ਬਿਹਾਰ ’ਚ ਚਿਰਾਗ ਪਾਸਵਾਨ ਦੀ ਪੋਸਟਰ ਸਿਆਸਤ

10/12/2020 2:20:13 AM

ਰਾਹਿਲ ਨੌਰਾ ਚੋਪੜਾ

ਆਪਣੇ ਫੈਸਲਿਆਂ ਨਾਲ ਚਿਰਾਗ ਪਾਸਵਾਨ ਨੇ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਦਿਲਚਸਪ ਬਣਾ ਦਿੱਤਾ ਹੈ। ਉਨ੍ਹਾਂ ਨੇ ਸੀਨੀਅਰ ਭਾਜਪਾ ਨੇਤਾ ਸੁਸ਼ੀਲ ਕੁਮਾਰ ਮੋਦੀ ਅਤੇ ਭਾਜਪਾ ਸੂਬਾ ਪ੍ਰਧਾਨ ਸੰਜੇ ਜਾਇਸਵਾਲ ਦੋਵਾਂ ਨੂੰ ਹੀ ਨਾਰਾਜ਼ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਨੇਤਾਵਾਂ ਨੇ ਇਸ ਗੱਲ ਨੂੰ ਲੈ ਕੇ ਰੋਕ ਲਗਾਈ ਸੀ ਕਿ ਗਠਜੋੜ ਸਹਿਯੋਗੀ ਦੇ ਇਲਾਵਾ ਦੂਸਰੀ ਕੋਈ ਵੀ ਹੋਰ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰ ਦੀ ਵਰਤੋਂ ਨਹੀਂ ਕਰੇਗੀ ਅਤੇ ਜੇਕਰ ਕੋਈ ਅਜਿਹਾ ਕਰਦੇ ਹੋਏ ਪਾਇਆ ਗਿਆ ਤਾਂ ਉਸਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਜਾਵੇਗੀ।

ਲੋਜਪਾ ਨੇ ਮੋਦੀ ਦੇ ਪੋਸਟਰ ਦੀ ਵਰਤੋਂ ਆਪਣੇ ਪੋਸਟਰ ’ਤੇ ਕੀਤੀ ਹੈ ਅਤੇ ਚਿਰਾਗ ਨੇ ਦੋਵਾਂ ਭਾਜਪਾ ਨੇਤਾਵਾਂ ਨੂੰ ਆਪਣੀ ਇਸ ਕਾਰਵਾਈ ਨਾਲ ਚੁਣੌਤੀ ਦਿੱਤੀ ਹੈ। ਚਿਰਾਗ ਦੇ ਅਨੁਸਾਰ ਕੇਂਦਰ ’ਚ ਭਾਜਪਾ ਦੇ ਨਾਲ ਲੋਜਪਾ ਗਠਜੋੜ ’ਚ ਹੈ ਅਤੇ ਕੇਂਦਰ ’ਚ ਜਦ (ਯੂ) ਭਾਜਪਾ ਗਠਜੋੜ ਦਾ ਹਿੱਸਾ ਨਹੀਂ ਹੈ। ਇਸ ਕਾਰਨ ਲੋਜਪਾ ਦੇ ਪੋਸਟਰ ਮੋਦੀ ਦੇ ਨਾਅਰੇ ‘ਮੋਦੀ ਨਾਲ ਵੈਰ ਨਹੀਂ, ਨਿਤੀਸ਼ ਤੇਰੀ ਖੈਰ ਨਹੀਂ’ ਨਾਲ ਦਿਖਾਈ ਦਿੱਤੇ। ਅਜਿਹਾ ਕਰ ਕੇ ਲੋਜਪਾ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਨਿਸ਼ਾਨਾ ਲਗਾਉਣਾ ਚਾਹੁੰਦੀ ਹੈ।

ਜਨਤਕ ਬੈਠਕਾਂ ’ਚ ਭਾਜਪਾ ਦੇ ਨਾਲ-ਨਾਲ ਜਦ (ਯੂ) ਦੇ ਲਈ ਵੀ ਆਪਣੇ ਪੱਖ ਨੂੰ ਸਪੱਸ਼ਟ ਕਰਨਾ ਮੁਸ਼ਕਲ ਹੋ ਰਿਹਾ ਹੈ। ਸਿਅਾਸੀ ਅਾਬਜ਼ਰਵਰਾਂ ਅਨੁਸਾਰ ਚਿਰਾਗ ਇਸ ਸਮੇਂ ਮਹਾਰਾਸ਼ਟਰ ਅਤੇ ਪੰਜਾਬ ਦੀ ਲਾਈਨ ’ਤੇ ਕੰਮ ਕਰ ਰਹੇ ਹਨ ਜਿਥੇ ਭਾਜਪਾ ਨੇ ਆਪਣੇ ਪੁਰਾਣੇ ਸਹਿਯੋਗੀ ਸ਼ਿਵ ਸੈਨਾ ਅਤੇ ਅਕਾਲੀ ਦਲ ਨੂੰ ਛੱਡਣ ’ਚ ਕੋਈ ਸਮਾਂ ਨਹੀਂ ਗੁਅਾਇਆ।

ਕਾਂਗਰਸੀ ਵਰਕਰ ਬਿਹਾਰ ’ਚ ਦਿਖਾਈ ਦੇ ਰਹੇ ਨਾਖੁਸ਼

ਇਸ ਸਮੇਂ ਬਿਹਾਰ ’ਚ ਜਿੱਤਣ ਦੀ ਸਮਰੱਥਾ ਰੱਖਣ ਵਾਲਿਆਂ ਦੀ ਤੁਲਨਾ ’ਚ ਬਾਹਰੀ ਲੋਕਾਂ ਨੂੰ ਟਿਕਟਾਂ ਵੰਡਣ ਦੇ ਦੋਸ਼ ਕਾਂਗਰਸ ’ਚ ਲੱਗ ਰਹੇ ਹਨ। ਸਾਰੀਆਂ ਪਾਰਟੀਆਂ ਨਾਲੋਂ ਇਸ ਮਾਮਲੇ ’ਚ ਕਾਂਗਰਸ ਜ਼ਿਆਦਾ ਪ੍ਰਭਾਵਿਤ ਨਜ਼ਰ ਆ ਰਹੀ ਹੈ।

ਅਜਿਹੇ ਮਤਭੇਦਾਂ ਦੇ ਕਾਰਨ ਪਾਰਟੀ ਦੇ ਕੁਝ ਇੱਛਾਵਾਦੀ ਉਮੀਦਵਾਰਾਂ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਉਥੇ ਕੁਝ ਅਜਿਹੇ ਨੇਤਾ ਵੀ ਹਨ ਜੋ ਅਧਿਕਾਰਕ ਨਾਮਜ਼ਦ ਉਮੀਦਵਾਰਾਂ ਦੀ ਹਾਰ ਨੂੰ ਯਕੀਨੀ ਬਣਾਉਣ ਲਈ ਕੰਮ ਕਰਨ ਦੀ ਕਸਮ ਉਠਾ ਰਹੇ ਹਨ। ਕੁਝ ਉਮੀਦਵਾਰਾਂ ਨੇ ਗੁਪਤ ਤਰੀਕੇ ਨਾਲ ਸੂਚੀ ਦੇ ਰਸਮੀ ਐਲਾਨ ਤੋਂ ਪਹਿਲਾਂ ਪਾਰਟੀ ਚਿੰਨ੍ਹਾਂ ਨੂੰ ਨਾਮਜ਼ਦਗੀ ਪੱਤਰਾਂ ਨੂੰ ਦਾਖਿਲ ਕਰਨ ਤੋਂ ਪਹਿਲਾਂ ਦੇ ਦਿੱਤਾ ਹੈ।

ਹਾਲਾਂਕਿ ਕਈ ਕਾਂਗਰਸੀ ਅਾਗੂ ਬਹੁਤ ਜ਼ਿਆਦਾ ਇਸ ਤਰੀਕੇ ਤੋਂ ਨਾਰਾਜ਼ ਹੋਏ ਹਨ ਕਿ ਕਿਸ ਤਰ੍ਹਾਂ ਕੁਝ ਨੇਤਾਵਾਂ ਨੇ ਪਾਰਟੀ ਦੇ ਹਿੱਤਾਂ ਨੂੰ ਸੱਟ ਮਾਰਨ ਲਈ ਸਾਜ਼ਿਸ਼ ਰਚੀ ਹੈ। ਪਹਿਲੀ ਸੂਚੀ ’ਚ ਮੁਸਲਿਮ ਭਾਈਚਾਰੇ ’ਚੋਂ ਕੋਈ ਵੀ ਉਮੀਦਵਾਰ ਲਿਆ ਨਹੀਂ ਗਿਆ , ਜਿਸਦੇ ਕਾਰਨ ਵੀ ਨਾਰਾਜ਼ਗੀ ਪੈਦਾ ਹੋਈ ਹੈ। ਵਧੇਰੇ ਨੌਜਵਾਨ ਵਰਕਰ ਇਹ ਟਿੱਪਣੀ ਕਰਦੇ ਦੇਖੇ ਗਏ ਹਨ ਕਿ ਹੁਣ ਜ਼ਿਆਦਾਤਰ ਸਿਆਸਤਦਾਨਾਂ ਲਈ 2 ਚੀਜ਼ਾਂ ਹੀ ਮਹੱਤਤਾ ਰੱਖਦੀਆਂ ਹਨ, ਇਕ ਤਾਂ ਪੈਸਿਆਂ ਨਾਲ ਭਰਿਆ ਬੈਗ ਅਤੇ ਦੂਸਰਾ ਪਰਿਵਾਰ ਦਾ ਕੰਟਰੋਲ।

ਮੱਧ ਪ੍ਰਦੇਸ਼ ਉਪ-ਚੋਣਾਂ : ਜਯੋਤਿਰਾਦਿੱਤਿਆ ਸਿੰਧੀਆ ਦੀ ਹਿੱਸੇਦਾਰੀ

ਮੱਧ ਪ੍ਰਦੇਸ਼ ’ਚ 28 ਸੀਟਾਂ ਲਈ ਉਪ-ਚੋਣਾਂ 3 ਨਵੰਬਰ ਨੂੰ ਹੋਣੀਆਂ ਹਨ ਅਤੇ ਇਹ ਦੇਖਣਾ ਕਾਫੀ ਦਿਲਚਸਪ ਹੈ ਕਿਉਂਕਿ ਇਨ੍ਹਾਂ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦੇ ਵੱਡੇ ਆਕਾਰ ’ਚ ਉਪ-ਚੋਣਾਂ ਕਦੇ ਨਹੀਂ ਹੋਈਆਂ।

2018 ’ਚ ਕਾਂਗਰਸ ਨੇ 27 ਸੀਟਾਂ ਜਿੱਤੀਆਂ ਸਨ ਅਤੇ ਭਾਜਪਾ ਨੇ ਇਕੋ-ਇਕ ਸੀਟ ਅਗਰ ਵਿਧਾਨ ਸਭਾ ਹਲਕੇ ਤੋਂ ਜਿੱਤੀ ਸੀ, ਜਿਥੇ ਮਨੋਹਰ ਉਨਤਵਾਲ ਨੇ ਸੀਟ ਜਿੱਤੀ ਸੀ ਪਰ ਉਨ੍ਹਾਂ ਦੀ ਮੌਤ ਦੇ ਕਾਰਨ ਇਸ ਸੀਟ ’ਤੇ ਵੀ ਚੋਣਾਂ ਹੋਣੀਆਂ ਹਨ। ਇਹ ਚੋਣਾਂ ਇਸ ਲਈ ਵੀ ਮਹੱਤਵਪੂਰਨ ਹਨ ਕਿਉਂਕਿ ਭਾਜਪਾ ਕੋਲ ਵਿਧਾਨ ਸਭਾ ’ਚ 107 ਵਿਧਾਇਕ ਹਨ ਅਤੇ ਕਾਂਗਰਸ ਕੋਲ ਮੌਜੂਦਾ ਸਦਨ ’ਚ 88 ਵਿਧਾਇਕ ਹਨ।

ਇਸ ਕਾਰਨ ਭਾਜਪਾ ਨੂੰ ਸੂਬੇ ’ਚ ਸਰਕਾਰ ਨੂੰ ਚਲਾਉਣ ਲਈ ਹੋਰ 9 ਸੀਟਾਂ ਦੀ ਲੋੜ ਹੈ। ਇਕ ਹੋਰ ਬਿੰਦੂ ਮਹੱਤਵਪੂਰਨ ਹੈ। ਉਹ ਇਹ ਹੈ ਕਿ 28 ਸੀਟਾਂ ’ਚੋਂ 16 ਸੀਟਾਂ ਗਵਾਲੀਅਰ ਚੰਬਲ ਖੇਤਰ ਨਾਲ ਸਬੰਧ ਰੱਖਦੀਆਂ ਹਨ ਅਤੇ ਜਯੋਤਿਰਾਦਿੱਤਿਆ ਸਿੰਧੀਆ ਦੇ ਨਾਲ ਭਾਜਪਾ ਦਾ ਪੱਲਾ ਫੜਨ ਵਾਲੇ 16 ਵਿਧਾਇਕ ਇਸੇ ਇਲਾਕੇ ਤੋਂ ਹਨ। ਚੋਣਾਂ ਨੂੰ ਹੋਰ ਦਿਲਚਸਪ ਬਣਾਉਣ ਲਈ ਮਾਇਆਵਤੀ ਨੇ ਵੀ ਬਸਪਾ ਲਈ ਆਪਣਾ ਉਮੀਦਵਾਰ ਚੋਣ ਮੈਦਾਨ ’ਚ ਉਤਾਰਿਆ ਹੈ। ਹਾਲਾਂਕਿ ਪਹਿਲਾਂ ਕਦੇ ਵੀ ਮਾਇਆਵਤੀ ਨੇ ਉਪ-ਚੋਣਾਂ ’ਚ ਆਪਣੀ ਦਿਲਚਸਪੀ ਨਹੀਂ ਦਿਖਾਈ।

ਭਾਜਪਾ ’ਚ ਜਯੋਤਿਰਾਦਿੱਤਿਆ ਸਿੰਧੀਆ ਦੀ ਕਿਸਮਤ ਇਨ੍ਹਾਂ ਉਪ-ਚੋਣਾਂ ਦੇ ਨਤੀਜਿਆਂ ’ਤੇ ਵੀ ਨਿਰਭਰ ਕਰਦੀ ਹੈ। ਇਨ੍ਹਾਂ ਉਪ-ਚੋਣਾਂ ’ਚ ਸਾਰੇ ਤਿੰਨ ਕਾਂਗਰਸੀ ਮੁੱਖ ਮੰਤਰੀ ਅਤੇ ਸਚਿਨ ਪਾਇਲਟ ਪਾਰਟੀ ਲਈ ਚੋਣ ਮੁਹਿੰਮ ’ਚ ਭਾਗ ਲੈਣਗੇ।

ਕੇਂਦਰ ’ਚ ਰਾਮਦਾਸ ਅਠਾਵਲੇ ਇਕੋ-ਇਕ ਗੈਰ-ਭਾਜਪਾ ਮੰਤਰੀ ਹਨ

ਮੋਦੀ ਮੰਤਰੀ ਮੰਡਲ ’ਚ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੀ ਮੌਤ ਨਾਲ ਮਰਨ ਵਾਲੇ ਮੰਤਰੀਅਾਂ ਦੀ ਸੂਚੀ ’ਚ ਇਕ ਨਾਂ ਹੋਰ ਜੁੜ ਗਿਆ ਹੈ। ਗੋਪੀਨਾਥ ਮੁੰਡੇ 2014 ’ਚ ਸਹੁੰ ਚੁੱਕਣ ਦੇ ਇਕ ਹਫਤੇ ਦੇ ਅੰਦਰ ਹੀ ਹਾਦਸੇ ’ਚ ਮਾਰੇ ਗਏ ਸਨ। ਰਾਜ ਮੰਤਰੀ ਅਨਿਲ ਦੇਵ ਦੀ ਮੌਤ 2017 ’ਚ ਹਾਰਟ ਅਟੈਕ ਨਾਲ ਹੋ ਗਈ।

ਅਰੁਣ ਜੇਤਲੀ, ਸੁਸ਼ਮਾ ਸਵਰਾਜ ਅਤੇ ਮਨੋਹਰ ਪਾਰਿਕਰ ਦੀ ਪਿਛਲੇ ਸਾਲ ਮੌਤ ਹੋ ਗਈ ਸੀ। ਪਿਛਲੇ ਮਹੀਨੇ ਰਾਜ ਮੰਤਰੀ ਸੁਰੇਸ਼ ਅਗਨਗਾੜੀ ਦੀ ਮੌਤ ਕੋਵਿਡ-19 ਨਾਲ ਹੋ ਗਈ। ਪਿਛਲੇ ਸਾਲ ਹੀ ਸ਼ਿਵ ਸੈਨਾ ਰਾਜਗ ਨਾਲੋਂ ਆਪਣਾ ਨਾਤਾ ਤੋੜ ਚੁੱਕੀ ਹੈ। ਖੇਤੀ ਬਿੱਲਾਂ ਨੂੰ ਲੈ ਕੇ ਸਰਕਾਰ ਦੇ ਨਾਲ ਆਪਣੇ ਮਤਭੇਦਾਂ ਕਾਰਨ ਪਿਛਲੇ ਮਹੀਨੇ ਮੋਦੀ ਦੀ ਕੈਬਨਿਟ ਤੋਂ ਹਰਸਿਮਰਤ ਕੌਰ ਬਾਦਲ ਨੇ ਵੀ ਅਸਤੀਫਾ ਦੇ ਦਿੱਤਾ ਸੀ। ਹੁਣ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ ’ਚ ਰਾਮਦਾਸ ਅਠਾਵਲੇ ਇਕੋ-ਇਕ ਗੈਰ-ਭਾਜਪਾ ਮੰਤਰੀ ਹਨ।

ਬਿਹਾਰ ਚੋਣ ਮੁਹਿੰਮ ’ਚ ਕਾਂਗਰਸੀ ਮਤਭੇਦ

ਪਾਰਟੀ ’ਚ ਸੰਗਠਨਾਤਮਕ ਢਾਂਚੇ ’ਚ ਬਦਲਾਅ ਦੀ ਮੰਗ ਨੂੰ ਲੈ ਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਣ ਵਾਲੇ 23 ਵਿਰੋਧੀ ਨੇਤਾਵਾਂ ’ਚ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਦੇ ਨਾਲ-ਨਾਲ ਅਖਿਲੇਸ਼ ਪ੍ਰਸਾਦ ਸਿੰਘ ਅਤੇ ਰਾਜ ਬੱਬਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਕਾਂਗਰਸੀ ਸਟਾਰ ਪ੍ਰਚਾਰਕਾਂ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਿਰੁੱਧ ਬਗਾਵਤ ਦਾ ਬਿਗੁਲ ਵਜਾਉਣ ਵਾਲੇ ਸਚਿਨ ਪਾਇਲਟ ਵੀ ਇਸ ਸੂਚੀ ’ਚ ਸ਼ਾਮਲ ਕੀਤੇ ਗਏ ਹਨ, ਜਿਸ ਨੂੰ ਚੋਣ ਕਮਿਸ਼ਨ ਨੂੰ ਭੇਜਿਆ ਗਿਆ ਹੈ।

ਇਸ ਸੂਚੀ ’ਚ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਢੇਰਾ ਦੇ ਨਾਲ-ਨਾਲ ਤਿੰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਅਸ਼ੋਕ ਗਹਿਲੋਤ ਅਤੇ ਭੂਪੇਸ਼ ਬਘੇਲ ਵੀ ਸ਼ਾਮਲ ਹਨ। ਉਥੇ, ਚੋਣ ਮੁਹਿੰਮ ਲਈ ਸ਼ਤਰੂਘਨ ਸਿਨ੍ਹਾ ਅਤੇ ਕੀਰਤੀ ਆਜ਼ਾਦ ਵੀ ਪ੍ਰਮੁੱਖ ਸਟਾਰ ਪ੍ਰਚਾਰਕ ਰਹਿਣਗੇ। ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਮਹਾਮਾਰੀ ਕਾਰਨ ਬਿਹਾਰ ’ਚ ਯਾਤਰਾ ਕਰਨ ਲਈ ਅਸਮਰੱਥ ਹਨ, ਇਸੇ ਕਾਰਨ ਪਾਰਟੀ ਉਨ੍ਹਾਂ ਲਈ ਡਿਜੀਟਲ ਰੈਲੀਅਾਂ ਦਾ ਬਦਲ ਚੁਣ ਚੁੱਕੀ ਹੈ।


Bharat Thapa

Content Editor Bharat Thapa