ਮਨੁੱਖੀ-ਹਿਜਰਤ ਦਾ ਕਾਰਨ ਹੈ ਜਲਵਾਯੂ ਤਬਦੀਲੀ
Wednesday, Jan 31, 2024 - 04:24 PM (IST)
ਉੱਤਰ-ਪੂਰਬ ਦੇ ਸਭ ਤੋਂ ਵੱਡੇ ਸੂਬੇ ਆਸਾਮ ’ਚ ਬ੍ਰਹਮਪੁੱਤਰ ਨਦੀ ਦੀਆਂ ਤੇਜ਼ ਧਾਰਾਵਾਂ ਦਰਮਿਆਨ ਸਥਿਤ ਮਾਜੁਲੀ ਟਾਪੂ ਨੂੰ ਦੁਨੀਆ ਦੀ ਸਭ ਤੋਂ ਵੱਡੀ ਨਦੀ ਖਾ ਜਾਂਦੀ ਹੈ। ਸੰਨ 1951 ’ਚ ਇਹ ਟਾਪੂ ਲਗਭਗ 1250 ਵਰਗ ਕਿਲੋਮੀਟਰ ’ਚ ਫੈਲਿਆ ਸੀ ਅਤੇ ਆਬਾਦੀ 81,000 ਸੀ। ਅਗਲੇ 60 ਸਾਲਾਂ ਦੌਰਾਨ, ਆਬਾਦੀ ਦੁੱਗਣੀ ਤੋਂ ਵੀ ਜ਼ਿਆਦਾ ਵਧ ਕੇ 1,67,000 ਹੋ ਗਈ ਪਰ ਟਾਪੂ ਦੋ-ਤਿਹਾਈ ਘੱਟ ਹੋ ਗਿਆ ਸੀ। 1950 ਅਤੇ 2016 ਦਰਮਿਆਨ, ਮਾਜੁਲੀ ਦੇ 210 ਪਿੰਡਾਂ ’ਚੋਂ 107 ਪਿੰਡ ਅੰਸ਼ਿਕ ਤੌਰ ’ਤੇ ਜਾਂ ਪੂਰੀ ਤਰ੍ਹਾਂ ਨਦੀ ਦੀ ਭੇਟ ਚੜ੍ਹ ਗਏ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਹਿਮਾਲਿਆ ਤੋਂ ਪਿਘਲਦੇ ਗਲੇਸ਼ੀਅਰਾਂ ਦੇ ਨਾਲ-ਨਾਲ ਬ੍ਰਹਮਪੁੱਤਰ ’ਚ ਡੁੱਬਣ ਦੀ ਤੇਜ਼ ਹੁੰਦੀ ਪ੍ਰਕਿਰਿਆ ਕਾਰਨ 2040 ਤੱਕ ਮਾਜੁਲੀ ਅਲੋਪ ਹੋ ਸਕਦਾ ਹੈ। ਇੱਥੋਂ ਹਰ ਸਾਲ ਕਈ ਹਜ਼ਾਰ ਲੋਕ ਹਿਜਰਤ ਕਰਦੇ ਹਨ-ਪਹਿਲਾਂ ਇਸੇ ਟਾਪੂ ਦੇ ਕਿਸੇ ਸੁਰੱਖਿਅਤ ਸਥਾਨ ’ਤੇ, ਫਿਰ ਗੁਹਾਟੀ-ਕੋਲਕਾਤਾ ਜਾਂ ਉਸ ਤੋਂ ਵੀ ਅੱਗੇ। ਜਲਵਾਯੂ ਤਬਦੀਲੀ, ਕਿਸ ਤਰ੍ਹਾਂ ਭਾਰਤ ’ਚ ਇਕ ਭਿਆਨਕ ਮਨੁੱਖੀ-ਹਿਜਰਤ ਦਾ ਕਾਰਨ ਹੈ, ਇਸ ਦੀ ਮਜ਼ਬੂਤ ਵੰਨਗੀ ਮਾਜੁਲੀ ਅਤੇ ਸੂਬੇ ਦੇ ਉਹ ਜ਼ਿਲੇ ਹਨ ਜਿੱਥੇ ਨਦੀਆਂ ਆਪਣੇ ਕਿਨਾਰਿਆਂ ਨੂੰ ਤੇਜ਼ੀ ਨਾਲ ਖੋਰ ਰਹੀਆਂ ਹਨ ਅਤੇ ਖੇਤੀ ’ਤੇ ਨਿਰਭਰ ਲੋਕ ਦੇਖਦੇ ਹੀ ਦੇਖਦੇ ਭੂਮੀਹੀਣ ਹੋ ਜਾਂਦੇ ਹਨ ਅਤੇ ਫਿਰ ਕਿਸੇ ਸਸਤੀ ਕਿਰਤ ਦੀ ਭੱਠੀ ’ਚ ਇਸਤੇਮਾਲ ਹੁੰਦੇ ਹਨ। ਬਦਕਿਸਮਤੀ ਹੈ ਕਿ ਸਾਡੇ ਦੇਸ਼ ’ਚ ਅਜੇ ਤੱਕ ਜਲਵਾਯੂ-ਹਿਜਰਤ ਸ਼ਬਦ ਨੂੰ ਲੈ ਕੇ ਕੋਈ ਨੀਤੀ ਨਹੀਂ ਬਣੀ, ਜੀ-20 ਸੰਮੇਲਨ ’ਚ ਵੀ ਇਸ ਵਿਸ਼ੇ ’ਤੇ ਕੋਈ ਠੋਸ ਚਰਚਾ ਨਹੀਂ ਹੋਈ। ਮਨੁੱਖੀ ਹਿਜਰਤ ਸਿਰਫ ਮਨੁੱਖ-ਕਿਰਤ ਦਾ ਤਬਾਦਲਾ ਨਹੀਂ ਹੁੰਦਾ, ਉਸ ਨਾਲ ਬਹੁਤ ਸਾਰਾ ਲੋਕ-ਗਿਆਨ, ਮਨੁੱਖੀ ਸੱਭਿਅਤਾ, ਰਵਾਇਤੀ ਜੈਵਿਕ ਵਿਭਿੰਨਤਾ ਦਾ ਵੀ ਅੰਤ ਹੋ ਜਾਂਦਾ ਹੈ।
ਦੇਸ਼ ਦੀ ਸਭ ਤੋਂ ਵੱਡੀ ਮੈਨਗਰੋਵ ਅਤੇ ਰਾਇਲ ਬੰਗਾਲ ਟਾਈਗਰ ਦੇ ਪ੍ਰਵਾਸ ਲਈ ਮਸ਼ਹੂਰ ਸੁੰਦਰਬਨ ਦੇ ਸਿਮਟਣ ਅਤੇ ਉਸ ਦਾ ਅਸਰ ਗੰਗਾ ਨਦੀ ਦੇ ਸਮੁੰਦਰ ’ਚ ਮਿਲਨ ਸਥਾਨ ਗੰਗਾ-ਸਾਗਰ ਤੱਕ ਪੈਣ ਦੀ ਸਭ ਤੋਂ ਭਿਆਨਕ ਤ੍ਰਾਸਦੀ ਕਈ ਹਜ਼ਾਰ ਸਾਲ ਤੋਂ ਵਸੇ ਲੋਕਾਂ ਦਾ ਆਪਣਾ ਘਰ-ਖੇਤ ਛੱਡਣ ਨੂੰ ਮਜਬੂਰ ਹੋਣਾ ਹੈ। ਸੁੰਦਰਬਨ ਦਾ ਲੋਹਾਚਾਰਾ ਟਾਪੂ 1999 ’ਚ ਗਾਇਬ ਹੋ ਗਿਆ ਜਦਕਿ ਬੰਗਾਲ ਦੀ ਖਾੜੀ ਤੋਂ ਲਗਭਗ 30 ਕਿਲੋਮੀਟਰ ਉੱਤਰ ’ਚ ਘੋਰਮਾਰਾ ’ਚ ਪਿਛਲੇ ਕੁਝ ਦਹਾਕਿਆਂ ’ਚ ਬੇਮਿਸਾਲ ਭੂਮੀ-ਖੋਰਾ ਦੇਖਿਆ ਗਿਆ। ਇਹ 26 ਵਰਗ ਕਿਲੋਮੀਟਰ ਤੋਂ ਘੱਟ ਕੇ ਲਗਭਗ 6.7 ਵਰਗ ਕਿਲੋਮੀਟਰ ਰਹਿ ਗਿਆ ਹੈ। ਪਿਛਲੇ 4 ਦਹਾਕਿਆਂ ਦੌਰਾਨ ਕਟਾਅ ਤੇਜ਼ੀ ਨਾਲ ਹੋਇਆ ਹੈ, 2011 ’ਚ ਇੱਥੋਂ ਦੀ ਆਬਾਦੀ 40,000 ਦੇ ਆਸ-ਪਾਸ ਸੀ, ਜੋ ਹੁਣ ਸਿਰਫ 5,193 ਰਹਿ ਗਈ ਹੈ।
ਸਾਡੇ ਤੱਟੀ ਇਲਾਕੇ, ਜਿੱਥੇ ਲਗਭਗ 17 ਕਰੋੜ ਲੋਕ ਰਹਿੰਦੇ ਹਨ, ਬਦਲਦੇ ਜਲਵਾਯੂ ਦੀ ਮਾਰ ’ਚ ਸਭ ਤੋਂ ਅੱਗੇ ਹਨ। ਇੱਥੇ ਉਨ੍ਹਾਂ ਨੂੰ ਸਮੁੰਦਰ ਦੇ ਜਲ-ਪੱਧਰ ’ਚ ਵਾਧਾ, ਕਟਾਅ ਅਤੇ ਊਸ਼ਣਕਟਬੰਧੀ ਤੂਫਾਨ ਅਤੇ ਚੱਕਰਵਾਤ ਵਰਗੀਆਂ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੰਗਾਲ ਦੀ ਖਾੜੀ ’ਚ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ-ਚੱਕਰਵਾਤ ਅੰਫਾਨ ਆਇਆ, ਜਿਸ ਨਾਲ ਕਈ ਲੱਖ ਲੋਕਾਂ ਨੂੰ ਘਰ ਖਾਲੀ ਕਰਨ ਲਈ ਮਜਬੂਰ ਹੋਣਾ ਪਿਆ। ਸਭ ਤੋਂ ਵੱਧ ਖਤਰਨਾਕ ਕਟਾਅ ਸਮੁੰਦਰੀ ਕਿਨਾਰਿਆਂ ਦਾ ਹੈ ਜੋ ਪਿੰਡਾਂ ਦੇ ਪਿੰਡ ਨਿਗਲ ਰਿਹਾ ਹੈ।
ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਜਲਵਾਯੂ ਤਬਦੀਲੀ ਜਾਂ ਮੰਦਪ੍ਰਭਾਵ ਸਾਡੇ ਇੱਥੇ ਖਰਾਬ ਮੌਸਮ, ਚੱਕਰਵਾਤਾਂ ਦੀ ਵਧਦੀ ਗਿਣਤੀ, ਬਿਜਲੀ ਡਿੱਗਣ, ਤੇਜ਼ ਲੂ ਅਤੇ ਇਸ ਨਾਲ ਜੁੜੇ ਖੇਤੀ ’ਚ ਬਦਲਾਅ, ਰਿਹਾਇਸ਼-ਭੋਜਨ ਵਰਗੀਆਂ ਦਿੱਕਤਾਂ ਦੇ ਤੌਰ ’ਤੇ ਸਾਹਮਣੇ ਆ ਰਿਹਾ ਹੈ। ਵਿਸ਼ਵ ਪੱਧਰ ’ਤੇ ਖਰਾਬ ਮੌਸਮ ਕਾਰਨ ਹਿਜਰਤ ਦਾ ਸਭ ਤੋਂ ਵੱਧ ਖਮਿਆਜ਼ਾ ਔਰਤਾਂ ਅਤੇ ਬੱਚਿਆਂ ਨੂੰ ਭੋਗਣਾ ਪੈਂਦਾ ਹੈ। ਭਾਰਤ ’ਚ ਹੜ੍ਹ ਅਤੇ ਤੂਫਾਨ ਨੇ ਬੀਤੇ 6 ਸਾਲਾਂ ’ਚ 67 ਲੱਖ ਬੱਚਿਆਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ। ਇਹ ਬੱਚੇ ਸਕੂਲ ਛੱਡਣ ਲਈ ਮਜਬੂਰ ਹੋਏ ਹਨ। ਯੂਨੀਸੇਫ ਅਤੇ ਇੰਟਰਨਲ ਡਿਸਪਲੇਸਮੈਂਟ ਮਾਨੀਟਰਿੰਗ ਸੈਂਟਰ ਦੇ ਸਾਲ 2016 ਤੋਂ 2021 ਤੱਕ ਕੀਤੇ ਗਏ ਅਧਿਐਨ ਤੋਂ ਇਹ ਖੁਲਾਸਾ ਹੋਇਆ ਹੈ। ਭਾਰਤ, ਚੀਨ ਅਤੇ ਫਿਲੀਪੀਨਜ਼ ’ਚ 2.23 ਕਰੋੜ ਬੱਚੇ ਦਰ-ਬ-ਦਰ ਹੋਏ ਹਨ। ਇਨ੍ਹਾਂ ਦੇਸ਼ਾਂ ’ਚ ਬੱਚਿਆਂ ਦੇ ਬੇਘਰ ਹੋਣ ਪਿੱਛੇ ਭੂਗੋਲਿਕ ਸਥਿਤੀ ਜਿਵੇਂ ਮਾਨਸੂਨ ਦਾ ਮੀਂਹ, ਚੱਕਰਵਾਤ ਅਤੇ ਮੌਸਮ ਦੀਆਂ ਵਧਦੀਆਂ ਘਟਨਾਵਾਂ ਵੀ ਹਨ। ਭਾਰਤ ’ਚ ਹੜ੍ਹ ਕਾਰਨ 39 ਲੱਖ, ਤੂਫਾਨ ਕਾਰਨ 28 ਲੱਖ ਅਤੇ ਸੋਕੇ ਕਾਰਨ 20 ਹਜ਼ਾਰ ਬੱਚੇ ਦਰ-ਬ-ਦਰ ਹੋਏ ਹਨ।
ਭਾਰਤ ’ਚ, 2011 ਦੀ ਮਰਦਮਸ਼ੁਮਾਰੀ ਅਨੁਸਾਰ ਲਗਭਗ 45 ਕਰੋੜ ਲੋਕ ਪ੍ਰਵਾਸੀ ਹੋਏ ਜਿਨ੍ਹਾਂ ’ਚੋਂ 64 ਫੀਸਦੀ ਪੇਂਡੂ ਇਲਾਕਿਆਂ ’ਚੋਂ ਸਨ। ਪ੍ਰਵਾਸੀਆਂ ਦਾ ਇਕ ਵੱਡਾ ਹਿੱਸਾ ਘੱਟ ਆਮਦਨ ਵਾਲੇ ਸੂਬਿਆਂ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ (ਸੂਬੇ ਤੋਂ ਬਾਹਰ ਹੋਣ ਵਾਲੇ ਕੁੱਲ ਪ੍ਰਵਾਸ ਦਾ 36 ਫੀਸਦੀ) ਰਿਹਾ। ਇਹ ਦੋਵੇਂ ਸੂਬੇ ਦੱਖਣੀ ਏਸ਼ੀਆ ਦੇ ਸਭ ਤੋਂ ਵੱਧ ਖੇਤੀ ਵਾਲੇ ਗੰਗਾ ਖੇਤਰ ਦੇ ਹਨ। ਘਰ ਛੱਡ ਕੇ ਜਾਣ ਵਾਲੇ ਕੁਝ ਲੋਕ ਤਾਂ ਸਿਰਫ ਥੋੜ੍ਹੇ ਦਿਨਾਂ ਲਈ ਕੰਮ ਕਰਨ ਗਏ ਪਰ ਜ਼ਿਆਦਾਤਰ ਦੀ ਹਿਜਰਤ ਪੱਕੇ ਤੌਰ ’ਤੇ ਹੋਈ। ਇਹ ਆਬਾਦੀ ਮੁੱਖ ਤੌਰ ’ਤੇ ਹਾਸ਼ੀਏ ’ਤੇ ਰਹਿਣ ਵਾਲੇ ਲੋਕਾਂ ਦੀ ਸੀ ਜੋ ਖੇਤੀਬਾੜੀ ’ਤੇ ਨਿਰਭਰ ਸਨ। ਸਮਝਣਾ ਪਵੇਗਾ ਕਿ ਗੰਗਾ ਖੇਤਰ ਭਾਰਤ ਦਾ ਸਭ ਤੋਂ ਸੰਘਣੀ ਆਬਾਦੀ ਵਾਲਾ ਖੇਤਰ ਹੈ ਜਿੱਥੇ ਲਗਭਗ 64 ਕਰੋੜ ਲੋਕ ਗਰੀਬੀ ’ਚ ਰਹਿੰਦੇ ਹਨ। ਹਾਲ ਦੇ ਦਹਾਕੇ ਦੌਰਾਨ ਇਨ੍ਹਾਂ ਖੇਤਰਾਂ ’ਚ ਹਿਜਰਤ ਦੀ ਗਤੀ ਤੇਜ਼ ਹੋ ਗਈ ਹੈ ਅਤੇ ਇਹ ਰੁਝਾਨ ਭਵਿੱਖ ’ਚ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ।