ਸਿਆਸਤਦਾਨਾਂ ਦੇ ਦਾਅਵੇ ਅਤੇ ਸਾਡਾ ਕਰਤੱਵ

Friday, May 31, 2024 - 05:29 PM (IST)

ਲਹਿਰਾਂ ਅਤੇ ਸਮੁੰਦਰ ਵਿਚ ਇਕ ਬੁਨਿਆਦੀ ਫਰਕ ਹੁੰਦਾ ਹੈ... ਲਹਿਰਾਂ ਕਿਨਾਰੇ ਨਾਲ ਟਕਰਾਉਂਦੀਆਂ ਰਹਿੰਦੀਆਂ ਹਨ ਪਰ ਸਿਰਫ ਸ਼ੋਰ ਮਚਾਉਂਦੀਆਂ ਹਨ, ਫਰਕ ਸਿਰਫ ਇੰਨਾ ਹੈ ਕਿ ਸਮੁੰਦਰ ਜਦੋਂ ਕਿਨਾਰੇ ਨਾਲ ਟਕਰਾਉਂਦਾ ਹੈ ਤਾਂ ਨਵੇਂ ਕਿਨਾਰੇ ਬਣਾ ਦਿੰਦਾ ਹੈ।

ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਵਿਚ 543 ਪਾਰਲੀਮੈਂਟ ਸੀਟਾਂ ਦੇ ਉਮੀਦਵਾਰਾਂ ਨੂੰ ਚੁਣਨ ਲਈ ਭਾਰਤ ਦੇ ਲਗਭਗ 97 ਕਰੋੜ ਵੋਟਰ ਇਕ ਅਥਾਹ ਸਮੁੰਦਰ ਵਾਂਗ ਹਨ।

ਭਾਰਤ ਵਿਚ ਚੱਲ ਰਹੀਆਂ ਚੋਣਾਂ ਦੇ ਛੇ ਗੇੜ ਪੂਰੇ ਹੋ ਚੁੱਕੇ ਹਨ। ਸੱਤਵੇਂ ਗੇੜ ਲਈ ਸਿਆਸੀ ਪਾਰਟੀਆਂ ਟਿੱਲ ਦਾ ਜ਼ੋਰ ਲਾ ਰਹੀਆਂ ਹਨ। ਪੰਜਾਬ ਦੇ ਲੋਕ ਸੱਤਵੇਂ ਗੇੜ ਵਿਚ ਪੈਣ ਵਾਲੀਆਂ ਚੋਣਾਂ ’ਤੇ 1 ਜੂਨ ਨੂੰ ਵੋਟਾਂ ਪਾਉਣਗੇ। ਕੋਈ 400 ਪਾਰ ਜਾਣਾ ਚਾਹੁੰਦਾ ਹੈ ਤਾਂ ਕੋਈ ਹੱਦੋਂ ਪਾਰ ਜਾਣਾ ਚਾਹੁੰਦਾ ਹੈ। ਕੋਈ ਗੁਆ ਚੁੱਕੇ ਆਪਣੇ ਮਾਣ-ਸਤਿਕਾਰ ਨੂੰ ਵਾਪਸ ਲੈਣ ਦੀ ਕੋਸ਼ਿਸ਼ ’ਚ ਲੱਗਾ ਹੈ ਤਾਂ ਕੋਈ ਵੱਡੇ-ਵੱਡੇ ਸੁਪਨੇ ਵੇਚ ਕੇ ਆਪਣੇ ਮਨੋਰਥ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਹਰ ਕੋਈ ਦਾਅਵਾ ਕਰਦਾ ਹੈ ਕਿ ਸਿਰਫ ਉਹ ਹੀ ਇਸ ਮੁਲਕ ਨੂੰ ਸਾਂਭ ਸਕਦਾ ਹੈ ਤਾਂ ਕਿ ਤੁਸੀਂ ਚੈਨ ਦੀ ਨੀਂਦ ਸੌਂ ਸਕੋ। ਪਾਰਟੀਆਂ ਦੇ ਮੈਨੀਫੈਸਟੋ ਕਿਸੇ ਵੀ ਧਾਰਮਿਕ ਗ੍ਰੰਥ ਵਾਂਗ ਕੁਝ ਵੀ ਗਲਤ ਨਹੀਂ ਆਖਦੇ ਪਰ ਇੰਝ ਲੱਗਣ ਲੱਗ ਪਿਆ ਹੈ ਕਿ ਹੁਣ ਝੂਠ ਸੱਚ ਤੋਂ ਵੱਡਾ ਹੁੰਦਾ ਜਾ ਰਿਹਾ ਹੈ।

ਇਕ ਬੜੀ ਮਜ਼ੇਦਾਰ ਪੋਸਟ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਚੋਣਾਂ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਆਈ ਇਕ ਪੋਸਟ ਵਿਚ ਲਿਖਿਆ ਸੀ :

ਬ੍ਰੇਕਿੰਗ ਨਿਊਜ਼ : ਲੋਕ ਸਭਾ ਚੋਣਾਂ ਦੋ ਚਰਨਾਂ ਵਿਚ ਹੋਣਗੀਆਂ, ਪਹਿਲੇ ਵਿਚ ਉਹ ਤੁਹਾਡੇ ਚਰਨਾਂ ਵਿਚ ਹੋਣਗੇ ਤੇ ਦੂਜੇ ਵਿਚ ਤੁਸੀਂ ਉਨ੍ਹਾਂ ਦੇ ਚਰਨਾਂ ਵਿਚ ਹੋਵੋਗੇ।

ਅੱਜ ਦੇ ਨੇਤਾ ਬਾਲੀਵੁੱਡ ਦੇ ਅਦਾਕਾਰਾਂ ਨਾਲੋਂ ਵੱਡੇ ਐਕਟਰ ਹਨ। ਉਹ ਜਨਤਾ ਨੂੰ ਬਹੁਤ ਸੋਹਣੇ ਤਰੀਕੇ ਨਾਲ ਭਰਮਾਉਣਾ ਜਾਣਦੇ ਹਨ। ਵੱਡੀਆਂ-ਵੱਡੀਆਂ ਪਾਰਟੀਆਂ ਦੇ ਵੱਡੇ-ਵੱਡੇ ਲੀਡਰ ਪਿਛੋਕੜ ’ਚ ਹੋਈਆਂ ਘਟਨਾਵਾਂ ਦੀ ਜ਼ਿੰਮੇਵਾਰੀ ਆਪਣੇ ਵਿਰੋਧੀ ਧਿਰ ਦੇ ਲੀਡਰਾਂ ’ਤੇ ਪਾ ਕੇ ਕਹਿੰਦੇ ਹਨ ਜੇਕਰ ਮੈਂ ਉਸ ਵੇਲੇ ਤਾਕਤ ਵਿਚ ਹੁੰਦਾ ਤਾਂ ਮੈਂ ਫਲਾਂ ਗਲਤੀ ਨਹੀਂ ਹੋਣ ਦੇਣੀ ਸੀ।

ਦੇਸ਼ ਭਰ ਦੇ ਬਹੁਤ ਸਾਰੇ ਸਮਾਜ ਸੇਵੀ ਅਦਾਰੇ, ਬੁੱਧੀਜੀਵੀ, ਸਾਡੇ ਵਰਗੇ ਪੱਤਰਕਾਰ ਬਿਨ ਮੰਗਿਆਂ ਮੁਫਤ ਸਲਾਹਾਂ ਦੇ ਰਹੇ ਹਨ ਕਿ ‘‘ਭਾਈ ਲੋਕੋ’’ ਸਮਝਦਾਰੀ ਨਾਲ ਵੋਟ ਪਾਇਓ ਪਰ ਇਨ੍ਹਾਂ ਬੁੱਧੀਜੀਵੀਆਂ ਨੂੰ ਕੀ ਇਹ ਨਹੀਂ ਪਤਾ ਕਿ ਅਜੇ ਵੀ ਸਾਡੀ ਜਨਤਾ ਦਾ ਵੱਡਾ ਹਿੱਸਾ ਗਲਾਸੀ ਦੀ ਭਾਸ਼ਾ ਸਮਝਦਾ ਹੈ।

ਇਹ ਵੀ ਸੱਚ ਹੈ ਕਿ ਚੋਣਾਂ ਲੜ ਰਹੇ ਚੰਗੇ ਕਿਰਦਾਰਾਂ ਵਾਲੇ ਲੀਡਰ ਸਾਹਿਬਾਨਾਂ ਨੂੰ ਵੀ ਅੰਗਰੇਜ਼ੀ ਦੀ ਕਹਾਵਤ ‘ਵੈੱਨ ਇਨ ਰੋਮ, ਡੂ ਐਜ਼ ਦਿ ਰੋਮਨਜ਼ ਡੂ’ ਤੇ ਅਮਲ ਕਰਦਿਆਂ ਨਾ ਚਾਹੁੰਦੇ ਹੋਏ ਵੀ ਗਲਾਸੀ ਜੰਕਸ਼ਨ ਵਾਲੇ ਵੋਟਰਾਂ ਨੂੰ ਵੀ ਖੁਸ਼ ਹੋਣਾ ਪੈ ਰਿਹਾ ਹੈ।

ਹਟਣਾ ਮੈਂ ਵੀ ਨਹੀਂ, ਸਮਾਜ ਦਾ ਇਕ ਹਿੱਸਾ ਜਿਸ ਨੂੰ ‘‘ਸਵਿੰਗ’’ ਵੋਟਰ ਆਖਦੇ ਹਨ, ਵੋਟਾਂ ਵਾਲੇ ਦਿਨ ਘਰਾਂ ਵਿਚ ਬੈਠ ਕੇ ਜਾਂ ਪਹਾੜਾਂ ਵਿਚ ਜਾ ਕੇ ਛੁੱਟੀ ਮਨਾਉਣਾ ਜ਼ਿਆਦਾ ਪਸੰਦ ਕਰਦੇ ਹਨ।

ਇਲੈਕਸ਼ਨ ਕਮਿਸ਼ਨ ਵਿਚ ਹੋ ਸਕਦਾ ਕੁਝ ਖਾਮੀਆਂ ਹੋਣ ਪਰ ਉਹ ਆਪਣੀ ਪੂਰੀ ਵਾਹ ਲਾ ਰਿਹਾ ਹੈ ਕਿ ਕਿਸੇ ਤਰੀਕੇ ਤੁਸੀਂ ਘਰੋਂ ਬਾਹਰ ਆਓ ਅਤੇ ਵੋਟ ਪਾਓ, ਜਿਸ ਨੂੰ ਵੀ ਵੋਟ ਪਾਉਣਾ ਚਾਹੁੰਦੇ ਹੋ ਜ਼ਰੂਰ ਪਾਓ।

ਆਪਣਾ ਗੁੱਸਾ, ਗਿਲਾ, ਆਪਣੇ ਸਮਝ ਸਭ ਕੁਝ ਵਰਤੋ ਤੇ ਉਨ੍ਹਾਂ ਨੂੰ ਆਪਣਾ ਸਮਰਥਨ ਦਿਓ, ਜੋ ਤੁਹਾਡੀ ਅਤੇ ਦੇਸ਼ ਦੀ ਤਾਕਤ ਬਣ ਸਕਣ। ਯਾਦ ਰੱਖਿਓ...

ਜਲਦੇ ਘਰ ਨੂੰ ਦੇਖਣ ਵਾਲੇ ਹੋ, ਫੂਸ ਦਾ ਛੱਪਰ ਆਪ ਦਾ ਹੈ, ਅੱਗ ਦੇ ਪਿੱਛੇ ਤੇਜ਼ ਹਵਾ ਹੈ, ਅੱਗੇ ਨੰਬਰ ਆਪ ਦਾ ਹੈ, ਉਸ ਦੇ ਕਤਲ ਵਿਚ ਮੈਂ ਵੀ ਚੁੱਪ ਸੀ, ਮੇਰੀ ਬਾਰੀ ਅਬ ਆਈ, ਮੇਰੇ ਕਤਲ ਪਰ ਆਪ ਭੀ ਚੁੱਪ ਹੋ, ਅਗਲਾ ਨੰਬਰ ਆਪ ਦਾ ਹੈ।

ਦੇਸ਼ ਵਿਚ ਹੋਏ ਪਹਿਲੇ ਛੇ ਗੇੜਾਂ ਦੀਆਂ ਚੋਣਾਂ ਵਿਚ ਜੋ ਕੁਝ ਹੋਇਆ ਸੋ ਹੋਇਆ, ਸੱਤਵੇਂ ਫੇਸ ਦੀਆਂ ਚੋਣਾਂ ਵਿਚ ਪੰਜਾਬੀਆਂ ਨੂੰ ਦੇਸ਼ ਹਿੱਤ ਨੂੰ ਮੁੱਖ ਰੱਖ ਕੇ ਦਿਖਾ ਦੇਣਾ ਚਾਹੀਦਾ ਹੈ ਕਿ ਪੰਜਾਬੀ, ਫਿਰਕੂ ਵੰਡੀਆਂ ਨਹੀਂ ਚਾਹੁੰਦਾ, ਉਹ ਸੂਬੇ ਅਤੇ ਭਾਰਤ ਦੀ ਤਰੱਕੀ ਚਾਹੁੰਦਾ ਹੈ।

ਪੰਜਾਬੀਓ ਤੁਹਾਨੂੰ ਉਨ੍ਹਾਂ ਲੀਡਰਾਂ ਦੇ ਭੁਲੇਖੇ ਕੱਢ ਦੇਣੇ ਚਾਹੀਦੇ ਹਨ ਜਿਹੜੇ ਤੁਹਾਨੂੰ ਭੋਲੇ-ਭਾਲੇ ਜਾਣ ਕੇ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹਨ... ਉਨ੍ਹਾਂ ਨੂੰ ਦੱਸ ਦਿਓ ਤੁਸੀਂ ਭੋਲੇ ਜ਼ਰੂਰ ਹੋ ਪਰ ਬੇਫਿਕਰੇ ਨਹੀਂ ਹੋ।

1 ਜੂਨ ਨੂੰ ਆਪਣੇ ਵੋਟ ਦਾ ਅਧਿਕਾਰ ਜ਼ਰੂਰ ਕਰਿਓ, ਨਹੀਂ ਤਾਂ ਪੰਜਾਬੀਓ... ਪੰਜਾਬ ਨੂੰ ਇਸ ਗੱਲ ਦਾ ਹਿਰਖ ਰਹੇਗਾ ਕਿ ਤੁਸੀਂ ਇਕ ਵਾਰ ਫਿਰ ਪੰਜਾਬ ਲਈ, ਇਸ ਦੇ ਹੱਕਾਂ ਲਈ ਅੱਗੇ ਨਹੀਂ ਆਏ।

ਰਵਿੰਦਰ ਸਿੰਘ ਰੌਬਿਨ


Rakesh

Content Editor

Related News