ਜੰਕ ਫੂਡ ਖਾਣ ਦੇ ਖਤਰੇ

Monday, Sep 02, 2024 - 03:51 PM (IST)

ਜੰਕ ਫੂਡ ਖਾਣ ਦੇ ਖਤਰੇ

ਦੇਸ਼ ’ਚ ਮੁਹੱਈਆ ਖੁਰਾਕੀ ਪਦਾਰਥਾਂ ’ਚ ਮਿਲਾਵਟ ਅਤੇ ਉਨ੍ਹਾਂ ਦੀ ਲਗਾਤਾਰ ਡਿੱਗਦੀ ਗੁਣਵੱਤਾ ਦੇ ਕਾਰਨ ਜਾਗਰੂਕ ਅਤੇ ਜਾਣਕਾਰ ਲੋਕਾਂ ਵਲੋਂ ਆਪਣੀ ਅਤੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ। ਕਈ ਸਮਾਜਿਕ ਸੰਗਠਨ ਆਧੁਨਿਕ ਖੁਰਾਕੀ ਪਦਾਰਥਾਂ ਦੇ ਦੇਸ਼ ’ਚ ਵਧਦੇ ਭੈੜੇ ਅਸਰ ਨੂੰ ਲੈ ਕੇ ਜਾਗ੍ਰਿਤੀ ਪੈਦਾ ਕਰਨ ’ਚ ਲੱਗੇ ਹੋਏ ਹਨ। ਬਰਗਰ ਹੋਵੇ ਜਾਂ ਪੀਜ਼ਾ ਦਾ ਬੇਸ, ਸੈਂਡਵਿਚ ਹੋਵੇ ਜਾਂ ਪਾਵ-ਭਾਜੀ ਸਾਰਿਆਂ ’ਚ ਮੈਦਾ ਦੀ ਡਬਲਰੋਟੀ ਦੇ ਹੀ ਵੱਖ-ਵੱਖ ਰੂਪਾਂ ਦੀ ਵਰਤੋਂ ਹੁੰਦੀ ਹੈ। ਸਾਰੇ ਪੁਆੜੇ ਦੀ ਜੜ੍ਹ ਇਹ ਡਬਲਰੋਟੀ ਹੀ ਹੈ। ਕੁਝ ਸਾਲ ਪਹਿਲਾਂ ਦੱਖਣੀ ਆਸਟ੍ਰੇਲੀਆ ਦੀ ਸਰਕਾਰ ਨੇ ਬਰਗਰ ਤੇ ਪੀਜ਼ਾ ਵਰਗੇ ਆਧੁਨਿਕ ਖਾਣ-ਪੀਣ ਦੇ ਇਸ਼ਤਿਹਾਰਾਂ ਦੇ ਟੈਲੀਵਿਜ਼ਨ ’ਤੇ ਪ੍ਰਸਾਰਣ ’ਤੇ ਰੋਕ ਲਾ ਦਿੱਤੀ ਸੀ।

ਭਾਰਤ ਦਾ ਸ਼ਾਇਦ ਹੀ ਕੋਈ ਸ਼ਹਿਰ ਅਜਿਹਾ ਹੋਵੇਗਾ ਜਿਥੇ ਆਮ ਆਦਮੀ ਦੀ ਸਵੇਰ ਡਬਲਰੋਟੀ ਦੇ ਨਾਲ ਸ਼ੁਰੂ ਨਾ ਹੁੰਦੀ ਹੋਵੇ। ਭਾਰਤ ’ਚ ਜਿਵੇਂ ਚਾਹ ਦੀ ਆਦਤ ਪਾ ਕੇ ਕਰੋੜਾਂ ਰੁਪਏ ਦੇ ਮੁਨਾਫੇ ਕਮਾਏ ਜਾ ਰਹੇ ਹਨ, ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਉਵੇਂ ਹੀ ਡਬਲਰੋਟੀ ਨੂੰ ਸਹੂਲਤ ਵਾਲੀ ਦੱਸ ਕੇ ਅੱਜ ਹਰ ਘਰ ’ਚ ਜਬਰੀ ਦਾਖਲ ਕੀਤਾ ਗਿਆ ਹੈ। ਜਾਣੇ-ਅਣਜਾਣੇ ਸਾਰੇ ਉਸ ਦੀ ਆਦਤ ਦੇ ਗੁਲਾਮ ਬਣ ਗਏ ਹਨ। ਖਾਸ ਕਰਕੇ ਸ਼ਹਿਰ ਵਾਸੀਆਂ ਨੂੰ ਬਣੀ-ਬਣਾਈ ਰੋਟੀ ਭਾਵ ਡਬਲਰੋਟੀ ਨਾਲ ਕਾਫੀ ਮੋਹ ਹੈ। ਡਬਲਰੋਟੀ ਬਣਾਉਣ ਲਈ ਬਾਰੀਕ ਆਟੇ ਜਾਂ ਮੈਦੇ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਬਣਾਉਣ ਦੀ ਪ੍ਰਕਿਰਿਆ ਦੌਰਾਨ ਆਟੇ ਜਾਂ ਮੈਦੇ ’ਚ ਮੌਜੂਦ ਸਾਰੇ ਵਿਟਾਮਿਨ ਅਤੇ ਖਣਿਜ ਪਦਾਰਥ ਤਬਾਹ ਹੋ ਜਾਂਦੇ ਹਨ।

ਕਣਕ ਤੇ ਸਾਬਤ ਦਾਣਿਆਂ ’ਚ ਕਾਰਬੋਹਾਈਡ੍ਰੇਟਸ ਤੋਂ ਇਲਾਵਾ ਵਿਟਾਮਿਨ ਅਤੇ ਖਣਿਜ ਪਦਾਰਥ ਵੀ ਹੁੰਦੇ ਹਨ। ਵਿਟਾਮਿਨ ਕਣਕ ਦੇ ਵਿਚਕਾਰਲੇ ਹਿੱਸੇ ਦੇ ਬਾਹਰੀ ਹਿੱਸੇ ’ਚ ਪਾਇਆ ਜਾਂਦਾ ਹੈ। ਮੈਦਾ ਬਣਾਉਣ ਦੀ ਪ੍ਰਕਿਰਿਆ ’ਚ ਕੁਝ ਕਾਰਬੋਹਾਈਡ੍ਰੇਟਸ ਤਾਂ ਬਚ ਜਾਂਦੇ ਹਨ ਪਰ ਵਿਟਾਮਿਨ ਮੁਕੰਮਲ ਤੌਰ ’ਤੇ ਖਤਮ ਹੋ ਜਾਂਦੇ ਹਨ। ਇਸੇ ਤਰ੍ਹਾਂ ਕਣਕ ਦੇ ਦਾਣਿਆਂ ਦੇ ਬਾਹਰੀ ਹਿੱਸੇ ’ਚ ਜ਼ਿੰਕ ਅਤੇ ਅੰਦਰੂਨੀ ਹਿੱਸੇ ’ਚ ਕੋਡਮੀਅਮ ਨਾਂ ਦੇ ਤੱਤ ਪਾਏ ਜਾਂਦੇ ਹਨ। ਮੈਦਾ ਬਣਾਉਣ ਦੇ ਕਾਰਨ ਜ਼ਿੰਕ ਤਬਾਹ ਹੋ ਜਾਂਦਾ ਹੈ ਅਤੇ ਕੋਡਮੀਅਮ ਰਹਿ ਜਾਂਦਾ ਹੈ। ਇਸ ਤਰ੍ਹਾਂ ਜਿੰਨੇ ਵੀ ਜ਼ਰੂਰੀ ਅਤੇ ਲਾਭਦਾਇਕ ਤੱਤ ਹਨ, ਉਹ ਤਬਾਹ ਹੋ ਜਾਂਦੇ ਹਨ ਅਤੇ ਦੂਸ਼ਿਤ ਤੱਤ ਰਹਿ ਜਾਂਦੇ ਹਨ ਤੁਹਾਡੀ ਚਹੇਤੀ ਬ੍ਰੈੱਡ ਲਈ।

ਕੀ ਕਦੇ ਸੋਚਿਆ ਹੈ ਕਿ ਡਬਲਰੋਟੀ ਵੱਧ ਸਮੇਂ ਤੱਕ ਕਿਉਂ ਰਹਿ ਸਕਦੀ ਹੈ? ਕਿਉਂਕਿ ਇਸ ’ਚ ਲੱਗੇ ਆਟੇ ’ਚ ਪੌਸ਼ਟਿਕ ਤੇਲ ਤਕ ਤਬਾਹ ਹੋ ਜਾਂਦਾ ਹੈ। ਇਹੀ ਨਹੀਂ ਇਸ ’ਚ ਕਿਸੇ ਕਿਸਮ ਦੇ ਰੇਸ਼ੇ ਵੀ ਨਹੀਂ ਬਚਦੇ, ਜਿਸ ਦਾ ਸਰੀਰ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਬਿਨਾਂ ਰੇਸ਼ੇ ਦੇ ਖੁਰਾਕੀ ਪਦਾਰਥ ਦੰਦਾਂ ਨਾਲ ਚਿੰਬੜ ਜਾਂਦੇ ਹਨ, ਜਿਸ ਨਾਲ ਦੰਦ ਸੜ ਸਕਦੇ ਹਨ। ਰੇਸ਼ੇ ਰਹਿਤ ਭੋਜਨ ਕਬਜ਼ ਦਾ ਵੀ ਕਾਰਨ ਬਣਦਾ ਹੈ। ਮਾਡਰਨ ਮੰਮੀਆਂ ਸਮਝਦੀਆਂ ਹਨ ਕਿ ਬੱਚਿਆਂ ਨੂੰ ਬ੍ਰੇਕਫਾਸਟ ’ਚ ਟੋਸਟ, ਲੰਚ ’ਚ ਸੈਂਡਵਿਚ ਅਤੇ ਡਿਨਰ ’ਚ ਬਰਗਰ ਦੇ ਕੇ ਉਨ੍ਹਾਂ ਨੇ ਬੱਚਿਆਂ ਦਾ ਦਿਲ ਜਿੱਤ ਲਿਆ ਹੈ। ਉਹ ਨਹੀਂ ਜਾਣਦੀਆਂ ਕਿ ਇਹ ਡਬਲਰੋਟੀ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਲਈ ਕਿੰਨੀ ਵੱਡੀ ਦੁਸ਼ਮਣ ਹੈ?

ਕਦੇ ਕਣਕ ਦਾ ਆਟਾ ਗੁੰਨ੍ਹੋ ਅਤੇ ਉਸ ’ਚੋਂ ਆਪਣੀਆਂ ਉਂਗਲੀਆਂ ਨੂੰ ਕੱਢ ਕੇ ਸਾਫ ਕਰੋ। ਓਧਰ ਦੂਜੇ ਪਾਸੇ ਮੈਦਾ ਤੁਹਾਡੀਆਂ ਉਂਗਲੀਆਂ ’ਤੇ ਇਸ ਤਰ੍ਹਾਂ ਚਿੰਬੜ ਜਾਂਦਾ ਹੈ ਕਿ ਪਾਣੀ ਨਾਲ ਕਈ ਵਾਰ ਰਗੜਣ ’ਤੇ ਹੀ ਲੱਥਦਾ ਹੈ। ਜਿਸ ਤਕਨੀਕ ਨਾਲ ਡਬਲਰੋਟੀ ਬਣਾਈ ਜਾਂਦੀ ਹੈ, ਉਹ ਉਸ ਦੀ ਪੌਸ਼ਟਿਕਤਾ ਨੂੰ ਮੁਕੰਮਲ ਤੌਰ ’ਤੇ ਤਬਾਹ ਕਰ ਦਿੰਦੀ ਹੈ। ਜਦੋਂ ਇਹ ਤੱਥ ਸਾਬਿਤ ਹੋਇਆ ਉਦੋਂ ਤੋਂ ਹੀ ਪੱਛਮੀ ਦੇਸ਼ਾਂ ਨੇ ਡਬਲਰੋਟੀ ਬਣਾਉਣ ਦੇ ਆਟੇ ’ਚ ਬਨਾਉਟੀ ਵਿਟਾਮਿਨ ਅਤੇ ਖਣਿਜ ਪਦਾਰਥ ਮਿਲਾਉਣੇ ਸ਼ੁਰੂ ਕਰ ਦਿੱਤੇ ਹਨ।

ਉਨ੍ਹਾਂ ਦੇਸ਼ਾਂ ’ਚ ਜਿਹੜੀ ਡਬਲਰੋਟੀ ਮਿਲਦੀ ਹੈ ਉਸ ’ਚ ਕਾਫੀ ਵਿਟਾਮਿਨ ਉਪਰੋਂ ਮਿਲਾਏ ਗਏ ਹੁੰਦੇ ਹਨ। ਅੱਜ ਦੇ ਪੜ੍ਹੇ-ਲਿਖੇ ਲੋਕਾਂ ਦੀ ਮੂਰਖਤਾ ਦੀ ਇਸ ਤੋਂ ਵੱਡੀ ਉਦਾਹਰਣ ਕੀ ਹੋਵੇਗੀ ਕਿ ਪਹਿਲਾਂ ਤਾਂ ਕਣਕ ਦੇ ਆਟੇ ’ਚੋਂ ਸਾਰੇ ਮਹੱਤਵਪੂਰਨ ਪੌਸ਼ਟਿਕ ਤੱਤ ਤਬਾਹ ਕਰ ਦਿੰਦੇ ਹਨ, ਫਿਰ ਬਾਅਦ ’ਚ ਉਸੇ ਆਟੇ ’ਚ ਬਨਾਉਟੀ ਵਿਟਾਮਿਨ ਅਤੇ ਖਣਿਜ ਪਦਾਰਥ ਮਿਲਾ ਕੇ ਉਸ ਨੂੰ ਡਬਲਰੋਟੀ ਵਾਂਗ ਵਰਤਦੇ ਹਨ। ਉਹ ਵੀ ਤਾਜ਼ੀ ਨਹੀਂ ਬੇਹੀ।

ਭਾਰਤੀਆਂ ਨੂੰ ਇਸ ਗੱਲ ਤੋਂ ਸਬਕ ਸਿੱਖਣਾ ਚਾਹੀਦਾ ਹੈ। ਅਕਲਮੰਦੀ ਗਲਤੀ ਕਰਦੇ ਜਾਣ ’ਚ ਨਹੀਂ, ਸਮਾਂ ਰਹਿੰਦਿਆਂ ਉਸ ਨੂੰ ਸੁਧਾਰਨ ’ਚ ਹੈ। ਯੂਨਾਈਟਿਡ ਨੇਸ਼ਨਸ ਯੂਨੀਵਰਸਿਟੀ ਨੇ ਆਪਣੀ ਇਕ ਖੋਜ ’ਚ ਇਹ ਨਤੀਜਾ ਕੱਢਿਆ ਹੈ ਕਿ ਜੇਕਰ ਸਹੀ ਅਰਥਾਂ ’ਚ ਕਣਕ ਅਤੇ ਆਟੇ ਦਾ ਫਾਇਦਾ ਲੈਣਾ ਹੈ ਤਾਂ ਪੂਰੀ ਦੁਨੀਆ ਨੂੰ ਭਾਰਤੀਆਂ ਤੋਂ ਰੋਟੀ ਬਣਾਉਣ ਦਾ ਤਰੀਕਾ ਸਿੱਖਣਾ ਚਾਹੀਦਾ ਹੈ। ਅਸੀਂ ਭਾਰਤੀ ਹਾਂ ਜੋ ਆਪਣੀ ਤਾਕਤਵਰ ਰੋਟੀ ਭੁੱਲ ਕੇ ਸਵੇਰੇ, ਦੁਪਹਿਰ ਅਤੇ ਸ਼ਾਮ ਡਬਲਰੋਟੀ ਦੇ ਪਿੱਛੇ ਦੀਵਾਨੇ ਹਾਂ। ਯੋਗਾਸਨ ਸਦੀਆਂ ਤਕ ਭਾਰਤ ’ਚ ਧੱਕੇ ਖਾਂਦਾ ਰਿਹਾ ਅਤੇ ਜਦੋਂ ਅਮਰੀਕਾ ਅਤੇ ਦੂਸਰੇ ਵਿਕਸਿਤ ਦੇਸ਼ਾਂ ਨੇ ਯੋਗ ਸਿੱਖ ਕੇ ਆਪਣੀ ਸਿਹਤ ਅਤੇ ਪੈਸੇ ਬਣਾਉਣਾ ਸ਼ੁਰੂ ਕੀਤਾ ਤਾਂ ਭਾਰਤ ’ਚ ਵੀ ਯੋਗ ਸਿੱਖਣ ਅਤੇ ਸਿਖਾਉਣ ਵਾਲਿਆਂ ਦੀ ਲਾਈਨ ਲੱਗ ਗਈ। ਕੀ ਰੋਟੀ ਦੇ ਮਾਮਲੇ ’ਚ ਵੀ ਅਸੀਂ ਇਹੀ ਕਰਨ ਵਾਲੇ ਹਾਂ?

ਪੱਛਮ ਦੇ ਇਕ ਵਿਗਿਆਨੀ ਰੂਡੋਲਫਬੈਲਨ ਟਾਈਮ ਲਿਖਦੇ ਹਨ : ਕਣਕ ਦੇ ਆਟੇ ’ਚ ਹਾਜ਼ਰ ਤਰਲ ਤੱਤ ਦੇ ਕਾਰਨ ਆਟਾ ਵੱਧ ਸਮੇਂ ਤਕ ਟਿਕ ਨਹੀਂ ਸਕਦਾ। ਇਸ ਲਈ ਰੋਟੀ ਖਾਣ ਵਾਲਿਆਂ ਨੂੰ ਵਾਰ-ਵਾਰ ਆਟੇ ਦੀ ਚੱਕੀ ਵੱਲ ਜਾਣਾ ਪੈਂਦਾ ਹੈ ਕਿਉਂਕਿ ਕਣਕ ਨੂੰ ਤਾਂ ਸਾਲਾਂ ਤਕ ਰੱਖਿਆ ਜਾ ਸਕਦਾ ਹੈ। ਇਸ ਲਈ ਚੱਕੀ ਵਾਲੇ ਵੀ ਇਕ ਸਮੇਂ ’ਚ ਵੱਧ ਕਣਕ ਨਾ ਪੀਸ ਕੇ ਥੋੜ੍ਹੀ-ਥੋੜ੍ਹੀ ਕਰਕੇ ਪੀਸਦੇ ਹਨ। ਇਸ ਨਾਲ ਆਟੇ ਦੀ ਤਾਜ਼ਗੀ ਅਤੇ ਪੌਸ਼ਟਿਕਤਾ ਦੋਵੇਂ ਬਣੇ ਰਹਿੰਦੇ ਹਨ। ਮਾਮਲਾ ਬਿਲਕੁਲ ਸਾਫ ਹੈ। ਕਣਕ ਰੱਖਣੀ, ਆਟਾ ਪਿਸਵਾਉਣਾ ਅਤੇ ਤਾਜ਼ਾ ਰੋਟੀ ਬਣਾ ਕੇ ਖਾਣੀ, ਇਸ ਤੋਂ ਵੱਧ ਫਾਇਦੇ ਦੀ ਗੱਲ ਕੋਈ ਹੋ ਨਹੀਂ ਸਕਦੀ ਪਰ ਅਸੀਂ ਸਿੱਧੇ ਅਤੇ ਸੌਖੇ ਰਾਹਾਂ ਨੂੰ ਨਾ ਅਪਣਾ ਕੇ ਆਧੁਨਿਕਤਾ ਦੇ ਪਿੱਛੇ ਭੱਜਦੇ ਹਾਂ ਅਤੇ ਆਧੁਨਿਕਤਾ ਨੂੰ ਹੀ ਅਪਣਾਉਣਾ ਚਾਹੁੰਦੇ ਹਾਂ। ਫਿਰ ਭਾਵੇਂ ਇਹ ਸਾਡੇ ਲਈ ਨੁਕਸਾਨਦਾਇਕ ਹੀ ਕਿਉਂ ਨਾ ਹੋਵੇ। ਜੇਕਰ ਅਸੀਂ ਅਜਿਹਾ ਨਹੀਂ ਕਰਾਂਗੇ ਤਾਂ ਪੱਛੜੇ ਹੋਏ ਮੰਨੇ ਜਾਵਾਂਗੇ।

- ਵਿਨੀਤ ਨਾਰਾਇਣ


author

Tanu

Content Editor

Related News