ਸੀ.ਪੀ.ਆਈ. ਲਈ ਇਕ ਪਾਸੇ ਰਾਸ਼ਟਰਵਾਦ ਤਾਂ ਦੂਜੇ ਪਾਸੇ ਵਿਚਾਰਧਾਰਾ ਸੀ

04/01/2021 11:11:46 AM

ਸੁਖਦੇਵ ਵਸ਼ਿਸ਼ਠ

ਨਵੀਂ ਦਿੱਲੀ- ਸੋਵੀਅਤ ਸੰਘ ਦਾ ਹਿੱਸਾ ਰਹੇ ਉਜ਼ਬੇਕਿਸਤਾਨ ’ਚ 1920 ’ਚ ਬਣੀ ਭਾਰਤੀ ਕਮਿਊਨਿਸਟ ਪਾਰਟੀ ਸ਼ੁਰੂ ਤੋਂ ਹੀ ਮਾਹਿਰਾਂ ਮੁਤਾਬਕ ਕੌਮਾਂਤਰੀ ਕਮਿਊਨਿਸਟ ਅੰਦੋਲਨ ਦੀ ਛਾਂ ਹੇਠ ਰਹੀ। ਇਸ ਨੂੰ ਉਨ੍ਹਾਂ ਕ੍ਰਾਂਤੀਕਾਰੀਆਂ ਨੇ ਪਾਲਿਆ-ਪੋਸਿਆ ਜੋ ਖੁਦ ਭਾਰਤ ਤੋਂ ਅਮਰੀਕਾ ਜਾਂ ਯੂਰਪ ਮਾਈਗ੍ਰੇਟ ਕਰ ਗਏ ਸਨ। ਮਾਰਕਸ ਦੇ ਕਮਿਊਨਿਸਟ ਮੈਨੀਫੈਸਟੋ ’ਚ ਇਕ ਵਿਚਾਰ ਹੈ ‘‘ਵਰਕਿੰਗ ਕਲਾਸ ਦੇ ਹਿੱਤਾਂ ਲਈ ਬਣੀਆਂ ਹੋਰਨਾਂ ਪਾਰਟੀਆਂ ਵਿਰੁੱਧ ਜਾ ਕੇ ਕਮਿਊਨਿਸਟ ਵੱਖਰੀ ਪਾਰਟੀ ਨਹੀਂ ਬਣਾਉਂਦੇ’’ ਪਰ ਭਾਰਤ ’ਚ ਕਮਿਊਨਿਸਟ ਪਾਰਟੀਆਂ ’ਤੇ ਇਹ ਗੱਲ ਲਾਗੂ ਨਹੀਂ ਹੋਈ, ਉਲਟਾ ਆਜ਼ਾਦੀ ਤੋਂ ਬਾਅਦ ਕਾਂਗਰਸ ਨੂੰ ਚੁਣੌਤੀ ਦੇਣ ਵਾਲੀ ਸਭ ਤੋਂ ਵੱਡੀ ਪ੍ਰਮੁੱਖ ਪਾਰਟੀ ਭਾਵ ਸੀ. ਪੀ. ਆਈ. ਫੁੱਟ ਕਾਰਨ ਟੁੱਟ ਗਈ ਸੀ। ਸੀ. ਪੀ. ਆਈ. ਦੇ ਟੁੱਟਣ ਪਿਛੋਂ ਭਾਰਤੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਦਾ ਜਨਮ ਹੋਇਆ ਪਰ ਇਸ ਇਤਿਹਾਸਕ ਵੰਡ ਪਿੱਛੇ ਕਾਰਨ ਕੀ ਸੀ?

10 ਭਾਰਤੀ ਜਵਾਨਾਂ ਨੂੰ ਚੀਨ ਦੀ ਫੌਜ ਨੇ ਮਾਰ ਦਿੱਤਾ ਸੀ
ਭਾਰਤ ਅਤੇ ਚੀਨ ਦਰਮਿਆਨ 1962 ’ਚ ਜਿਹੜੀ ਜੰਗ ਹੋਈ, ਇਤਿਹਾਸ ਮੁਤਾਬਕ ਉਸ ਦੀ ਭੂਮਿਕਾ 21 ਅਕਤੂਬਰ 1959 ਨੂੰ ਉਦੋਂ ਤਿਆਰ ਹੋ ਗਈ ਸੀ ਜਦੋਂ 10 ਭਾਰਤੀ ਜਵਾਨਾਂ ਨੂੰ ਚੀਨ ਦੀ ਫੌਜ ਨੇ ਮਾਰ ਦਿੱਤਾ ਸੀ। ਇਹ ਜਵਾਨ ਸੀ. ਆਰ. ਪੀ. ਐੱਫ. ਨਾਲ ਸਬੰਧਤ ਸਨ। ਲੱਦਾਖ ਦੇ ਬੇਹੱਦ ਠੰਡੇ ਇਲਾਕੇ ਕੋਂਗਕਾ ਦੱਰੇ ’ਤੇ ਹੋਈ ਇਸ ਘਟਨਾ ਕਾਰਨ ਭਾਰਤ ਨੂੰ ਵੱਡਾ ਝਟਕਾ ਤਾਂ ਲੱਗਾ ਹੀ ਸੀ ਪਰ ਇਹੀ ਉਹ ਘਟਨਾ ਵੀ ਸੀ ਜਿਥੋਂ ਦੇਸ਼ ਦੀ ਖੱਬੇਪੱਖੀ ਸਿਆਸਤ ’ਚ ਫੁੱਟ ਪੈਣ ਦੀ ਸ਼ੁਰੂਆਤ ਹੋਈ। ਬੇਸ਼ੱਕ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਮਿਊਨਿਸਟ ਪਾਰਟੀ ਅੰਦਰ ਵਿਚਾਰਧਾਰਾ ਅਤੇ ਲੀਡਰਸ਼ਿਪ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਨ ਅਤੇ ਇਸ ਦੇ ਟੁੱਟਣ ਦੇ ਵੱਡੇ ਕਾਰਨ ਸਨ ਪਰ ਗਰਮ ਲੋਹੇ ’ਤੇ ਜੋ ਸੱਟ ਮਾਰੀ ਜਾਂਦੀ ਹੈ, ਉਹ ਕੰਮ 1962 ਦੀ ਜੰਗ ਨੇ ਕੀਤਾ ਅਤੇ ਪਾਰਟੀ ਟੁੱਟ ਗਈ।

ਸੀ. ਪੀ. ਆਈ. ’ਚ ਸ਼ੁਰੂ ਤੋਂ ਹੀ ਸਭ ਕੁਝ ਠੀਕ ਨਹੀਂ ਸੀ!
ਸੰਖੇਪ ’ਚ ਇਤਿਹਾਸ ਨੂੰ ਸਮਝੀਏ ਤਾਂ ਭਾਰਤੀ ਕਮਿਊਨਿਸਟ ਪਾਰਟੀ ਦੀਆਂ ਜੜ੍ਹਾਂ ਸਥਾਪਨਾ ਤੋਂ ਹੀ ਵਿਦੇਸ਼ੀ ਕਮਿਊਨਿਸਟ ਅੰਦੋਲਨ ’ਚ ਸਨ। ਭਾਰਤ ’ਚ ਸੀ. ਪੀ. ਆਈ. ਦਾ ਨਜ਼ਰੀਆ ਕਾਫੀ ਭੁਲੇਖਾ ਪੈਦਾ ਕਰਨ ਵਾਲਾ ਸੀ ਕਿਉਂਕਿ ਇਥੇ ਰਾਸ਼ਟਰਵਾਦੀ ਅੰਦੋਲਨ ਕਾਰਨ ਉਸ ਦਾ ਉਦੇ ਹੋਣਾ ਮੰਨਿਆ ਗਿਆ। 1940 ਦੇ ਦਹਾਕੇ ’ਚ ਮਹਾਤਮਾ ਗਾਂਧੀ ਦੇ ‘ਭਾਰਤ ਛੱਡੋ’ ਦੇ ਨਾਅਰੇ ਅਤੇ ਦੂਸਰੀ ਵਿਸ਼ਵ ਜੰਗ ਦੌਰਾਨ ਸੋਵੀਅਤ ਸੰਘ ਵਲੋਂ ਅੰਗਰੇਜ਼ਾਂ ਦਾ ਪੱਖ ਲੈਣ ਪਿੱਛੋਂ ਸੀ. ਪੀ. ਆਈ. ਨੇ ਆਜ਼ਾਦੀ ਦੀ ਲੜਾਈ ਤੋਂ ਮੂੰਹ ਫੇਰ ਲਿਆ ਸੀ।

ਸੋਵੀਅਤ ਸੰਘ ਅਤੇ ਭਾਰਤ ਦਰਮਿਆਨ ਨੇੜਤਾ ਵਧੀ
1950 ਅਤੇ 60 ਦੇ ਦਹਾਕੇ ’ਚ ਚੀਨ ਅਤੇ ਸੋਵੀਅਤ ਸੰਘ ਭਾਵ ਦੋ ਵੱਡੀਆਂ ਕਮਿਊਨਿਸਟ ਸ਼ਕਤੀਆਂ ਦਰਮਿਆਨ ਸੰਬੰਧ ਲਗਭਗ ਟੁੱਟ ਜਾਣ ਦੀ ਘਟਨਾ ਭਾਰਤੀ ਕਮਿਊਨਿਸਟ ਪਾਰਟੀ ਲਈ ਲੰਬੇ ਸਮੇਂ ਦੇ ਅਸਰ ਵਾਲੀ ਸਾਬਿਤ ਹੋਈ। ਇਹ ਦੋਵੇਂ ਸ਼ਕਤੀਆਂ ਮਾਰਕਸ ਅਤੇ ਲੈਨਿਨ ਦੇ ਸਿਧਾਂਤਾਂ ਦੀ ਪਾਲਣਾ ਨੂੰ ਲੈ ਕੇ ਇਕ-ਦੂਜੇ ’ਤੇ ਦੋਸ਼ ਲਾ ਰਹੀਆਂ ਸਨ। ਉਦੋਂ ਸੋਵੀਅਤ ਸੰਘ ਅਤੇ ਭਾਰਤ ਦਰਮਿਆਨ ਨੇੜਤਾ ਵਧੀ। ਸੋਵੀਅਤ ਸੰਘ ਨੇ ਸੀ. ਪੀ. ਆਈ. ਨੂੰ ਨਹਿਰੂ ਦੀ ਵਿਦੇਸ਼ ਨੀਤੀ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਕਾਰਨ ਕਮਿਊਨਿਸਟ ਪਾਰਟੀ ਦੇ ਅੰਦਰ ਧੜੇ ਬਣ ਗਏ। ਨਹਿਰੂ ਦੀਆਂ ਨੀਤੀਆਂ ਦਾ ਸਾਥ ਦੇਣ ਲਈ ਸੀ. ਪੀ. ਆਈ. ਦਾ ਜਿਹੜਾ ਧੜਾ ਤਿਆਰ ਨਹੀਂ ਸੀ, ਉਸ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਪਰਛਾਵੇਂ ਨੂੰ ਚੁਣਿਆ।

ਕੋਂਗਕਾ ਦੱਰੇ ਦੀ ਘਟਨਾ ਕਾਰਨ ਪਈ ਫੁੱਟ
ਦਲਾਈਲਾਮਾ ਦੇ ਭਾਰਤ ਆਉਣ ਅਤੇ ਤਿੱਬਤ ’ਤੇ ਚੀਨ ਦੇ ਰਵੱਈਏ ਸਬੰਧੀ ਖੋਜਕਰਤਾ ਰਾਬਰਟ ਸਟਰਨ ਨੇ 1965 ਦੇ ਆਪਣੇ ਲੇਖ ’ਚ ਲਿਖਿਆ ਕਿ ਸੀ. ਪੀ. ਆਈ. ਨੇ ਇਕ ਸਾਂਝਾ ਬਿਆਨ ਇਸ ਤਰ੍ਹਾਂ ਜਾਰੀ ਕੀਤਾ ਕਿ ਉਸ ’ਚ ਚੀਨ ਦੀ ਹਮਾਇਤ ਸੀ ਤੇ ਤਿੱਬਤ ਦੇ ਬਾਗੀਆਂ, ਭਾਰਤ ਦੇ ਪ੍ਰਤੀਕਿਰਿਆਵਾਦੀਆਂ ਅਤੇ ਪੱਛਮ ਦੇ ਸਾਮਰਾਜਵਾਦੀਆਂ ਦਾ ਵਿਰੋਧ ਸੀ। ਦੂਜੇ ਪਾਸੇ ਲੱਦਾਖ ਅਤੇ ਅਰੁਣਾਚਲ ਜਿਸ ਨੂੰ ਉਦੋਂ ਉੱਤਰ-ਪੂਰਬ ਫਰੰਟੀਅਰ ਏਜੰਸੀ ਕਿਹਾ ਜਾਂਦਾ ਸੀ, ਦੋਹਾਂ ਥਾਵਾਂ ’ਤੇ ਚੀਨ ਦੀ ਫੌਜ ਦਾ ਦਖ਼ਲ ਵਧ ਰਿਹਾ ਸੀ। ਕਲਕੱਤਾ ਰੈਜ਼ੋਲਿਊਸ਼ਨ ਪਾਰਟੀ ਦੇ ਬਾਗੀਆਂ ਲਈ ਇਹ ਵੱਡਾ ਝਟਕਾ ਸੀ। ਉਦੋਂ ਪਾਰਟੀ ਦੇ ਜਨਰਲ ਸਕੱਤਰ ਅਜੇ ਘੋਸ਼ ਨੇ ਜੋ ਕੋਸ਼ਿਸ਼ ਕੀਤੀ, ਉਸ ਕਾਰਨ ਕੁਝ ਸਮੇਂ ਲਈ ਪਾਰਟੀ ਬਚੀ ਰਹੀ। ਸਿਰਫ ਇਕ ਮਹੀਨੇ ਬਾਅਦ ਕੋਂਗਕਾ ਦੱਰੇ ਦੀ ਘਟਨਾ ਵਾਪਰ ਗਈ ਅਤੇ ਪਾਰਟੀ ਦੇ ਇਕ ਧੜੇ ਨੇ ਖੁੱਲ੍ਹ ਕੇ ਸੀ. ਪੀ. ਆਈ. ਦੀਆਂ ਨੀਤੀਆਂ ਦਾ ਵਿਰੋਧ ਕੀਤਾ।

ਚੀਨ ਦਾ ਰਵੱਈਆ ਹਮਲਾਵਰ ਹੈ
ਮਹਾਰਾਸ਼ਟਰ ਦੇ ਕਮਿਊਨਿਸਟ ਆਗੂਆਂ ਨੇ ਐਲਾਨ ਕੀਤਾ ਕਿ ਮੈਕਮੋਹਨ ਰੇਖਾ ਭਾਰਤ ਦੀ ਕੁਦਰਤੀ ਸਰਹੱਦ ਹੈ ਅਤੇ ਚੀਨ ਦਾ ਰਵੱਈਆ ਇਥੇ ਹਮਲਾਵਰ ਹੈ। ਸੀ. ਪੀ. ਆਈ. ਲਈ ਇਕ ਪਾਸੇ ਰਾਸ਼ਟਰਵਾਦ ਸੀ ਤਾਂ ਦੂਜੇ ਪਾਸੇ ਵਿਚਾਰਧਾਰਾ। ਮੁੰਬਈ ਅਤੇ ਕੇਰਲ ਦੇ ਅਸਰਦਾਰ ਕਮਿਊਨਿਸਟ ਆਗੂਆਂ ਨੇ ਖੁੱਲ੍ਹ ਕੇ ਪੰਡਿਤ ਨਹਿਰੂ ਦੀ ਸਰਹੱਦੀ ਨੀਤੀ ਨੂੰ ਹਮਾਇਤ ਦੇਣ ਦੀ ਗੱਲ ਕਹੀ ਸੀ। ਏ. ਜੀ. ਨੂਰਾਨੀ ਦੇ ਵਿਸਤ੍ਰਿਤ ਲੇਖ ਮੁਤਾਬਕ ਖੱਬੇਪੱਖੀ ਪਾਰਟੀ ਅੰਦਰ ਖੱਬੇਪੱਖੀ ਦੇ ਨਾਲ ਹੀ ਦੱਖਣਪੰਥੀ ਹਮਾਇਤੀਆਂ ਦੇ ਗਰੁੱਪ ਬਣੇ ਸਨ।

1962 ਦੀ ਭਾਰਤ-ਚੀਨ ਜੰਗ ’ਚ ਢਹਿ ਗਿਆ ਸੀ. ਪੀ. ਆਈ. ਦਾ ਕਿਲਾ!
ਸੀ. ਪੀ. ਆਈ. ਦੇ ਸੰਸਥਾਪਕਾਂ ’ਚੋਂ ਇਕ ਅਤੇ ਲੋਕ ਸਭਾ ’ਚ ਪਾਰਟੀ ਦੇ ਚਿਹਰੇ ਰਹੇ ਐੱਸ. ਏ. ਡਾਂਗੇ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਕੋਂਗਕਾ ਦੱਰੇ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਪੂਰਾ ਦੇਸ਼ ਪੰਡਿਤ ਨਹਿਰੂ ਦੇ ਪਿੱਛੇ ਖੜ੍ਹਾ ਹੋਵੇਗਾ। ਇਸ ਬਿਆਨ ਨੂੰ ਕੇਰਲ ਤੋਂ ਲੈ ਕੇ ਉੱਤਰ ਪ੍ਰਦੇਸ਼ ਤਕ ਦੇ ਵੱਡੇ ਸੀ. ਪੀ. ਆਈ. ਆਗੂਆਂ ਦੀ ਹਮਾਇਤ ਮਿਲੀ ਪਰ ਪੰਜਾਬ, ਗੁਜਰਾਤ, ਦਿੱਲੀ ਅਤੇ ਹੋਰਨਾਂ ਥਾਵਾਂ ਦੇ ਆਗੂਆਂ ਨੇ ਅਸੰਤੋਸ਼ ਪ੍ਰਗਟ ਕੀਤਾ। ਅਗਲੇ ਕੁਝ ਦਿਨਾਂ ’ਚ ਪਾਰਟੀ ’ਚ ਮਤਭੇਦ ਬਹੁਤ ਵਧ ਹੋ ਚੁੱਕੇ ਸਨ। 1961 ’ਚ ਘੋਸ਼ ਦੇ ਦਿਹਾਂਤ ਪਿੱਛੋਂ ਸੰਕਟ ਹੋਰ ਵੀ ਡੂੰਘਾ ਹੋ ਗਿਆ। 1962 ’ਚ ਜਦੋਂ ਚੀਨ ਦੀ ਫੌਜ ਨੇ ਭਾਰਤ ’ਤੇ ਹਮਲਾ ਕੀਤਾ ਤਾਂ ਡਾਂਗੇ ਨੇ ਸਰਕਾਰ ਦਾ ਸਾਥ ਦੇ ਕੇ ਉਨ੍ਹਾਂ ਹਜ਼ਾਰਾਂ ਪਾਰਟੀ ਮੈਂਬਰਾਂ ਨੂੰ ਗ੍ਰਿਫਤਾਰ ਕਰਵਾਇਆ ਜੋ ਚੀਨ ਦੇ ਹਮਾਇਤੀ ਸਨ।

ਸੀ. ਪੀ. ਆਈ. ਦੋ-ਫਾੜ ਹੋ ਗਈ
ਖੱਬੇ ਪੱਖੀ ਦ੍ਰਿਜੇਨ ਨੰਦੀ ਨੇ ਡਾਂਗੇ ਦੀਆਂ ਲਿਖੀਆਂ ਕੁਝ ਚਿੱਠੀਆਂ ਦਾ ਪਰਦਾਫਾਸ਼ ਕਰਦੇ ਹੋਏ ਦਾਅਵਾ ਕੀਤਾ ਕਿ ਡਾਂਗੇ ਬ੍ਰਿਟਿਸ਼ ਇੰਟੈਲੀਜੈਂਸ ਨਾਲ ਜੁੜੇ ਹੋਏ ਸਨ। ਇਸ ਨੂੰ ਸੀ. ਪੀ. ਆਈ. ਦੀ ਆਖਰੀ ਤਰੇੜ ਮੰਨਿਆ ਜਾ ਸਕਦਾ ਹੈ। ਇਸ ਜੰਗ ਕਾਰਨ ਸੀ. ਪੀ. ਆਈ. ਅੰਦਰ ਜੋ ਤਰੇੜਾਂ ਡੂੰਘੀਆਂ ਹੋ ਗਈਆਂ ਸਨ, ਖਾਈਆਂ ਵਾਂਗ ਨਜ਼ਰ ਆਈਆਂ ਅਤੇ ਸੀ. ਪੀ. ਆਈ. ਦੋ-ਫਾੜ ਹੋ ਗਈ। 31 ਅਕਤੂਬਰ ਤੋਂ 7 ਨਵੰਬਰ 1964 ਦਰਮਿਆਨ ਮਾਰਕਸਵਾਦੀ ਗੁੱਟ ਭਾਵ ਸੀ. ਪੀ. ਆਈ. (ਐੱਮ.) ਦੀ ਸਥਾਪਨਾ ਹੋਈ।

ਕਿਸਾਨ ਅੰਦੋਲਨ, ਪੰਜਾਬ ਅਤੇ ਕਮਿਊਨਿਸਟ
ਕਿਸਾਨ ਅੰਦੋਲਨ ਦੇ ਘਟਨਾਚੱਕਰ ਨੂੰ ਧਿਆਨ ਨਾਲ ਦੇਖਣ ਵਾਲੇ ਇਸ ਨੂੰ ਮਾਓਵਾਦੀ ਅਤੇ ਖਾਲਿਸਤਾਨੀ ਅਨਸਰਾਂ ਦੀ ਸਾਜ਼ਿਸ਼ ਮੰਨਦੇ ਹਨ। ਪੰਜਾਬ ’ਚ ਮਾਓਵਾਦੀ ਅਨਸਰਾਂ ਨੇ ਕਿਸਾਨ ਅੰਦੋਲਨ ਦੇ ਬਹਾਨੇ ਆਪਣੇ ਮਜ਼ਬੂਤ ਨੈੱਟਵਰਕ ਅਤੇ ਸਮਾਜ ਵਿਰੋਧੀ ਭੰਨ-ਤੋੜੂ ਇਰਾਦਿਆਂ ਨਾਲ ਇਕ ਵਾਰ ਮੁੜ ਪੰਜਾਬ ਨੂੰ ਸੁਲਝਾਉਣ ਦਾ ਯਤਨ ਕੀਤਾ ਹੈ। ਇਸ ਅੰਦੋਲਨ ’ਚ ਕਿਸਾਨ ਦੇ ਮੋਢੇ ’ਤੇ ਬੰਦੂਕ ਰੱਖ ਕੇ ਮਾਓਵਾਦੀ ਅਤੇ ਖਾਲਿਸਤਾਨੀ ਅਨਸਰ ਖੁੱਲ੍ਹ ਕੇ ਖੇਡੇ ਹਨ। ਕਿਸਾਨਾਂ ਦੇ ਗੁੱਸੇ ਨੂੰ ਇਨ੍ਹਾਂ ਲੋਕਾਂ ਨੇ ਕੁਸ਼ਲਤਾ ਨਾਲ ਆਪਣੇ ਏਜੰਡੇ ਨੂੰ ਅੱਗੇ ਵਧਾਉਣ ’ਚ ਵਰਤਿਆ। ਇਹ ਅੰਦੋਲਨ ਰਾਤੋ-ਰਾਤ ਕਿਵੇਂ ਇੰਨਾ ਵੱਡਾ ਹੋ ਗਿਆ? ਪੰਜਾਬ ਦੇ ਪਿੰਡ-ਪਿੰਡ ’ਚੋਂ ਅੰਦੋਲਨ ਲਈ ਸੋਮੇ ਅਤੇ ਰਾਸ਼ਨ ਕਿਵੇਂ ਇਕੱਠਾ ਹੋਣ ਲੱਗ ਪਿਆ? ਅਚਾਨਕ ਵਿਦੇਸ਼ਾਂ ਤੋਂ ਪੈਸੇ ਵਰ੍ਹਨੇ ਕਿਵੇਂ ਸ਼ੁਰੂ ਹੋ ਗਏ? ਇਹ ਸਭ ਸਵਾਲ ਸਮਾਜ ਦੇ ਨਾਲ-ਨਾਲ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਦੀ ਨੀਂਦ ਖਰਾਬ ਕਰਨ ਲਈ ਕਾਫੀ ਹਨ। ਕਿਸਾਨਾਂ ਦਾ ਆਪਣੇ ਅਧਿਕਾਰਾਂ ਲਈ ਸੰਘਰਸ਼ ਕਰਨਾ ਕੋਈ ਗਲਤ ਨਹੀਂ ਹੈ। ਸਰਕਾਰ ਨੂੰ ਕਿਸਾਨਾਂ ਦੀਆਂ ਢੁੱਕਵੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਪਰ ਮੋਦੀ, ਅੰਬਾਨੀ, ਅਡਾਨੀ ਨੂੰ ਮਰਿਆਦਾਹੀਣ ਗਾਲ੍ਹਾਂ ਕੱਢਣੀਆਂ, ਸਮਾਜ ’ਚ ਹਿੰਸਾ ਫੈਲਾਉਣੀ, ਆਪਸੀ ਨਫਰਤ ਪੈਦਾ ਕਰਨ ਦੀ ਭਾਸ਼ਾ ਵਰਤਣੀ, ਟੈਲੀਫੋਨ ਦੇ ਟਾਵਰਾਂ ਅਤੇ ਹੋਰਨਾਂ ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣਾ ਕੀ ਸੰਕੇਤ ਦਿੰਦਾ ਹੈ? ਕਿਸਾਨਾਂ ਅਤੇ ਉਨ੍ਹਾਂ ਦੀ ਲੀਡਰਸ਼ਿਪ ਨੂੰ ਮਾਓਵਾਦੀਆਂ ਅਤੇ ਖਾਲਿਸਤਾਨੀ ਅਨਸਰਾਂ ਦੇ ਮਨਸੂਬਿਆਂ ਨੂੰ ਸਮਝਣਾ ਹੋਵੇਗਾ। ਸਰਕਾਰ ਨਾਲ ਦਲੀਲ ਭਰਪੂਰ ਗੱਲਬਾਤ ਨਾ ਕਰ ਕੇ ਖੇਤੀਬਾੜੀ ਕਾਨੂੰਨ ਨੂੰ ਖਤਮ ਕਰਨ ਦੀ ਜ਼ਿੱਦ ਕੀ ਠੀਕ ਹੈ?

ਵਿਸ਼ਵ ਮਹਾਸ਼ਕਤੀ ਬਣਨ ਦਾ ਸੁਪਨਾ ਜ਼ਰੂਰ ਹੀ ਹੋਵੇਗਾ ਪੂਰਾ 
ਇਸ ਸਮੇਂ ਦੇਸ਼ ਤਬਦੀਲੀ ਦੇ ਪਲਾਂ ’ਚੋਂ ਲੰਘ ਰਿਹਾ ਹੈ। ਦੇਸ਼ ਨੂੰ ਜੋ ਮੁਕੰਮਲ ਢੰਗ ਨਾਲ ਮਜ਼ਬੂਤ ਸਥਾਪਿਤ ਕਰਨਾ ਚਾਹੁੰਦੇ ਹਨ ਅਤੇ ਜੋ ਇਸ ਦੀ ਮਜ਼ਬੂਤੀ ਨੂੰ ਖਤਰਾ ਮੰਨਦੇ ਹਨ, ਉਨ੍ਹਾਂ ’ਚ ਵਿਚਾਰਕ ਸੰਘਰਸ਼ ਦੇ ਫੈਸਲਾਕੁੰਨ ਪਲ ਹਨ। ਆਪਣੇ ਤਤਕਾਲੀਨ ਲਾਭਾਂ ਲਈ ਦੇਸ਼ ਦੀ ਅਖੰਡਤਾ ਨੂੰ ਖਤਰੇ ’ਚ ਪਾਉਣ ਵਾਲੇ ਲੋਕਾਂ ਨੂੰ ਬੇਨਕਾਬ ਕਰਨਾ ਹੋਵੇਗਾ। ਭਾਰਤ ਨੇੜ ਭਵਿੱਖ ਵਿਚ ਜ਼ਰੂਰ ਹੀ ਆਤਮਨਿਰਭਰ ਹੋਵੇਗਾ ਅਤੇ ਸਾਡੇ ਸਾਰਿਆਂ ਦਾ ਵਿਸ਼ਵ ਮਹਾਸ਼ਕਤੀ ਬਣਨ ਦਾ ਸੁਪਨਾ ਜ਼ਰੂਰ ਹੀ ਪੂਰਾ ਹੋਵੇਗਾ।


DIsha

Content Editor

Related News