ਕਾਂਗਰਸ ਘੁੰਮਾ ਰਹੀ ਹਵਾ ’ਚ ਡਾਂਗ
Sunday, Nov 22, 2020 - 02:47 AM (IST)

ਡਾ. ਵੇਦਪ੍ਰਤਾਪ ਵੈਦਿਕ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਡਾ. ਮਨਮੋਹਨ ਸਿੰਘ ਦੀ ਪ੍ਰਧਾਨਗੀ ’ਚ 3 ਕਮੇਟੀਆਂ ਬਣਾ ਦਿੱਤੀਆਂ ਹਨ, ਜਿਨ੍ਹਾਂ ਦਾ ਕੰਮ ਪਾਰਟੀ ਦੀਆਂ ਅਰਥ, ਸੁਰੱਖਿਆ ਅਤੇ ਵਿਦੇਸ਼ ਨੀਤੀਆਂ ਦਾ ਨਿਰਮਾਣ ਕਰਨਾ ਹੈ। ਇਨ੍ਹਾਂ ਕਮੇਟੀਆਂ ’ਚ ਉਹ ਸੀਨੀਅਰ ਕਾਂਗਰਸੀ ਵੀ ਹਨ, ਜਿਨ੍ਹਾਂ ਨੇ ਕਾਂਗਰਸ ਦੀ ਦੁਰਦਸ਼ਾ ਸੁਧਾਰਨ ਲਈ ਪੱਤਰ ਲਿਖਿਆ ਸੀ। ਇਸ ਕਦਮ ਤੋਂ ਇਹ ਅੰਦਾਜ਼ਾ ਤਾਂ ਲੱਗਦਾ ਹੈ ਕਿ ਜਿਹੜੇ 23 ਨੇਤਾਵਾਂ ਨੇ ਸੋਨੀਆ ਜੀ ਨੂੰ ਟੇਢੀ ਚਿੱਠੀ ਭੇਜੀ ਸੀ, ਉਨ੍ਹਾਂ ਤੋਂ ਉਹ ਭਿਆਨਕ ਰੂਪ ’ਚ ਨਾਰਾਜ਼ ਨਹੀਂ ਹੋਈ।
ਇਹ ਗੱਲ ਹੋਰ ਹੈ ਕਿ ਉਸ ਚਿੱਠੀ ਦਾ ਜਵਾਬ ਉਨ੍ਹਾਂ ਨੇ ਉਨ੍ਹਾਂ ਨੂੰ ਅਜੇ ਤੱਕ ਨਹੀਂ ਭੇਜਿਆ। ਉਨ੍ਹਾਂ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕਰਨੀ ਪਵੇਗੀ ਕਿ ਉਨ੍ਹਾਂ ਨੇ ਕੋਈ ਅਜਿਹੇ ਸੰਕੇਤ ਨਹੀਂ ਉਛਾਲੇ, ਜਿਨ੍ਹਾਂ ਤੋਂ ਪਾਰਟੀ ’ਚ ਟੁੱਟ-ਫੁੱਟ ਦੀਆਂ ਸੰਭਾਵਨਾਵਾਂ ਮਜ਼ਬੂਤ ਹੋ ਜਾਣ ਪਰ ਇਹ ਸਮਝ ’ਚ ਨਹੀਂ ਆਉਂਦਾ ਕਿ ਉਕਤ ਤਿੰਨਾਂ ਮੁੱਦਿਆਂ ’ਤੇ ਪਾਰਟੀ ਦੇ ਬਜ਼ੁਰਗ ਨੇਤਾਵਾਂ ਕੋਲੋਂ ਇੰਨੀ ਕਸਰਤ ਕਰਵਾਉਣ ਦਾ ਮਕਸਦ ਕੀ ਹੈ?
ਮੰਨੋ ਉਨ੍ਹਾਂ ਨੇ ਕੋਈ ਦਸਤਾਵੇਜ਼ ਤਿਆਰ ਕਰ ਦਿੱਤਾ ਤਾਂ ਵੀ ਉਸ ਦੀ ਕੀਮਤ ਕੀ ਹੈ? ਪਾਰਟੀ ’ਚ ਕੀ ਕਿਸੇ ਨੇਤਾ ਦੀ ਆਵਾਜ਼ ’ਚ ਇੰਨਾ ਦਮ ਹੈ ਕਿ ਰਾਸ਼ਟਰ ਉਸਦੀ ਗੱਲ ’ਤੇ ਧਿਆਨ ਦੇਵੇਗਾ? ਉਸ ਦੀ ਗੱਲ ’ਤੇ ਧਿਆਨ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ। ਸਾਰਾ ਪ੍ਰਚਾਰ ਤੰੰਤਰ ਜਾਣਦਾ ਹੈ ਕਿ ਕਾਂਗਰਸ ਦਾ ਮਾਲਕ ਕੌਣ ਹੈ?
ਮਾਂ, ਬੇਟਾ ਅਤੇ ਹੁਣ ਬੇਟੀ। ਬਾਕੀ ਸਾਰਿਆਂ ਦੀ ਹੈਸੀਅਤ ਤਾਂ ਨੌਕਰ-ਚਾਕਰ ਕਾਂਗਰਸ (ਐੱਨ. ਸੀ.=ਨੈਸ਼ਨਲ ਕਾਂਗਰਸ) ਦੀ ਹੈ। ਜੋ ਕਾਂਗਰਸ ਅੱਜ ਅੱਧਮਰੀ ਹੋ ਚੁੱਕੀ ਹੈ, ਪਹਿਲਾਂ ਉਸ ਨੂੰ ਜ਼ਿੰਦਾ ਕਰਨ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਜਾਂ ਦੇਸ਼ ਨੂੰ ਬਚਾਉਣ ਦੀ?
ਦੇਸ਼ ਨੂੰ ਬਚਾਉਣ ਲਈ ਅਜੇ ਤਾਂ ਨਰਿੰਦਰ ਮੋਦੀ ਹੀ ਕਾਫੀ ਹਨ। ਜੇਕਰ ਕਾਂਗਰਸ ਮਜ਼ਬੂਤ ਹੁੰਦੀ ਅਤੇ ਸੰਸਦ ’ਚ ਉਸ ਦੇ ਲਗਭਗ 200 ਮੈਂਬਰ ਹੁੰਦੇ ਤਾਂ ਉਹ ਬਦਲਵੀਂ ਸਰਕਾਰ ਬਣਾ ਸਕਦੀ ਸੀ। ਬਦਲਵਾਂ ਪਰਛਾਵਾਂ ਸਰਕਾਰ ਦੇ ਨਾਤੇ ਉਸ ਦੇ ਸੁਝਾਅ ’ਚ ਥੋੜ੍ਹਾ ਦਮ ਵੀ ਹੁੰਦਾ ਪਰ ਹੁਣ ਜੋ ਪਹਿਲ ਹੋ ਰਹੀ ਹੈ, ਉਹ ਹਵਾ ’ਚ ਡਾਂਗ ਘੁਮਾਉਣ ਵਰਗੀ ਹੈ।
ਕਾਂਗਰਸ ਦੇ ਸਾਹਮਣੇ ਅਜੇ ਉਸ ਦੀ ਹੋਂਦ ਦਾ ਸੰਕਟ ਮੂੰਹ ਅੱਡੀ ਖੜ੍ਹਾ ਹੋਇਆ ਹੈ ਅਤੇ ਇਹ ਬਦਲਵੀਆਂ ਨੀਤੀਆਂ ਬਣਾਉਣ ’ਚ ਲੱਗੀ ਰਹੇਗੀ। ਇਸ ਸਮੇਂ ਇਹ ਤਿੰਨ ਕਮੇਟੀਆਂ ਬਣਾਉਣ ਦੀ ਬਜਾਏ ਉਸ ਨੂੰ ਸਿਰਫ ਇਕ ਕਮੇਟੀ ਬਣਾਉਣੀ ਚਾਹੀਦੀ ਹੈ ਅਤੇ ਉਸ ਦਾ ਸਿਰਫ ਇਕ ਮੁੱਦਾ ਹੋਣਾ ਚਾਹੀਦਾ ਹੈ ਕਿ ਕਾਂਗਰਸ ’ਚ ਕਿਵੇਂ ਜਾਨ ਪਾਈ ਜਾਵੇ? ਇਸ ਸਮੇਂ ਕਾਂਗਰਸ ਦਾ ਸਾਹ ਘੁੱਟ ਰਿਹਾ ਹੈ। ਜੇਕਰ ਉਸ ਨੂੰ ਤਾਜ਼ਾ ਅਗਵਾਈ ਦੀ ਹਵਾ ਨਾ ਮਿਲੀ ਤਾਂ ਸਾਡਾ ਲੋਕਤੰਤਰ ਕੋਰੋਨਾਗ੍ਰਸਤ ਹੋ ਸਕਦਾ ਹੈ। ਸਮਰੱਥ ਵਿਰੋਧੀ ਧਿਰ ਦੇ ਬਿਨਾਂ ਕੋਈ ਵੀ ਲੋਕਤੰਤਰ ਤੰਦਰੁਸਤ ਨਹੀਂ ਰਹਿ ਸਕਦਾ।