ਵਿਕਾਸ ਦੇ ਬਾਵਜੂਦ ਕੁਦਰਤ ਦੇ ਸਾਹਮਣੇ ਅਸੀਂ ਬੌਣੇ
Friday, Oct 22, 2021 - 03:45 AM (IST)
ਰੋਹਿਤ ਕੌਸ਼ਿਕ
ਹਾਲ ਹੀ ’ਚ ਭਾਰੀ ਮੀਂਹ ਕਾਰਨ ਉੱਤਰਾਖੰਡ ਦੇ ਕਈ ਇਲਾਕੇ ਜਲ-ਥਲ ਹੋ ਗਏ। ਇਸ ਆਫਤ ਕਾਰਨ ਜਾਨ-ਮਾਲ ਦਾ ਨੁਕਸਾਨ ਤਾਂ ਹੋਇਆ ਹੀ, ਕਈ ਥਾਵਾਂ ’ਤੇ ਫਸੇ ਸੈਲਾਨੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਬਚਾਅ ਟੀਮਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਨੈਨੀਤਾਲ ’ਚ ਤਾਂ ਸਥਿਤੀ ਭਿਆਨਕ ਹੋ ਗਈ। ਯਕੀਨੀ ਤੌਰ ’ਤੇ ਅਜਿਹੀਆਂ ਆਫਤਾਂ ਦੇ ਸਮੇਂ ਮੌਸਮ ਦੀ ਭਵਿੱਖਬਾਣੀ ਵੀ ਫਿੱਕੀ ਪੈ ਜਾਂਦੀ ਹੈ। ਇਹ ਸਹੀ ਹੈ ਕਿ ਅਜਿਹੀਆਂ ਆਫਤਾਂ ਦੱਸ ਕੇ ਨਹੀਂ ਆਉਂਦੀਆਂ ਪਰ ਅਸੀਂ ਆਪਣੀਆਂ ਸਹੀ ਨੀਤੀਆਂ ਅਤੇ ਕਾਰਜ ਯੋਜਨਾਵਾਂ ਰਾਹੀਂ ਅਜਿਹੀਆਂ ਆਫਤਾਂ ਕਾਰਨ ਹੋਣ ਵਾਲੀ ਤਬਾਹੀ ਨੂੰ ਘਟਾ ਸਕਦੇ ਹਾਂ।
ਇਹ ਬਦਕਿਸਮਤੀ ਹੀ ਹੈ ਕਿ ਅਸੀਂ ਕੇਦਾਰਨਾਥ ਆਫਤ ਤੋਂ ਸਬਕ ਨਹੀਂ ਲੈ ਸਕੇ ਅਤੇ ਪਹਾੜੀਆਂ ’ਤੇ ਪਾਣੀ ਦੀ ਪਰਲੋ ਦੇ ਸ਼ਾਸਤਰ ਨੂੰ ਸਮਝੇ ਬਿਨਾਂ ਵਿਕਾਸ ਪ੍ਰਾਜੈਕਟਾਂ ਨੂੰ ਹਰੀ ਝੰਡੀ ਦਿੰਦੇ ਚਲੇ ਗਏ। ਸਾਨੂੰ ਇਹ ਸਮਝਣਾ ਹੋਵੇਗਾ ਕਿ ਹਰ ਖੇਤਰ ਦਾ ਆਪਣਾ ਵੱਖਰਾ ਵਾਤਾਵਰਣ ਹੁੰਦਾ ਹੈ। ਅਸੀਂ ਪਹਾੜਾਂ ਦੇ ਵਾਤਾਵਰਣ ਦੀ ਤੁਲਨਾ ਮੈਦਾਨੀ ਇਲਾਕੇ ਦੇ ਵਾਤਾਵਰਣ ਨਾਲ ਨਹੀਂ ਕਰ ਸਕਦੇ। ਜੇਕਰ ਅਸੀਂ ਪਹਾੜਾਂ ਦੇ ਵਾਤਾਵਰਣ ਨੂੰ ਸਮਝੇ ਬਿਨਾਂ ਵਿਕਾਸ ਪ੍ਰਾਜੈਕਟਾਂ ਨੂੰ ਅੱਗੇ ਵਧਾਵਾਂਗੇ ਤਾਂ ਪਹਾੜਾਂ ’ਚ ਪਾਣੀ ਦਾ ਇਕੱਠਾ ਹੋਣਾ ਅਤੇ ਅਜਿਹੀ ਹੋਰ ਆਫਤਾ ਰਾਹੀਂ ਤਬਾਹੀ ਯਕੀਨਨ ਹੈ।
ਦਰਅਸਲ ਅੱਜ ਵਿਕਾਸ ਦਾ ਜੋ ਹਵਾ ਮਹੱਲ ਬਣਾਇਆ ਜਾ ਰਿਹਾ ਹੈ, ਉਹ ਕਿਸੇ ਨਾ ਕਿਸੇ ਰੂਪ ਨਾਲ ਆਮ ਆਦਮੀ ਦੀ ਕਬਰ ਪੁੱਟਣ ਦਾ ਕੰਮ ਹੀ ਕਰ ਰਿਹਾ ਹੈ। ਇਹ ਮੰਦਭਾਗਾ ਹੀ ਹੈ ਕਿ ਅਸੀਂ ਬੜੇ ਹੀ ਸ਼ਰਮਨਾਕ ਢੰਗ ਨਾਲ ਇਸ ਵਿਕਾਸ ’ਤੇ ਆਪਣੀ ਪਿੱਠ ਥਾਪੜਦੇ ਰਹਿੰਦੇ ਹਾਂ। ਕੀ ਅਸੀਂ ਵਿਕਾਸ ਦਾ ਅਜਿਹਾ ਮਾਡਲ ਨਹੀਂ ਬਣਾ ਸਕਦੇ ਜਿਸ ਨਾਲ ਪਹਾੜਾਂ ਦੇ ਨਿਵਾਸੀਆਂ ਨੂੰ ਸਥਾਈ ਤੌਰ ’ਤੇ ਫਾਇਦਾ ਹੋਵੇ। ਅੱਜ ਵਿਕਾਸ ਦੇ ਜੋ ਤੌਰ-ਤਰੀਕੇ ਅਪਣਾਏ ਜਾ ਰਹੇ ਹਨ ਉਨ੍ਹਾਂ ’ਚ ਗਰੀਬ ਲੋਕਾਂ ਨੂੰ ਆਰਜ਼ੀ ਫਾਇਦਾ ਹੁੰਦਾ ਹੈ। ਇਸ ਲਈ ਉਹ ਸਾਰੀ ਉਮਰ ਗਰੀਬ ਬਣਿਆ ਰਹਿੰਦਾ ਹੈ ਅਤੇ ਸ਼ਕਤੀਸ਼ਾਲੀ ਅਤੇ ਪੂੰਜੀਪਤੀ ਲੋਕ ਵਿਕਾਸ ਦਾ ਸੁਪਨਾ ਦਿਖਾ ਕੇ ਉਸ ਨੂੰ ਲਗਾਤਾਰ ਠੱਗਦੇ ਰਹਿੰਦੇ ਹਨ। ਦਰਅਸਲ ਵੱਡੇ ਵਿਕਾਸ ਪ੍ਰਾਜੈਕਟਾਂ ਦੀਆਂ ਤਰੁੱਟੀਆਂ ਦੇ ਦਰਦ ਨੂੰ ਆਮ ਆਦਮੀ ਹੀ ਮਹਿਸੂਸ ਕਰ ਸਕਦੇ ਹਨ। ਇਨ੍ਹਾਂ ਵੱਡੇ ਪ੍ਰਾਜੈਕਟਾਂ ਨਾਲ ਵੱਡੀ ਗਿਣਤੀ ’ਚ ਉਜਾੜਾ ਵੀ ਹੁੰਦਾ ਹੈ। ਸਿਰਫ ਵੱਡੇ-ਵੱਡੇ ਐਲਾਨ ਕਰਨ ਅਤੇ ਭਾਸ਼ਣਬਾਜ਼ੀ ਨਾਲ ਪਹਾੜਾਂ ਦੇ ਲੋਕਾਂ ਅਤੇ ਉਜੜਿਆਂ ਦਾ ਦਰਦ ਘੱਟ ਨਹੀਂ ਹੋ ਜਾਂਦਾ। ਉਜਾੜੇ ਰਾਹੀਂ ਗਰੀਬ ਲੋਕਾਂ ’ਤੇ ਦੋਹਰੀ ਮਾਰ ਪੈਂਦੀ ਹੈ। ਪਹਿਲੀ ਮਾਰ ਤਾਂ ਵਿਵਸਥਾ ਦੀ ਹੁੰਦੀ ਹੈ। ਉਜੜਿਆਂ ’ਤੇ ਵਿਵਸਥਾ ਦੀ ਮਾਰ ਤੋਂ ਪੈਦਾ ਹੋਈ ਦੂਸਰੀ ਮਾਰ ਮਾਨਸਿਕ ਤਣਾਅ ਦੀ ਪੈਂਦੀ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਕਈ ਪੱਧਰਾਂ ’ਤੇ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਪਹਾੜੀ ਲੋਕਾਂ ਦੇ ਭਵਿੱਖ ਦੀ ਠੋਸ ਅਤੇ ਸਾਰਥਕ ਕਾਰਜਯੋਜਨਾ ਬਣਾਏ ਬਿਨਾਂ ਵਿਕਾਸ ਦੀ ਗੱਲ ਕਰਨੀ ਫਜ਼ੂਲ ਹੈ।
ਹੜ੍ਹ ਅਤੇ ਸੋਕਾ ਪੁਰਾਣੇ ਜ਼ਮਾਨੇ ਤੋਂ ਹੀ ਸਾਡੀ ਜ਼ਿੰਦਗੀ ਨੂੰ ਪ੍ਰੇਸ਼ਾਨੀ ’ਚ ਪਾਉਂਦੇ ਰਹੇ ਹਨ। ਹੜ੍ਹ ਅਤੇ ਸੋਕਾ ਸਿਰਫ ਕੁਦਰਤੀ ਆਫਤਾਂ ਭਰ ਨਹੀਂ ਹਨ ਸਗੋਂ ਇਹ ਇਕ ਤਰ੍ਹਾਂ ਕੁਦਰਤ ਦੀਆਂ ਚਿਤਾਵਨੀਆਂ ਵੀ ਹਨ। ਸਵਾਲ ਇਹ ਹੈ ਕਿ ਕੀ ਅਸੀਂ ਪੜ੍ਹ-ਲਿਖ ਲੈਣ ਦੇ ਬਾਵਜੂਦ ਕੁਦਰਤ ਦੀਆਂ ਇਨ੍ਹਾਂ ਚਿਤਾਵਨੀਆਂ ਨੂੰ ਸਮਝ ਸਕਦੇ ਹਾਂ। ਇਹ ਤ੍ਰਾਸਦੀ ਹੀ ਹੈ ਕਿ ਪਹਿਲਾਂ ਨਾਲੋਂ ਵੱਧ ਪੜ੍ਹੇ-ਲਿਖੇ ਸਮਾਜ ’ਚ ਕੁਦਰਤ ਦੇ ਨਾਲ ਤਾਲਮੇਲ ਬਿਠਾ ਕੇ ਜ਼ਿੰਦਗੀ ਜਿਊਣ ਦੀ ਸਮਝਦਾਰੀ ਅਜੇ ਵੀ ਵਿਕਸਿਤ ਨਹੀਂ ਹੋ ਸਕੀ ਹੈ। ਹੜ੍ਹ ਅਤੇ ਸੋਕੇ ਵਰਗੀਆਂ ਕੁਦਰਤੀ ਆਫਤਾਂ ਪਹਿਲਾਂ ਵੀ ਆਉਂਦੀਆਂ ਸਨ ਪਰ ਉਨ੍ਹਾਂ ਦਾ ਆਪਣਾ ਇਕ ਵੱਖਰਾ ਸ਼ਾਸਤਰ ਅਤੇ ਤੰਤਰ ਸੀ। ਇਸ ਦੌਰ ’ਚ ਮੌਸਮ ਵਿਭਾਗ ਦੀਆਂ ਭਵਿੱਖਬਾਣੀਆਂ ਦੇ ਬਾਵਜੂਦ ਅਸੀਂ ਹੜ੍ਹ ਦਾ ਪਹਿਲਾਂ ਅੰਦਾਜ਼ਾ ਨਹੀਂ ਲਗਾ ਸਕਦੇ।
ਦਰਅਸਲ ਕੁਦਰਤ ਦੇ ਨਾਲ ਜਿਸ ਤਰ੍ਹਾਂ ਦਾ ਮਤਰੇਆ ਸਲੂਕ ਅਸੀਂ ਕਰ ਰਹੇ ਹਾਂ ਉਸੇ ਤਰ੍ਹਾਂ ਦਾ ਮਤਰੇਆ ਸਲੂਕ ਕੁਦਰਤ ਵੀ ਸਾਡੇ ਨਾਲ ਕਰ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਭਾਰਤ ਨੂੰ ਜਿਸ ਤਰ੍ਹਾਂ ਸੋਕੇ ਅਤੇ ਹੜ੍ਹ ਦਾ ਸਾਹਮਣਾ ਕਰਨਾ ਪਿਆ ਹੈ ਉਹ ਆਈ. ਪੀ. ਸੀ. ਸੀ. ਦੀ ਜਲਵਾਯੂ ਪਰਿਵਰਤਨ ’ਤੇ ਆਧਾਰਿਤ ਉਸ ਰਿਪੋਰਟ ਦਾ ਧਿਆਨ ਦਿਵਾਉਂਦੀ ਹੈ ਜਿਸ ’ਚ ਜਲਵਾਯੂ ਪਰਿਵਰਤਨ ਦੇ ਕਾਰਨ ਦੇਸ਼ ਨੂੰ ਹੜ੍ਹ ਅਤੇ ਸੋਕੇ ਵਰਗੀਆਂ ਆਫਤਾਂ ਝੱਲਣ ਦੀ ਚਿਤਾਵਨੀ ਦਿੱਤੀ ਗਈ ਸੀ। ਅੱਜ ਗਲੋਬਲ ਵਾਰਮਿੰਗ ਵਰਗਾ ਸ਼ਬਦ ਇੰਨਾ ਪ੍ਰਚੱਲਿਤ ਹੋ ਗਿਆ ਹੈ ਕਿ ਇਸ ਮੁੱਦੇ ’ਤੇ ਅਸੀਂ ਇਕ ਬਣੀ-ਬਣਾਈ ਲੀਕ ’ਤੇ ਹੀ ਚੱਲਣਾ ਚਾਹੁੰਦੇ ਹਾਂ। ਇਹੀ ਕਾਰਨ ਹੈ ਕਿ ਕਦੇ ਅਸੀਂ ਆਈ. ਪੀ. ਸੀ. ਸੀ. ਦੀ ਰਿਪੋਰਟ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗਦੇ ਹਾਂ ਤਾਂ ਕਦੀ ਗਲੋਬਲ ਵਾਰਮਿੰਗ ਨੂੰ ਬੇਲੋੜਾ ਹਊਆ ਮੰਨਣ ਲੱਗਦੇ ਹਨ।
ਦਰਅਸਲ ਕੁਦਰਤ ਨਾਲ ਛੇੜਛਾੜ ਦਾ ਨਤੀਜਾ ਜਲਵਾਯੂ ਪਰਿਵਰਤਨ ਦੇ ਕਿਹੜੇ ਰੂਪ ’ਚ ਸਾਡੇ ਸਾਹਮਣੇ ਹੋਵੇਗਾ, ਇਹ ਨਹੀਂ ਕਿਹਾ ਜਾ ਸਕਦਾ। ਜਲਵਾਯੂ ਪਰਿਵਰਤਨ ਦਾ ਇਕ ਹੀ ਥਾਂ ’ਤੇ ਵੱਖ-ਵੱਖ ਅਸਰ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਅਸੀਂ ਵਾਰ-ਵਾਰ ਹੜ੍ਹ ਅਤੇ ਸੋਕੇ ਦਾ ਅਜਿਹਾ ਪਹਿਲਾਂ ਅੰਦਾਜ਼ਾ ਨਹੀਂ ਲਗਾ ਸਕਦੇ ਜਿਸ ਨਾਲ ਕਿ ਲੋਕਾਂ ਦੇ ਜਾਨ-ਮਾਲ ਦੀ ਸਮੇਂ ਰਹਿੰਦੇ ਲੋੜੀਂਦੀ ਸੁਰੱਖਿਆ ਹੋ ਸਕੇ। ਸ਼ਹਿਰਾਂ ਅਤੇ ਕਸਬਿਆਂ ’ਚ ਪਾਣੀ ਭਰਨ ਲਈ ਕਾਫੀ ਹੱਦ ਤੱਕ ਅਸੀਂ ਵੀ ਜ਼ਿੰਮੇਵਾਰ ਹਾਂ। ਪਿਛਲੇ ਕੁਝ ਸਾਲਾਂ ’ਚ ਕਸਬੇ ਅਤੇ ਸ਼ਹਿਰਾਂ ’ਚ ਜੋ ਵਿਕਾਸ ਅਤੇ ਵਿਸਤਾਰ ਹੋਇਆ ਹੈ, ਉਸ ’ਚ ਪਾਣੀ ਦੀ ਢੁੱਕਵੀਂ ਨਿਕਾਸੀ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ। ਗੰਦੇ ਨਾਲਿਆਂ ਦੀ ਲੋੜੀਂਦੀ ਸਫਾਈ ਨਾ ਹੋਣ ਕਾਰਨ ਉਨ੍ਹਾਂ ਦੀ ਪਾਣੀ ਰੋੜ੍ਹ ਕੇ ਲਿਜਾਣ ਦੀ ਸਮਰੱਥਾ ਲਗਾਤਾਰ ਘੱਟ ਹੋ ਰਹੀ ਹੈ। ਇਹੀ ਕਾਰਨ ਹੈ ਕਿ ਦੇਸ਼ ਦੇ ਵਧੇਰੇ ਕਸਬਿਆਂ ਅਤੇ ਸ਼ਹਿਰਾਂ ’ਚ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਸੜਕਾਂ ’ਤੇ ਪਾਣੀ ਭਰ ਜਾਂਦਾ ਹੈ।
ਅੱਜ ਯਕੀਨੀ ਤੌਰ ’ਤੇ ਵਿਗਿਆਨ ਲਗਾਤਾਰ ਤਰੱਕੀ ਵੱਲ ਵਧ ਰਿਹਾ ਹੈ ਪਰ ਉਹ ਕੁਦਰਤ ਦੇ ਸਾਹਮਣੇ ਬੌਣਾ ਹੀ ਹੈ। ਜੇਕਰ ਵਿਸ਼ਵ ਦੇ ਬੁੱਧੀਜੀਵੀ ਕੁਦਰਤ ਦੇ ਨਾਲ ਵਿਗਿਆਨ ਦਾ ਮੁਕਾਬਲਾ ਕਰਾਉਣਗੇ ਤਾਂ ਕਿਸੇ ਨਾ ਕਿਸੇ ਰੂਪ ’ਚ ਉਹ ਤਬਾਹੀ ਨੂੰ ਹੀ ਜਨਮ ਦੇਣਗੇ। ਵਿਗਿਆਨ ਅਤੇ ਪ੍ਰਗਤੀਵਾਦੀ ਸੋਚ ਦੀ ਵਰਤੋਂ ਮਨੁੱਖੀ ਭਲਾਈ ਲਈ ਹੋਣੀ ਚਾਹੀਦੀ ਹੈ ਨਾ ਕਿ ਮਨੁੱਖੀ ਤਬਾਹੀ ਦੇ ਲਈ। ਸੰਪੂਰਨ ਵਿਸ਼ਵ ’ਚ ਜਦੋਂ ਵੀ ਕੁਦਰਤ ਦੇ ਨਾਲ ਕਿਸੇ ਵੀ ਰੂਪ ’ਚ ਛੇੜਛਾੜ ਹੋਈ ਹੈ ਤਾਂ ਉਸ ਨੇ ਤਬਾਹੀ ਮਚਾਈ ਹੈ। ਅਕਸਰ ਸਾਡੇ ਕੁਝ ਵਿਗਿਆਨੀ ਅਤੇ ਬੁੱਧੀਜੀਵੀ ਵੱਖ-ਵੱਖ ਤਰਕ ਦੇ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਕਿ ਕੁਦਰਤ ਦੀ ਆੜ ’ਚ ਵਿਕਾਸ ਪ੍ਰਾਜੈਕਟਾਂ ਨੂੰ ਨਹੀਂ ਰੋਕਿਆ ਜਾ ਸਕਦਾ। ਅਜਿਹਾ ਕਹਿ ਕੇ ਇਹ ਬੁੱਧੀਜੀਵੀ ਇਕ ਤਰ੍ਹਾਂ ਕੁਦਰਤ ਨੂੰ ਚੁਣੌਤੀ ਹੀ ਦਿੰਦੇ ਹਨ। ਇਹ ਕਈ ਵਾਰ ਸਿੱਧ ਹੋ ਚੁੱਕਾ ਹੈ ਕਿ ਵੱਖ-ਵੱਖ ਭਵਿੱਖਬਾਣੀਆਂ ਦੇ ਬਾਵਜੂਦ ਅਸੀਂ ਕੁਦਰਤੀ ਆਫਤਾਂ ਨਾਲ ਲੜਨ ’ਚ ਅਸਮਰੱਥ ਹਾਂ।
ਭਾਰਤ ਵਰਗੇ ਵਿਕਾਸਸ਼ੀਲ ਦੇਸ਼ ’ਚ ਪੀਣ ਦੇ ਪਾਣੀ, ਸਿੰਚਾਈ ਅਤੇ ਊਰਜਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਕ ਅਜਿਹੀ ਵਿਵਸਥਾ ਦੀ ਲੋੜ ਹੈ ਜਿਸ ਨਾਲ ਕਿ ਸਰੋਤਾਂ ਦੀ ਢੁੱਕਵੀਂ ਵਰਤੋਂ ਅਤੇ ਠੀਕ ਢੰਗ ਨਾਲ ਵਾਤਾਵਰਣ ਦੀ ਸੰਭਾਲ ਹੋ ਸਕੇ। ਇਸ ਵਿਵਸਥਾ ’ਚ ਮੀਂਹ ਦੇ ਪਾਣੀ ਦੀ ਸੰਭਾਲ, ਬਦਲਵੇਂ ਸਰੋਤਾਂ ਤੋਂ ਊਰਜਾ ਹਾਸਲ ਕਰਨ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅਜਿਹਾ ਵਿਵਸਥਾ ਨਾਲ ਗਰੀਬਾਂ ਦਾ ਵੀ ਭਲਾ ਹੋਵੇਗਾ। ਸਾਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਪਹਾੜਾਂ ਦਾ ਆਪਣਾ ਵੱਖਰਾ ਵਾਤਾਵਰਣ ਹੁੰਦਾ ਹੈ। ਇਸ ਵਾਤਾਵਰਣ ਦੀ ਰੱਖਿਆ ਕਰਨੀ ਆਮ ਨਾਗਰਿਕਾਂ ਦਾ ਫਰਜ਼ ਤਾਂ ਹੈ ਹੀ, ਸਰਕਾਰ ਦਾ ਫਰਜ਼ ਵੀ ਹੈ।