ਖੁਸ਼ੀ ’ਚ ਜ਼ਿੰਦਗੀ ਰਾਖ ਨਾ ਬਣਾਓ

11/11/2023 2:57:59 PM

ਪਟਾਕਿਆਂ ’ਤੇ ਕੰਟ੍ਰੋਲ ਦੇ ਸੰਦਰਭ ’ਚ ਕੋਰਟ, ਸ਼ਾਸਨ ਅਤੇ ਪ੍ਰਸ਼ਾਸਨ ਦੇ ਫੈਸਲਿਆਂ ’ਤੇ ਅਕਸਰ ਅਨੇਕਾਂ ਲੋਕ ਇਤਰਾਜ਼ ਜਤਾਉਂਦੇ ਰਹਿੰਦੇ ਹਨ। ਅਜਿਹੇ ਲੋਕ ਤਿਉਹਾਰ ’ਤੇ ਪਟਾਕਿਆਂ ਨੂੰ ਕੰਟ੍ਰੋਲ ਕਰਨ ਦੇ ਫੈਸਲੇ ਨੂੰ ਖੋਖਲਾ ਆਦਰਸ਼ਵਾਦ ਮੰਨਦੇ ਹਨ। ਅਜਿਹੇ ਲੋਕਾਂ ਦਾ ਮੰਨਣਾ ਹੈ ਕਿ ਦੀਵਾਲੀ ’ਤੇ ਇਕ-ਦੋ ਦਿਨ ਪਟਾਕੇ ਚਲਾਉਣ ਨਾਲ ਕਿਹੜੀ ਵੱਡੀ ਆਫਤ ਆ ਜਾਵੇਗੀ। ਇਹ ਲੋਕ ਪਟਾਕਿਆਂ ’ਤੇ ਕੰਟ੍ਰੋਲ ਦੇ ਯਤਨਾਂ ਨੂੰ ਹਿੰਦੂ ਧਰਮ ’ਤੇ ਸਖਤੀ ਅਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਰੂਪ ’ਚ ਦੇਖਦੇ ਹਨ।

ਸਵਾਲ ਇਹ ਹੈ ਕਿ ਕੀ ਖੁਸ਼ੀ ਪਟਾਕਿਆਂ ਨਾਲ ਹੀ ਪ੍ਰਗਟ ਕੀਤੀ ਜਾ ਸਕਦੀ ਹੈ? ਦਰਅਸਲ ਦੀਵਾਲੀ ਦੌਰਾਨ ਪਟਾਕਿਆਂ ਦੇ ਪ੍ਰਦੂਸ਼ਣ ਨਾਲ ਦਮਾ ਅਤੇ ਬ੍ਰੋਂਕਾਈਟਿਸ ਤੋਂ ਪੀੜਤ ਮਰੀਜ਼ਾਂ ਦੀ ਹਾਲਤ ਬਹੁਤ ਖਰਾਬ ਹੋ ਜਾਂਦੀ ਹੈ। ਜੋ ਲੋਕ ਦੀਵਾਲੀ ’ਤੇ ਪਟਾਕਿਆਂ ਨੂੰ ਰੋਕਣ ਦੇ ਯਤਨਾਂ ’ਤੇ ਆਪਣਾ ਵਿਰੋਧ ਜਤਾਉਂਦੇ ਹਨ, ਉਨ੍ਹਾਂ ਨੂੰ ਦੀਵਾਲੀ ਦੌਰਾਨ ਸਾਹ ਦੇ ਮਰੀਜ਼ਾਂ ਦੀ ਹਾਲਤ ਦੇਖਣੀ ਚਾਹੀਦੀ ਹੈ। ਤਰਕਸੰਗਤ ਇਹ ਹੈ ਕਿ ਅਸੀਂ ਸਾਰੇ ਅਜਿਹੇ ਵਿਸ਼ਿਆਂ ਨੂੰ ਫਿਰਕੇ ਅਤੇ ਧਰਮ ਦੀ ਸਿਆਸਤ ’ਚ ਨਾ ਫਸਾ ਕੇ ਸਭ ਦੀ ਸਿਹਤ ਨੂੰ ਧਿਆਨ ’ਚ ਰੱਖ ਕੇ ਵਿਹਾਰ ਕਰੀਏ।

ਇਸ ਸਮੇਂ ਤਾਂ ਦਿੱਲੀ-ਐੱਨ. ਸੀ. ਆਰ. ਅਤੇ ਦੇਸ਼ ਦੇ ਕਈ ਹਿੱਸਿਆਂ ’ਚ ਖਤਰਨਾਕ ਪੱਧਰ ਤੱਕ ਪ੍ਰਦੂਸ਼ਣ ਮੌਜੂਦ ਹੈ। ਇਸ ਲਈ ਦੀਵਾਲੀ ਦੌਰਾਨ ਪਟਾਕਿਆਂ ਕਾਰਨ ਇਹ ਹੋਰ ਵਧੇਗਾ। ਦਰਅਸਲ ਹਵਾ ਪ੍ਰਦੂਸ਼ਣ ਵਧਣ ਨਾਲ ਸਾਹ ਦੇ ਰੋਗੀਆਂ ਦੀ ਸਮੱਸਿਆ ਵਧ ਜਾਂਦੀ ਹੈ ਅਤੇ ਸਿਹਤਮੰਦ ਵਿਅਕਤੀ ਨੂੰ ਵੀ ਸਾਹ ਸਬੰਧੀ ਬੀਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।

ਇਸ ਸਾਲ ਦੀਵਾਲੀ ਤੋਂ ਪਹਿਲਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਪਟਾਕਾ ਫੈਕਟਰੀਆਂ ’ਚ ਹੋਈਆਂ ਵੱਖ-ਵੱਖ ਘਟਨਾਵਾਂ ’ਚ ਕਈ ਲੋਕ ਮਾਰੇ ਗਏ। ਇਹ ਤਾਂ ਧਿਆਨ ’ਚ ਆਏ ਕੁਝ ਵੱਡੇ ਹਾਦਸਿਆਂ ਦੀ ਤਸਵੀਰ ਮਾਤਰ ਹੈ। ਇਸ ਤੋਂ ਇਲਾਵਾ ਦੀਵਾਲੀ ਤੋਂ ਪਹਿਲਾਂ ਪਟਾਕਾ ਫੈਕਟਰੀਆਂ ’ਚ ਅਜਿਹੇ ਛੋਟੇ-ਮੋਟੇ ਹਾਦਸੇ ਵੀ ਹੋਏ ਹੋਣਗੇ ਜਿਨ੍ਹਾਂ ’ਚ ਲੋਕ ਮਾਰੇ ਗਏ ਜਾਂ ਫਿਰ ਜ਼ਖਮੀ ਹੋਏ ਅਤੇ ਉਹ ਧਿਆਨ ’ਚ ਨਹੀਂ ਆ ਸਕੇ।

ਹਰ ਸਾਲ ਦੀਵਾਲੀ ਦੌਰਾਨ ਪਟਾਕਿਆਂ ਨਾਲ ਜ਼ਖਮੀ ਹੋਣ ਜਾਂ ਫਿਰ ਮੌਤ ਹੋਣ ਦੀਆਂ ਖਬਰਾਂ ਵੀ ਅਕਸਰ ਧਿਆਨ ’ਚ ਆਉਂਦੀਆਂ ਹੀ ਰਹਿੰਦੀਆਂ ਹਨ। ਇਸ ਤਰ੍ਹਾਂ ਦੇ ਹਾਦਸਿਆਂ ਤੋਂ ਪੀੜਤ ਪਰਿਵਾਰਾਂ ਲਈ ਦੀਵਾਲੀ ਖੁਸ਼ੀ ਦੀ ਥਾਂ ਦੁੱਖ ਦਾ ਕਾਰਨ ਬਣ ਜਾਂਦੀ ਹੈ। ਇਹ ਤਾਂ ਤਸਵੀਰ ਦਾ ਇਕ ਪਹਿਲੂ ਹੈ। ਦੂਜੇ ਪਾਸੇ ਦੀਵਾਲੀ ਦੌਰਾਨ ਪਟਾਕਿਆਂ ਨਾਲ ਹੋਣ ਵਾਲੇ ਹਵਾ ਅਤੇ ਆਵਾਜ਼ ਪ੍ਰਦੂਸ਼ਣ ਨਾਲ ਸਾਹ ਦੇ ਮਰੀਜ਼ਾਂ ਅਤੇ ਦਿਲ ਦੇ ਰੋਗੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਲੋਕਾਂ ਲਈ ਦੀਵਾਲੀ ਰੋਸ਼ਨੀ ਦੀ ਥਾਂ ਹਨੇਰੇ ਦਾ ਤਿਉਹਾਰ ਬਣ ਜਾਂਦੀ ਹੈ।

ਦਰਅਸਲ ਕੋਈ ਵੀ ਤਿਉਹਾਰ ਜਿੱਥੇ ਇਕ ਬੰਨੇ ਸਾਡੀ ਆਸਥਾ ਨਾਲ ਜੁੜਿਆ ਹੁੰਦਾ ਹੈ, ਉੱਥੇ ਹੀ ਦੂਸਰੇ ਪਾਸੇ ਈਸ਼ਵਰ ਅਤੇ ਕੁਦਰਤ ’ਚ ਸਾਡੇ ਵਿਸ਼ਵਾਸ ਨੂੰ ਹੋਰ ਜ਼ਿਆਦਾ ਸਪੱਸ਼ਟ ਵੀ ਕਰਦਾ ਹੈ। ਸਾਡੇ ਸ਼ਾਸਤਰਾਂ ’ਚ ਵੀ ਕਿਹਾ ਗਿਆ ਹੈ ਕਿ ਈਸ਼ਵਰ ਧਰਤੀ, ਪਾਣੀ, ਹਵਾ ਅਤੇ ਕੁਦਰਤ ਦੇ ਕਣ-ਕਣ ’ਚ ਵਿਰਾਜਮਾਨ ਹੈ।

ਇਹ ਬਦਕਿਸਮਤੀ ਹੀ ਹੈ ਕਿ ਇਕ ਬੰਨੇ ਤਾਂ ਅਸੀਂ ਤਿਉਹਾਰ ਮਨਾ ਕੇ ਈਸ਼ਵਰ ’ਚ ਆਪਣਾ ਵਿਸ਼ਵਾਸ ਪ੍ਰਗਟ ਕਰਦੇ ਹਾਂ ਅਤੇ ਉੱਥੇ ਹੀ ਦੂਜੇ ਪਾਸੇ ਕੁਦਰਤ ਵਿਰੋਧੀ ਕੰਮਾਂ ਨਾਲ ਕੁਦਰਤ ਪ੍ਰਤੀ ਆਪਣੀ ਹੀ ਆਸਥਾ ਨੂੰ ਸੱਟ ਵੀ ਮਾਰਦੇ ਹਾਂ। ਜੇ ਤਿਉਹਾਰ ਮਨਾਉਣ ਦਾ ਤਰੀਕਾ ਕੁਦਰਤੀ ਸੰਭਾਲ ’ਚ ਅੜਿੱਕਾ ਹੈ ਤਾਂ ਉਸ ’ਤੇ ਪੁਨਰ-ਵਿਚਾਰ ਕੀਤਾ ਜਾਣਾ ਜ਼ਰੂਰੀ ਹੈ। ਇਹ ਤ੍ਰਾਸਦੀ ਹੀ ਹੈ ਕਿ ਸਾਡੇ ਦੇਸ਼ ’ਚ ਜਦ ਵੀ ਰਵਾਇਤ ਤੋਂ ਹਟ ਕੇ ਕੁਝ ਹਾਂ-ਪੱਖੀ ਸੋਚਿਆ ਜਾਂ ਕੀਤਾ ਜਾਂਦਾ ਹੈ ਤਾਂ ਬਿਨਾਂ ਕਿਸੇ ਠੋਸ ਤੱਥ ਤੋਂ ਕੱਟੜਪੰਥੀਆਂ ਦਾ ਵਿਰੋਧ ਝੱਲਣਾ ਪੈਂਦਾ ਹੈ।

ਪਰ ਇਸ ਬਦਲਦੇ ਸਮੇਂ ’ਚ ਜਦਕਿ ਕੁਦਰਤ ਨਾਲ ਖਿਲਵਾੜ ਲਗਾਤਾਰ ਵਧਦਾ ਜਾ ਰਿਹਾ ਹੈ, ਕੁਦਰਤ ਨੂੰ ਸਿਰਫ ਪ੍ਰੰਪਰਾਵਾਦੀਆਂ ਦੇ ਭਰੋਸੇ ਛੱਡਣਾ ਸਭ ਤੋਂ ਵੱਡੀ ਬੇਵਕੂਫੀ ਹੋਵੇਗੀ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਅਤੇ ਕੁਦਰਤ ਦੀ ਹੋਂਦ ਲਈ ਦੀਵਾਲੀ ਮਨਾਉਣ ਦੇ ਢੰਗ ’ਤੇ ਮੁੜ ਤੋਂ ਵਿਚਾਰ ਕਰੀਏ।

ਦੀਵਾਲੀ ਦੌਰਾਨ ਹੋਣ ਵਾਲੇ ਪ੍ਰਦੂਸ਼ਣ ਨਾਲ ਵਾਤਾਵਰਣ ’ਚ ਹਾਨੀਕਾਰਕ ਗੈਸਾਂ ਅਤੇ ਤੱਤਾਂ ਦੀ ਮਾਤਰਾ ਹੈਰਾਨੀਜਨਕ ਢੰਗ ਨਾਲ ਵਧ ਜਾਂਦੀ ਹੈ। ਦੀਵਾਲੀ ਦੇ ਕਈ ਦਿਨ ਬਾਅਦ ਤੱਕ ਵੀ ਵਾਤਾਵਰਣ ’ਚ ਇਨ੍ਹਾਂ ਹਾਨੀਕਾਰਕ ਗੈਸਾਂ ਅਤੇ ਤੱਤਾਂ ਦੀ ਹੋਂਦ ਬਣੀ ਰਹਿੰਦੀ ਹੈ। ਪਟਾਕਿਆਂ ਦੇ ਸੜਨ ’ਤੇ ਵਾਤਾਵਰਣ ’ਚ ਸਲਫਰ ਡਾਈਆਕਸਾਈਡ ਦੀ ਮਾਤਰਾ ਵਧ ਜਾਂਦੀ ਹੈ।

ਸਲਫਰ ਡਾਈਆਕਸਾਈਡ ਦੀ ਜ਼ਿਆਦਾ ਮਾਤਰਾ ਅੱਖਾਂ ’ਚ ਸੜਨ, ਸਿਰ ਦਰਦ, ਸਾਹ ਸਬੰਧੀ ਰੋਗ, ਕੈਂਸਰ ਅਤੇ ਦਿਲ ਦੇ ਰੋਗ ਪੈਦਾ ਕਰਦੀ ਹੈ। ਦੀਵਾਲੀ ਦੌਰਾਨ ਵਾਤਾਵਰਣ ’ਚ ਸਸਪੈਂਡਿਡ ਪਰਟੀਕੁਲੇਟ ਮੈਟਰ (ਐੱਸ. ਪੀ. ਐੱਮ.) ਅਤੇ ਰੇਸਪਾਇਰੇਬਲ ਪਰਟੀਕੁਲੇਟ ਮੈਟਰ (ਆਰ. ਪੀ. ਐੱਮ.) ਦੀ ਮਾਤਰਾ ਵਧਣ ਨਾਲ ਕਈ ਰੋਗ ਪੈਦਾ ਹੋ ਜਾਂਦੇ ਹਨ। ਐੱਸ. ਪੀ. ਐੱਮ. ਨਾਲ ਦਮਾ, ਕੈਂਸਰ, ਫੇਫੜਿਆਂ ਦੇ ਰੋਗ ਅਤੇ ਆਰ. ਪੀ. ਐੱਮ. ਨਾਲ ਸਾਹ ਸਬੰਧੀ ਰੋਗ ਅਤੇ ਦਿਲ ਦੇ ਰੋਗ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਦੌਰਾਨ ਵਾਤਾਵਰਣ ’ਚ ਨਾਈਟ੍ਰੋਜਨ ਡਾਈਆਕਸਾਈਡ ਦੀ ਮਾਤਰਾ ਹੈਰਾਨੀਜਨਕ ਤੌਰ ’ਤੇ ਵਧ ਜਾਂਦੀ ਹੈ। ਨਾਈਟ੍ਰੋਜਨ ਡਾਈਆਕਸਾਈਡ ਦੀ ਜ਼ਿਆਦਾ ਮਾਤਰਾ ਨਾਲ ਫੇਫੜਿਆਂ ਦੇ ਰੋਗ, ਛਾਤੀ ’ਚ ਜਕੜਨ ਅਤੇ ਵਾਇਰਸ ਇਨਫੈਕਸ਼ਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।

ਦੂਜੇ ਬੰਨੇ ਪਟਾਕਿਆਂ ’ਚ ਕੈਡਮੀਅਮ, ਲੈੱਡ, ਕਾਪਰ, ਜ਼ਿੰਕ, ਆਰਸੈਨਿਕ, ਪਾਰਾ ਅਤੇ ਕ੍ਰੋਮੀਅਮ ਵਰਗੀਆਂ ਕਈ ਜ਼ਹਿਰੀਲੀਆਂ ਧਾਤੂਆਂ ਵੀ ਹੁੰਦੀਆਂ ਹਨ। ਇਹ ਸਾਰੀਆਂ ਜ਼ਹਿਰੀਲੀਆਂ ਧਾਤੂਆਂ ਵੀ ਵਾਤਾਵਰਣ ’ਤੇ ਬਹੁਤ ਬੁਰੇ ਪ੍ਰਭਾਵ ਪਾਉਂਦੀਆਂ ਹਨ। ਕਾਪਰ ਸਾਹ ਤੰਤਰ ਨੂੰ ਪ੍ਰਭਾਵਿਤ ਕਰਦਾ ਹੈ। ਕੈਡਮੀਅਮ ਗੁਰਦਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਲੈੱਡ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਜ਼ਿੰਕ ਨਾਲ ਉਲਟੀ ਦੇ ਲੱਛਣ ਪੈਦਾ ਹੋਣ ਲੱਗਦੇ ਹਨ ਜਦਕਿ ਆਰਸੈਨਿਕ ਅਤੇ ਮਰਕਰੀ ਕੈਂਸਰ ਵਰਗੇ ਰੋਗ ਪੈਦਾ ਕਰਦੇ ਹਨ।

ਇਸ ਤੋਂ ਇਲਾਵਾ ਪਟਾਕਾ ਉਦਯੋਗ ’ਚ ਵਰਤਿਆ ਜਾਣ ਵਾਲਾ ਗੰਨ ਪਾਊਡਰ ਵੀ ਹਾਨੀਕਾਰਕ ਹੁੰਦਾ ਹੈ। ਇਸ ਉਦਯੋਗ ’ਚ ਕੰਮ ਕਰਨ ਵਾਲੇ ਬੱਚਿਆਂ ’ਤੇ ਇਸ ਦੇ ਹਾਨੀਕਾਰਕ ਪ੍ਰਭਾਵ ਦੇਖੇ ਗਏ ਹਨ। ਪਟਾਕੇ ਚਲਾਉਂਦੇ ਸਮੇਂ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ। ਦੀਵਾਲੀ ਦੌਰਾਨ ਹੋਣ ਵਾਲੇ ਆਵਾਜ਼ ਪ੍ਰਦੂਸ਼ਣ ਨਾਲ ਜਿੱਥੇ ਇਕ ਬੰਨੇ ਮਨੁੱਖੀ ਸਰੀਰ ’ਚ ਕਈ ਰੋਗ ਪੈਦਾ ਹੁੰਦੇ ਹਨ, ਉੱਥੇ ਹੀ ਦੂਸਰੇ ਪਾਸੇ ਪਸ਼ੂ-ਪੰਛੀਆਂ ’ਤੇ ਵੀ ਹਾਨੀਕਾਰਕ ਪ੍ਰਭਾਵ ਪੈਂਦਾ ਹੈ।

ਆਵਾਜ਼ ਪ੍ਰਦੂਸ਼ਣ ਨਾਲ ਹਾਈ ਬਲੱਡ ਪ੍ਰੈਸ਼ਰ, ਬੋਲਾਪਨ, ਨੀਂਦ ’ਚ ਕਮੀ ਵਰਗੀਆਂ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ ਅਤੇ ਦਿਲ ਦਾ ਦੌਰਾ ਵੀ ਪੈ ਸਕਦਾ ਹੈ। ਕੁਲ ਮਿਲਾ ਕੇ ਦੀਵਾਲੀ ਦੌਰਾਨ ਹੋਣ ਵਾਲੇ ਪ੍ਰਦੂਸ਼ਣ ਨਾਲ ਵਾਤਾਵਰਣ ਦਾ ਹਰ ਜ਼ੱਰਾ ਪ੍ਰਭਾਵਿਤ ਹੁੰਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਪਟਾਕਿਆਂ ਨੂੰ ਤਿਆਗ ਕੇ ਦੀਵਾਲੀ ਦੌਰਾਨ ਹੋਣ ਵਾਲੇ ਪ੍ਰਦੂਸ਼ਣ ਨੂੰ ਮਿਟਾਉਣ ਦਾ ਸਾਂਝਾ ਯਤਨ ਕਰੀਏ। ਆਓ, ਕੋਸ਼ਿਸ਼ ਕਰੀਏ ਕਿ ਇਸ ਵਾਰ ਪ੍ਰਦੂਸ਼ਣ ਰੂਪੀ ਹਨੇਰੇ ਦੀ ਦੀਵਾਲੀ ਸੱਚੇ ਅਰਥਾਂ ’ਚ ਰੋਸ਼ਨਮਈ ਬਣੇ।

ਰੋਹਿਤ ਕੌਸ਼ਿਕ


Rakesh

Content Editor

Related News