ਦੱਖਣ ਫਤਹਿ ਕਰਨਾ ਭਾਜਪਾ ਲਈ ਇਕ ਵੱਡੀ ਚੁਣੌਤੀ

Saturday, Dec 09, 2023 - 03:16 PM (IST)

ਦੱਖਣ ਫਤਹਿ ਕਰਨਾ ਭਾਜਪਾ ਲਈ ਇਕ ਵੱਡੀ ਚੁਣੌਤੀ

ਹਿੰਦੀ ਖੇਤਰ ’ਚ ਭਾਜਪਾ ਦੀ ਤਾਜ਼ਾ ਜਿੱਤ ਦੱਖਣ, ਖਾਸ ਕਰ ਕੇ ਤੇਲੰਗਾਨਾ ’ਚ ਉਸ ਦੇ ਸੰਘਰਸ਼ਾਂ ਤੋਂ ਬਿਲਕੁਲ ਉਲਟ ਹੈ। ਇਹ ਨਾਬਰਾਬਰੀ ਸਾਰੇ ਇਲਾਕਿਆਂ ’ਚ ਮੋਦੀ ਫੈਕਟਰ ਦੇ ਪ੍ਰਭਾਵ ਅਤੇ 2024 ਦੀਆਂ ਲੋਕ ਸਭਾ ਚੋਣਾਂ ’ਚ ਇਸ ਦੇ ਸੰਭਾਵਿਤ ਅਸਰ ’ਤੇ ਸਵਾਲ ਉਠਾਉਂਦੀ ਹੈ।

2019 ’ਚ ਭਾਜਪਾ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ, ਖਾਸ ਤੌਰ ’ਤੇ 303 ਸੀਟਾਂ ਹਾਸਲ ਕਰਨ ਅਤੇ ਹਿੰਦੀ ਬੈਲਟ ’ਚ ਉਸ ਦੇ ਗੜ੍ਹ ’ਤੇ ਵਿਚਾਰ ਕਰਨਾ ਜ਼ਰੂਰੀ ਹੈ। ਹਾਲਾਂਕਿ, ਦੱਖਣ ’ਚ ਪਾਰਟੀ ਦਾ ਸੰਘਰਸ਼, ਜਿੱਥੇ ਉਸ ਨੇ ਕਰਨਾਟਕ ’ਚ ਵਧੇਰੇ ਸੀਟਾਂ ਹਾਸਲ ਕੀਤੀਆਂ, ਉੱਤਰੀ ਅਤੇ ਦੱਖਣੀ ਚੋਣ ਗਤੀਸ਼ੀਲਤਾ ਦਰਮਿਆਨ ਇਕ ਸਪੱਸ਼ਟ ਵੰਡ ਦਾ ਸੁਝਾਅ ਦਿੰਦਾ ਹੈ।

ਦਿਲਚਸਪ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ’ਚ ਭਾਜਪਾ ਦੀ ਜਿੱਤ ਤੇ ਤੇਲੰਗਾਨਾ ’ਚ ਕਾਂਗਰਸ ਦੀ ਜਿੱਤ ਪਿੱਛੋਂ ‘ਉੱਤਰ-ਦੱਖਣ’ ਰੇਖਾਵਾਂ ਨੂੰ ਖਿੱਚਣ ਦੀ ਕੋਸ਼ਿਸ਼ ਨੂੰ ਖਾਰਿਜ ਕਰ ਦਿੱਤਾ ਹੈ।

ਆਓ, 2019 ਦੇ ਅੰਕੜਿਆਂ ਦੀ ਸਮੀਖਿਆ ਕਰੀਏ : 543 ਲੋਕ ਸਭਾ ਸੀਟਾਂ ’ਚੋਂ ਕਿਸੇ ਵੀ ਸਿਆਸੀ ਪਾਰਟੀ ਨੂੰ ਬਹੁਮਤ ਲਈ ਘੱਟੋ-ਘੱਟ 272 ਸੀਟਾਂ ਦੀ ਲੋੜ ਹੁੰਦੀ ਹੈ। 2019 ਤਕ ਦਿੱਲੀ ’ਚ ਸ਼ਾਸਨ ਕਰਨ ਲਈ ਆਮ ਤੌਰ ’ਤੇ ਦੋ ਮੁੱਖ ਰਾਸ਼ਟਰੀ ਪਾਰਟੀਆਂ ਨੂੰ ਗੱਠਜੋੜ ਬਣਾਉਣ ਦੀ ਲੋੜ ਹੁੰਦੀ ਸੀ। ਹਾਲਾਂਕਿ, ਭਾਜਪਾ ਨੇ ਲੋਕ ਸਭਾ ’ਚ 303 ਸੀਟਾਂ ਦੀ ਸ਼ਾਨਦਾਰ ਜਿੱਤ ਹਾਸਲ ਕੀਤੀ, ਜੋ ਗੱਠਜੋੜ ਸ਼ਾਸਨ ਤੋਂ ਇਕ ਪਾਰਟੀ ਸ਼ਾਸਨ ’ਚ ਤਬਦੀਲੀ ਦਾ ਸੰਕੇਤ ਹੈ। ਇਹ 2014 ’ਚ ਹਾਸਲ ਕੀਤੀਆਂ ਗਈਆਂ 282 ਸੀਟਾਂ ਦੇ ਉਲਟ ਹੈ। 2024 ’ਚ ਪਾਰਟੀ 350 ਸੀਟਾਂ ਦਾ ਟੀਚਾ ਲੈ ਕੇ ਚੱਲ ਰਹੀ ਹੈ।

ਭਾਜਪਾ ਨੂੰ ਹਿੰਦੀ ਬੈਲਟ (ਗੁਜਰਾਤ ਸਮੇਤ) ’ਚ ਸਭ ਤੋਂ ਮਹੱਤਵਪੂਰਨ ਸਫਲਤਾ ਮਿਲੀ, ਜਿੱਥੇ ਉਸ ਨੇ 230 ’ਚੋਂ 185 ਸੀਟਾਂ ਜਿੱਤੀਆਂ ਜੋ 2014 ’ਚ ਪਾਰਟੀ ਵੱਲੋਂ ਜਿੱਤੀਆਂ ਗਈਆਂ 197 ਸੀਟਾਂ ਤੋਂ ਘੱਟ ਹੈ। ਦੂਜੇ ਪਾਸੇ, ਕਾਂਗਰਸ ਇਨ੍ਹਾਂ ਸੂਬਿਆਂ ’ਚ ਸਿਰਫ 5 ਸੀਟਾਂ ਜਿੱਤਣ ’ਚ ਸਫਲ ਰਹੀ। ਰਾਹੁਲ ਗਾਂਧੀ ਅਮੇਠੀ ’ਚ ਆਪਣੀ ਪਰਿਵਾਰਕ ਸੀਟ ਵੀ ਹਾਰ ਗਏ। ਭਾਜਪਾ ਨੇ ਉੱਤਰ ਪ੍ਰਦੇਸ਼ ’ਚ ਅਸਾਧਾਰਨ ਤੌਰ ’ਤੇ ਚੰਗਾ ਪ੍ਰਦਰਸ਼ਨ ਕੀਤਾ, ਖਾਸ ਕਰ ਕੇ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਬਣਾਏ ਗਏ ਗੱਠਜੋੜ ਵਿਰੁੱਧ।

ਮੋਦੀ ਦੀ ਪ੍ਰਸਿੱਧੀ ਨੇ ਉੱਤਰ ’ਚ ਭਾਜਪਾ ਦੇ ਪ੍ਰਦਰਸ਼ਨ ਨੂੰ ਕਾਫੀ ਪ੍ਰਭਾਵਿਤ ਕੀਤਾ ਪਰ ਦੱਖਣ ’ਚ, ਖਾਸ ਕਰ ਕੇ ਤੇਲੰਗਾਨਾ ਅਤੇ ਕਰਨਾਟਕ ’ਚ ਵੋਟਰਾਂ ਨੂੰ ਪ੍ਰਭਾਵਿਤ ਕਰਨ ’ਚ ਉਸ ਨੂੰ ਸੰਘਰਸ਼ ਕਰਨਾ ਪਿਆ। ਜ਼ੋਰਦਾਰ ਪ੍ਰਚਾਰ ਦੇ ਬਾਵਜੂਦ ਪਾਰਟੀ ਇਨ੍ਹਾਂ ਸੂਬਿਆਂ ’ਚ ਬੜ੍ਹਤ ਬਣਾਉਣ ’ਚ ਅਸਫਲ ਰਹੀ। ਇਸ ਤੋਂ ਇਲਾਵਾ, ਤਮਿਲਨਾਡੂ, ਕੇਰਲ ਅਤੇ ਆਂਧਰਾ ਪ੍ਰਦੇਸ਼ ਨੇ ਇਤਿਹਾਸਕ ਤੌਰ ’ਤੇ ਭਾਜਪਾ ਦੇ ਪ੍ਰਭਾਵ ਦਾ ਵਿਰੋਧ ਕੀਤਾ ਹੈ ਜੋ 2019 ’ਚ ਇਨ੍ਹਾਂ ਸੂਬਿਆਂ ’ਚ ਪਾਰਟੀ ਦੀ ਕੋਈ ਵੀ ਸੀਟ ਨਾ ਜਿੱਤਣ ਤੋਂ ਸਪੱਸ਼ਟ ਹੈ।

ਦੱਖਣ ’ਚ, ਮੁੱਖ ਤੌਰ ’ਤੇ ਕਰਨਾਟਕ ’ਚ, ਭਾਜਪਾ ਦੀ ਇਕੋ-ਇਕ ਜਿੱਤ, ਉੱਤਰ ’ਚ ਉਸ ਦੇ ਗੜ੍ਹ ਦੇ ਬਿਲਕੁਲ ਉਲਟ ਹੈ ਜੋ ਵਿਸ਼ੇਸ਼ ਤੌਰ ’ਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ’ਚ ਸਪੱਸ਼ਟ ਹੈ। 5 ਦੱਖਣ ਭਾਰਤੀ ਸੂਬਿਆਂ ਅਤੇ ਪੁੱਡੂਚੇਰੀ ਸਮੇਤ ਦੱਖਣ ’ਚ ਭਾਜਪਾ ਨੇ 129 ’ਚੋਂ 29 ਸੀਟਾਂ ਜਿੱਤੀਆਂ। ਵਧੇਰੇ ਸੀਟਾਂ ਕਰਨਾਟਕ ਤੋਂ ਆਈਆਂ, ਜਿੱਥੇ ਉਨ੍ਹਾਂ ਦੀ ਗਿਣਤੀ 2014 ’ਚ 17 ਸੀਟਾਂ ਤੋਂ ਵਧ ਕੇ 2019 ’ਚ 25 ਹੋ ਗਈ। ਹਾਲਾਂਕਿ, ਕਾਂਗਰਸ ਨੇ ਗਿਣਤੀ ’ਚ ਮਹੱਤਵਪੂਰਨ ਗਿਰਾਵਟ ਦੇਖੀ, 2014 ’ਚ 9 ਦੀ ਤੁਲਨਾ ’ਚ ਸਿਰਫ 1 ਸੀਟ ਹਾਸਲ ਕੀਤੀ।

ਤੇਲੰਗਾਨਾ ਅਤੇ ਕਰਨਾਟਕ ਵਰਗੇ ਦੱਖਣੀ ਸੂਬਿਆਂ ’ਚ ਮੋਦੀ ਦਾ ਪ੍ਰਭਾਵ ਘੱਟ ਹੈ ਜਿੱਥੇ ਜ਼ੋਰਦਾਰ ਪ੍ਰਚਾਰ ਦੇ ਬਾਵਜੂਦ, ਭਾਜਪਾ ਆਪਣੀ ਪਕੜ ਬਣਾਉਣ ’ਚ ਅਸਫਲ ਰਹੀ। ਮਈ ’ਚ ਕਰਨਾਟਕ ’ਚ ਵਿਸ਼ੇਸ਼ ਤੌਰ ’ਤੇ ਕਾਂਗਰਸ ਦੀ ਜਿੱਤ ਹੋਈ ਜਿਸ ਨਾਲ ਭਾਜਪਾ ਦੀ ਸਥਿਤੀ ’ਚ ਗਿਰਾਵਟ ਆਈ। ਇਸੇ ਤਰ੍ਹਾਂ ਤੇਲੰਗਾਨਾ ’ਚ ਵੀ ਭਾਜਪਾ ਲਈ ਕੋਈ ਸਪੱਸ਼ਟ ਬੜ੍ਹਤ ਨਹੀਂ ਹੈ। ਇਸ ਤੋਂ ਇਲਾਵਾ ਤਮਿਲਨਾਡੂ, ਕੇਰਲ ਅਤੇ ਆਂਧਰਾ ਪ੍ਰਦੇਸ਼ ਵਰਗੇ ਸੂਬਿਆਂ ਨੇ ਇਤਿਹਾਸਕ ਤੌਰ ’ਤੇ ਭਾਜਪਾ ਨੂੰ ਨਕਾਰਿਆ ਹੈ, ਪਾਰਟੀ 2019 ’ਚ ਇਨ੍ਹਾਂ ਸੂਬਿਆਂ ’ਚ ਕੋਈ ਸੀਟ ਨਹੀਂ ਜਿੱਤ ਸਕੀ।

ਕਰਨਾਟਕ ਤੋਂ ਪਰ੍ਹੇ, ਦੱਖਣ ’ਚ ਭਾਜਪਾ ਦਾ ਗੜ੍ਹ ਸਭ ਤੋਂ ਘੱਟ ਹੈ। ਇਸ ਦੀਆਂ 29 ਦੱਖਣੀ ਸੀਟਾਂ ’ਚੋਂ ਵਧੇਰੇ ਕਰਨਾਟਕ ਤੋਂ ਆਈਆਂ, ਜਿੱਥੇ ਪਾਰਟੀ ਦੀ ਵਰਨਣਯੋਗ ਹਾਜ਼ਰੀ ਦਾ ਸਿਹਰਾ ਮੁੱਖ ਤੌਰ ’ਤੇ ਇਲਾਕੇ ’ਚ ਇਕ ਮਜ਼ਬੂਤ ਭਾਜਪਾ ਆਗੂ ਵਜੋਂ ਬੀ. ਐੱਸ. ਯੇਦੀਯੁਰੱਪਾ ਦੇ ਉਭਾਰ ਨੂੰ ਦਿੱਤਾ ਜਾਂਦਾ ਹੈ।

ਧਿਆਨ ਦੇਣ ਯੋਗ ਗੱਲ : ਦੱਖਣੀ ਸੂਬਿਆਂ ’ਚ ਵੀ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਵਰਨਣਯੋਗ ਨਹੀਂ ਸੀ। ਐੱਮ. ਕੇ. ਸਟਾਲਿਨ ਦੀ ਹਮਾਇਤ ਨਾਲ ਉਨ੍ਹਾਂ ਨੇ ਸਿਰਫ 28 ਸੀਟਾਂ ਜਿੱਤੀਆਂ ਜਦਕਿ ਯੂ. ਪੀ. ਏ. ਨੇ 51 ਸੀਟਾਂ ਹਾਸਲ ਕੀਤੀਆਂ।

2019 ’ਚ ਭਾਜਪਾ ਨੇ ਖੁਦ ਨੂੰ ਵੱਖ ਕਰ ਲਿਆ ਜਾਂ ਕੁਝ ਸਹਿਯੋਗੀਆਂ ਨਾਲ ਰਿਸ਼ਤੇ ਟੁੱਟ ਗਏ। ਪੰਜਾਬ ’ਚ ਅਕਾਲੀ ਦਲ, ਬਿਹਾਰ ’ਚ ਜਦ (ਯੂ), ਮਹਾਰਾਸ਼ਟਰ ’ਚ ਸ਼ਿਵ ਸੈਨਾ ਅਤੇ ਤਮਿਲਨਾਡੂ ’ਚ ਅੰਨਾਦ੍ਰਮੁਕ ਨਾਲ ਸਾਂਝੇਦਾਰੀ ਖਤਮ ਹੋ ਗਈ।

ਮਹੱਤਵਪੂਰਨ ਬਿੰਦੂ : ਭਾਜਪਾ ਨੂੰ ਪਹਿਲੇ ਸਹਿਯੋਗੀਆਂ ਤੇ ਅੰਦਰੂਨੀ ਗਤੀਸ਼ੀਲਤਾ ਕਾਰਨ ਕਈ ਪਾਰਟੀਆਂ ਤੋਂ ਕਿਨਾਰਾ ਕਰਨ ਜਾਂ ਉਨ੍ਹਾਂ ਨਾਲੋਂ ਸਬੰਧ ਤੋੜਨ ਵਰਗੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ। ਆਗਾਮੀ 2024 ਦੀਆਂ ਚੋਣਾਂ ਸੰਸਦ ’ਚ ਬਹੁਮਤ ਹਾਸਲ ਕਰਨ ਲਈ ਉੱਤਰੀ ਸੂਬਿਆਂ ’ਚ ਫਿਰ ਤੋਂ ਜ਼ਮੀਨ ਹਾਸਲ ਕਰਨ ਦੀ ਭਾਜਪਾ ਦੀ ਸਮਰੱਥਾ ’ਤੇ ਨਿਰਭਰ ਹੋ ਸਕਦੀਆਂ ਹਨ।

ਕਾਂਗਰਸ ਨੂੰ ਇਕ ਚੁਣੌਤੀਪੂਰਨ ਦ੍ਰਿਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਿਹਾਰ ’ਚ ਨਿਤੀਸ਼ ਕੁਮਾਰ ਅਤੇ ਦਿੱਲੀ ’ਚ ‘ਆਪ’ ਤੋਂ ਇਲਾਵਾ, ਇਲਾਕਾਈ ਪਾਰਟੀਆਂ ਤੋਂ ਢੁੱਕਵਾਂ ਲਾਭ ਮਿਲਣ ਅਤੇ ਵੱਧ ਹਮਾਇਤ ਦੀ ਲੋੜ ਹੈ। ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ਦੀ ਸੰਭਾਵਨਾ ਵੀ ਘੱਟ ਦਿਸ ਰਹੀ ਹੈ।

ਹਾਲ ਦੀਆਂ 5 ਸੂਬਿਆਂ ਦੀਆਂ ਚੋਣਾਂ ਨੇ ਹਿੰਦੀ ਪੱਟੀ ’ਤੇ ਮੋਦੀ ਦੇ ਮਜ਼ਬੂਤ ਪ੍ਰਭਾਵ ਨੂੰ ਉਜਾਗਰ ਕੀਤਾ ਹੈ ਪਰ ਦੱਖਣੀ ਖੇਤਰਾਂ ’ਚ ਉਨ੍ਹਾਂ ਦਾ ਪ੍ਰਭਾਵ ਘੱਟ ਹੋ ਗਿਆ ਹੈ। ਕੀ ਇਸ ਨਾਲ 2024 ਦੀਆਂ ਚੋਣਾਂ ਤੋਂ ਪਹਿਲਾਂ ਉੱਤਰ- ਦੱਖਣ ਵੰਡ ਤੇਜ਼ ਹੋ ਸਕਦੀ ਹੈ?

ਇਸ ਸ਼ੁਰੂਆਤੀ ਪੜਾਅ ’ਚ ਚੋਣ ਨਤੀਜੇ ਦੀ ਭਵਿੱਖਬਾਣੀ ਕਰਨਾ ਬੇਯਕੀਨੀ ਹੈ। ਹਾਲਾਂਕਿ, ਭਾਜਪਾ ਦੇ ਉੱਤਰ ਅਤੇ ਦੱਖਣੀ ਭਾਰਤ ’ਚ ਪ੍ਰਦਰਸ਼ਨ ਦੌਰਾਨ ਨਾਬਰਾਬਰੀ ਸ਼ਾਇਦ ਮਹੱਤਵਪੂਰਨ ਹੋਵੇਗੀ, ਭਾਵੇਂ ਹੀ ਪਾਰਟੀ ਢੁੱਕਵੀਂ ਜਿੱਤ ਹਾਸਲ ਕਰ ਲਵੇ। ਇਹ ਇਕਤਰਫਾ ਜਿੱਤ ਅਗਲੇ ਦਹਾਕੇ ਦੀ ਗਤੀਸ਼ੀਲਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਅੱਜ ਦੀ ਗੁੰਝਲਦਾਰ ਭਾਰਤੀ ਸਿਆਸਤ ’ਚ ਕਿਸੇ ਵੀ ਚੀਜ਼ ਨੂੰ ਹਲਕੇ ’ਚ ਨਹੀਂ ਲਿਆ ਜਾ ਸਕਦਾ। ਹਮੇਸ਼ਾ ਇਕ ਅਦ੍ਰਿਸ਼ ਐਕਸ ਫੈਕਟਰ ਰਹੇਗਾ ਜੋ ਭਾਰਤ ਦੀ ਭਵਿੱਖ ਦੀ ਸਿਆਸਤ ਦੀ ਦਿਸ਼ਾ ਤੈਅ ਕਰੇਗਾ। ਹਾਲਾਂਕਿ, ਨਰਿੰਦਰ ਮੋਦੀ ਭਾਰਤੀ ਚੋਣ ਦ੍ਰਿਸ਼ ’ਤੇ ਹਾਵੀ ਹੁੰਦੇ ਦਿਸ ਰਹੇ ਹਨ।

ਹਰੀ ਜੈਸਿੰਘ


author

Rakesh

Content Editor

Related News