ਚੀਨ ’ਚ ਉਈਗਰ ਔਰਤਾਂ ਦਾ ਹੁੰਦਾ ਹੈ ਜਬਰੀ ਗਰਭਪਾਤ

06/07/2021 12:00:16 PM

ਚੀਨ : 55 ਸਾਲਾ ਬਮਰੀਅਮ ਰੋਜ਼ੀ ਇਕ ਜਨਜਾਤੀ ਉਈਗਰ ਹੈ ਜੋ ਚੀਨ ਤੋਂ ਭੱਜ ਕੇ ਤੁਰਕੀ ਪਹੁੰਚੀ ਹੈ। 4 ਬੱਚਿਆਂ ਦੀ ਮਾਂ ਰੋਜ਼ੀ ਨੇ ਆਪਣੇ ਘਰ ਇਸਤਾਂਬੁਲ ’ਚ ਦੱਸਿਆ ਕਿ ਉਹ ਉਨ੍ਹਾਂ 3 ਔਰਤਾਂ ’ਚੋਂ ਇਕ ਹੈ ਜਿਨ੍ਹਾਂ ਨੂੰ ਜ਼ਬਰਦਸਤੀ ਗਰਭਪਾਤ ਕਰਵਾਉਣ ਲਈ ਮਜਬੂਰ ਕੀਤਾ ਗਿਆ। ਇਸ ਦੇ ਇਲਾਵਾ ਚੀਨ ਦੇ ਪੱਛਮੀ ਸ਼ਿਨਜਿਆਂਗ ਇਲਾਕੇ ’ਚ ਚੀਨੀ ਪ੍ਰਸ਼ਾਸਨ ਵਲੋਂ ਉਨ੍ਹਾਂ ’ਤੇ ਤਸ਼ੱਦਦ ਕੀਤਾ ਗਿਆ।

ਰੋਜ਼ੀ ਨੇ ਪੀਪਲਜ਼ ਟ੍ਰਿਬਿਊਨਲ ਨੂੰ ਦੱਸਿਆ ਕਿ ਸ਼ਿਨਜਿਆਂਗ ’ਚ ਚੀਨੀ ਪ੍ਰਸ਼ਾਸਨ ਨੇ ਹੋਰ ਗਰਭਵਤੀ ਔਰਤਾਂ ਦੇ ਨਾਲ ਉਸ ਨੂੰ ਵੀ ਆਪਣੇ 5ਵੇਂ ਬੱਚੇ ਨੂੰ ਜਨਮ ਨਾ ਦੇਣ ਲਈ 2007 ’ਚ ਮਜਬੂਰ ਕੀਤਾ। ਰੋਜ਼ੀ ਨੇ ਦੱਸਿਆ ਕਿ ਉਹ 6.5 ਮਹੀਨੇ ਦੀ ਗਰਭਵਤੀ ਸੀ। ਰੋਜ਼ੀ ਦੀ ਕਹਾਣੀ ਦੇ ਦੋ ਹੋਰ ਗਵਾਹ ਵੀ ਹਨ ਜਿਨ੍ਹਾਂ ’ਚ ਇਕ ਸਾਬਕਾ ਡਾਕਟਰ ਹੈ ਜੋ ਚੀਨ ਦੀਆਂ ਜਨਮ ਕੰਟਰੋਲ ਨੀਤੀਆਂ ਬਾਰੇ ਦੱਸਦੇ ਹਨ। ਇਸ ਦੇ ਇਲਾਵਾ ਇਕ ਹੋਰ ਵਿਅਕਤੀ ਵੀ ਹੈ ਜਿਸ ਦੇ ਅਨੁਸਾਰ ਉਸ ਨੂੰ ਚੀਨੀ ਫੌਜੀਆਂ ਵਲੋਂ ਦਿਨ ਅਤੇ ਰਾਤ ਤੰਗ-ਪ੍ਰੇਸ਼ਾਨ ਕੀਤਾ ਗਿਆ। ਉਹ ਇਕ ਦੂਰ-ਦੁਰੇਡੇ ਸਰਹੱਦੀ ਇਲਾਕੇ ’ਚ ਕੈਦ ਸਨ।

ਆਜ਼ਾਦ ਯੂ. ਕੇ. ਟ੍ਰਿਬਿਊਨਲ ਦੇ ਨਾਲ ਇਕ ਵੀਡੀਓ ਲਿੰਕ ਰਾਹੀਂ ਇਨ੍ਹਾਂ ਸਾਰਿਆਂ ਨੇ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ। ਸ਼ੁੱਕਰਵਾਰ ਨੂੰ 4 ਦਿਨਾਂ ਦੀ ਸੁਣਵਾਈ ਤੋਂ ਬਾਅਦ ਦਰਜਨਾਂ ਗਵਾਹਾਂ ਦੇ ਗਵਾਹੀ ਦੇਣ ਦੀ ਆਸ ਹੈ। ਟ੍ਰਿਬਿਊਨਲ ਨੂੰ ਯੂ. ਕੇ. ਸਰਕਾਰ ਦਾ ਸਮਰਥਨ ਨਹੀਂ ਹੈ। ਇਸ ਦੀ ਪ੍ਰਧਾਨਗੀ ਪ੍ਰਸਿੱਧ ਮਨੁੱਖੀ ਅਧਿਕਾਰਾਂ ਬਾਰੇ ਵਕੀਲ ਜਫਰੀ ਨਾਈਸ ਕਰਦੇ ਹਨ। ਨਾਈਸ ਨੇ ਕੌਮਾਂਤਰੀ ਅਪਰਾਧਿਕ ਕੋਰਟ ਦੇ ਨਾਲ ਕੰਮ ਕਰਨ ਦੇ ਇਲਾਵਾ ਸਾਬਕਾ ਸਰਬੀਅਨ ਰਾਸ਼ਟਰਪਤੀ ਸਲੋਬੋਦਾਨ ਮੀਲੋਸੇਵਿਕ ਦੇ ਮੁਕੱਦਮੇ ਦੀ ਅਗਵਾਈ ਕੀਤੀ ਸੀ। ਹਾਲਾਂਕਿ ਟ੍ਰਿਬਿਊਨਲ ਦਾ ਫੈਸਲਾ ਕਿਸੇ ਵੀ ਸਰਕਾਰ ਨੂੰ ਪਾਬੰਦ ਨਹੀਂ ਕਰਦਾ ਪਰ ਇਸ ਦੇ ਆਯੋਜਕ ਆਸ ਕਰਦੇ ਹਨ ਕਿ ਜਨਤਕ ਤੌਰ ’ਤੇ ਪੇਸ਼ ਕੀਤੇ ਗਏ ਸਬੂਤ ਕੌਮਾਂਤਰੀ ਕਾਰਵਾਈ ਨੂੰ ਪਾਬੰਦ ਕਰਨਗੇ ਜੋ ਸ਼ਿਨਜਿਆਂਗ ’ਚ ਉਈਗਰ ਮੁਸਲਮਾਨਾਂ ਵਿਰੁੱਧ ਹੋਣ ਵਾਲੇ ਅੱਤਿਆਚਾਰਾਂ ਨਾਲ ਸਬੰਧਤ ਹਨ। ਉਈਗਰ ਇਕ ਵੱਡਾ ਮੁਸਲਿਮ ਸੰਜਾਤੀ ਸਮੂਹ ਹੈ।

ਰੋਜ਼ੀ ਦਾ ਕਹਿਣਾ ਹੈ ਕਿ ਉਸ ਨੇ ਇਸ ਡਰ ਤੋਂ ਆਪਣਾ ਗਰਭਪਾਤ ਕਰਵਾਇਆ ਕਿਉਂਕਿ ਚੀਨੀ ਪ੍ਰਸ਼ਾਸਨ ਉਸ ਦੇ ਘਰ ਅਤੇ ਉਸ ਦੀ ਹੋਰ ਜਾਇਦਾਦ ਨੂੰ ਜ਼ਬਤ ਕਰ ਸਕਦਾ ਸੀ। ਇਸ ਦੇ ਇਲਾਵਾ ਉਸ ਦੇ ਪਰਿਵਾਰ ਨੂੰ ਵੀ ਬੜਾ ਖਤਰਾ ਪੈਦਾ ਹੋ ਗਿਆ ਸੀ। ਉਸ ਨੇ ਦੱਸਿਆ ਕਿ ਪੁਲਸ ਉਸ ਦੇ ਘਰ ’ਚ ਆਈ ਜਿਸ ’ਚ ਇਕ ਉਈਗਰ ਅਤੇ ਦੋ ਚੀਨੀ ਸਨ। ਉਸ ਦੇ ਨਾਲ-ਨਾਲ ਉਹ ਹੋਰ 8 ਗਰਭਵਤੀ ਔਰਤਾਂ ਨੂੰ ਕਾਰ ’ਚ ਬਿਠਾ ਕੇ ਹਸਪਤਾਲ ਲੈ ਗਏ। ਸਭ ਤੋਂ ਪਹਿਲਾਂ ਉਨ੍ਹਾਂ ਨੇ ਮੈਨੂੰ ਇਕ ਗੋਲੀ ਲੈਣ ਨੂੰ ਕਿਹਾ ਜਿਸ ਨੂੰ ਮੈਂ ਲੈ ਲਿਆ। ਹਾਲਾਂਕਿ ਮੈਂ ਨਹੀਂ ਜਾਣਦੀ ਸੀ ਕਿ ਇਹ ਗੋਲੀ ਕਿਸ ਬੀਮਾਰੀ ਲਈ ਹੈ। ਅੱਧੇ ਘੰਟੇ ਦੇ ਬਾਅਦ ਉਨ੍ਹਾਂ ਲੋਕਾਂ ਨੇ ਮੇਰੇ ਢਿੱਡ ’ਚ ਇਕ ਸੂਈ ਚੁਭੋ ਦਿੱਤੀ ਅਤੇ ਕੁਝ ਹੀ ਪਲਾਂ ’ਚ ਮੈਂ ਆਪਣਾ ਬੱਚਾ ਗੁਆ ਦਿੱਤਾ।

ਸੈਮਸੀਨੂਰ ਗਫੂਰ ਜੋ ਕਿ ਇਕ ਸਾਬਕਾ ਗਾਇਨੀਕਾਲੋਜਿਸਟ ਹਨ ਅਤੇ ਜਿਨ੍ਹਾਂ ਨੇ ਸ਼ਿਨਜਿਆਂਗ ’ਚ 1990 ਦੇ ਦਹਾਕੇ ’ਚ ਇਕ ਪਿੰਡ ਦੇ ਹਸਪਤਾਲ ’ਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ, ਦਾ ਕਹਿਣਾ ਹੈ ਕਿ ਉਸ ਤੇ ਹੋਰ ਔਰਤ ਡਾਕਟਰਾਂ ਨੂੰ ਇਕ ਮੋਬਾਇਲ ਅਲਟਰਾਸਾਊਂਡ ਮਸ਼ੀਨ ਦੇ ਨਾਲ ਘਰ-ਘਰ ਜਾਣ ਲਈ ਮਜਬੂਰ ਕੀਤਾ ਤਾਂ ਕਿ ਇਹ ਜਾਂਚਿਆ ਜਾਵੇ ਕਿ ਉਥੇ ਕੋਈ ਗਰਭਵਤੀ ਤਾਂ ਨਹੀਂ। ਇਜਾਜ਼ਤ ਤੋਂ ਵੱਧ ਜੇਕਰ ਕਿਸੇ ਦੇ ਘਰ ’ਚ ਜ਼ਿਆਦਾ ਬੱਚੇ ਹਨ ਤਦ ਉਸ ਦਾ ਘਰ ਭੰਨ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਪੱਧਰਾ ਕਰ ਦਿੱਤਾ ਜਾਂਦਾ ਹੈ। ਗਫੂਰ ਦਾ ਕਹਿਣਾ ਹੈ ਕਿ ਉਥੇ ਸਾਡੀ ਅਜਿਹੀ ਜ਼ਿੰਦਗੀ ਸੀ। ਇਹ ਸਭ ਕੁਝ ਪ੍ਰੇਸ਼ਾਨ ਕਰ ਦੇਣ ਵਾਲਾ ਸੀ। ਕਿਉਂਕਿ ਮੈਂ ਇਕ ਸਰਕਾਰੀ ਹਸਪਤਾਲ ’ਚ ਤਾਇਨਾਤ ਸੀ, ਇਸ ਲਈ ਲੋਕ ਮੇਰੇ ’ਤੇ ਯਕੀਨ ਨਹੀਂ ਕਰਦੇ ਸਨ। ਉਈਗਰ ਲੋਕ ਮੈਨੂੰ ਇਕ ਚੀਨੀ ਗੱਦਾਰ ਦੇ ਤੌਰ ’ਤੇ ਦੇਖਦੇ ਸਨ।

ਜਲਾਵਤਨੀ ਜ਼ਿੰਦਗੀ ਜਿਉਣ ਵਾਲੇ ਤੀਸਰੇ ਉਈਗਰ ਦਾ ਨਾਂ ਮਹਿਮੂਦ ਤੇਵੇਕੁਲ ਹੈ ਅਤੇ ਉਸ ਨੂੰ 2010 ਤੋਂ ਤੰਗ-ਪ੍ਰੇਸ਼ਾਨ ਕੀਤਾ ਅਤੇ ਜੇਲ ’ਚ ਰੱਖਿਆ ਗਿਆ। ਉਸ ਕੋਲੋਂ ਉਸ ਦੇ ਭਰਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਪੁੱਛਗਿੱਛ ਕੀਤੀ ਗਈ। ਚੀਨੀ ਪ੍ਰਸ਼ਾਸਨ ਵਲੋਂ ਉਸ ਦੇ ਭਰਾ ਬਾਰੇ ਇਸ ਲਈ ਜਾਂਚ-ਪੜਤਾਲ ਕੀਤੀ ਗਈ ਕਿਉਂਕਿ ਉਸ ਨੇ ਅਰਬੀ ਭਾਸ਼ਾ ’ਚ ਇਕ ਧਾਰਮਿਕ ਕਿਤਾਬ ਨੂੰ ਪ੍ਰਕਾਸ਼ਿਤ ਕੀਤਾ। ਸਵਾਲ-ਜਵਾਬ ਕੀਤੇ ਜਾਣ ਦੌਰਾਨ ਚੀਨੀ ਅਧਿਕਾਰੀਆਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦੇ ਚਿਹਰੇ ’ਤੇ ਸੱਟ ਮਾਰੀ। ਉਸ ਨੇ ਅੱਗੇ ਦੱਸਿਆ ਕਿ ਚੀਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਕ ਫਰਸ਼ ’ਤੇ ਬਿਠਾ ਦਿੱਤਾ ਅਤੇ ਉਸ ਦੇ ਹੱਥ ਅਤੇ ਪੈਰ ਇਕ ਪਾਈਪ ਦੇ ਨਾਲ ਬੰਨ੍ਹ ਦਿੱਤੇ।

ਇਹ ਇਕ ਗੈਸ ਪਾਈਪਲਾਈਨ ਵਾਂਗ ਸੀ। 6 ਫੌਜੀ ਸਾਡੀ ਨਿਗਰਾਨੀ ’ਚ ਲੱਗੇ ਹੋਏ ਸਨ। ਸਵੇਰ ਤਕ ਇਨ੍ਹਾਂ ਲੋਕਾਂ ਨੇ ਸਾਡੇ ਤੋਂ ਪੁੱਛਗਿੱਛ ਕੀਤੀ ਅਤੇ ਉਸ ਤੋਂ ਬਾਅਦ ਸਾਨੂੰ ਜੇਲ ’ਚ ਲੈ ਗਏ। ਹਾਲਾਂਕਿ ਪੇਈਚਿੰਗ ਨੇ ਸਿੱਧੇ ਤੌਰ ’ਤੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕੀਤਾ ਹੈ। ਚੀਨ ਦਾ ਕਹਿਣਾ ਹੈ ਕਿ ਅਜਿਹੇ ਕੈਂਪ ਬੰਦ ਹਨ ਅਤੇ ਉਥੇ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਚਲਾਏ ਜਾ ਰਹੇ ਹਨ ਜਿਥੇ ਚੀਨੀ ਭਾਸ਼ਾ ਸਿਖਾਈ ਜਾਂਦੀ ਹੈ। ਟ੍ਰਿਬਿਊਨਲ ਦਾ ਕਹਿਣਾ ਹੈ ਕਿ ਚੀਨੀ ਪ੍ਰਸ਼ਾਸਨ ਨੇ ਕਾਰਵਾਈ ’ਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਹੈ। ਇਸ ’ਤੇ ਟਿੱਪਣੀ ਕਰਨ ਲਈ ਲੰਡਨ ’ਚ ਚੀਨੀ ਦੂਤਾਘਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।


cherry

Content Editor

Related News