ਉੱਚ ਸਰਕਾਰੀ ਅਹੁਦਿਆਂ ਅਤੇ ਦਫ਼ਤਰਾਂ ''ਚੋਂ ਦਸਤਾਰ ਗਾਇਬ ਹੁੰਦੀ ਜਾ ਰਹੀ

Thursday, Sep 14, 2023 - 01:54 PM (IST)

ਉੱਚ ਸਰਕਾਰੀ ਅਹੁਦਿਆਂ ਅਤੇ ਦਫ਼ਤਰਾਂ ''ਚੋਂ ਦਸਤਾਰ ਗਾਇਬ ਹੁੰਦੀ ਜਾ ਰਹੀ

ਮਨੁੱਖ ਤੋਂ ਦੇਵਤੇ ਬਣਾਉਣ ਦਾ ਇਕ ਨਿਵੇਕਲਾ ਉੱਦਮ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਰੰਭ ਕੀਤਾ। ਇਹ ਨਵਾਂ ਮਾਰਗ ਪ੍ਰੇਮ ਦਾ ਹੈ ਪਰ ਇਸਦੇ ਪਾਂਧੀ ਬਣਨ ਲਈ ਸਿਰ ਤਲੀ ’ਤੇ ਰੱਖ ਗੁਰੂ ਪਾਸ ਆਉਣ ਦੀ ਸ਼ਰਤ ਹੈ। ਅਕਾਲ ਪੁਰਖ, ਜਿਸ ਨੂੰ ਅਨੇਕ ਨਾਂਵਾਂ ਨਾਲ ਯਾਦ ਕੀਤਾ ਜਾਂਦਾ ਹੈ । ਗੁਰੂ ਰਾਹ ਦਸੇਰਾ ਹੈ। ਇਸ ਤਰ੍ਹਾਂ ਗੁਰੂ ਦੇ ਹੁਕਮ ਤੇ ਦੱਸੇ ਮਾਰਗ ’ਤੇ ਚੱਲਣ ਨਾਲ ਸੰਤ ਸਿਪਾਹੀ ਸੁੱਤੇ ਸਿੱਧ ਹੀ ਬ੍ਰਹਮ ਗਿਆਨੀ ਬਣ ਮੁਕਤ ਹੋ ਜਾਂਦਾ ਹੈ। ਇਸ ਪੰਥ ਜਾਂ ਮਾਰਗ ਦੇ ਪਾਂਧੀ ਨਾ ਕਿਸੇ ਤੋਂ ਡਰਦੇ ਹਨ ਨਾ ਡਰਾਉਂਦੇ, ਅਣਖ ਨਾਲ ਜਿਊਂਦੇ ਹਨ ਤੇ ਕਿਸੇ ਦੀ ਟੈਂ ਵੀ ਨਹੀਂ ਮੰਨਦੇ।

ਇਸ ਤਰ੍ਹਾਂ ਗੁਰੂ ਸਾਹਿਬਾਨ ਨੇ 239 ਸਾਲ, ਆਪਣੇ ਫਲਸਫੇ ਦੀਆਂ ਉਦਾਹਰਣਾਂ ਆਪਣੇ ਜੀਵਨ ਰਾਹੀਂ ਪੇਸ਼ ਕੀਤੀਆਂ ਅਤੇ ਭਾਰਤੀ ਸਮਾਜ ਵਿਚੋਂ ਜਾਤ-ਪਾਤ ਦੀ ਵੰਡ ਸਮੇਤ ਸਭ ਕਮਜ਼ੋਰੀਆਂ ਦੂਰ ਕਰ ਕੇ ਇਕ ਨਵੇਂ, ਸੇਵਾ, ਸਿਮਰਨ ਤੇ ‘ਸੂਰਬੀਰ ਬਚਨ ਕੇ ਬਲੀ’ ਯੋਧਿਆਂ ਦੀ ਫੌਜ ਤਿਆਰ ਕੀਤੀ। ਖਾਲਸਾ ਅਕਾਲਪੁਰਖ ਦੀ ਫੌਜ ਹੈ।

ਇਸੇ ਨਵੇਂ ਪੰਥ ਵੱਲ ਤੁਰਨ ਦਾ ਸਫ਼ਰ ਵੀ ਸੁਖਾਲਾ ਨਹੀਂ ਸੀ, ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਹਰ ਬਾਦਸ਼ਾਹ ਨੇ ਗੁਰੂ ਸਾਹਿਬਾਨ ਨਾਲ ਟੱਕਰ ਲਈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਤਮ ਰੱਖਿਆ ਤੇ ਜ਼ੁਲਮ ਵਿਰੁੱਧ 21 ਦੇ ਕਰੀਬ ਲੜਾਈਆਂ ਵੀ ਲੜਨੀਆਂ ਪਈਆਂ। ਜਿੱਤ ਉਪਰੰਤ ਵੀ ਗੁਰੂ ਸਾਹਿਬਾਨ ਨੇ ਇਕ ਇੰਚ ਜ਼ਮੀਨ ’ਤੇ ਕਬਜ਼ਾ ਨਹੀਂ ਕੀਤਾ ਪਰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਥਾਪੜਾ ਦਿੱਤਾ ਤਾਂ ਖਾਲਸਾ ਨੇ ਦੋ ਸਾਲ ਵਿਚ ਹੀ ਖਾਲਸਾ ਰਾਜ ਦੀ ਸਥਾਪਨਾ ਕਰ ਕੇ ਮੁਗਲ ਰਾਜ ਦੇ ਖ਼ਾਤਮੇ ਦੀ ਨੀਂਹ ਰੱਖ ਦਿੱਤੀ। ਸੰਨ 1715 ਈ .’ਚ ਜਦੋਂ ਬਾਬਾ ਬੰਦਾ ਸਿੰਘ ਬਹਾਦੁਰ, ਗੁਰਦਾਸ ਨੰਗਲ ਦੀ ਗੜ੍ਹੀ ਵਿਚ ਬਾਹਰੋਂ ਸਹਾਇਤਾ ਦੀ ਉਮੀਦ ਕਰ ਰਹੇ ਸਨ ਤਾਂ ਵਿਰੋਧੀ ਫੁੱਟ ਪਾਉਣ ਵਿਚ ਸਫਲ ਹੋ ਚੁੱਕਾ ਸੀ ਤੇ ਬਾਹਰੋਂ ਕੋਈ ਸਹਾਇਤਾ ਨਹੀਂ ਪਹੁੰਚੀ।

ਬਾਬਾ ਬੰਦਾ ਸਿੰਘ ਬਹਾਦੁਰ ਦੀ ਸੰਨ 1716 ਈ. ਵਿਚ ਸਾਥੀਆਂ ਤੇ ਪਰਿਵਾਰ ਸਮੇਤ ਸ਼ਹਾਦਤ ਪਿਛੋਂ ਵੀ ਖਾਲਸਾ ਨੇ ਮੁੜ ਸੰਗਠਿਤ ਹੋਣ ਵਿਚ ਬਹੁਤਾ ਸਮਾਂ ਨਹੀਂ ਲਾਇਆ ਤੇ 1731 ਈ. ਵਿਚ ਮੁਗਲ ਹਕੂਮਤ ਨੂੰ ਨਵਾਬੀ ਪੇਸ਼ ਕਰਨ ਲਈ ਮਜਬੂਰ ਕਰ ਦਿੱਤਾ। ਨਵਾਬ ਕਪੂਰ ਸਿੰਘ ਵਰਗੇ ਸੇਵਕ ਨੂੰ ਕੌਮ ਦੀ ਅਗਵਾਈ ਦਿੱਤੀ ਗਈ। 100 ਜਥਿਆਂ ਤੋਂ ਬਣੀਆਂ ਮਿਸਲਾਂ ਤੇ ਖਾਲਸਾ ਦੀ ਬਹਾਦਰੀ ਨੇ ਮੁਗਲ ਹਕੂਮਤ ਦੇ ਨੱਕ ਵਿਚ ਦਮ ਕਰ ਦਿੱਤਾ। ਇਸ ਪਿੱਛੇ ਕੇਵਲ ਇਕ ਹੀ ਕਾਰਨ ਸੀ ਕਿ ਸਿੱਖ ਗੁਰਮਿਤ ਅਸੂਲ ਦੇ ਪਾਰਸ ਸਨ। ਖਾਲਸਾ ਫੌਜ ਪੂਰਨ ਅਨੁਸ਼ਾਸਨ ਵਿਚ ਰਹਿ ਕੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਜ਼ਿੰਮੇਵਾਰ ਸੀ ।

ਇਹ ਰਾਜ਼ੀਨਾਮਾ ਬਹੁਤ ਸਮਾਂ ਨਹੀ ਚੱਲ ਸਕਿਆ ਪਰ ਸਿਰੜੀ ਖਾਲਸਾ ਨੇ ਸੰਘਰਸ਼ ਜਾਰੀ ਰੱਖਿਆ। ਮੰਨੂ ਦੀ ਦਾਤਰੀ ਨੇ ਭਾਵੇਂ ਸਿੱਖ ਕੌਮ ਦੇ ਸੱਥਰਾਂ ਦੇ ਸੱਥਰ ਲਾਹ ਦਿੱਤੇ ਤੇ ਸਿੱਖਾਂ ਦੇ ਸਿਰਾਂ ਦਾ ਮੁੱਲ ਲਾ, ਬੀਬੀਆਂ ਨੂੰ ਵੀ ਕਤਲ ਕਰਨ ਤੋਂ ਗੁਰੇਜ਼ ਨਹੀਂ ਕੀਤਾ ਪਰ ਉਸ ਸਮੇਂ ਦੇ ਭਾਰਤੀ ਸਮਾਜ ਅੰਦਰ ਇਹ ਸੋਏ ਦੂਣ ਸਵਾਏ ਵੀ ਹੁੰਦੇ ਰਹੇ, ਕਿਉਂਕਿ ਪਰਿਵਾਰ ਆਪਣਾ ਜੇਠਾ ਪੁੱਤਰ ਗੁਰੂ ਜਾਂ ਗੁਰੂ ਖਾਲਸਾ ਨੂੰ ਅਰਪਣ ਕਰ ਦਿੰਦਾ ਸੀ। ਇਸ ਕਤਲੋਗਾਰਤ ਦੇ ਸਮੇਂ ਸਿੱਖ ਧਰਮ ਦਾ ਪ੍ਰਚਾਰ ਕੌਣ ਕਰ ਰਿਹਾ ਸੀ। ਨਿਰਮਲੇ, ਉਦਾਸੀਆਂ ਤੇ ਹੋਰਾਂ ਦੀ ਸਾਰਥਿਕ ਭੂਮਿਕਾ ਵਾਰੇ ਖੋਜ ਕਰਨ ਦੀ ਅਜੇ ਲੋੜ ਹੈ। ਸਿੱਖ ਤੇ ਖਾਲਸਾ ਦੀ ਨਰਸਰੀ ਕਿੱਥੇ ਸੀ, ਇਹ ਵੀ ਵਿਚਾਰਨ ਦਾ ਵਿਸ਼ਾ ਹੈ। ਖਾਲਸਾ ਨੇ ਮੁੜ ਲਾਹੌਰ ਫ਼ਤਹਿ ਕਰ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ-ਉਲ-ਕੌਮ ਥਾਪ ਦਿੱਤਾ।

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਆਦੇਸ਼ ਦਿੱਤਾ ਸੀ ਕਿ ਦੁਸ਼ਮਣ ਦਾ ਧਰਮ ਸਥਾਨ ਨਹੀਂ ਢਾਹੁਣਾ, ਜਿਸ ਦੀ ਬਾਬਾ ਬੰਦਾ ਸਿੰਘ ਬਹਾਦੁਰ ਨੇ ਪਾਲਣਾ ਵੀ ਕੀਤੀ ਪਰ ਸ਼ਾਇਦ ਅਹਿਮਦ ਸ਼ਾਹ ਅਬਦਾਲੀ ਨੂੰ ਅਜਿਹੀ ਸਿੱਖਿਆ ਦੇਣ ਵਾਲਾ ਗੁਰੂ ਨਹੀਂ ਸੀ ਮਿਲਿਆ, ਉਸ ਨੇ ਅੰਮ੍ਰਿਤ ਦੇ ਸੋਮੇ ਨੂੰ ਪੂਰਨ ਸਮੇਤ ਸ੍ਰੀ ਹਰਿਮੰਦਰ ਸਾਹਿਬ ਵੀ ਢਹਿ-ਢੇਰੀ ਕਰਵਾ ਦਿੱਤਾ ਪਰ ਇਹ ਜ਼ੁਲਮ ਵੀ ਖਾਲਸੇ ਦਾ ਮਨੋਬਲ ਨਹੀਂ ਤੋੜ ਸਕਿਆ, ਛੋਟੇ, ਵੱਡੇ ਘੱਲੂਘਾਰਿਆਂ ਵਿਚੋਂ ਤਬਾਹੀ ਦੇ ਕੰਢੇ ਤੋਂ ਉੱਠ, ਕੌਮ ਨੇ ਅਬਦਾਲੀ ਦੇ ਛੱਕੇ ਛੁਡਵਾ ਦਿੱਤੇ ਤੇ ਮੁੜ ਪੰਜਾਬ ਦੇ ਵੱਡੇ ਹਿੱਸੇ ’ਤੇ ਕਬਜ਼ਾ ਕਰ ਲਿਆ।

ਮਿਸਲਾਂ ਪਹਿਲਾਂ ਕੌਮ ਦੇ ਦੁਸ਼ਮਣ ਵਿਰੁੱਧ ਇਕੱਠੇ ਹੋ ਕੇ ਲੜਦੀਆਂ ਸਨ ਪਰ ਸਮੇਂ ਨਾਲ ਰਾਜ ਦੇ ਲੋਭ ਵਿਚ ਫਸ ਕੁਝ ਇਕ ਦੂਜੇ ਦੇ ਵਿਰੋਧੀ ਵੀ ਬਣ ਗਏ, ਆਪਸੀ ਕਤਲ ਵੀ ਹੋਏ ਤੇ ਸੁਲਤਾਨ -ਉਲ- ਕੌਮ ਨੂੰ ਕੈਦ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ। ਇਸੇ ਕਾਰਨ, ਦਿੱਲੀ ਦਾ ਰਾਜ ਜਿੱਤ ਕੇ ਵੀ, 1783 ਈ. ਵਿਚ ਸ਼ਾਹ ਆਲਮ ਨੂੰ ਵਾਪਸ ਕਰ ਦਿੱਤਾ ਗਿਆ, ਕਿਉਂਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕੌਮ ਵਿਚ ਲੜਾਈ ਨਹੀਂ ਚਾਹੁੰਦੇ ਸਨ।

ਸਰਦਾਰ ਚੜਤ ਸਿੰਘ ਸ਼ੁਕਰਚੱਕੀਆ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਭਰੋਸੇਯੋਗ ਸਾਥੀ ਸੀ। 18ਵੀਂ ਸਦੀ ਦੇ ਅੰਤ ਤੱਕ ਅਹਿਮਦਸ਼ਾਹ ਅਬਦਾਲੀ ਦੇ ਪੋਤਰੇ ਨੂੰ ਮੈਦਾਨੇ ਜੰਗ ਵਿਚ ਲਲਕਾਰਨ ਲਈ ਸਰਦਾਰ ਚੜ੍ਹਤ ਸਿੰਘ ਦਾ ਪੋਤਰਾ ਸਰਦਾਰ ਰਣਜੀਤ ਸਿੰਘ ਅੱਗੇ ਆਇਆ ਤੇ ਲਾਹੌਰ ਰਾਜ ਸਥਾਪਿਤ ਕਰਨ ਵਿਚ ਕਾਮਯਾਬ ਹੋ ਗਿਆ ਜਿਸ ਨਾਲ ਅੰਗਰੇਜ਼ ਤੇ ਨੈਪੋਲੀਅਨ ਦੋਵੇਂ ਸੰਧੀ ਕਰਨਾ ਚਾਹੁੰਦੇ ਸਨ। ਇਹ ਰਾਜ ਸਰਬ ਸਾਂਝੀਵਾਲਤਾ ਤੇ ਗੁਰੂ ਸਾਹਿਬਾਨ ਦੇ ਹਲੀਮੀ ਰਾਜ ਦੀ ਉਦਾਹਰਣ ਸੀ। ਸ਼ੇਰੇ ਪੰਜਾਬ ਦਾ ਪੱਗ ਵੱਟ ਭਰਾ ਸਰਦਾਰ ਫਤਿਹ ਸਿੰਘ ਆਹਲੂਵਾਲੀਆ ਵੀ ਉਸਦਾ ਹਮ ਰਕਾਬ ਸੀ। ਜਦੋਂ ਇਹ ਬਹਾਦੁਰ ਸ਼ੇਰ ਦਿੱਲੀ ’ਤੇ ਕਾਬਜ਼ਾ ਕਰਨ ਵਾਲੇ ਸਨ ਤਾਂ ਆਪਣੇ ਹੀ ਵਿਰੋਧੀ ਬਣ ਅੰਗਰੇਜ਼ ਦੀ ਕਚਹਿਰੀ ਵਿਚ ਕਲਕੱਤੇ ਜਾ ਹਾਜ਼ਰ ਹੋਏ, ਮਹਾਰਾਜਾ ਦੇ ਪੱਗ ਵੱਟ ਭਰਾ ਬਾਦਸ਼ਾਹ ਬਣਨ ਨਾਲੋਂ, ਉਨ੍ਹਾਂ ਨੂੰ ਅੰਗਰੇਜ਼ ਦਾ ਰਾਜਕੁਮਾਰ ਬਣਨਾ ਚੰਗਾ ਲੱਗਾ ਤੇ ਉਹ ਬਿਨਾਂ ਲੜੇ ਗ਼ੁਲਾਮ ਬਣ ਗਏ। ਜੋ ਖਾਲਸਾ ਦੀ ਆਜ਼ਾਦ ਹਸਤੀ ਦੇ ਪ੍ਰਤੀਕ ਮਹਾਰਾਜਾ ਰਣਜੀਤ ਸਿੰਘ ਦੇ ਵਿਰੋਧੀ ਬਣ ਵਿਸਥਾਰ ਦੇ ਰਾਹ ਦਾ ਰੋੜਾ ਬਣ ਗਏ। ਇਸ ਆਪਸੀ ਫੁੱਟ ਦੀ ਲਕੀਰ ਵਕਤ ਨਾਲ ਲੰਬੀ ਹੀ ਹੁੰਦੀ ਗਈ।

ਜਦੋਂ 1873 ਈ. ਵਿਚ ਮਿਸ਼ਨ ਸਕੂਲ ਦੇ ਚਾਰ ਵਿਦਿਆਰਥੀਆਂ ਨੂੰ ਇਸਾਈ ਬਣਾਉਣ ਵਿਰੁੱਧ ਸਿੰਘ ਸਭਾ ਲਹਿਰ ਸ਼ੁਰੂ ਹੋਈ ਤਾਂ ਅੰਗਰੇਜ਼ ਨੇ ਚਲਾਕੀ ਨਾਲ ਇਸ ਲਹਿਰ ਨੂੰ ਚੀਫ ਖਾਲਸਾ ਦੀਵਾਨ ਬਣਾ ਕੇ 1902 ਈ. ਤੱਕ ਖਤਮ ਕਰ ਦਿੱਤਾ। ਚੀਫ ਖਾਲਸਾ ਦੀਵਾਨ ਦੇ ਪੰਜ ਮਨੋਰਥ ਪੜ੍ਹਨ ਸੁਣਨ ਨੂੰ ਚੰਗੇ ਹਨ, ਪਰ ਕੀ ਇਸ ’ਤੇ ਅਮਲ ਹੋ ਰਿਹਾ ਹੈ ਤੇ ਅੱਜ ਸਥਿਤੀ ਕੀ ਹੈ। 1920 ਈ. ਦੀ ਗੁਰਦਵਾਰਾ ਸੁਧਾਰ ਲਹਿਰ ਵੱਡੀਆਂ ਕੁਰਬਾਨੀਆਂ ਦੇ ਕੇ ਕਾਮਯਾਬ ਹੋਈ ਸੀ ਪਰ ਇਹ ਵੀ ਸਿੱਖ ਕੌਮ ਦੀ ਜਿੱਤ ਨੂੰ ਅਾਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ ਆਖਣ ਵਾਲੇ ਕਾਂਗਰਸੀਆਂ ਦੀ ਝੋਲੀ ਪੈ ਗਈ। ਰਾਜਕੁਮਾਰੀ ਬੰਬਾ ਜੋ ਉਸ ਸਮੇਂ ਲਾਹੌਰ ਵਿਚ ਸੀ, ਦੀ ਨਾ ਤਾਂ ਕਿਸੇ ਨੇ ਮਦਦ ਕੀਤੀ ਅਤੇ ਨਾ ਹੀ ਉਸ ਨੂੰ ਮੁੜ ਆਪਣੇ ਪੁਰਖਿਆਂ ਦੇ ਧਰਮ ਨਾਲ ਜੁੜਨ ਲਈ ਪ੍ਰੇਰਿਆ,ਜਦੋਂ ਕਿ ਉਹ ਆਜ਼ਾਦੀ ਘੁਲਾਟੀਆਂ ਦੇ ਸੰਪਰਕ ਵਿਚ ਸੀ। ਦੇਸ਼ ਦੀ ਆਜ਼ਾਦੀ ’ਚ ਆਪਣਾ ਭਰਪੂਰ ਯੋਗਦਾਨ ਦੇਣ ਵਾਲੇ ਸਿੱਖਾਂ ਨੂੰ ਮਾਨਸਿਕ ਤੌਰ ’ਤੇ ਗੁਲਾਮ ਬਣਾ ਕੇ ਰੱਖਿਆ ਗਿਆ।

ਸਮਾਂ ਕਿਸੇ ਨੂੰ ਮੁਆਫ ਨਹੀਂ ਕਰਦਾ, ਵਿਸ਼ਲੇਸ਼ਣ ਨਿਰਪੱਖ ਹੋਣਾ ਚਾਹੀਦਾ ਹੈ, ਪੰਜਾਬ ਵਿਚ ਸਿੱਖ ਆਬਾਦੀ 63 ਫੀਸਦੀ ਤੋਂ ਘਟ ਕੇ 57 ਫੀਸਦੀ ਹੋ ਗਈ ਹੈ। ਬੱਚੇ-ਬੱਚੀਆਂ ਦੂਜੇ ਦੇਸ਼ਾਂ ਵੱਲ ਭੱਜ ਰਹੇ ਹਨ, ਜਿੱਥੇ ਉਨ੍ਹਾਂ ਦੀ ਹਾਲਤ ਵਾਰੇ ਪੜ੍ਹ ਕੇ ਚਿੰਤਾ ਹੁੰਦੀ ਹੈ। ਉਚ ਸਰਕਾਰੀ ਅਹੁਦਿਆਂ ’ਤੇ ਅਤੇ ਦਫਤਰਾਂ ਵਿਚੋਂ ਦਸਤਾਰ ਗਾਇਬ ਹੁੰਦੀ ਜਾ ਰਹੀ ਹੈ। ਚਰਚਾ ਹੈ ਕਿ ਇਕ ਧਰਮ । ਧਰਮ ਸਥਾਨਾਂ ਦੇ ਪ੍ਰਬੰਧਕਾਂ ’ਤੇ ਮੁੜ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ।

ਭਾਰਤ ਵਿਰੋਧੀ ਵਿਦੇਸ਼ੀ ਤਾਕਤਾਂ ਤੇ ਉਨ੍ਹਾਂ ਦੇ ਏਜੰਟ ਸਿੱਖ ਕੌਮ ਨੂੰ ਝੂਠੀਆਂ ਕਹਾਣੀਆਂ ਨਾਲ, ਜਿਸ ਦੇਸ਼ ਦੀ ਆਜ਼ਾਦੀ ਤੇ ਰਖਵਾਲੀ ਲਈ ਕੁਰਬਾਨੀਆਂ ਦਿੱਤੀਆਂ ਵਿਰੁੱਧ ਹੀ ਭੜਕਾ ਰਹੇ ਹਨ। ਇਹ ਕੇਵਲ ਕੌਮ ਨੂੰ ਬਦਨਾਮ ਤੇ ਕਮਜ਼ੋਰ ਕਰਨ ਲਈ ਹੋ ਰਿਹਾ ਹੈ। ਸਮਾਂ ਵਿਚਾਰਨ ਦਾ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਤੇ ਹੋਰ ਗੁਰੂ ਸਾਹਿਬਾਨ ਨੇ ਪ੍ਰਚਾਰ ਕੇਂਦਰ ਸਥਾਪਿਤ ਕੀਤੇ ਸਨ, ਕੀ ਅਸੀਂ ਉੱਥੇ ਖੋਜ ਕੇਂਦਰ ਤੇ ਯੂਨੀਵਰਸਿਟੀਆਂ ਬਣਾ ਲਈਆਂ ਹਨ? ਕੀ ਪੰਥਕ ਅਦਾਰਿਆਂ ਦੇ ਨਾਂ ’ਤੇ ਚੱਲ ਰਹੇ ਵਿੱਦਿਅਕ ਸਥਾਨ ਸਭ ਤੋਂ ਉਤਮ ਹਨ? ਕੀ ਪਿੰਡ ਦੇ ਗਰੀਬ ਦੀ ਧੀ ਦੇ ਵਿਆਹ ਲਈ ਅਸੀਂ ਕੁਝ ਕਰਦੇ ਹਾਂ?

ਇਕਬਾਲ ਸਿੰਘ ਲਾਲਪੁਰਾ


author

Rakesh

Content Editor

Related News