ਅੰਤਰਰਾਸ਼ਟਰੀ ਵਿਚੋਲਗੀ ਅਤੇ ਪ੍ਰਭਾਵਸ਼ਾਲੀ ਯਤਨ : ਪ੍ਰਧਾਨ ਮੰਤਰੀ ਮੋਦੀ ਦੀਆਂ ਕੂਟਨੀਤਿਕ ਸਫਲਤਾਵਾਂ
Wednesday, Mar 19, 2025 - 06:02 PM (IST)

ਯੂਕ੍ਰੇਨ ਵਿਚ ਪ੍ਰਮਾਣੂ ਸੰਘਰਸ਼ ਨੂੰ ਰੋਕਣਾ
ਪੋਲੈਂਡ ਦੇ ਉਪ-ਵਿਦੇਸ਼ ਮੰਤਰੀ ਬਲਾਦਿਸਲਾਵ ਟੇਓਫਿਲ ਬਾਰਟੋਸਜ਼ੈਵਸਕੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮੌਜੂਦਾ ਸਮੇਂ ਜਾਰੀ ਰੂਸ-ਯੂਕ੍ਰੇਨ ਸੰਘਰਸ਼ ਵਿਚ ਰਣਨੀਤਿਕ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨਾ ਕਰਨ ਲਈ ਰਾਜ਼ੀ ਕਰਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹੱਤਵਪੂਰਨ ਕੂਟਨੀਤਿਕ ਦਖਲਅੰਦਾਜ਼ੀ ਨੂੰ ਸਵੀਕਾਰ ਕੀਤਾ। ਇਹ ਵਿਸ਼ਵ ਸ਼ਾਂਤੀ ਯਤਨਾਂ ਵਿਚ ਇਕ ਮੁੱਖ ਵਿਚੋਲਗੀ ਦੇ ਰੂਪ ਵਿਚ ਭਾਰਤ ਦੀ ਭੂਮਿਕਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਦਾ ਵਾਰਸੌ ਦੌਰਾ ਬਹੁਤ ਸ਼ਾਨਦਾਰ ਰਿਹਾ। ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਨੂੰ ਰਣਨੀਤਿਕ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨਾ ਕਰਨ ਲਈ ਮਨਾ ਲਿਆ। ਅਸੀਂ ਸਥਾਈ ਸ਼ਾਂਤੀ ਚਾਹੁੰਦੇ ਹਾਂ।’’
ਅਸੀਂ ਯੂਕ੍ਰੇਨ ਵਿਚ ਇਕ ਸਥਿਰ ਅਤੇ ਲੰਬੇ ਸਮੇਂ ਦੀ ਸ਼ਾਂਤੀ ਚਾਹੁੰਦੇ ਹਾਂ। ਰਾਸ਼ਟਰਪਤੀ ਪੁਤਿਨ ਨੇ ਖੁਦ ਭਾਰਤ ਦੇ ਕੂਟਨੀਤਕ ਯਤਨਾਂ ਨੂੰ ਮਾਨਤਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸਮੇਤ ਮੁੱਖ ਆਲਮੀ ਨੇਤਾ ਇਸ ਦੁਸ਼ਮਣੀ ਨੂੰ ਖਤਮ ਕਰਨ ਲਈ ਆਪਣਾ ਸਮਾਂ ਅਤੇ ਕੋਸ਼ਿਸ਼ਾਂ ਦੋਵੇਂ ਲਗਾ ਰਹੇ ਹਨ, ਨਾਲ ਹੀ ਅੰਤਰਰਾਸ਼ਟਰੀ ਸੰਘਰਸ਼ ਨੂੰ ਹੱਲ ਕਰਨ ਵਿਚ ਭਾਰਤ ਦਾ ਪ੍ਰਭਾਵ ਵੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ, ‘‘ਸਾਡੇ ਸਾਰਿਆਂ ਕੋਲ ਆਪਣੇ ਘਰੇਲੂ ਮਾਮਲੇ ਨਿਪਟਾਉਣ ਲਈ ਬਹੁਤ ਕੁਝ ਹੈ, ਪਰ ਦੇਸ਼ਾਂ ਦੇ ਨੇਤਾ, ਜਿਨ੍ਹਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਵੀ ਸ਼ਾਮਲ ਹਨ, ਇਸ ਮੁੱਦੇ ਵੱਲ ਧਿਆਨ ਦੇਣ ਦੇ ਨਾਲ-ਨਾਲ ਇਸ ਮਾਮਲੇ ਵਿਚ ਆਪਣਾ ਬਹੁਤ ਸਮਾਂ ਦੇ ਰਹੇ ਹਨ। ਅਸੀਂ ਉਨ੍ਹਾਂ ਸਾਰਿਆਂ ਦੇ ਧੰਨਵਾਦੀ ਹਾਂ।
ਵਿਸ਼ਵਵਿਆਪੀ ਤਣਾਅ ਦਰਮਿਆਨ ਭਾਰਤ-ਰੂਸ ਸਬੰਧਾਂ ਨੂੰ ਮਜ਼ਬੂਤ ਕਰਨਾ
ਰੂਸ ਨਾਲ ਭਾਰਤ ਦੇ ਸਬੰਧ ਲਗਾਤਾਰ ਵਧ ਰਹੇ ਹਨ, ਰਾਸ਼ਟਰਪਤੀ ਪੁਤਿਨ ਨੇ ਉਨ੍ਹਾਂ ਨੂੰ ‘ਖਾਸ ਤੌਰ ’ਤੇ ਵਿਸ਼ੇਸ਼ ਅਧਿਕਾਰ ਪ੍ਰਾਪਤ’ ਦੱਸਿਆ ਹੈ। ਮੌਜੂਦਾ ਸਮੇਂ ਚੱਲ ਰਹੇ ਯੁੱਧ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਯੂਕ੍ਰੇਨ ਯਾਤਰਾ ਨੇ ਭਾਰਤ ਦੇ ਨਿਰਪੱਖ ਰੁਖ਼ ਅਤੇ ਸ਼ਾਂਤੀ ਦੇ ਮਾਮਲੇ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਵੀ ਭਾਰਤ ਨੂੰ ਸੰਘਰਸ਼ ਨੂੰ ਹੱਲ ਕਰਨ ਦੇ ਤਰੀਕਿਆਂ ’ਤੇ ਚਰਚਾ ਕਰਨ ਲਈ ਇਕ ਸਮਿਟ ਆਯੋਜਿਤ ਕਰਨ ਦਾ ਸੁਝਾਅ ਦਿੱਤਾ, ਜੋ ਕਿ ਭਾਰਤ ਦੇ ਵਧਦੇ ਵਿਸ਼ਵਵਿਆਪੀ ਕੂਟਨੀਤਿਕ ਕੱਦ ਨੂੰ ਦਰਸਾਉਂਦਾ ਹੈ।
26/11 ਦੇ ਅੱਤਵਾਦੀ ਹਮਲੇ ਦੇ ਦੋਸ਼ੀ ਤਹਵੁੱਰ ਰਾਣਾ ਦੀ ਹਵਾਲਗੀ
ਪ੍ਰਧਾਨ ਮੰਤਰੀ ਮੋਦੀ ਦੇ ਨਾਲ ਦੁਵੱਲੀ ਵਾਰਤਾ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਸੰਯੁਕਤ ਰਾਜ ਅਮਰੀਕਾ ਵਲੋਂ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਤਹਵੁੱਰ ਰਾਣਾ ਦੀ ਭਾਰਤ ਵਿਚ ਹਵਾਲਗੀ ਕੀਤੀ ਜਾਵੇਗੀ। ਰਾਸ਼ਟਰਪਤੀ ਟਰੰਪ ਨੇ ਕਿਹਾ, “ਅਸੀਂ ਇਕ ਬਹੁਤ ਹੀ ਖਤਰਨਾਕ ਵਿਅਕਤੀ ਨੂੰ ਭਾਰਤ ਨੂੰ ਸੌਂਪ ਰਹੇ ਹਾਂ, ਜੋ ਕਿ 26/11 ਦੇ ਮੁੰਬਈ ਅੱਤਵਾਦੀ ਹਮਲੇ ਦਾ ਦੋਸ਼ੀ ਹੈ।”
ਧਾਰਾ 370 : ਭਾਰਤ ਦੇ ਫੈਸਲੇ ਨੂੰ ਵਿਸ਼ਵਵਿਆਪੀ ਸਮਰਥਨ
ਭਾਰਤ ਦੁਆਰਾ ਧਾਰਾ 370 ਹਟਾਉਣ ਦੇ ਵਿਰੁੱਧ ਅੰਤਰਰਾਸ਼ਟਰੀ ਸਮਰਥਨ ਜੁਟਾਉਣ ਦੇ ਪਾਕਿਸਤਾਨ ਦੇ ਯਤਨਾਂ ਦੇ ਬਾਵਜੂਦ, ਸਾਊਦੀ ਅਰਬ ਨੇ ਭਾਰਤ ਦੇ ਇਸ ਕਦਮ ਦਾ ਸਮਰਥਨ ਕੀਤਾ, ਜਿਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਵਧਦੇ ਰਣਨੀਤਿਕ ਸਬੰਧਾਂ ਦਾ ਪਤਾ ਲੱਗਦਾ ਹੈ। ਇਸ ਫੈਸਲੇ ਤੋਂ ਬਾਅਦ ਜਲਦ ਹੀ, ਭਾਰਤ ਅਤੇ ਸਾਊਦੀ ਅਰਬ ਨੇ 15 ਬਿਲੀਅਨ ਅਮਰੀਕੀ ਡਾਲਰ ਦੇ ਸਮਝੌਤੇ ’ਤੇ ਹਸਤਾਖਰ ਕੀਤੇ। ਯੂ. ਏ. ਈ. ਨੇ ਭਾਰਤ ਦਾ ਸਮਰਥਨ ਕਰਦੇ ਹੋਏ, ਇਸ ਨੂੰ ਅੰਦਰੂਨੀ ਮਾਮਲਾ ਦੱਸਿਆ ਅਤੇ ਖੇਤਰੀ ਸਥਿਰਤਾ ਦੀ ਆਸ ਪ੍ਰਗਟ ਕੀਤੀ। ਰੂਸ, ਇਜ਼ਰਾਈਲ, ਬਹਿਰੀਨ ਅਤੇ ਈਰਾਨ ਨੇ ਭਾਰਤ ਦੇ ਫੈਸਲੇ ਦਾ ਸਮਰਥਨ ਕੀਤਾ, ਜਿਸ ਨਾਲ ਭਾਰਤ ਦੀ ਕੂਟਨੀਤਿਕ ਸਮਰੱਥਾ ਵਿਚ ਵਾਧਾ ਹੋਇਆ।
ਭਾਰਤ ਦੇ ਅੱਤਵਾਦ ਵਿਰੋਧੀ ਹਮਲਿਆਂ ਨੂੰ ਅੰਤਰਰਾਸ਼ਟਰੀ ਸਮਰਥਨ
ਭਾਰਤ ਦੇ ਅੱਤਵਾਦ ਦੇ ਵਿਰੁੱਧ ਕੀਤੀ ਗਈ ਸਰਜੀਕਲ ਸਟ੍ਰਾਈਕ ਨੂੰ ਵਿਆਪਕ ਅੰਤਰਰਾਸ਼ਟਰੀ ਸਮਰਥਨ ਮਿਲਿਆ :
• ਜਾਪਾਨ : ਜਾਪਾਨ ਨੇ ਸਾਰੇ ਰੂਪਾਂ ਵਿਚ ਅੱਤਵਾਦ ਦੀ ਨਿੰਦਾ ਕੀਤੀ ਅਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅੱਤਵਾਦ ਦਾ ਕੋਈ ਵੀ ਕੰਮ ਜਾਇਜ਼ ਨਹੀਂ ਹੈ। ਜਾਪਾਨ ਨੇ ਅੱਤਵਾਦ ਵਿਰੁੱਧ ਲੜਾਈ ਵਿਚ ਭਾਰਤ ਨਾਲ ਇਕਜੁੱਟਤਾ ਪ੍ਰਗਟ ਕੀਤੀ।
• ਜਰਮਨੀ : ਭਾਰਤ ਲਈ ਪੂਰੇ ਸਮਰਥਨ ਦਾ ਐਲਾਨ ਕਰਦੇ ਹੋਏ ਅੱਤਵਾਦ ਵਿਰੁੱਧ ਫੈਸਲਾਕੁੰਨ ਕਾਰਵਾਈ ਦੀ ਅਪੀਲ ਕੀਤੀ।
• ਯੂ. ਏ. ਈ. : ਭਾਰਤ ਨਾਲ ਇਕਜੁੱਟਤਾ ਪ੍ਰਗਟ ਕੀਤੀ ਅਤੇ ਅੱਤਵਾਦ ਵਿਰੋਧੀ ਸਾਰੇ ਯਤਨਾਂ ਦਾ ਸਮਰਥਨ ਕੀਤਾ।
• ਰੂਸ : ਭਾਰਤ ਦੀਆਂ ਅੱਤਵਾਦ ਵਿਰੋਧੀ ਪਹਿਲਕਦਮੀਆਂ ਲਈ ਆਪਣੇ ਨਿਰੰਤਰ ਸਮਰਥਨ ਦੀ ਪੁਸ਼ਟੀ ਕੀਤੀ।
ਜੀ-20 ਨਵੀਂ ਦਿੱਲੀ ਐਲਾਨ
ਭਾਰਤ ਦੀ G20 ਪ੍ਰਧਾਨਗੀ ਦੌਰਾਨ, ਰੂਸ-ਯੂਕ੍ਰੇਨ ਸੰਘਰਸ਼ ਨੇ ਅੰਤਿਮ ਬਿਆਨ ਵਿਚ ਹੋਈ ਆਮ ਸਹਿਮਤੀ ਦਾ ਸਮਰਥਨ ਨਾ ਕਰਨ ਦੀ ਧਮਕੀ ਦਿੱਤੀ। ਹਾਲਾਂਕਿ, ਰਣਨੀਤਿਕ ਵਾਰਤਾ ਰਾਹੀਂ, ਜਿਸ ਵਿਚ 300 ਦੁਵੱਲੀਆਂ ਮੀਟਿੰਗਾਂ, 200 ਘੰਟੇ ਦੀ ਚਰਚਾ ਅਤੇ 15 ਡਰਾਫਟ ਸ਼ਾਮਲ ਸਨ, ਭਾਰਤ ਨੇ ਮੈਂਬਰ ਦੇਸ਼ਾਂ ਨੂੰ ਆਮ ਸਹਿਮਤੀ ਦੇ ਪੱਧਰ ਤੱਕ ਸਫਲਤਾਪੂਰਵਕ ਪਹੁੰਚਾ ਦਿੱਤਾ। ਇਸ ਨਾਲ ਵਿਸ਼ਵ ਪੱਧਰ ’ਤੇ ਭਾਰਤ ਦੀ ਕੂਟਨੀਤਿਕ ਸਮਰੱਥਾ ਮਜ਼ਬੂਤ ਹੋਈ।
ਕਤਰ ਤੋਂ ਭਾਰਤੀ ਜਲ ਸੈਨਾ ਦੇ ਕਰਮਚਾਰੀਆਂ ਦੀ ਰਿਹਾਈ
ਕਤਰ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਅੱਠ ਸਾਬਕਾ ਭਾਰਤੀ ਜਲ ਸੈਨਾ ਕਰਮਚਾਰੀਆਂ ਨੂੰ ਭਾਰਤ ਸਰਕਾਰ ਦੇ ਉੱਚ ਪੱਧਰੀ ਕੂਟਨੀਤਿਕ ਦਖਲ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਇਸ ਘਟਨਾ ਨੇ ਖਾੜੀ ਖੇਤਰ ਵਿਚ ਭਾਰਤ ਦੇ ਵਧਦੇ ਪ੍ਰਭਾਵ ਅਤੇ ਵਿਦੇਸ਼ਾਂ ਵਿਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਉਸ ਦੀ ਯੋਗਤਾ ਨੂੰ ਉਜਾਗਰ ਕੀਤਾ।
ਮਾਨਵਤਾਵਾਦੀ ਅਤੇ ਬਚਾਅ ਕਾਰਜ
ਭਾਰਤ ਨੇ ਵਿਸ਼ਵਵਿਆਪੀ ਸਥਿਰਤਾ ਦੇ ਮਾਮਲੇ ਵਿਚ ਆਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ ਕਈ ਸਫਲ ਸੁਰੱਖਿਅਤ ਨਿਕਾਸੀ ਅਤੇ ਮਾਨਵਤਾਵਾਦੀ ਸਹਾਇਤਾ ਕੰਮਾਂ ਦਾ ਸੰਚਾਲਨ ਕੀਤਾ ਹੈ :
• ਆਪ੍ਰੇਸ਼ਨ ਗੰਗਾ : ਰੂਸ-ਯੂਕ੍ਰੇਨ ਯੁੱਧ ਦੌਰਾਨ ਯੂਕ੍ਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣਾ।
• ਆਪ੍ਰੇਸ਼ਨ ਦੇਵੀ ਸ਼ਕਤੀ : ਤਾਲਿਬਾਨ ਦੁਆਰਾ ਅਫਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਭਾਰਤੀਆਂ ਨੂੰ ਕੱਢਣ ਵਿਚ ਸਹਾਇਤਾ ਕੀਤੀ।
• ਆਪ੍ਰੇਸ਼ਨ ਕਾਵੇਰੀ : ਯੁੱਧ ਪ੍ਰਭਾਵਿਤ ਸੁਡਾਨ ਤੋਂ ਭਾਰਤੀ ਨਾਗਰਿਕਾਂ ਨੂੰ ਬਚਾਇਆ।
• ਆਪ੍ਰੇਸ਼ਨ ਸਮੁੰਦਰ ਸੇਤੂ : ਕੋਵਿਡ-19 ਮਹਾਮਾਰੀ ਦੌਰਾਨ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਦੇਸ਼ ਵਾਪਸ ਲਿਆਂਦਾ ਗਿਆ।
• ਆਪ੍ਰੇਸ਼ਨ ਅਜੈ : ਇਜ਼ਰਾਈਲ-ਹਮਾਸ ਸੰਘਰਸ਼ ਦੌਰਾਨ ਇਜ਼ਰਾਈਲ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਇਸ ਦੀ ਸ਼ੁਰੂਆਤ ਕੀਤੀ ਗਈ ਸੀ।
ਅੰਤਰਰਾਸ਼ਟਰੀ ਮਾਨਵਤਾਵਾਦੀ ਸਹਾਇਤਾ ਅਤੇ ਡਾਕਟਰੀ ਕੂਟਨੀਤੀ
• ਵੈਕਸੀਨ ਮੈਤ੍ਰੀ : ਭਾਰਤ ਨੇ 100 ਤੋਂ ਵੱਧ ਦੇਸ਼ਾਂ ਨੂੰ ਕੋਵਿਡ-19 ਟੀਕੇ ਸਪਲਾਈ ਕੀਤੇ, ਜਿਸ ਨਾਲ ਵਿਸ਼ਵ ਸਿਹਤ ਕੂਟਨੀਤੀ ਵਿਚ ਇਸ ਦੀ ਅਗਵਾਈ ਮਜ਼ਬੂਤ ਹੋਈ।
• ਆਪ੍ਰੇਸ਼ਨ ਦੋਸਤ : ਵਿਨਾਸ਼ਕਾਰੀ ਭੂਚਾਲਾਂ ਤੋਂ ਬਾਅਦ ਤੁਰਕੀ ਅਤੇ ਸੀਰੀਆ ਨੂੰ ਆਫਤ ਰਾਹਤ ਪ੍ਰਦਾਨ ਕੀਤੀ।
• ਆਪ੍ਰੇਸ਼ਨ ਸਦਭਾਵ : ਮੁਸੀਬਤ ਵਿਚ ਪਏ ਗੁਆਂਢੀ ਦੇਸ਼ਾਂ ਨੂੰ ਡਾਕਟਰੀ ਅਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕੀਤੀ।
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ, ਭਾਰਤ ਇਕ ਮਜ਼ਬੂਤ ਵਿਸ਼ਵਵਿਆਪੀ ਕੂਟਨੀਤਿਕ ਸ਼ਕਤੀ ਵਜੋਂ ਉੱਭਰਿਆ ਹੈ। ਭਾਵੇਂ ਸੰਘਰਸ਼ ਵਿਚੋਲਗੀ ਹੋਵੇ, ਅੱਤਵਾਦ ਵਿਰੋਧੀ ਯਤਨ ਹੋਣ ਜਾਂ ਮਾਨਵਤਾਵਾਦੀ ਮਿਸ਼ਨ, ਭਾਰਤ ਦੀ ਸਰਗਰਮ ਕੂਟਨੀਤਿਕ ਨੀਤੀ ਆਪਣੀ ਵਿਸ਼ਵਵਿਆਪੀ ਸਥਿਤੀ ਨੂੰ ਵਧਾਉਣ ਅਤੇ ਅੰਤਰਰਾਸ਼ਟਰੀ ਗੱਠਜੋੜਾਂ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਤੌਰ ’ਤੇ ਜਾਰੀ ਹੈ।
ਕ੍ਰਿਸ਼ਨ ਭਨੋਟ