ਭਾਰਤੀ ਰੱਖਿਆ ਖੇਤਰ ਨੂੰ ਮਜ਼ਬੂਤ ਕਰੇਗੀ ‘ਚੈਫ’ ਤਕਨੀਕ

Friday, Sep 10, 2021 - 03:47 AM (IST)

ਭਾਰਤੀ ਰੱਖਿਆ ਖੇਤਰ ਨੂੰ ਮਜ਼ਬੂਤ ਕਰੇਗੀ ‘ਚੈਫ’ ਤਕਨੀਕ

ਰੰਜਨਾ ਮਿਸ਼ਰਾ 

ਭਾਰਤੀ ਲੜਾਕੂ ਜਹਾਜ਼ਾਂ ਨੂੰ ਢਹਿ-ਢੇਰੀ ਕਰਨ ਦੀ ਰੀਝ ਹੁਣ ਨਾ ਤਾਂ ਚੀਨ ਦੀ ਪੂਰੀ ਹੋਣ ਵਾਲੀ ਹੈ ਅਤੇ ਨਾ ਹੀ ਪਾਕਿਸਤਾਨ ਵਰਗੇ ਦੇਸ਼ ਦੀ ਕਿਉਂਕਿ ਰੱਖਿਆ, ਖੋਜ ਅਤੇ ਵਿਕਾਸ ਸੰਗਠਨ ਭਾਵ ਡੀ. ਆਰ. ਡੀ. ਓ. ਨੇ ਰਾਡਾਰ ਅਤੇ ਮਿਜ਼ਾਈਲਾਂ ਨੂੰ ਚਕਮਾ ਦੇਣ ਵਾਲੀ ਉਹ ਤਕਨੀਕ ਵਿਕਸਿਤ ਕਰ ਲਈ ਹੈ, ਜਿਸ ਨੂੰ ਲੜਾਕੂ ਜਹਾਜ਼ਾਂ ਦਾ ਸਭ ਤੋਂ ਵੱਡਾ ਰੱਖਿਆ ਕਵਚ ਮੰਨਿਆ ਜਾ ਰਿਹਾ ਹੈ। ਐਡਵਾਂਸਡ ਚੈਫ ਤਕਨਾਲੋਜੀ ਦਾ ਵਿਕਾਸ ਡੀ. ਆਰ. ਡੀ. ਓ. ਦੀ ਜੋਧਪੁਰ ਦੀ ਰੱਖਿਆ ਪ੍ਰਯੋਗਸ਼ਾਲਾ ਅਤੇ ਪੁਣੇ ਦੀ ਉੱਚ ਊਰਜਾ ਸਮੱਗਰੀ ਖੋਜ ਪ੍ਰਯੋਗਸ਼ਾਲਾ (ਐੱਚ. ਈ. ਐੱਮ. ਆਰ. ਐੱਲ.) ਨੇ ਮਿਲ ਕੇ ਕੀਤਾ ਹੈ। ਚੈਫ ਤਕਨੀਕ ਲੜਾਕੂ ਜਹਾਜ਼ਾਂ ਨੂੰ ਦੁਸ਼ਮਣ ਦੇ ਰਾਡਾਰ ਤੋਂ ਬਚਾਵੇਗੀ। ਸਭ ਤੋਂ ਪਹਿਲਾਂ ਇਸ ਤਕਨੀਕ ਦੀ ਵਰਤੋਂ ਜਗੁਆਰ ਵਰਗੇ ਲੜਾਕੂ ਜਹਾਜ਼ਾਂ ’ਚ ਕੀਤੀ ਜਾਵੇਗੀ, ਕਿਉਂਕਿ ਜਗੁਆਰ ਜਹਾਜ਼ਾਂ ’ਤੇ ਹੀ ਇਸ ਦਾ ਟ੍ਰਾਇਲ ਪੂਰਾ ਕੀਤਾ ਗਿਆ ਹੈ। ਹਵਾਈ ਫੌਜ ਤੋਂ ਹਰੀ ਝੰਡੀ ਮਿਲਣ ਦੇ ਬਾਅਦ ਮਿਰਾਜ, ਸੁਖੋਈ ਸਮੇਤ ਦੂਸਰੇ ਲੜਾਕੂ ਜਹਾਜ਼ਾਂ ’ਚ ਇਸ ਦੀ ਵਰਤੋਂ ਕੀਤੀ ਜਾਵੇਗੀ।

ਦੁਨੀਆ ’ਚ ਬ੍ਰਿਟੇਨ ਦੀਆਂ ਤਿੰਨ ਕੰਪਨੀਆਂ ਹੀ ਚੈਫ ਤਿਆਰ ਕਰ ਰਹੀਆਂ ਹਨ। ਡੀ. ਆਰ. ਡੀ. ਓ. ਚੈਫ ਦੇ ਨਿਰਮਾਣ ਲਈ ਇਸ ਤਕਨੀਕ ਨੂੰ ਸਵਦੇਸ਼ੀ ਕੰਪਨੀਆਂ ਨੂੰ ਟਰਾਂਸਫਰ ਕਰੇਗਾ। ਖਾਸ ਗੱਲ ਇਹ ਹੈ ਕਿ ਡੀ. ਆਰ. ਡੀ. ਓ. ਵੱਲੋਂ ਵਿਕਸਿਤ ਚੈਫ ਕਾਰਟੀਲੇਜ ਦੁਨੀਆ ’ਚ ਸਰਵਉੱਤਮ ਤਕਨੀਕ ਹੈ। ਇਸ ਤੋਂ ਪਹਿਲਾਂ ਦੁਨੀਆ ’ਚ ਵਿਕਸਿਤ ਚੈਫ ਨੂੰ ਰਾਡਾਰ ਬੇਸ ਮਿਜ਼ਾਈਲਾਂ ਸੁੱਟ ਵੀ ਸਕਦੀਆਂ ਹਨ ਪਰ ਭਾਰਤ ਦੇ ਚੈਫ ਨੂੰ ਨਹੀਂ। ਭਾਵ ਇਸ ਚੈਫ ਤਕਨੀਕ ਦੇ ਰਾਹੀਂ ਭਾਰਤ ਦੇ ਲੜਾਕੂ ਜਹਾਜ਼ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਮੁਕਾਬਲੇ ਸੁਰੱਖਿਅਤ ਹੋ ਜਾਣਗੇ।

ਚੈਫ ਫਾਈਟਰ ਜਹਾਜ਼ਾਂ ’ਚ ਲੱਗਣ ਵਾਲਾ ਕਾਊਂਟਰ ਮੇਜਰ ਡਿਸਪੈਂਡਿੰਗ ਭਾਵ ਦੁਸ਼ਮਣ ਦੇ ਰਾਡਾਰ ਆਧਾਰਿਤ ਮਿਜ਼ਾਈਲ ਤੋਂ ਬਚਾਉਣ ਵਾਲਾ ਯੰਤਰ ਹੁੰਦਾ ਹੈ, ਜੋ ਜਹਾਜ਼ ਨੂੰ ਇੰਫਰਾਰੈੱਡ ਅਤੇ ਐਂਟੀ ਰਾਡਾਰ ਤੋਂ ਬਚਾਉਂਦਾ ਹੈ।

ਅਸਲ ’ਚ ਇਹ ਚੈਫ ਫਾਈਬਰ ਹੁੰਦਾ ਹੈ। ਵਾਲ ਤੋਂ ਵੀ ਪਤਲੇ ਇਸ ਫਾਈਬਰ ਦੀ ਮੋਟਾਈ ਮਹਿਜ਼ 25 ਮਾਈਕ੍ਰੋਨ ਹੁੰਦੀ ਹੈ। ਡੀ. ਆਰ. ਡੀ. ਓ. ਨੇ ਕਰੋੜਾਂ ਫਾਈਬਰ ਤੋਂ 20 ਤੋਂ 50 ਗ੍ਰਾਮ ਦਾ ਇਕ ਕਾਰਟੀਲੇਜ ਤਿਆਰ ਕੀਤਾ ਹੈ। ਚੈਫ ਨੂੰ ਜਹਾਜ਼ ਦੇ ਪਿਛਲੇ ਹਿੱਸੇ ’ਚ ਲਗਾਇਆ ਜਾਂਦਾ ਹੈ। ਜਿਉਂ ਹੀ ਲੜਾਕੂ ਜਹਾਜ਼ ਦੇ ਪਾਇਲਟ ਨੂੰ ਦੁਸ਼ਮਣ ਮਿਜ਼ਾਈਲ ਨਾਲ ਲੌਕ ਹੋਣ ਦਾ ਸਿਗਨਲ ਮਿਲਦਾ ਹੈ, ਉਦੋਂ ਉਸ ਨੂੰ ਚੈਫ ਕਾਰਟੀਲੇਜ ਨੂੰ ਹਵਾ ’ਚ ਫਾਇਰ ਕਰਨਾ ਪੈਂਦਾ ਹੈ। ਸੈਕੰਡ ਦੇ 10ਵੇਂ ਹਿੱਸੇ ’ਚ ਇਸ ਨਾਲ ਕਰੋੜਾਂ ਫਾਈਬਰ ਨਿਕਲ ਕੇ ਹਵਾ ’ਚ ਅਦ੍ਰਿਸ਼ ਬੱਦਲ ਬਣਾ ਦਿੰਦੇ ਹਨ ਅਤੇ ਮਿਜ਼ਾਈਲ ਲੜਾਕੂ ਜਹਾਜ਼ ਨੂੰ ਛੱਡ ਕੇ ਇਸ ਨੂੰ ਆਪਣਾ ਟਾਰਗੈੱਟ ਸਮਝ ਕੇ ਹਮਲਾ ਕਰ ਦਿੰਦੀ ਹੈ ਅਤੇ ਜਹਾਜ਼ ਬਚ ਨਿਕਲਦਾ ਹੈ।

ਡੀ. ਆਰ. ਡੀ. ਓ. ਨੇ ਚੈਫ ਵਿਕਸਿਤ ਕਰਨ ਲਈ 4 ਸਾਲ ਦੀ ਸਮਾਂ-ਹੱਦ ਨਿਰਧਾਰਤ ਕੀਤੀ ਸੀ ਪਰ ਮਹਿਜ਼ ਢਾਈ ਸਾਲ ’ਚ ਹੀ ਇਸ ਨੂੰ ਵਿਕਸਿਤ ਕਰ ਲਿਆ। ਇਸ ਸਵਦੇਸ਼ੀ ਤਕਨੀਕ ਦਾ ਨਿਰਮਾਣ ਭਾਰਤ ਦੀਆਂ ਹੀ 2 ਕੰਪਨੀਆਂ ਕਰਨਗੀਆਂ। ਅਜੇ ਤੱਕ ਏਅਰ ਫੋਰਸ ਨੂੰ ਇਸ ਤਕਨੀਕ ਦੀ ਦਰਾਮਦ ’ਤੇ ਲਗਭਗ 100 ਕਰੋੜ ਰੁਪਏ ਸਾਲਾਨਾ ਖਰਚ ਕਰਨੇ ਪੈ ਰਹੇ ਹਨ। ਹੁਣ ਨਾ ਸਿਰਫ ਇਸ ਦੇ ਅੱਧੇ ਭਾਅ ’ਤੇ ਹਵਾਈ ਫੌਜ ਨੂੰ ਇਹ ਤਕਨੀਕ ਮਿਲੇਗੀ, ਸਗੋਂ ਭਾਰਤ ਆਪਣੇ ਮਿੱਤਰ ਦੇਸ਼ਾਂ ਨੂੰ ਬਰਾਮਦ ਕਰਨ ’ਤੇ ਵੀ ਵਿਚਾਰ ਕਰ ਸਕਦਾ ਹੈ।

ਇਸ ਐਡਵਾਂਸਡ ਚੈਫ ਤਕਨਾਲੋਜੀ ਦੀਆਂ 3 ਕਿਸਮਾਂ ਹਨ, ਪਹਿਲੀ ਘੱਟ ਦੂਰੀ ਦੀ ਮਾਰਕ ਸਮਰੱਥਾ ਵਾਲਾ ਚੈਫ ਰਾਕੇਟ, ਜਿਸ ਨੂੰ ਐੱਸ. ਆਰ. ਸੀ. ਆਰ. ਕਹਿੰਦੇ ਹਨ, ਦੂਸਰੀ ਦਰਮਿਆਨੀ ਰੇਂਜ ਚੈਫ ਰਾਕੇਟ ਐੱਮ. ਆਰ. ਸੀ. ਆਰ. ਅਤੇ ਤੀਸਰੀ ਲੰਬੀ ਦੂਰੀ ਦੀ ਮਾਰਕ ਸਮਰੱਥਾ ਵਾਲਾ ਚੈਫ ਰਾਕੇਟ ਐੱਲ. ਆਰ. ਸੀ. ਆਰ.। ਹਾਲ ਹੀ ’ਚ ਭਾਰਤੀ ਸਮੁੰਦਰੀ ਫੌਜ ਨੇ ਅਰਬ ਸਾਗਰ ’ਚ ਆਪਣੇ ਜੰਗੀ ਬੇੜਿਆਂ ਤੋਂ ਇਨ੍ਹਾਂ ਤਿੰਨ ਕਿਸਮਾਂ ਦੇ ਰਾਕੇਟਾਂ ਦਾ ਪ੍ਰਯੋਗਿਕ ਪ੍ਰੀਖਣ ਕੀਤਾ, ਜਿਸ ’ਚ ਇਸ ਤਕਨੀਕ ਦਾ ਪ੍ਰਦਰਸ਼ਨ ਚੰਗਾ ਰਿਹਾ।

ਮੌਜੂਦਾ ਇਲੈਕਟ੍ਰਾਨਿਕ ਯੁੱਗ ’ਚ ਦੁਸ਼ਮਣ ਦੇ ਆਧੁਨਿਕ ਰਾਡਾਰਾਂ ਤੋਂ ਆਪਣੇ ਲੜਾਕੂ ਜਹਾਜ਼ਾਂ ਨੂੰ ਬਚਾਉਣਾ ਚਿੰਤਾ ਦਾ ਵਿਸ਼ਾ ਹੈ। ਲੜਾਕੂ ਜਹਾਜ਼ ਜਾਂ ਕੋਈ ਵੀ ਉੱਡਦੀ ਹੋਈ ਵਸਤੂ ਰਾਡਾਰ ਦੀ ਨਜ਼ਰ ’ਚ ਆ ਜਾਂਦੀ ਹੈ। ਰਾਡਾਰ ਮਾਈਕ੍ਰੋਵੇਵ ਤਰੰਗਾਂ ਛੱਡਦਾ ਹੈ ਜੋ ਵਸਤੂ ਦੀ ਦਿਸ਼ਾ ਤੇ ਸਥਿਤੀ ਦੱਸ ਦਿੰਦੀਆਂ ਹਨ। ਚੈਫ ਤਕਨਾਲੋਜੀ ’ਚ ਰਾਡਾਰ ਨੂੰ ਭਰਮਾਇਆ ਜਾਂਦਾ ਹੈ।

ਦੇਸ਼ ’ਚ ਬਣੀ ਇਸ ਤਰ੍ਹਾਂ ਦੀ ਤਕਨੀਕ ਭਾਰਤ ਨੂੰ ਜੰਗੀ ਤੌਰ ’ਤੇ ਤਾਂ ਸਫਲ ਬਣਾਉਂਦੀ ਹੀ ਹੈ, ਨਾਲ ਹੀ ਇਹ ਆਤਮਵਿਸ਼ਵਾਸ ਵੀ ਪੈਦਾ ਹੁੰਦਾ ਹੈ ਕਿ ਵਿਸ਼ਵ ਮਾਪਦੰਡਾਂ ਦੇ ਅਨੁਸਾਰ ਤਕਨਾਲੋਜੀ ਦਾ ਵਿਕਾਸ ਕਰਨ ’ਚ ਭਾਰਤ ਵੀ ਸਮਰੱਥ ਹੈ। ਵੱਡੀ ਗਿਣਤੀ ’ਚ ਇਸ ਦਾ ਉਤਪਾਦਨ ਕਰਨ ਦੇ ਲਈ ਹੁਣ ਇਸ ਤਕਨਾਲੋਜੀ ਨੂੰ ਉਦਯੋਗ ’ਚ ਬਦਲ ਦਿੱਤਾ ਗਿਆ ਹੈ।


author

Bharat Thapa

Content Editor

Related News