ਅਕਾਲੀ ਦਲ ਬਾਦਲ ਦੇ ਲਈ ਕਾਂਗਰਸ ਅਛੂਤੀ ਨਹੀਂ ਰਹੇਗੀ
Friday, Jul 12, 2024 - 05:23 PM (IST)
ਕਾਂਗਰਸ ਤੋਂ ਬਾਅਦ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜਿਸ ਨੂੰ ਅੱਜਕਲ ਅਕਾਲੀ ਦਲ (ਬਾਦਲ) ਵਜੋਂ ਵੱਧ ਜਾਣਿਆ ਜਾਂਦਾ ਹੈ, ਦੀ ਆਪਸੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਉਣ ਤੋਂ ਬਾਅਦ ਅਕਾਲੀ ਦਲ (ਬਾਦਲ) ਬਾਗੀ ਨੇਤਾਵਾਂ ਨੂੰ ਭਾਜਪਾ ਦੇ ਹਮਾਇਤੀ ਦੱਸ ਕੇ ਆਪਣੇ ਆਪ ਨੂੰ ਸਿੱਖ ਸਿਧਾਂਤਾਂ ਦਾ ਇਕਲੌਤਾ ਅਲੰਬਰਦਾਰ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਬਾਗੀਆਂ ਦੀ ਪਾਰਟੀ ਪ੍ਰਧਾਨ ਤੋਂ ਅਸਤੀਫੇ ਦੀ ਮੰਗ ਨਕਾਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਅਕਾਲੀ ਦਲ (ਬਾਦਲ) ਇਸ ਵੇਲੇ ਭਾਜਪਾ ਨੂੰ ਕਾਂਗਰਸ ਨਾਲੋਂ ਵੀ ਸਿੱਖਾਂ ਦੀ ਵੱਡੀ ਦੁਸ਼ਮਣ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਕਾਲੀ ਦਲ (ਬਾਦਲ) ਦੇ ਵੱਡੇ ਨੇਤਾਵਾਂ ਦੇ ਹਾਲ ਹੀ ਵਿਚ ਦਿੱਤੇ ਬਿਆਨ ਵੀ ਇਹੀ ਇਸ਼ਾਰਾ ਕਰਦੇ ਹਨ ਕਿ ਅਕਾਲੀ ਦਲ (ਬਾਦਲ) ਲਈ ਭਾਜਪਾ ਅਤੇ ਕਾਂਗਰਸ ਇਕੋ ਜਿਹੇ ਹਨ।
ਸ਼੍ਰੋਮਣੀ ਅਕਾਲੀ ਦਲ 14 ਦਸੰਬਰ, 1920 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਵਜੋਂ ਬਣਾਇਆ ਗਿਆ ਸੀ। ਕੁਝ ਖਾਸ ਮੌਕਿਆਂ ਨੂੰ ਛੱਡ ਕੇ ਅਕਾਲੀ ਦਲ ਹਮੇਸ਼ਾ ਕਾਂਗਰਸ ਨੂੰ ਸਿੱਖ ਵਿਰੋਧੀ ਵਜੋਂ ਮਾਨਤਾ ਦਿੰਦਾ ਆਇਆ ਹੈ। ਅਕਾਲੀ ਦਲ ਦਾ ਮੁੱਖ ਮੰਤਵ ਅੰਗਰੇਜ ਹਕੂਮਤ ਖਿਲਾਫ ਐੱਸ. ਜੀ. ਪੀ. ਸੀ. ਦੀਆਂ ਮੁੱਖ ਮੰਗਾਂ ਲਈ ਸੰਘਰਸ਼ ਕਰਨਾ ਅਤੇ ਸਿੱਖਾਂ ਨੂੰ ਸਿਆਸੀ ਤੌਰ ’ਤੇ ਮਜ਼ਬੂਤ ਕਰਨਾ ਸੀ।
ਇਸ ਕਾਰਜ ਲਈ ਅਕਾਲੀ ਦਲ ਨੂੰ ਕਦੀ ਅੰਗਰੇਜਾਂ ਅਤੇ ਕਦੀ ਕਾਂਗਰਸ ਨਾਲ ਲੜਾਈ ਲੜਨੀ ਪਈ ਪਰ ਅਕਾਲੀ ਦਲ ਆਪਣਾ ਮਕਸਦ ਪੂਰਾ ਕਰਨ ਵਿਚ ਪੂਰਨ ਤੌਰ ’ਤੇ ਕਾਮਯਾਬ ਵੀ ਰਿਹਾ।
ਅਕਾਲੀ ਦਲ ਨੇ ਜਿਥੇ ਅੰਗਰੇਜ ਹਕੂਮਤ ਖਿਲਾਫ ਸੰਘਰਸ਼ ਕੀਤੇ, ਉਥੇ ਹੀ ਆਜ਼ਾਦੀ ਤੋਂ ਬਾਅਦ ਭਾਰਤ ਦੀ ਕਾਂਗਰਸ ਹਕੂਮਤ ਦੇ ਖਿਲਾਫ ਵੀ ਕਈ ਵੱਡੇ-ਵੱਡੇ ਸੰਘਰਸ਼ ਕੀਤੇ ਅਤੇ ਉਨ੍ਹਾਂ ਵਿਚੋਂ ਬਹੁਤੀ ਵਾਰ ਜਿੱਤਾਂ ਵੀ ਪ੍ਰਾਪਤ ਕੀਤੀਆਂ।
ਅਕਾਲੀ ਦਲ ਦੀ ਸਥਾਪਤੀ ਦੇ ਸਮੇਂ 20ਵੀਂ ਸਦੀ ਦੇ ਸ਼ੁਰੂ ਵਿਚ ਹੀ ਅਕਾਲੀ ਦਲ ਨੇ ਕਈ ਗੁਰਦੁਆਰਾ ਸਾਹਿਬ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਅੰਗਰੇਜ ਹਕੂਮਤ ਦੇ ਖਿਲਾਫ ਕਈ ਸ਼ਾਂਤਮਈ ਸੰਘਰਸ਼ ਕੀਤੇ, ਜਿਨ੍ਹਾਂ ਵਿਚ 1920 ਵਿਚ ਸਿਆਲਕੋਟ ਵਿਖੇ ਸਥਿਤ ਗੁਰਦੁਆਰਾ ਬਾਬੇ ਦੀ ਬੇਰ ਨੂੰ ਕਰਤਾਰ ਸਿੰਘ ਝੱਬਰ ਦੀ ਅਗਵਾਈ ’ਚ ਮਹੰਤ ਹਰਨਾਮ ਸਿੰਘ ਦੀ ਵਿਧਵਾ ਤੋਂ ਆਜ਼ਾਦ ਕਰਵਾਉਣਾ, 28 ਜੂਨ 1920 ਨੂੰ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿਚ ਹੀ ਹਰਿਮੰਦਰ ਸਾਹਿਬ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣਾ, ਗੁਰਦੁਆਰਾ ਪੰਜਾ ਸਾਹਿਬ ਨੂੰ ਮਹੰਤ ਮਿੱਠਾ ਸਿੰਘ ਦੇ ਕਬਜ਼ੇ ਵਿਚੋਂ ਛੁਡਵਾਉਣਾ, ਚੂਹੜ ਕਾਨਾ ਸਥਿਤ ਗੁਰਦੁਆਰਾ ਸੱਚਾ ਸੌਦਾ, ਦਰਬਾਰ ਸਾਹਿਬ ਤਰਨਤਾਰਨ ਜਿਥੇ ਕਾਬਜ਼ ਮਹੰਤਾਂ ਨੇ ਲੜਕੀਆਂ ਦੇ ਡਾਂਸ ਅਤੇ ਤੰਬਾਕੂ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਸੀ, ਦਾ ਕਬਜ਼ਾ ਲੈਣਾ, 1921 ਵਿਚ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਮਹੰਤ ਨਾਰਾਇਣ ਦਾਸ ਤੋਂ ਆਜ਼ਾਦ ਕਰਵਾਉਣਾ, ਅਕਤੂਬਰ 1921 ’ਚ ਚਾਬੀਆਂ ਦਾ ਮੋਰਚਾ ਜਿੱਤਣਾ, 1922 ਵਿਚ ਗੁਰੂ ਕੇ ਬਾਗ਼ ਦਾ ਮੋਰਚਾ ਜਿੱਤਣਾ, 1923 ਵਿਚ ਜੈਤੋ ਦਾ ਮੋਰਚਾ ਲਾਉਣਾ ਅਤੇ 1925 ਵਿਚ ਸਿੱਖ ਗੁਰਦੁਆਰਾ ਬਿੱਲ ਪਾਸ ਕਰਵਾਉਣਾ ਮੁੱਖ ਤੌਰ ’ਤੇ ਸ਼ਾਮਲ ਹਨ।
1947 ਵਿਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਅਕਾਲੀ ਦਲ ਨੂੰ ਕਈ ਸੰਘਰਸ਼ ਕਰਨੇ ਪਏ ਤੇ ਕਾਂਗਰਸ ਦੀ ਹਕੂਮਤ ਦੀਆਂ ਜ਼ਿਆਦਤੀਆਂ ਦੇ ਵਿਰੁੱਧ ਖੜ੍ਹਨਾ ਪਿਆ, ਜਿਨ੍ਹਾਂ ਵਿਚ ਕੇਂਦਰ ਸਰਕਾਰ ਵੱਲੋਂ ਸਿੱਖਾਂ ਨੂੰ ਜਰਾਇਮ ਪੇਸ਼ਾ ਕਰਾਰ ਦੇ ਕੇ ਉਨ੍ਹਾਂ ਨੂੰ ਅੰਬਾਲਾ ਤੋਂ ਅੱਗੇ ਨਾ ਵੱਸਣ ਦੇਣ ਦੀ ਕਾਰਵਾਈ, ਭਾਸ਼ਾ ਦੇ ਆਧਾਰ ’ਤੇ ਪੰਜਾਬੀ ਸੂਬਾ ਬਣਾਉਣ ਤੋਂ ਇਨਕਾਰ ਕਰਨਾ, ਪੰਜਾਬ ਦੇ ਪਾਣੀਆਂ ਦੇ ਮਸਲੇ ’ਤੇ ਪੰਜਾਬ ਨਾਲ ਨਾਇਨਸਾਫੀ ਕਰਨਾ, ਆਪ੍ਰੇਸ਼ਨ ਬਲਿਊ ਸਟਾਰ ਤੇ ਦਿੱਲੀ ਵਿਚ ਸਿੱਖ ਕਤਲੇਆਮ ਅਤੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨਾ ਮੁੱਖ ਤੌਰ ’ਤੇ ਸ਼ਾਮਲ ਹਨ।
ਇਨ੍ਹਾਂ ਕਾਰਨਾਂ ਕਰ ਕੇ ਅਕਾਲੀ ਦਲ ਹਮੇਸ਼ਾ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਜਮਾਤ ਦੇ ਤੌਰ ’ਤੇ ਪੇਸ਼ ਕਰਦਾ ਰਿਹਾ ਹੈ।
ਪਰ ਹੁਣ ਅਕਾਲੀ ਦਲ ਭਾਜਪਾ ਨਾਲੋਂ ਤੋੜ-ਵਿਛੋੜਾ ਕਰਨ ਤੋਂ ਬਾਅਦ ਭਾਜਪਾ ਨੂੰ ਵੀ ਸਿੱਖਾਂ ਦੀ ਦੁਸ਼ਮਣ ਕਰਾਰ ਦੇਣ ਲੱਗਾ ਹੈ।
ਭਾਵੇਂ ਭਾਜਪਾ ਨੇ ਸਿੱਖ ਹਿੱਤਾਂ ਲਈ ਕਈ ਚੰਗੇ ਉਪਰਾਲੇ ਵੀ ਕੀਤੇ ਹਨ ਪਰ ਅਕਾਲੀ ਦਲ ਇਨ੍ਹਾਂ ਉਪਰਾਲਿਆਂ ਦਾ ਸਿਹਰਾ ਭਾਜਪਾ ਨੂੰ ਦੇਣ ਲਈ ਤਿਆਰ ਨਹੀਂ ਹੈ। ਅਕਾਲੀ ਦਲ ਬਾਦਲ ਦੇ ਲੀਡਰ ਆਪਣੀ ਪਾਰਟੀ ਵਿਚ ਪਈ ਫੁੱਟ ਲਈ ਵੀ ਭਾਜਪਾ ਨੂੰ ਹੀ ਜ਼ਿੰਮੇਵਾਰ ਦੱਸ ਰਹੇ ਹਨ ਤੇ ਬਾਗ਼ੀ ਅਕਾਲੀ ਲੀਡਰਾਂ ਨੂੰ ਭਾਜਪਾ ਪੱਖੀ ਦੱਸ ਰਹੇ ਹਨ।
ਇਸ ਦੇ ਜਵਾਬ ਵਿਚ ਬਾਗੀ ਅਕਾਲੀ, ਜਿਨ੍ਹਾਂ ਨੇ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਦਾ ਫੈਸਲਾ ਕੀਤਾ ਹੈ, ਵੀ ਇਸੇ ਤਰ੍ਹਾਂ ਦੀ ਸ਼ੈਲੀ ਵਿਚ ਹੀ ਜਵਾਬ ਦੇ ਰਹੇ ਹਨ ਕਿ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀ ਖੁਦ ਤਾਂ ਭਾਜਪਾ ਨਾਲ ਸਮਝੌਤਾ ਕਰਨ ਲਈ ਜ਼ੋਰ ਲਾਉਂਦੇ ਰਹੇ ਹਨ ਪਰ ਜਦੋਂ ਭਾਜਪਾ ਨੇ ਨਾਂਹ ਕਰ ਦਿੱਤੀ ਤਾਂ ਸਾਡੇ ’ਤੇ ਬਿਨਾਂ ਵਜ੍ਹਾ ਦੋਸ਼ ਲਾਏ ਜਾ ਰਹੇ ਹਨ। ਇਹ ਇਕ ਅਜੀਬ ਸਥਿਤੀ ਹੈ ਕਿਉਂਕਿ ਇਹ ਸਾਰੇ ਅਕਾਲੀ ਆਗੂ ਤਕਰੀਬਨ 25 ਸਾਲ ਤੱਕ ਭਾਜਪਾ ਨਾਲ ਗੱਠਜੋੜ ਵਿਚ ਰਹੇ ਅਤੇ ਕਿਸਾਨ ਅੰਦੋਲਨ ਕਾਰਨ ਅਕਾਲੀ ਦਲ ਨੂੰ ਭਾਜਪਾ ਨਾਲੋਂ ਨਾਤਾ ਤੋੜਨਾ ਪਿਆ।
ਇਸ ਧੜੇਬੰਦੀ ਕਾਰਨ ਅਕਾਲੀ ਦਲ ਬਾਦਲ ਆਪਣੀ ਹੋਂਦ ਨੂੰ ਕਾਇਮ ਰੱਖਣ ਦੀ ਹਰ ਕੋਸ਼ਿਸ਼ ਕਰਨ ਲਈ ਸੋਚ ਰਿਹਾ ਹੈ ਤੇ ਅਕਾਲੀ ਦਲ ਦੇ ਕਈ ਵੱਡੇ ਲੀਡਰ ਬਿਆਨ ਦੇ ਰਹੇ ਹਨ ਕਿ ਅਕਾਲੀ ਦਲ ਕਿਸੇ ਨਾਲ ਵੀ ਸਮਝੌਤਾ ਕਰ ਸਕਦਾ ਹੈ। ਇਥੋਂ ਤਕ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾ ਨੇ ਇਕ ਪ੍ਰਾਈਵੇਟ ਚੈਨਲ ਨੂੰ ਇੰਟਰਵਿਊ ਦੌਰਾਨ ਇਥੋਂ ਤਕ ਕਹਿ ਦਿੱਤਾ ਕਿ ਸਿੱਖ ਗੁਰੂਆਂ ਨੇ ਸਿੱਖਾਂ ਦੇ ਦੁਸ਼ਮਣ ਔਰੰਗਜ਼ੇਬ ਦੇ ਪੁੱਤਰ ਨਾਲ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜਾਂ ਨਾਲ ਵੀ ਸਮਝੌਤਾ ਕੀਤਾ ਸੀ।
ਅੱਜ ਦੇ ਹਾਲਾਤ ਵਿਚ ਅਕਾਲੀ ਦਲ ਆਪਣੇ ਏਜੰਡੇ ’ਤੇ ਕਿਸੇ ਦੁਸ਼ਮਣ ਨਾਲ ਵੀ ਸਮਝੌਤਾ ਕਰ ਸਕਦਾ ਹੈ। ਇਸ ਤੋਂ ਸਾਫ ਹੁੰਦਾ ਹੈ ਕਿ ਅਕਾਲੀ ਦਲ ਲਈ ਕਾਂਗਰਸ ਹੁਣ ਅਛੂਤ ਨਹੀਂ ਰਹੇਗੀ ਪਰ ਝੂੰਦਾ ਸ਼ਾਇਦ ਇਹ ਭੁੱਲ ਗਏ ਕਿ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਫ਼ੌਜੀ ਮਦਦ ਕਰਨ ਦੀ ਬੇਨਤੀ ਕੀਤੀ ਸੀ ਤਾਂ ਗੁਰੂ ਸਾਹਿਬ ਨੇ ਦੋ ਸ਼ਰਤਾਂ, ਇਕ ਬਹਾਦਰ ਸ਼ਾਹ ਰਾਜਾ ਬਣਨ ਤੋਂ ਬਾਅਦ ਸਾਰੇ ਗੈਰ-ਮੁਸਲਿਮਾਂ ਨੂੰ ਵੀ ਬਰਾਬਰ ਦੇ ਅਧਿਕਾਰ ਦੇਵੇਗਾ ਅਤੇ ਦੂਜਾ ਸਿੱਖਾਂ ’ਤੇ ਜ਼ੁਲਮ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਹਵਾਲੇ ਕਰੇਗਾ, ਮੰਨਵਾ ਕੇ ਉਸ ਦੀ ਮਦਦ ਕੀਤੀ ਸੀ।
ਇਕਬਾਲ ਸਿੰਘ ਚੰਨੀ (ਭਾਜਪਾ ਬੁਲਾਰਾ ਪੰਜਾਬ)