ਚੀਨ ਵਲੋਂ ਤਿਆਰ ਮੋਬਾਈਲ ਸਿਗਨਲ ਜੈਮਰ ਸੁਰੱਖਿਆ ਲਈ ਵੱਡਾ ਖਤਰਾ
Tuesday, Oct 29, 2024 - 02:36 AM (IST)
ਦੇਸ਼ ’ਚ ਤਰ੍ਹਾਂ-ਤਰ੍ਹਾਂ ਦੇ ਚੀਨ ਦੇ ਬਣੇ ਸਾਮਾਨ ਦੀ ਤਾਂ ਪਹਿਲਾਂ ਹੀ ਭਰਮਾਰ ਹੈ ਅਤੇ ਹੁਣ ਇਸ ’ਚ ਚੀਨ ਵਲੋਂ ਤਿਆਰ ਨਾਜਾਇਜ਼ ‘ਮੋਬਾਈਲ ਸਿਗਨਲ ਜੈਮਰ’ ਵੀ ਸ਼ਾਮਲ ਹੋ ਗਏ ਹਨ, ਜਿਸ ਥਾਂ ’ਤੇ ਵੀ ਇਹ ‘ਮੋਬਾਈਲ ਜੈਮਰ’ ਲਾਏ ਜਾਂਦੇ ਹਨ, ਉਸਦੇ ਆਸ-ਪਾਸ ਦੀਆਂ ਸਾਰੀਆਂ ਸੈਲੂਲਰ ਸਰਗਰਮੀਆਂ ਠੱਪ ਹੋ ਜਾਂਦੀਆਂ ਹਨ। ਇਨ੍ਹਾਂ ਵਿਚ ਇਨਕਮਿੰਗ ਅਤੇ ਆਊਟਗੋਇੰਗ ਕਾਲ, ਐੱਸ. ਐੱਮ. ਐੱਸ. ਅਤੇ ਫੋਟੋ ਆਦਿ ਭੇਜਣਾ ਸ਼ਾਮਲ ਹੈ।
ਜੈਮਰ ਲਾ ਦੇਣ ਨਾਲ ਪਹਿਲਾਂ ਤੋਂ ਚੱਲ ਰਹੀਆਂ ਸਾਰੀਆਂ ਕਾਲਾਂ ਆਪਣੇ ਆਪ ਹੀ ਅੜਿੱਕਾ ਪੈ ਕੇ ਕੱਟੀਆਂ ਜਾਂਦੀਆਂ ਹਨ ਅਤੇ ਫੋਨ ਦਾ ਡਿਸਪਲੇਅ ‘ਨੋ ਨੈੱਟਵਰਕ’ ਦਿਖਾਉਣ ਲੱਗਦਾ ਹੈ। ਕਿਸੇ ਵਾਰਦਾਤ ਲਈ ਮੋਬਾਈਲ ਜੈਮਰ ਦੀ ਵਰਤੋਂ ਕਰਨ ’ਤੇ ਉਥੋਂ ਦੀ ਸਾਰੀ ਕਮਿਊਨੀਕੇਸ਼ਨ ਠੱਪ ਹੋ ਜਾਂਦੀ ਹੈ ਅਤੇ ਘਟਨਾ ਵਾਲੀ ਥਾਂ ’ਤੇ ਹੋਈ ਕਮਿਊਨੀਕੇਸ਼ਨ ਨੂੰ ਟਰੈਕ ਕਰ ਸਕਣਾ ਮੁਸ਼ਕਲ ਹੋ ਜਾਂਦਾ ਹੈ।
ਪੁਲਸ ਡਿਪਟੀ ਕਮਿਸ਼ਨਰ (ਨਵੀਂ ਦਿੱਲੀ) ਦੇਵੇਸ਼ ਕੁਮਾਰ ਮਹਲਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਟੀਮਾਂ ਤਿਉਹਾਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੀਆਂ ਦੁਕਾਨਾਂ, ਹੋਟਲਾਂ ਅਤੇ ਹੋਰ ਜਨਤਕ ਸਥਾਨਾਂ ਦੀ ਜਾਂਚ ਕਰ ਰਹੀਆਂ ਹਨ। ਇਸੇ ਦੌਰਾਨ ਇਕ ਟੀਮ ਨੇ ਹਾਲ ਹੀ ਵਿਚ ਪਾਲਿਕਾ ਬਾਜ਼ਾਰ ਤੋਂ ਇਕ ਦੁਕਾਨਦਾਰ ਨੂੰ ਹਿਰਾਸਤ ਵਿਚ ਲੈ ਕੇ ਉਸ ਕੋਲੋਂ 50 ਮੀਟਰ ਦੂਰੀ ਤਕ ਸਮਰੱਥਾ ਵਾਲਾ ਇਕ ਚੀਨ ਦਾ ਬਣਿਆ ‘ਮੋਬਾਈਲ ਸਿਗਨਲ ਜੈਮਰ’ ਬਰਾਮਦ ਕੀਤਾ।
ਉਹ ਇਸ ਨੂੰ ਲਾਜਪਤ ਰਾਏ ਮਾਰਕੀਟ ਤੋਂ 25,000 ਰੁਪਏ ’ਚ ਖਰੀਦ ਕੇ ਲਿਆਇਆ ਸੀ ਅਤੇ ਇਥੇ ਇਸ ਨੂੰ ਉੱਚੀ ਕੀਮਤ ’ਤੇ ਵੇਚਣਾ ਚਾਹੁੰਦਾ ਸੀ, ਜਦਕਿ ਕੋਈ ਨਿੱਜੀ ਵਿਅਕਤੀ ਇਨ੍ਹਾਂ ਨੂੰ ਨਹੀਂ ਵੇਚ ਸਕਦਾ। ‘ਮੋਬਾਈਲ ਸਿਗਨਲ ਜੈਮਰ’ ਵੇਚਣ ਲਈ ਕੈਬਨਿਟ ਸਕੱਤਰੇਤ ਨੇ ਗਾਈਡ ਲਾਈਨਜ਼ ਬਣਾਈਆਂ ਹੋਈਆਂ ਹਨ।
ਸਿਰਫ ਕੇਂਦਰ ਸਰਕਾਰ ਦੇ ਮੰਤਰਾਲਾ/ਵਿਭਾਗ, ਸੂਬਾ ਸਰਕਾਰਾਂ/ਕੇਂਦਰ ਸ਼ਾਸਿਤ ਸੂਬਿਆਂ ਦੇ ਪ੍ਰਸ਼ਾਸਕ, ਪ੍ਰਤੀਰੱਖਿਆ ਫੌਜਾਂ, ਕੇਂਦਰੀ ਪ੍ਰਤੀਰੱਖਿਆ ਬਲ ਹੀ ਜਨਤਕ ਖੇਤਰ ਦੀਆਂ ਅਧਿਕਾਰ ਕੰਪਨੀਆਂ ‘ਭਾਰਤ ਇਲੈਕਟ੍ਰਾਨਿਕਸ ਲਿਮਟਿਡ’ ਅਤੇ ‘ਇਲੈਕਟ੍ਰਾਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ’ ਕੋਲੋਂ ਆਪਣੇ ਖਾਸ ਮੰਤਵਾਂ ਲਈ ਜੈਮਰ ਪ੍ਰਾਪਤ ਕਰ ਸਕਦੇ ਹਨ, ਜਿਨ੍ਹਾਂ ਲਈ ਉਨ੍ਹਾਂ ਨੂੰ ਕੇਂਦਰੀ ਮੰਤਰੀ ਮੰਡਲ ਦੇ ਸਕੱਤਰੇਤ ਤੋਂ ਆਗਿਆ ਲੈਣੀ ਪੈਂਦੀ ਹੈ।
ਸੁਰੱਖਿਆ ਸਬੰਧੀ ਸਰਗਰਮੀਆਂ ਲਈ ਹਥਿਆਰਬੰਦ ਫੌਜਾਂ ਅਤੇ ਸਬੰਧਤ ਪ੍ਰਤੀਰੱਖਿਆ ਏਜੰਸੀਆਂ, ਪੁਲਸ ਵਲੋਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਜੇਲਾਂ, ਜਿਥੇ ਸੁਰੱਖਿਆ ਲਈ ਨੈੱਟਵਰਕ ਸਿਗਨਲ ਜਾਮ ਕਰਨਾ ਜ਼ਰੂਰੀ ਹੋਵੇ, ਰਾਸ਼ਟਰੀ ਸੁਰੱਖਿਆ ਵਰਗੇ ਸੰਵੇਦਨਸ਼ੀਲ ਕਾਰਜ ਕਰਨ ਵਾਲੀਆਂ ਸਰਕਾਰੀ ਸੰਸਥਾਵਾਂ, ਪ੍ਰਤੀਰੱਖਿਆ ਅਤੇ ਸੰਚਾਰ ਤਕਨਾਲੌਜੀ ਦੇ ਖੇਤਰ ’ਚ ਕੰਮ ਕਰਨ ਵਾਲੇ ਖੋਜ ਤੇ ਵਿਕਾਸ ਸੰਗਠਨਾਂ ਨੂੰ ਹੀ ਜੈਮਰਾਂ ਦੀ ਵਰਤੋਂ ਦੀ ਆਗਿਆ ਹੈ।
ਇਥੇ ਇਹ ਗੱਲ ਵੀ ਵਰਣਨਯੋਗ ਹੈ ਕਿ ਉਕਤ ਵਰਤੋਂ ਤੋਂ ਇਲਾਵਾ ਆਮ ਤੌਰ ’ਤੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਆਦਿ ਸਮੇਤ ਚੋਟੀ ਦੇ ਆਗੂਆਂ ਅਤੇ ਸੁਰੱਖਿਆ ਬਲਾਂ ਦੇ ਕਾਫਲੇ ਨਾਲ ਜੈਮਰ ਚਲਦੇ ਹਨ ਜਿਸ ਨਾਲ ਆਲੇ-ਦੁਆਲੇ ਦੇ ਇਲਾਕੇ ਦੇ ਸਿਗਨਲ ਬਲਾਕ ਹੋ ਜਾਣ ਕਾਰਨ ਉਨ੍ਹਾਂ ਵਿਰੁੱਧ ਰਚੀਆਂ ਜਾਣ ਵਾਲੀਆਂ ਸਾਜ਼ਿਸ਼ਾਂ ਦੇ ਸਫਲ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
ਇਸ ਲਈ ਉਕਤ ‘ਜੈਮਰ’ ਦੀ ਬਰਾਮਦਗੀ ਨੂੰ ਸੁਰੱਖਿਆ ਲਈ ਵੱਡਾ ਖਤਰਾ ਮੰਨਿਆ ਜਾ ਰਿਹਾ ਹੈ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਨਾਜਾਇਜ਼ ਤੌਰ ’ਤੇ ਇਨ੍ਹਾਂ ਜੈਮਰਾਂ ਦੀ ਦਰਾਮਦ ਪਿੱਛੇ ਕਿਸੇ ਵੱਡੇ ਨੈੱਟਵਰਕ ਦਾ ਹੱਥ ਤਾਂ ਨਹੀਂ।
ਇਸ ਲਈ ਲੋਕਾਂ ਦੀ ਸੁਰੱਖਿਆ ਨੂੰ ਦੇਖਦਿਆਂ ਹੁਣ ਬਾਜ਼ਾਰ ’ਚ ਇਨ੍ਹਾਂ ਦੀ ਵਿਕਰੀ ਦਾ ਪਤਾ ਲਾਉਣ ਲਈ ਮਾਮਲੇ ਦੀ ਤਹਿ ਤਕ ਜਾਣ ਦੀ ਤੁਰੰਤ ਲੋੜ ਹੈ। ਇਸ ਦੇ ਲਈ ਸਿਰਫ ਦਿੱਲੀ ਹੀ ਨਹੀਂ, ਸਗੋਂ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ‘ਮੋਬਾਈਲ ਸਿਗਨਲ ਜੈਮਰਾਂ’ ਦੀ ਨਾਜਾਇਜ਼ ਤੌਰ ’ਤੇ ਵਿਕਰੀ ਦਾ ਪਤਾ ਲਾਉਣ ਅਤੇ ਉਸ ਉੱਪਰ ਰੋਕ ਲਾਉਣ ਲਈ ਤਲਾਸ਼ੀ ਮੁਹਿੰਮ ਤੇਜ਼ ਕੀਤੀ ਜਾਵੇ।
–ਵਿਜੇ ਕੁਮਾਰ