ਰਾਜਸਥਾਨ ’ਚ ਕਾਂਗਰਸੀ ਦੰਗਲ

07/15/2020 3:48:16 AM

ਡਾ. ਵੇਦਪ੍ਰਤਾਪ ਵੈਦਿਕ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਦੰਗਲ ਦਾ ਹੁਣ ਅੰਤ ਹੋ ਗਿਆ ਲੱਗਦਾ ਹੈ। ਸਚਿਨ ਨੂੰ ਉਪ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਹੁਣ ਵੀ ਸਚਿਨ ਜੇ ਕਾਂਗਰਸ ’ਚ ਬਣੇ ਰਹਿੰਦੇ ਹਨ ਅਤੇ ਵਿਧਾਇਕ ਵੀ ਬਣੇ ਰਹਿੰਦੇ ਹਨ ਤਾਂ ਇਹ ਉਨ੍ਹਾਂ ਦੇ ਜਿਊਂਦੇ ਜੀਅ ਮਰਨ ਵਰਗਾ ਹੈ। ਹੁਣ ਉਹ ਜੇਕਰ ਕਾਂਗਰਸ ਛੱਡਣਗੇ ਤਾਂ ਕਰਨਗੇ ਕੀ? ਜੇਕਰ ਉਹ ਕਾਂਗਰਸ ਦੇ ਬਾਹਰ ਰਹਿ ਕੇ ਗਹਿਲੋਤ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰਨਗੇ ਤਾਂ ਉਨ੍ਹਾਂ ਨੂੰ ਰਾਜਸਥਾਨ ਦੀ ਭਾਜਪਾ ਦੀ ਸ਼ਰਨ ’ਚ ਜਾਣਾ ਹੋਵੇਗਾ।

ਭਾਜਪਾ ਦੀ ਕੇਂਦਰ ਸਰਕਾਰ ਆਪਣੀ ਪੂਰੀ ਤਾਕਤ ਲਾ ਕੇ ਸਚਿਨ ਦੀ ਮਦਦ ਕਰੇ ਤਾਂ ਗਹਿਲੋਤ ਸਰਕਾਰ ਡਿੱਗ ਵੀ ਸਕਦੀ ਹੈ। ਭਾਜਪਾ ਨੇ ਜਿਵੇਂ ਮੱਧ ਪ੍ਰਦੇਸ਼ ’ਚ ਜਯੋੋਤਿਰਾਦਿੱਤਿਆ ਸਿੰਧੀਆ ਨੂੰ ਨਾਲ ਲੈ ਕੇ ਸਰਕਾਰ ਡੇਗ ਦਿੱਤੀ, ਉਵੇਂ ਹੀ ਉਹ ਰਾਜਸਥਾਨ ’ਚ ਵੀ ਕਰ ਸਕਦੀ ਹੈ ਪਰ ਜੇਕਰ ਰਾਜਸਥਾਨ ’ਚ ਅਜਿਹਾ ਹੁੰਦਾ ਹੈ ਤਾਂ ਸਚਿਨ ਪਾਇਲਟ ਅਤੇ ਭਾਜਪਾ ਨੂੰ ਕਾਫੀ ਬਦਨਾਮੀ ਸਹਿਣੀ ਪਵੇਗੀ। ਭਾਜਪਾ ਦੇ ਕੁਝ ਨੇਤਾਵਾਂ ਨੇ ਸਚਿਨ ਨੂੰ ਆਪਣੀ ਪਾਰਟੀ ’ਚ ਆਉਣ ਦਾ ਸੱਦਾ ਦਿੱਤਾ ਹੈ ਅਤੇ ਕੁਝ ਕਹਿ ਰਹੇ ਹਨ ਕਿ ਵਿਧਾਨ ਸਭਾ ’ਚ ਸ਼ਕਤੀ-ਪ੍ਰੀਖਣ ਹੋਣਾ ਚਾਹੀਦਾ ਹੈ ਭਾਵ ਭਾਜਪਾ ਜਿਵੇਂ-ਕਿਵੇਂ ਸੱਤਾ ’ਚ ਆਉਣਾ ਚਾਹੁੰਦੀ ਹੈ। ਇਸ ਕਾਂਡ ਤੋਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਭਾਰਤੀ ਸਿਆਸਤ ’ਚ ਹੁਣ ਵਿਚਾਰਧਾਰਾ ਅਤੇ ਸਿਧਾਂਤ ਦੇ ਦਿਨ ਲੱਦ ਗਏ ਹਨ।

ਜੋ ਕਾਂਗਰਸੀ ਅਤੇ ਭਾਜਪੀ ਨੇਤਾ ਇਕ-ਦੂਸਰੇ ਦੀ ਨਿੰਦਾ ਕਰਨ ’ਚ ਆਪਣਾ ਗਲਾ ਬਿਠਾ ਲੈਂਦੇ ਹਨ, ਉਹ ਕੁਰਸੀ ਲਈ ਇਕ-ਦੂਸਰੇ ਦੇ ਗਲੇ ਲੱਗਣ ਲਈ ਤੱਤਕਾਲ ਤਿਆਰ ਹੋ ਜਾਂਦੇ ਹਨ। ਇਸ ਲਈ ਅਸ਼ੋਕ ਗਹਿਲੋਤ ਦੇ ਿੲਸ ਦੋਸ਼ ’ਤੇ ਬੇਵਿਸ਼ਵਾਸੀ ਨਹੀਂ ਹੁੰਦੀ ਕਿ ਕਾਂਗਰਸੀ ਵਿਧਾਇਕਾਂ ਨੂੰ ਤੋੜਨ ਲਈ ਕਰੋੜਾਂ ਰੁਪਿਆਂ ਦੀਅਾਂ ਰਿਸ਼ਵਤਾਂ ਦਿੱਤੀਅਾਂ ਜਾ ਰਹੀਅਾਂ ਸਨ। ਉਹ ਤਾਂ ਹੁਣ ਵੀ ਦਿੱਤੀਅਾਂ ਜਾ ਸਕਦੀਅਾਂ ਹਨ ਅਤੇ ਸਰਕਾਰ ਨੂੰ ਡੇਗਿਆ ਵੀ ਜਾ ਸਕਦਾ ਹੈ।

ਇਸ ਵਿਚ ਸ਼ੱਕ ਨਹੀਂ ਕਿ ਸਚਿਨ ਪਾਇਲਟ ਨੂੰ ਰਾਜਸਥਾਨ ’ਚ ਕਾਂਗਰਸ ਦੀ ਜਿੱਤ ਦਾ ਵੱਡਾ ਸਿਹਰਾ ਹੈ ਪਰ ਇਸ ਸਿਹਰੇ ਦੇ ਪਿੱਛੇ ਤੱਤਕਾਲੀ ਭਾਜਪਾ ਸਰਕਾਰ ਦੀ ਹਰਮਨਪਿਆਰਤਾ ਨਹੀਂ ਸੀ। ਸਚਿਨ ਨੂੰ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਗਿਆ, Çਇਸ ਦਾ ਜਵਾਬ ਤਾਂ ਕਾਂਗਰਸ ਪ੍ਰਧਾਨ ਹੀ ਦੇ ਸਕਦੇ ਹਨ ਪਰ ਸਚਿਨ ਨੇ ਜੇਕਰ ਉਪ-ਮੁੱਖ ਮੰਤਰੀ ਬਣਨਾ ਪ੍ਰਵਾਨ ਕੀਤਾ ਤਾਂ ਉਨ੍ਹਾਂ ਨੂੰ ਠਰ੍ਹੰਮਾ ਰੱਖਣਾ ਚਾਹੀਦਾ ਸੀ। ਅੱਜ ਨਹੀਂ ਤਾਂ ਕੱਲ ਉਨ੍ਹਾਂ ਨੇ ਮੁੱਖ ਮੰਤਰੀ ਤਾਂ ਬਣਨਾ ਹੀ ਸੀ ਪਰ ਹੁਣ ਉਹ ਕੀ ਕਰਨਗੇ? ਜੇਕਰ ਗਹਿਲੋਤ ਸਰਕਾਰ ਉਨ੍ਹਾਂ ਨੇ ਡੇਗ ਵੀ ਦਿੱਤੀ ਤਾਂ ਕੀ ਭਾਜਪਾ ਉਨ੍ਹਾਂ ਨੂੰ ਮੁੱਖ ਮੰਤਰੀ ਬਣਾ ਦੇਵੇਗੀ। ਗਹਿਲੋਤ ਦੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਅਾਂ ’ਤੇ ਇਸ ਵੇਲੇ ਮਾਰੇ ਗਏ ਛਾਪਿਅਾਂ ਨਾਲ ਭਾਜਪਾ ਦੀ ਕੇਂਦਰ ਸਰਕਾਰ ਦਾ ਅਕਸ ਵੀ ਖਰਾਬ ਹੋ ਰਿਹਾ ਹੈ। ਜਿਥੋਂ ਤਕ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਦਾ ਸਵਾਲ ਹੈ, ਉਸ ਦੀ ਅਸਮਰੱਥਾ ਦੀ ਜਿਊਂਦੀ-ਜਾਗਦੀ ਮਿਸਾਲ ਤਾਂ ਸਿੰਧੀਅਾ ਅਤੇ ਪਾਇਲਟ ਹਨ। ਗਹਿਲੋਤ ਸਰਕਾਰ, ਜੋ ਕਾਫੀ ਚੰਗਾ ਕੰਮ ਕਰ ਰਹੀ ਹੈ, ਉਹ ਜੇਕਰ ਆਪਣੀ ਇਹ ਮਿਆਦ ਪੂਰੀ ਕਰ ਲਵੇਗੀ ਤਾਂ ਵੀ ਇਹ ਤਾਂ ਸਪੱਸ਼ਟ ਹੋ ਗਿਆ ਹੈ ਕਿ ਕੇਂਦਰੀ ਪੱਧਰ ’ਤੇ ਕਾਂਗਰਸ ਦੀ ਲੀਡਰਸ਼ਿਪ ਕਾਫੀ ਕਮਜ਼ੋਰ ਹੋ ਗਈ ਹੈ।


Bharat Thapa

Content Editor

Related News