ਕਾਂਗਰਸ : ਮਰਦਾ, ਕੀ ਨਹੀਂ ਕਰਦਾ?

Thursday, Mar 04, 2021 - 03:31 AM (IST)

ਕਾਂਗਰਸ : ਮਰਦਾ, ਕੀ ਨਹੀਂ ਕਰਦਾ?

ਡਾ. ਵੇਦਪ੍ਰਤਾਪ ਵੈਦਿਕ
ਕਾਂਗਰਸ ਪਾਰਟੀ ਅੱਜਕਲ ਵਿਚਾਰਕ ਤੌਰ ’ਤੇ ਅਰਧ-ਪਤਨ ਦੀ ਮਿਸਾਲ ਬਣਦੀ ਜਾ ਰਹੀ ਹੈ। ਨਹਿਰੂ ਦੀ ਜਿਸ ਕਾਂਗਰਸ ਨੇ ਧਰਮ-ਨਿਰਪੱਖਤਾ ਦਾ ਝੰਡਾ ਦੇਸ਼ ’ਚ ਲਹਿਰਾਇਆ ਸੀ, ਉਸੇ ਕਾਂਗਰਸ ਦੇ ਹੱਥ ’ਚ ਅੱਜ ਡੰਡਾ ਤਾਂ ਧਰਮ-ਨਿਰਪੱਖਤਾ ਦਾ ਹੈ ਪਰ ਉਸ ’ਤੇ ਝੰਡਾ ਫਿਰਕੂਪੁਣੇ ਦਾ ਲਹਿਰਾ ਰਿਹਾ ਹੈ। ਫਿਰਕੂਪੁਣਾ ਵੀ ਕਿਹੋ-ਜਿਹਾ? ਹਰ ਕਿਸਮ ਦਾ। ਉਲਟਾ ਵੀ, ਸਿੱਧਾ ਵੀ। ਜਿਸ ਨਾਲ ਵੀ ਵੋਟਾਂ ਖਿੱਚੀਆਂ ਜਾ ਸਕਣ, ਉਸੇ ਤਰ੍ਹਾਂ ਦਾ। ਭਾਜਪਾ ਭਾਈ-ਭਾਈ ਪਾਰਟੀ ਬਣ ਗਈ ਹੈ, ਉਵੇਂ ਹੀ ਕਾਂਗਰਸ ਵੀ ਭਰਾ-ਭੈਣ ਦੀ ਪਾਰਟੀ ਬਣ ਗਈ ਹੈ। ਭਰਾ-ਭੈਣ ਨੂੰ ਲੱਗਾ ਕਿ ਭਾਜਪਾ ਦੇਸ਼ ’ਚ ਇਸ ਲਈ ਦਨਦਨਾ ਰਹੀ ਹੈ ਕਿ ਉਹ ਹਿੰਦੂ ਫਿਰਕੂਪੁਣੇ ਨੂੰ ਹਵਾ ਦੇ ਰਹੀ ਹੈ ਤਾਂ ਉਨ੍ਹਾਂ ਨੇ ਵੀ ਹਿੰਦੂ ਮੰਦਿਰਾਂ, ਤੀਰਥਾਂ, ਪਵਿੱਤਰ ਨਦੀਆਂ ਅਤੇ ਸਾਧੂ-ਸੰਨਿਆਸੀਆਂ ਦੇ ਆਸ਼ਰਮਾਂ ਦੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ ਪਰ ਉਸਦਾ ਜਦੋਂ ਵੀ ਕੋਈ ਠੋਸ ਅਸਰ ਨਹੀਂ ਦਿਸਿਆ ਤਾਂ ਹੁਣ ਉਨ੍ਹਾਂ ਨੇ ਬੰਗਾਲ, ਅਸਮ ਅਤੇ ਕੇਰਲ ਦੀਆਂ ਮੁਸਲਿਮ ਪਾਰਟੀਆਂ ਨਾਲ ਹੱਥ ਮਿਲਾਉਣਾ ਸ਼ੁਰੂ ਕਰ ਦਿੱਤਾ। ਬੰਗਾਲ ’ਚ ਅੱਬਾਸ ਸਿੱਦੀਕੀ ਦੇ ‘ਇੰਡੀਅਨ ਸੈਕੁਲਰ ਫਰੰਟ’, ਅਸਮ ’ਚ ਬਦਰੂਦੀਨ ਅਜਮਲ ਦੇ ‘ਆਲ ਇੰਡੀਆ ਯੂਨਾਈਟਿਡ ਫਰੰਟ’ ਅਤੇ ਕੇਰਲ ’ਚ ‘ਵੈੱਲਫੇਅਰ ਪਾਰਟੀ’ ਨਾਲ ਕਾਂਗਰਸ ਨੇ ਗਠਜੋੜ ਕਿਸ ਲਈ ਕੀਤਾ ਹੈ?

ਇਸ ਲਈ ਕਿ ਜਿਥੇ ਇਨ੍ਹਾਂ ਪਾਰਟੀਆਂ ਦੇ ਉਮੀਦਵਾਰ ਨਾ ਹੋਣ, ਉਥੇ ਮੁਸਲਿਮ ਵੋਟਾਂ ਕਾਂਗਰਸ ਨੂੰ ਐਵੇਂ-ਐਵੇਂ ਮਿਲ ਜਾਣ। ਕੀ ਇਨ੍ਹਾਂ ਵੋਟਾਂ ਨਾਲ ਕਾਂਗਰਸ ਚੋਣ ਜਿੱਤ ਸਕਦੀ ਹੈ? ਨਹੀਂ, ਬਿਲਕੁਲ ਨਹੀਂ ਪਰ ਫਿਰ ਵੀ ਸਿਧਾਂਤ ਵਿਰੋਧੀ ਸਮਝੌਤੇ ਕਾਂਗਰਸ ਨੇ ਕਿਉਂ ਕੀਤੇ ਹਨ? ਇਸ ਲਈ ਕਿ ਇਨ੍ਹਾਂ ਸਾਰੇ ਸੂਬਿਆਂ ’ਚ ਉਸ ਦਾ ਲੋਕ ਆਧਾਰ ਖਿਸਕ ਚੁੱਕਾ ਹੈ, ਇਸ ਲਈ ਜੋ ਵੋਟਾਂ, ਉਹ ਜਿਵੇਂ ਵੀ ਬਟੋਰ ਸਕੇ, ਉਹੀ ਚੰਗਾ ਹੈ। ਇਨ੍ਹਾਂ ਪਾਰਟੀਆਂ ਦੇ ਨਾਲ ਹੋਏ ਕਾਂਗਰਸੀ ਗਠਜੋੜ ਨੂੰ ਮੈਂ ਠੱਗ-ਜੋੜ ਦਾ ਨਾਂ ਦਿੱਤਾ ਹੈ ਕਿਉਂਕਿ ਅਜਿਹਾ ਕਰ ਕੇ ਕਾਂਗਰਸ ਆਪਣੇ ਵਰਕਰਾਂ ਨੂੰ ਤਾਂ ਠੱਗ ਹੀ ਰਹੀ ਹੈ, ਉਹ ਇਨ੍ਹਾਂ ਮੁਸਲਿਮ ਵੋਟਰਾਂ ਨੂੰ ਵੀ ਠੱਗਣ ਦਾ ਕੰਮ ਕਰ ਰਹੀ ਹੈ।

ਕਾਂਗਰਸ ਨੂੰ ਵੋਟਾਂ ਦੇ ਕੇ ਇਨ੍ਹਾਂ ਸੂਬਿਆਂ ਦੇ ਮੁਸਲਿਮ ਵੋਟਰ ਸੱਤਾ ਤੋਂ ਕਾਫੀ ਦੂਰ ਰਹਿ ਜਾਣਗੇ। ਕਾਂਗਰਸ ਦੀ ਹਾਰ ਯਕੀਨੀ ਹੈ। ਜੇਕਰ ਇਹੀ ਮੁਸਲਿਮ ਵੋਟਰ ਹੋਰ ਗੈਰ-ਭਾਜਪਾ ਪਾਰਟੀਆਂ ਦੇ ਨਾਲ ਟਿਕੇ ਰਹਿੰਦੇ ਤਾਂ ਜਾਂ ਤਾਂ ਉਹ ਕਿਸੇ ਸੱਤਾਧਾਰੀ ਪਾਰਟੀ ਨਾਲ ਹੁੰਦੇ ਜਾਂ ਉਸੇ ਸੂਬੇ ਦੀ ਪ੍ਰਭਾਵਸ਼ਾਲੀ ਵਿਰੋਧੀ ਪਾਰਟੀ ਦੀ ਸਰਪ੍ਰਸਤੀ ਉਨ੍ਹਾਂ ਨੂੰ ਮਿਲਦੀ। ਕਾਂਗਰਸ ਦੇ ਇਸ ਪੈਂਤੜੇ ਦਾ ਵਿਰੋਧ ਆਨੰਦ ਸ਼ਰਮਾ ਵਰਗੇ ਸੀਨੀਅਰ ਨੇਤਾ ਨੇ ਦੋ-ਟੁਕ ਸ਼ਬਦਾਂ ’ਚ ਕੀਤਾ ਹੈ। ਕਾਂਗਰਸ ਉਂਝ ਤਾਂ ਅਖਿਲ ਭਾਰਤੀ ਪਾਰਟੀ ਹੈ ਪਰ ਉਸ ਦੀਆਂ ਨੀਤੀਆਂ ’ਚ ਅਖਿਲ ਭਾਰਤੀਅਤਾ ਕਿਥੇ ਹੈ? ਉਹ ਬੰਗਾਲ ’ਚ ਜਿਸ ਕਮਿਊਨਿਸਟ ਪਾਰਟੀ ਨਾਲ ਹੈ, ਕੇਰਲ ’ਚ ਉਸੇ ਦੇ ਵਿਰੁੱਧ ਲੜ ਰਹੀ ਹੈ। ਮਹਾਰਾਸ਼ਟਰ ’ਚ ਉਹ ਕੱਟੜ ਹਿੰਦੂਵਾਦੀ ਸ਼ਿਵ ਸੈਨਾ ਨਾਲ ਸਰਕਾਰ ’ਚ ਹੈ ਅਤੇ ਤਿੰਨ ਸੂਬਿਆਂ ’ਚ ਉਹ ਮੁਸਲਿਮ ਸੰਸਥਾਵਾਂ ਦੇ ਨਾਲ ਗਠਜੋੜ ’ਚ ਹੈ। ਦੂਸਰੇ ਸ਼ਬਦਾਂ ’ਚ ਕਾਂਗਰਸ ਕਿਸੇ ਵੀ ਕੀਮਤ ’ਤੇ ਆਪਣੀ ਜਾਨ ਬਚਾਉਣ ’ਚ ਲੱਗੀ ਹੋਈ ਹੈ। ਮਰਦਾ, ਕੀ ਨਹੀਂ ਕਰਦਾ?


author

Bharat Thapa

Content Editor

Related News