱਧ ਪ੍ਰਚਾਰ ’ਚ ਮੁੱਖ ਭੂਮਿਕਾ ਨਿਭਾਅ ਰਹੀ ਹੈ ‘ਜੋਅ ਬਾਈਡੇਨ’ ਦੀ ਪਤਨੀ ‘ਜਿਲ ਬਾਈਡੇਨ’।

‘ਜਿਲ ਬਾਈਡੇਨ’ ਆਪਣੇ ਭਾਸ਼ਣਾਂ ’ਚ ਵਿਸ਼ੇਸ਼ ਤੌਰ ’ਤੇ ਡੋਨਾਲਡ ਟ੍ਰੰਪ ਨੂੰ ਨਿਸ਼ਾਨਾ ਬਣਾ ਰਹੇ ਹਨ। ਔਰਤ ਵੋਟਰਾਂ ਨੂੰ ਆਪਣੇ ਹੱਕ ’ਚ ਇਕਜੁੱਟ ਕਰਨ ਦੇ ਮੰਤਵ ਨਾਲ ਅਟਲਾਂਟਾ ’ਚ ਆਯੋਜਿਤ ਇਕ ਪ੍ਰੋਗਰਾਮ ’ਚ ‘ਜਿਲ ਬਾਈਡੇਨ’ ਨੇ ਡੋਨਾਲਡ ਟ੍ਰੰਪ ਨੂੰ ਔਰਤਾਂ ਲਈ ਬਹੁਤ ਖਤਰਨਾਕ ਵਿਅਕਤੀ ਦੱਸਿਆ ਅਤੇ ਕਿਹਾ, ‘‘ਡੋਨਾਲਡ ਟ੍ਰੰਪ ਔਰਤਾਂ ਦੇ ਸਰੀਰ ਦਾ ਮਜ਼ਾਕ ਉਡਾਉਂਦੇ ਹਨ। ਸਾਡੀਆਂ ਪ੍ਰਾਪਤੀਆਂ ਦਾ ਆਦਰ ਨਹੀਂ ਕਰਦੇ ਅਤੇ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਉਣ ਦੀਆਂ ਡੀਂਗਾਂ ਮਾਰਦੇ ਹਨ। ਉਹ ਔਰਤਾਂ ਅਤੇ ਸਾਡੇ ਪਰਿਵਾਰਾਂ ਲਈ ਖ਼ਤਰਨਾਕ ਹਨ, ਇਸ ਲਈ ਅਸੀਂ ਉਨ੍ਹਾਂ ਨੂੰ ਜਿੱਤਣ ਨਹੀਂ ਦੇ ਸਕਦੇ।’’

ਬਿਨਾਂ ਸ਼ੱਕ ਔਰਤਾਂ ਪ੍ਰਤੀ ਡੋਨਾਲਡ ਟ੍ਰੰਪ ਦਾ ਰਵੱਈਆ ਹਮੇਸ਼ਾ ਨਕਾਰਾਤਮਕ ਤੇ ਭੈੜਾ ਅਤੇ ਅਸ਼ਲੀਲ ਟਿੱਪਣੀਆਂ ਕਰਨ ਵਾਲਾ ਰਿਹਾ ਹੈ। ਉਨ੍ਹਾਂ ਨੇ ਤਾਂ ਆਪਣੀ ਬੇਟੀ ‘ਇਵਾਂਕਾ’ ਨੂੰ ਵੀ ਨਹੀਂ ਬਖਸ਼ਿਆ ਅਤੇ ਉਸ ਨੂੰ ‘ਕਾਮੁਕ’ ਕਰਾਰ ਦੇ ਦਿੱਤਾ ਸੀ। ਕੁਝ ਸਾਲ ਪਹਿਲਾਂ ਇਕ ਇੰਟਰਵਿਊ ’ਚ ਉਨ੍ਹਾਂ ਨੇ ਵਾਰ-ਵਾਰ ਆਪਣੀ ਬੇਟੀ ‘ਇਵਾਂਕਾ’ ਦੇ ਸਰੀਰ ਦੀ ਬਣਾਵਟ ਵਰਗੇ ਵਿਸ਼ਿਆਂ ’ਤੇ ਗੱਲ ਕੀਤੀ ਅਤੇ ਕਿਹਾ ਕਿ ‘‘ਉਸ ਨੇ ‘ਇੰਪਲਾਂਟ’ ਨਹੀਂ ਕਰਵਾਇਆ ਹੈ। ਅਸਲ ’ਚ ‘ਇਵਾਂਕਾ’ ਸਦਾ ਹੀ ਕਾਮੁਕ ਰਹੀ ਹੈ। ਉਹ ਲਗਭਗ 6 ਫੁੱਟ ਲੰਬੀ ਹੈ ਅਤੇ ਗਜ਼ਬ ਦੀ ਖੂਬਸੂਰਤ ਰਹੀ ਹੈ।’’

ਇਕ ਹੋਰ ਇੰਟਰਵਿਊ ’ਚ ਜਦ ਡੋਨਾਲਡ ਟ੍ਰੰਪ ਤੋਂ ਪੁੱਛਿਆ ਗਿਆ ਕਿ ਕੀ ਉਹ ਇਵਾਂਕਾ ਨੂੰ ‘ਏ ਪੀਸ ਆਫ ਏ... (ਕੇਕ)’ (ਆਸਾਨੀ ਨਾਲ ਮੁਹੱਈਆ) ਮੰਨਦੇ ਹਨ ਤਾਂ ਟ੍ਰੰਪ ਨੇ ‘ਹਾਂ’ ’ਚ ਜਵਾਬ ਦਿੱਤਾ ਸੀ। ਇਸੇ ਇੰਟਰਵਿਊ ’ਚ ਡੋਨਾਲਡ ਟ੍ਰੰਪ ਨੇ ਘੱਟ ਉਮਰ ਦੀਆਂ ਔਰਤਾਂ ਨਾਲ ਰੋਮਾਂਸ ਕਰਨ ’ਤੇ ਵੀ ਗੱਲ ਕੀਤੀ ਅਤੇ 30 ਤੋਂ 35 ਸਾਲ ਨੂੰ ‘ਠੀਕ ਉਮਰ’ ਦੱਸਿਆ।

ਅਖਬਾਰ ‘ਵਾਸ਼ਿੰਗਟਨ ਪੋਸਟ’ ਅਨੁਸਾਰ ਡੋਨਾਲਡ ਟ੍ਰੰਪ ਨੇ ਇਹ ਵੀ ਕਿਹਾ ਸੀ ਕਿ ਔਰਤਾਂ ਨੇ ਉਨ੍ਹਾਂ ਨੂੰ ਆਪਣੇ ਨਾਲ ਉਹ ਸਭ ਕੁਝ ਕਰਨ ਦਿੱਤਾ ਜੋ ਉਹ ਕਰਨਾ ਚਾਹੁੰਦੇ ਸੀ। ਟ੍ਰੰਪ ਪ੍ਰਸ਼ਾਸਨ ’ਚ ਇਕ ਸਾਬਕਾ ਅਧਿਕਾਰੀ ‘ਓਲਿਵੀਆ ਟ੍ਰਾਏ’ ਨੇ ਬੀਤੇ ਸਾਲ ਮਈ ’ਚ ‘ਨਿਊਜ਼ ਵੀਕ’ ਰਸਾਲੇ ਨੂੰ ਦੱਸਿਆ ਸੀ ਕਿ ‘‘ਡੋਨਾਲਡ ਟ੍ਰੰਪ ਦੀ ਇਕ ਨੌਜਵਾਨ ਮੁਲਾਜ਼ਮ ’ਚ ਰੁਚੀ ਜਾਗੀ ਸੀ ਜਿਸ ਕਾਰਨ ਵ੍ਹਾਈਟ ਹਾਊਸ ’ਚ ਚਿੰਤਾ ਪੈਦਾ ਹੋ ਗਈ ਸੀ। ਉਨ੍ਹਾਂ ਨੇ ਖੁੱਲ੍ਹੇਆਮ ਔਰਤਾਂ ਨਾਲ ਅਣਉਚਿਤ ਵਿਹਾਰ ਕੀਤਾ।’’

ਲੇਖਿਕਾ ‘ਈ ਜੀਨ ਕੈਰੋਲ’ ਨੇ ਡੋਨਾਲਡ ਟ੍ਰੰਪ ਨੂੰ ਉਨ੍ਹਾਂ ਦਾ ਸੈਕਸ ਸ਼ੋਸ਼ਣ ਕਰਨ ਅਤੇ ਬਦਨਾਮ ਕਰਨ ਲਈ ਜ਼ਿੰਮੇਵਾਰ ਕਰਾਰ ਦਿੱਤਾ ਸੀ। ਵ੍ਹਾਈਟ ਹਾਊਸ ਦੀ ਸਾਬਕਾ ਪ੍ਰੈੱਸ ਸਕੱਤਰ ‘ਸਟੈਫਨੀ ਗ੍ਰੀਸ਼ਮ’ ਅਤੇ ਸਾਬਕਾ ਸਲਾਹਕਾਰ ‘ਐਲੀਸਾ ਫਰਾਹ ਗ੍ਰਿਫਿਨ’ ਨੇ ਕਿਹਾ ਸੀ ਕਿ ਡੋਨਾਲਡ ਟ੍ਰੰਪ ਦਾ ਔਰਤਾਂ ਨਾਲ ਬੁਰਾ ਵਤੀਰਾ ਕਰਨ ਦਾ ਇਕ ਮਿੱਥਿਆ ਤਰੀਕਾ ਸੀ। ਉਨ੍ਹਾਂ ਦਾ ਔਰਤਾਂ ਨਾਲ ਵਤੀਰਾ ਖਤਰਨਾਕ ਸੀ ਅਤੇ ਇਕ ਨੌਜਵਾਨ ਮੁਲਾਜ਼ਮ ’ਚ ਟ੍ਰੰਪ ਨੇ ਬਹੁਤ ਡੂੰਘੀ ਦਿਲਚਸਪੀ ਲਈ ਸੀ।

ਲੇਖਿਕਾ ‘ਈ ਜੀਨ ਕੈਰੋਲ’ ਨੇ ਦੋਸ਼ ਲਾਇਆ ਸੀ ਕਿ 1996 ’ਚ ਟ੍ਰੰਪ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਸੀ। ਅਦਾਲਤ ਨੇ ਉਸ ਦਾ ਇਹ ਦੋਸ਼ ਤਾਂ ਖਾਰਜ ਕਰ ਦਿੱਤਾ ਪਰ ਟ੍ਰੰਪ ਨੂੰ ਉਸ ਦੇ ਸੈਕਸ ਸ਼ੋਸ਼ਣ ਲਈ ਜ਼ਿੰਮੇਵਾਰ ਮੰਨਦੇ ਹੋਏ ਉਨ੍ਹਾਂ ਨੂੰ ਲੇਖਿਕਾ ‘ਈ ਜੀਨ ਕੈਰੋਲ’ ਨੂੰ ਪੰਜ ਲੱਖ ਡਾਲਰ ਦੇਣ ਦਾ ਹੁਕਮ ਦਿੱਤਾ ਸੀ। ਡੋਨਾਲਡ ਟ੍ਰੰਪ ਦੇ ਇਸ ਤਰ੍ਹਾਂ ਦੇ ਅਣਗਿਣਤ ਕਿੱਸੇ ਹਨ। ਇਸ ਲਿਹਾਜ਼ ਨਾਲ ‘ਜਿਲ ਬਾਈਡੇਨ’ ਵੱਲੋਂ ਲਾਏ ਗਏ ਇਸ ਦੋਸ਼ ’ਚ ਦਮ ਲੱਗਦਾ ਹੈ ਕਿ ਉਹ ਅਮਰੀਕੀ ਔਰਤਾਂ ਲਈ ਖਤਰਨਾਕ ਹਨ।

ਇਸ ਦਰਮਿਆਨ ਅਮਰੀਕਾ ’ਚ 5 ਮਾਰਚ ਦੇ ‘ਸੁਪਰ ਟਿਊਜ਼ਡੇਅ’ ਨੂੰ 15 ਸੂਬਿਆਂ ’ਚ ਸੰਪੰਨ ਪਾਰਟੀ ਪ੍ਰਾਇਮਰੀ ਚੋਣਾਂ ’ਚ ਹਾਰ ਪਿੱਛੋਂ ਭਾਰਤੀ ਮੂਲ ਦੀ ਸਾਬਕਾ ਗਵਰਨਰ ‘ਨਿੱਕੀ ਹੇਲੀ’ ਦੇ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ’ਚ ਹਾਰਨ ਕਾਰਨ ਡੋਨਾਲਡ ਟ੍ਰੰਪ ਰਿਪਬਲਿਕਨ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਹਾਸਲ ਕਰਨ ਦੀ ਦੌੜ ’ਚ ਇਕੋ-ਇਕ ਪ੍ਰਮੁੱਖ ਉਮੀਦਵਾਰ ਰਹਿ ਗਏ ਹਨ। ਇਨ੍ਹਾਂ ਪ੍ਰਾਇਮਰੀ ਚੋਣਾਂ ’ਚ ਜਿੱਥੇ ਡੋਨਾਲਡ ਟ੍ਰੰਪ ਨੂੰ ‘ਨਿੱਕੀ ਹੇਲੀ’ ਤੋਂ ਸਖਤ ਚੁਣੌਤੀ ਮਿਲੀ, ਉੱਥੇ ਹੀ ਡੈਮੋਕ੍ਰੇਟਿਕ ਪਾਰਟੀ ਦੀਆਂ ਪ੍ਰਾਇਮਰੀ ਚੋਣਾਂ ’ਚ ‘ਜੋਅ ਬਾਈਡੇਨ’ ਸਾਹਮਣੇ ਕੋਈ ਵੱਡੀ ਚੁਣੌਤੀ ਨਹੀਂ ਸੀ।

‘ਸੁਪਰ ਟਿਊਜ਼ਡੇਅ’ ਦੇ ਫਾਈਨਲ ਨਤੀਜਿਆਂ ਪਿੱਛੋਂ ਹੁਣ ਅਮਰੀਕਾ ’ਚ ਚੋਣ ਸਰਗਰਮੀਆਂ ਤੇਜ਼ ਹੋਣਗੀਆਂ ਅਤੇ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਪਾਰਟੀਆਂ ਵਲੋਂ ਇਕ-ਦੂਜੇ ਵਿਰੁੱਧ ਦੂਸ਼ਣਬਾਜ਼ੀ ਦੀਆਂ ਘਟਨਾਵਾਂ ਹੋਰ ਜ਼ਿਆਦਾ ਵਧਣਗੀਆਂ।

-ਵਿਜੇ ਕੁਮਾਰ


author

Harpreet SIngh

Content Editor

Related News