ਤੇਜ਼ੀ ਨਾਲ ਖਾਲੀ ਹੁੰਦੀਆਂ ਚੀਨ ’ਚ ਕਾਰਪੋਰੇਟ ਸੈਕਟਰ ਦੀਆਂ ਇਮਾਰਤਾਂ

10/17/2023 4:26:28 PM

ਚੀਨ ’ਚ ਕੋਵਿਡ ਪਿੱਛੋਂ ਜਿੰਨੇ ਦਫਤਰਾਂ ਦੀਆਂ ਇਮਾਰਤਾਂ ਖਾਲੀ ਸਨ, ਉਸ ਤੋਂ ਕਿਤੇ ਵੱਧ ਖਾਲੀ ਇਮਾਰਤਾਂ ਅੱਜ ਵੀ ਹਨ। ਦਫਤਰਾਂ ਦੀਆਂ ਇਮਾਰਤਾਂ ’ਚ ਇਸ ਸਮੇਂ ਵਧੇਰੇ ਖਾਲੀ ਥਾਂ ਪਈ ਹੈ। ਕੋਵਿਡ ਪਿੱਛੋਂ ਜਿਨ੍ਹਾਂ ਲੋਕਾਂ ਦੇ ਵਾਪਸ ਆ ਕੇ ਆਪਣਾ ਦਫਤਰ ਇਨ੍ਹਾਂ ਇਮਾਰਤਾਂ ’ਚ ਖੋਲ੍ਹਣ ਦੀ ਉਮੀਦ ਸੀ, ਉਹ ਹੁਣ ਧੁੰਦਲੀ ਹੁੰਦੀ ਜਾ ਰਹੀ ਹੈ। ਇਸ ਪਿੱਛੇ ਪਹਿਲਾ ਕਾਰਨ ਸੀ ਕੋਵਿਡ ਮਹਾਮਾਰੀ ਕਾਰਨ ਕੰਮ ਦਾ ਬੰਦ ਹੋਣਾ। ਪਾਬੰਦੀਆਂ ਕਾਰਨ ਕਈ ਕੰਪਨੀਆਂ ਨੇ ਆਪਣੇ ਮੁਲਾਜ਼ਮਾਂ ਦੀ ਗਿਣਤੀ ’ਚ ਕਟੌਤੀ ਕੀਤੀ।

ਪਾਬੰਦੀਆਂ ਕਾਰਨ ਦਫਤਰ ਨਾ ਪਹੁੰਚ ਸਕਣ ਕਾਰਨ ਕਈ ਛੋਟੀਆਂ ਅਤੇ ਦਰਮਿਆਨੀਆਂ ਕੰਪਨੀਆਂ ਨੇ ਦਫਤਰਾਂ ਦੀਆਂ ਇਮਾਰਤਾਂ ਨੂੰ ਖਾਲੀ ਕਰ ਦਿੱਤਾ ਅਤੇ ਘਰੋਂ ਕੰਮ ਕਰਨਾ ਸ਼ੁਰੂ ਕੀਤਾ। ਇਸ ਕਾਰਨ ਚੀਨ ’ਚ ਬਹੁਤ ਸਾਰੇ ਦਫਤਰਾਂ ਦੀਆਂ ਇਮਾਰਤਾਂ ਜਿਨ੍ਹਾਂ ਨੂੰ ਕਾਰਪੋਰੇਟ ਸੈਕਟਰ ਵੀ ਕਿਹਾ ਜਾਂਦਾ ਸੀ, ਖਾਲੀ ਹੋਣ ਲੱਗੀਆਂ।

ਕੋਵਿਡ ਪਿੱਛੋਂ ਇਨ੍ਹਾਂ ਇਮਾਰਤਾਂ ਦੇ ਮਾਲਕਾਂ ਨੂੰ ਉਮੀਦ ਸੀ ਕਿ ਵਾਪਸ ਉਹੀ ਰੌਣਕ ਉਨ੍ਹਾਂ ਦੀਆਂ ਇਮਾਰਤਾਂ ’ਚ ਪਰਤੇਗੀ ਪਰ ਇਸ ਦੌਰਾਨ ਕਈ ਵਿਦੇਸ਼ੀ ਕੰਪਨੀਆਂ ਚੀਨ ਛੱਡ ਕੇ ਗੁਆਂਢੀ ਦੇਸ਼ਾਂ ’ਚ ਜਾਣ ਲੱਗੀਆਂ। ਇਨ੍ਹਾਂ ’ਚ ਵੀਅਤਨਾਮ, ਇੰਡੋਨੇਸ਼ੀਆ, ਮਲੇਸ਼ੀਆ, ਫਿਲਪੀਨਜ਼ ਅਤੇ ਥਾਈਲੈਂਡ ਪ੍ਰਮੁੱਖ ਹਨ। ਇਸ ਕਾਰਨ ਮਹਾਮਾਰੀ ਪਿੱਛੋਂ ਜਦੋਂ ਦੁਬਾਰਾ ਹਾਲਾਤ ਆਮ ਵਾਂਗ ਹੋਏ ਤਾਂ ਵੀ ਓਨੀਆਂ ਇਮਾਰਤਾਂ ਨਹੀਂ ਭਰੀਆਂ ਜਿੰਨੀਆਂ ਕੋਵਿਡ ਤੋਂ ਪਹਿਲਾਂ ਸਨ।

ਬਰਤਾਨੀਆ ਦੀ ਰੀਅਲ ਅਸਟੇਟ ਸੇਵਾ ਦੇਣ ਵਾਲੀ ਕੰਪਨੀ ਸਾਵਲਿਸ ਦੀ ਰਿਪੋਰਟ ਮੁਤਾਬਕ ਇਸ ਸਮੇਂ ਚੀਨ ਦੇ ਪ੍ਰਮੁੱਖ ਸ਼ਹਿਰਾਂ ਜਿਨ੍ਹਾਂ ’ਚ ਬੀਜਿੰਗ, ਸ਼ਾਂਗਹਾਈ, ਕਵਾਂਚੌ ਅਤੇ ਸ਼ਨਛਨ ਸ਼ਾਮਲ ਹਨ, ’ਚ ਅਪ੍ਰੈਲ-ਜੂਨ ਦੀ ਤਿਮਾਹੀ ਦੌਰਾਨ ਦਫਤਰਾਂ ਦੀਆਂ ਵਧੇਰੇ ਇਮਾਰਤਾਂ ਖਾਲੀ ਹੋਈਆਂ ਹਨ। ਸਭ ਤੋਂ ਮਾੜੀ ਹਾਲਤ ਸ਼ਨਛਨ ਦੀ ਹੈ ਜਿੱਥੇ ਇਮਾਰਤਾਂ ਖਾਲੀ ਹੋਣ ਦੀ ਫੀਸਦੀ 4.1 ਸੀ ਅਤੇ ਇਸ ਸਾਲ ਵਧ ਕੇ 27 ਫੀਸਦੀ ਹੋ ਗਈ।

ਉੱਥੇ ਹੀ ਕਵਾਂਚੌ ਜਿੱਥੇ ਸਭ ਤੋਂ ਵੱਧ ਮਹਿੰਗੇ ਦਫਤਰਾਂ ਦੀਆਂ ਇਮਾਰਤਾਂ ਕਿਰਾਏ ’ਤੇ ਮਿਲਦੀਆਂ ਸਨ, ਬਾਵਜੂਦ ਇਸ ਦੇ ਕਵਾਂਚੌ ਦੀਅਾਂ ਇਮਾਰਤਾਂ ’ਚ ਥਾਂ ਮਿਲਣੀ ਔਖੀ ਸੀ ਪਰ ਅੱਜ ਹਾਲਾਤ ਇਹ ਹਨ ਕਿ ਉੱਥੇ ਇਮਾਰਤਾਂ ਦੇ ਖਾਲੀ ਹੋਣ ਦੀ ਰਫਤਾਰ ਪਿਛਲੇ 10 ਸਾਲਾਂ ’ਚ 5.9 ਫੀਸਦੀ ਵਧ ਕੇ 20.8 ਫੀਸਦੀ ਤੱਕ ਪਹੁੰਚ ਗਈ ਹੈ। ਜੇ ਇਮਾਰਤਾਂ ਵਧੇਰੇ ਖਾਲੀ ਹਨ ਤਾਂ ਇਸ ਦਾ ਬੁਰਾ ਅਸਰ ਉਨ੍ਹਾਂ ਦੇ ਕਿਰਾਏ ’ਤੇ ਵੀ ਪੈਂਦਾ ਹੈ। ਇਸ ਸਮੇਂ ਕਵਾਂਚੌ ’ਚ ਦਫਤਰਾਂ ਵਾਲੀਆਂ ਇਮਾਰਤਾਂ ਦਾ ਕਿਰਾਇਆ ਡਿੱਗ ਚੁੱਕਾ ਹੈ।

ਓਧਰ ਅਪ੍ਰੈਲ ਤੋਂ ਜੂਨ ਤੱਕ ਦੀ ਤਿਮਾਹੀ ’ਚ ਰਾਜਧਾਨੀ ਬੀਜਿੰਗ ’ਚ ਪ੍ਰਤੀ ਵਰਗ ਮੀਟਰ ਹਰ ਮਹੀਨੇ ਦਾ ਕਿਰਾਇਆ 312 ਯੁਆਨ ਹੈ। ਇਹ ਅਮਰੀਕੀ ਕਰੰਸੀ ’ਚ 45 ਡਾਲਰ ਬਣਦਾ ਹੈ। ਬੀਜਿੰਗ ’ਚ ਪਿਛਲੇ ਸਾਲ ਦੇ ਮੁਕਾਬਲੇ ਕਿਰਾਏ ’ਚ 7.4 ਫੀਸਦੀ ਦੀ ਗਿਰਾਵਟ ਵੇਖੀ ਗਈ ਹੈ। ਕਵਾਂਚੌ ਅਤੇ ਸ਼ਨਛਨ ’ਚ ਦਫਤਰਾਂ ਦੀਆਂ ਇਮਾਰਤਾਂ ’ਚ ਗਿਰਾਵਟ ਦੇਖੀ ਗਈ ਹੈ।

ਬਰਤਾਨਵੀ ਰੀਅਲ ਅਸਟੇਟ ਸਰਵਿਸ ਦੇਣ ਵਾਲੀ ਕੰਪਨੀ, ਸਾਵਲਿਸ ਮੁਤਾਬਕ ਚੀਨ ’ਚ ਇਸ ਸਮੇਂ ਆਰਥਿਕ ਗੈਰ-ਯਕੀਨੀ ਵਾਲਾ ਮਾਹੌਲ ਹੈ। ਨੇੜਲੇ ਭਵਿੱਖ ’ਚ ਆਉਣ ਵਾਲੀਆਂ ਵੱਡੀਆਂ ਸਮੱਸਿਆਵਾਂ ਵੱਲ ਇਹ ਇਸ਼ਾਰਾ ਕਰ ਰਿਹਾ ਹੈ। ਚੀਨ ਨੇ ਆਪਣੀ ਸਖਤ ਕੋਵਿਡ ਨੀਤੀ ਨੂੰ ਜਨਵਰੀ ’ਚ ਹਟਾ ਲਿਆ ਸੀ। ਬਾਵਜੂਦ ਇਸ ਦੇ ਦਫਤਰਾਂ ਦੀਆਂ ਇਮਾਰਤਾਂ ਦੇ ਖਾਲੀ ਹੋਣ ਦਾ ਪੱਧਰ ਲਗਾਤਾਰ ਵਧਦਾ ਰਿਹਾ।

ਉਂਝ ਇਸ ਦੌਰਾਨ ਕੁਝ ਨਵੀਆਂ ਇਮਾਰਤਾਂ ਵੀ ਬਣ ਚੁੱਕੀਆਂ ਹਨ ਜਿਨ੍ਹਾਂ ਦਾ ਕੰਮ ਕੋਵਿਡ ਦੇ ਆਉਣ ਤੋਂ ਪਹਿਲਾਂ ਸ਼ੁਰੂ ਹੋਇਆ ਸੀ। ਇਸ ਨੂੰ ਵੇਖਦੇ ਹੋਏ ਹੁਣ ਖਾਲੀ ਇਮਾਰਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਹ ਨਵੀਆਂ ਖਾਲੀ ਇਮਾਰਤਾਂ ਚੀਨ ਦੀ ਆਰਥਿਕ ਸਥਿਤੀ ’ਚ ਵੱਡੀ ਗਿਰਾਵਟ ਲਿਆ ਰਹੀਆਂ ਹਨ ਕਿਉਂਕਿ ਇਨ੍ਹਾਂ ਨੂੰ ਬਣਾਉਣ ’ਚ ਖਰਚਾ ਤਾਂ ਬਹੁਤ ਹੋਇਆ ਪਰ ਇਨ੍ਹਾਂ ਤੋਂ ਕਮਾਈ ਬਿਲਕੁਲ ਨਹੀਂ ਹੋ ਰਹੀ। ਇਨ੍ਹਾਂ ਇਮਾਰਤਾਂ ਦੀ ਮੰਗ ’ਚ ਕਮੀ ਦਾ ਆਉਣਾ ਇਹ ਵਿਖਾਉਂਦਾ ਹੈ ਕਿ ਕਾਰੋਬਾਰੀ ਵਰਗ ਦਾ ਰੁਝਾਨ ਹੁਣ ਚੀਨ ਵੱਲ ਘਟ ਹੁੰਦਾ ਜਾ ਰਿਹਾ ਹੈ।

ਨੇਟੇਕ ਤਕਨਾਲੋਜੀ ਜੋ ਇਲੈਕਟ੍ਰਾਨਿਕ ਕੰਪਨੀ ਹੈ, ਇਮਾਰਤਾਂ ਨੂੰ ਕਿਰਾਏ ’ਤੇ ਦੇਣ ਦਾ ਕੰਮ ਵੀ ਕਰਦੀ ਹੈ। ਉਸ ਮੁਤਾਬਕ ਇਸ ਸਾਲ ਮਾਰਚ ’ਚ ਟੇਨਸੈਂਟ ਹੋਲਡਿੰਗਜ਼ ਨੇ ਸਮੇਂ ਤੋਂ ਪਹਿਲਾਂ ਆਪਣੇ ਆਫਿਸ ਸਪੇਸ ਦਾ ਕੰਟ੍ਰੈਕਟ ਤੋੜ  ਦਿੱਤਾ। ਇਹ ਕੰਟ੍ਰੈਕਟ 2026 ਤੱਕ ਚੱਲਣਾ ਸੀ। ਟੇਨਸੈਂਟ ਨੇ ਜੂਨ ਦੇ ਅੰਤ ਤੱਕ ਆਪਣੇ ਕੰਮ ਕਰਨ ਦੀ ਸਮਰੱਥਾ ’ਚ 6 ਫੀਸਦੀ ਦੀ ਕਮੀ ਕਰ ਕੇ ਮੁਲਾਜ਼ਮਾ ਦੀ ਗਿਣਤੀ ਨੂੰ 104,503 ਤੱਕ ਸੀਮਤ ਕਰ ਦਿੱਤਾ। ਚੀਨ ਦੀਆਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਨੇ ਪਿਛਲੇ 2 ਸਾਲਾਂ ’ਚ ਤਕਨੀਕੀ ਕੰਪਨੀਆਂ ’ਤੇ ਜਿਸ ਤਰ੍ਹਾਂ ਛਾਪੇ ਮਾਰ ਕੇ ਉਨ੍ਹਾਂ ਨੂੰ ਬਰਬਾਦ ਕੀਤਾ, ਉਸ ਦਾ ਅਸਰ ਹੁਣ ਬਾਜ਼ਾਰ ’ਤੇ ਨਜ਼ਰ ਆਉਣ ਲੱਗਾ ਹੈ।


Shivani Bassan

Content Editor

Related News