ਇਨਸਾਨਾਂ ਦੀਆਂ ਕਰਤੂਤਾਂ ਨਾਲ ਮੌਸਮ ’ਚ ਤਬਦੀਲੀ ਆਈ

07/15/2021 3:22:25 AM

ਰਿਤੂਪਰਣ ਦਵੇ 
ਕੁਦਰਤ ’ਤੇ ਕਦੋਂ ਕਿਸੇ ਦਾ ਜ਼ੋਰ ਰਿਹਾ ਹੈ? ਨਾ ਕੁਦਰਤ ਦੇ ਵਿਗੜੇ ਮਿਜਾਜ਼ ਨੂੰ ਕੋਈ ਕਾਬੂ ਕਰ ਸਕਿਆ ਅਤੇ ਨਾ ਹੀ ਫਿਲਹਾਲ ਮਨੁੱਖ ਦੇ ਵੱਸ ’ਚ ਦਿਸਦਾ ਹੈ। ਹਾ, ਇੰਨਾ ਜ਼ਰੂਰ ਹੈ ਕਿ ਆਪਣੀਆਂ ਹਰਕਤਾਂ ਨਾਲ ਕੁਦਰਤ ਨੂੰ ਸਾਡੇ ਵੱਲੋਂ ਲਗਾਤਾਰ ਨਾਰਾਜ਼ ਜ਼ਰੂਰ ਕੀਤਾ ਜਾ ਰਿਹਾ ਹੈ ਜਿਸ ’ਤੇ ਕੁਦਰਤ ਦਾ ਵਿਰੋਧ ਵੀ ਲਗਾਤਾਰ ਦਿਸ ਰਿਹਾ ਹੈ ਪਰ ਬਾਵਜੂਦ ਇਸ ਦੇ ਅਸੀਂ ਹਾਂ ਕਿ ਮੰਨਦੇ ਨਹੀਂ। ਨਾ ਵਾਤਾਵਰਣ ਵਿਰੋਧੀ ਸਰਗਰਮੀਆਂ ਨੂੰ ਘਟਾਉਂਦੇ ਹਾਂ ਅਤੇ ਨਾ ਹੀ ਕੁਦਰਤੀ ਸੋਮਿਆਂ ਦੀ ਅੰਨ੍ਹੇਵਾਹ ਵਰਤੋਂ ਹੀ ਰੋਕਦੇ ਹਾਂ। ਕੁਦਰਤ ਅਤੇ ਮਨੁੱਖ ਦਰਮਿਆਨ ਦੂਰੀਆਂ ਵਧਦੀਆਂ ਜਾ ਰਹੀਆਂ ਹਨ।

ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਤਾਪਮਾਨ ’ਚ ਵਾਧੇ ਦੇ ਕਾਰਨ ਵਿਸ਼ਵ ਪੱਧਰ ’ਤੇ ਪਾਣੀ ਦੀ ਘਾਟ ਅਤੇ ਸੋਕੇ ਦਾ ਪ੍ਰਕੋਪ ਤੇਜ਼ੀ ਨਾਲ ਵਧ ਰਿਹਾ ਹੈ। ਇਹ ਦੋਵੇਂ ਹੀ ਮਨੁੱਖਤਾ ਨੂੰ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਾਉਣ ਲਈ ਤਿਆਰ ਹੋਏ ਮੂੰਹ ਅੱਡੀ ਖੜ੍ਹੇ ਹਨ। ਅੰਕੜੇ ਦੱਸਦੇ ਹਨ ਕਿ 1998 ਤੋਂ 2017 ਦਰਮਿਆਨ ਵਿਗੜੇ ਮਾਨਸੂਨ ਨਾਲ 124 ਅਰਬ ਡਾਲਰ ਦਾ ਆਰਥਿਕ ਨੁਕਸਾਨ ਹੋ ਚੁੱਕਾ ਹੈ ਅਤੇ ਲਗਭਗ ਡੇਢ ਅਰਬ ਲੋਕ ਵੀ ਪ੍ਰਭਾਵਿਤ ਹੋਏ ਹਨ।

ਇਕ ਹੋਰ ਤਾਜ਼ੀ ਭਾਰਤੀ ਖੋਜ ਤੋਂ ਵੀ ਪਤਾ ਲੱਗਦਾ ਹੈ ਕਿ ਹਿਮਾਲਿਆ ਅਤੇ ਕਾਕੋਰਮ ’ਚ ਗਲੋਬਲ ਵਾਰਮਿੰਗ ਦਾ ਅਸਰ ਸਾਫ ਦਿਸਣ ਲੱਗਾ ਹੈ। ਗਲੇਸ਼ੀਅਰ ਪਿਘਲਣ ਨਾਲ ਹੜ੍ਹ ਅਤੇ ਰੋਜ਼ਗਾਰ ਦੋਵਾਂ ’ਤੇ ਹੀ ਖਤਰਾ ਸਾਹਮਣੇ ਹੈ। ਪਹਿਲਾਂ ਜੂਨ ’ਚ ਪਿਘਲਣ ਵਾਲੇ ਗਲੇਸ਼ੀਅਰ ਹੁਣ ਅਪ੍ਰੈਲ ’ਚ ਹੀ ਪਿਘਲਣ ਲੱਗੇ ਹਨ। ਗਰਮੀ ਨਾਲ ਟੁੱਟ ਰਹੇ ਗਲੇਸ਼ੀਅਰਾਂ ਨਾਲ ਲਗਭਗ 100 ਕਰੋੜ ਲੋਕਾਂ ਦੇ ਸਾਹਮਣੇ ਖਤਰੇ ਵਰਗੇ ਹਾਲਾਤ ਦਿਸਣ ਲੱਗੇ ਹਨ।

ਸੰਯੁਕਤ ਰਾਸ਼ਟਰ ਸੰਘ ਦਾ ਹੀ ਪੂਰਵ ਅਨੁਮਾਨ ਹੈ ਕਿ ਜ਼ਿਆਦਾਤਰ ਅਫਰੀਕਾ, ਫਿਰ ਮੱਧ ਅਤੇ ਦੱਖਣੀ ਅਫਰੀਕਾ, ਮੱਧ ਏਸ਼ੀਆ, ਦੱਖਣੀ ਆਸਟ੍ਰੇਲੀਆ, ਦੱਖਣੀ ਯੂਰਪ, ਮੈਕਸੀਕੋ ਅਤੇ ਬਾਕੀ ਅਮਰੀਕਾ ’ਚ ਲਗਾਤਾਰ ਅਤੇ ਗੰਭੀਰ ਸੋਕਾ ਪਵੇਗਾ।

ਹੁਣੇ ਜੋ ਹਾਲਾਤ ਬਣ ਰਹੇ ਹਨ ਉਹ ਕੁਝ ਇਹੀ ਇਸ਼ਾਰਾ ਕਰ ਰਹੇ ਹਨ। ਭਾਰਤੀ ਸੰਦਰਭ ’ਚ ਦੇਖੀਏ ਤਾਂ ਇਸੇ ਬੀਤੇ ਜੂਨ ਦੇ ਅੰਤ ਤੋਂ ਜੁਲਾਈ ਦੇ ਦੂਸਰੇ ਪੰਦਰਵਾੜੇ ’ਚ ਹੁਣ ਤੱਕ ਹੁੰਮਸ ਅਤੇ ਨਮ ਹਵਾਵਾਂ ਦਰਮਿਆਨ ਲੂ ਦੇ ਥਪੇੜੇ ਹੋਰ ਵੀ ਜ਼ਿਆਦਾ ਖਤਰਨਾਕ ਹੋ ਰਹੇ ਹਨ। ਦਰਅਸਲ ਇਹ ਵੈਟ ਬੱਲਬ ਤਾਪਮਾਨ ਵਾਲੀ ਸਥਿਤੀ ਹੁੰਦੀ ਹੈ ਜੋ ਹੁੰਮਸ ਅਤੇ ਗਰਮੀ ਦੋਵਾਂ ਨਾਲ ਮਿਲ ਕੇ ਬਣਦੀ ਹੈ। ਇਸ ’ਚ ਤਾਪਮਾਨ ਤਾਂ 30 ਡਿਗਰੀ ਦੇ ਨੇੜੇ-ਤੇੜੇ ਹੁੰਦਾ ਹੈ ਪਰ ਵਾਤਾਵਰਣ ’ਚ ਨਮੀ 90 ਫੀਸਦੀ ਹੋਣ ਦੇ ਬਾਵਜੂਦ ਅਜਿਹੇ ਮੌਸਮ ਨੂੰ ਸਹਿ ਸਕਣਾ ਬੜਾ ਔਖਾ ਹੋ ਜਾਂਦਾ ਹੈ।

ਜਿੱਥੇ ਭਾਰਤ ’ਚ ਸਮੇਂ ਤੋਂ ਪਹਿਲਾਂ ਆਏ ਮਾਨਸੂਨ ਦੀ ਆਮਦ ਅਤੇ ਹੁਣ ਲੋੜ ਦੇ ਸਮੇਂ ਗਫਲਤ ਨੇ ਕਿਸਾਨਾਂ ਸਮੇਤ ਆਮ ਤੇ ਖਾਸ ਸਾਰਿਆਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਉੱਥੇ ਹੀ ਅਮਰੀਕਾ ’ਚ ਵੀ ਪਾਰੇ ਨੇ ਨਵਾਂ ਰਿਕਾਰਡ ਬਣਾ ਦਿੱਤਾ। ਕੈਲੀਫੋਰਨੀਆ ਦੇ ਡੈੱਥਵੈਲੀ ਪਾਰਕ ’ਚ ਇਸੇ ਸਾਲ 9 ਜੁਲਾਈ ਨੂੰ ਵੱਧ ਤੋਂ ਵੱਧ ਤਾਪਮਾਨ 54 ਡਿਗਰੀ ਸੈਲਸੀਅਸ ਦਰਜ ਹੋਇਆ। ਇਸ ਤੋਂ ਪਹਿਲਾਂ 10 ਜੁਲਾਈ, 1913 ਨੂੰ ਉੱਥੇ ਤਾਪਮਾਨ 56.7 ਡਿਗਰੀ ਸੈਲਸੀਅਸ ਦਰਜ ਹੋਇਆ ਜੋ ਦੁਨੀਆ ’ਚ ਸਭ ਤੋਂ ਵੱਧ ਹੈ।

ਕੈਲੀਫੋਰਨੀਆ, ਓਰੇਗਨ ਅਤੇ ਏਰੀਜ਼ੋਨਾ ’ਚ ਕਿੰਨੇ ਜੰਗਲ ਲਟ-ਲਟ ਕਰ ਕੇ ਬਲ ਉੱਠੇ ਹਨ, ਧੂੰਏਂ ਭਰੇ ਪਾਇਰੋਕੰਮਿਊਲਸ ਬੱਦਲਾਂ ਦਾ ਨਿਰਮਾਣ ਕੁਝ ਇਸੇ ਤਰ੍ਹਾਂ ਹੋਇਆ ਜੋ ਅਕਸਰ ਜੰਗਲਾਂ ਦੀ ਵੱਡੀ ਅੱਗ ਜਾਂ ਜਵਾਲਾਮੁਖੀ ਨਾਲ ਬਣਦੇ ਹਨ। ਅਜੇ ਜੁਲਾਈ ਦੇ 14 ਦਿਨਾਂ ’ਚ ਹੀ 2,45,472 ਏਕੜ ਇਲਾਕਾ ਸੜ ਕੇ ਸਵਾਹ ਹੋ ਚੁੱਕਾ ਹੈ।

ਤਾਪਮਾਨ ਵੀ 54 ਪਾਰ ਕਰ ਕੇ 57 ਡਿਗਰੀ ਸੈਲਸੀਅਸ ਪਹੁੰਚਣ ’ਤੇ ਉਤਾਰੂ ਹੈ। ਆਸਮਾਨੀ ਬਿਜਲੀ ਡਿੱਗਣ ਦੀਆਂ ਕਈ ਘਟਨਾਵਾਂ ਹੋਈਆਂ ਅਤੇ ਅੱਗ ਫੈਲਦੀ ਗਈ। ਭਾਰਤ ’ਚ ਰਾਜਸਥਾਨ ’ਚ ਚੁਰੂ ਵੀ ਦੇਸ਼ ਦਾ ਸਭ ਤੋਂ ਜ਼ਿਆਦਾ ਤਾਪਮਾਨ ਵਾਲਾ ਸ਼ਹਿਰ ਬਣ ਚੁੱਕਾ ਹੈ।

ਦਰਅਸਲ ਇਹ ਇਨਸਾਨਾਂ ਦੀਆਂ ਕਰਤੂਤਾਂ ਨਾਲ ਮੌਸਮ ਦਾ ਬਦਲਾ ਹੈ। ਇਸ ’ਤੇ 70 ਮਾਹਿਰਾਂ ਦੀ ਇਕ ਕੌਮਾਂਤਰੀ ਟੀਮ ਵੱਲੋਂ ਕੀਤਾ ਗਿਆ ਅਧਿਐਨ ਹੈ ਜਿਸ ’ਚ ਸਿਹਤ ’ਤੇ ਪੈਣ ਵਾਲੇ ਅਸਰ ਦੀ ਰਿਪੋਰਟ ਹੈਰਾਨ ਕਰਨ ਵਾਲੀ ਹੈ। ਅਜਿਹੇ ਅਸਰਾਂ ਨੂੰ ਜਾਣਨ ਵਾਲੀ ਇਹ ਪਹਿਲੀ ਅਤੇ ਹੁਣ ਤੱਕ ਦੀ ਸਭ ਤੋਂ ਵੱਡੀ ਖੋਜ ਹੈ। ਇਹ ਖੋਜ ਨੇਚਰ ਕਲਾਈਮੇਟ ਪੱਤ੍ਰਿਕਾ ’ਚ ਪ੍ਰਕਾਸ਼ਿਤ ਹੋਈ ਹੈ, ਜਿਸ ਅਨੁਸਾਰ ਗਰਮੀ ਦੇ ਕਾਰਨ ਹੋਣ ਵਾਲੀਆਂ ਮੌਤਾਂ ਦਾ ਔਸਤਨ 37 ਫੀਸਦੀ ਹੈ ਜੋ ਕਿਤੇ ਨਾ ਕਿਤੇ ਸਿੱਧੇ ਤੌਰ ’ਤੇ ਇਨਸਾਨੀ ਕਰਤੂਤਾਂ ਨਾਲ ਹੋਈਆਂ ਜਿਸ ਲਈ ਜਲਵਾਯੂ ਪਰਿਵਰਤਨ ਜ਼ਿੰਮੇਵਾਰ ਹੈ।

ਇਸ ਖੋਜ ਅਧਿਐਨ ਲਈ 43 ਦੇਸ਼ਾਂ ’ਚ 732 ਥਾਵਾਂ ਤੋਂ ਅੰਕੜੇ ਹਾਸਲ ਕੀਤੇ ਗਏ ਜੋ ਪਹਿਲੀ ਵਾਰ ਗਰਮੀ ਕਾਰਨ ਮੌਤ ਦੇ ਵਧਦੇ ਖਤਰੇ ’ਚ ਇਨਸਾਨੀ ਕਰਤੂਤਾਂ ਨਾਲ ਜਲਵਾਯੂ ਪਰਿਵਰਤਨ ਦੇ ਅਸਲੀ ਯੋਗਦਾਨ ਨੂੰ ਦਿਖਾਉਂਦਾ ਹੈ। ਸਾਫ ਹੈ ਕਿ ਜਲਵਾਯੂ ਪਰਿਵਰਤਨ ਨਾਲ ਇਨਸਾਨਾਂ ’ਤੇ ਦਿਸ ਰਹੇ ਖਤਰੇ ਹੁਣ ਵੱਧ ਦੂਰ ਨਹੀਂ ਹਨ। ਜਲਦੀ ਹੀ ਮਨੁੱਖੀ ਕਰਤੂਤਾਂ ਨਾਲ ਵਧੀ ਗਰਮੀ ਜਿਸ ਨੂੰ ਦੂਸਰੇ ਸ਼ਬਦਾਂ ’ਚ ਸਾਡੀਆਂ ਕਰਤੂਤਾਂ ਨਾਲ ਹੋਇਆ ਜਲਵਾਯੂ ਪਰਿਵਰਤਨ ਵੀ ਕਹਿ ਸਕਦੇ ਹਾਂ, ਨਾਲ ਹੋਣ ਵਾਲੀਆਂ ਮੌਤਾਂ ਨੂੰ ਜਾਂਚਣ ’ਤੇ ਇਹ ਅੰਕੜਾ ਹਰ ਸਾਲ ਇਕ ਲੱਖ ਦੇ ਪਾਰ ਪਹੁੰਚ ਸਕਦਾ ਹੈ।

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਦੀ ਵਿਸ਼ੇਸ਼ ਪ੍ਰਤੀਨਿਧੀ (ਆਫਤ ਜੋਖਮ ਨਿਊਨੀਕਰਨ) ਮਾਮੀ ਮਿਜੂਤੋਰੀ ਵੀ ਇਸ ਗੱਲ ਨੂੰ ਮੰਨਦੀ ਹੈ ਕਿ ਵਿਗੜੇ ਵਾਤਾਵਰਣ ਤੋਂ ਪੈਦਾ ਹੋਇਆ ਸੋਕਾ ਅਗਲੀ ਅਜਿਹੀ ਮਹਾਮਾਰੀ ਬਣਨ ਜਾ ਰਿਹਾ ਹੈ ਜਿਸ ਦੇ ਲਈ ਨਾ ਕੋਈ ਟੀਕਾ ਹੋਵੇਗਾ, ਨਾ ਦਵਾਈ।


Bharat Thapa

Content Editor

Related News