ਕੀ ਇਕ ਹੋਰ ਕਰੁਣਾਨਿਧੀ ਬਣ ਸਕਣਗੇ ਸਟਾਲਿਨ

05/11/2021 3:46:34 AM

ਕਲਿਆਣੀ ਸ਼ੰਕਰ

ਤਾਮਿਲਨਾਡੂ ਦੇ ਸਿਵਾਏ ਇਕ ਹੀ ਕੈਬਿਨਟ ’ਚ ਤੁਸੀਂ ਸਟਾਲਿਨ, ਨਹਿਰੂ ਗਾਂਧੀ ਨੂੰ ਲੱਭ ਸਕਦੇ ਹੋ? ਆਜ਼ਾਦੀ ਦੇ ਇਕ ਦਮ ਬਾਅਦ ਕਈ ਲੋਕਾਂ ਨੇ ਆਪਣੇ ਬੱਚਿਆਂ ਦਾ ਨਾਂ ਸੁਤੰਤਰਤਾ ਸੈਨਾਨੀਆਂ ਦੇ ਨਾਵਾਂ ’ਤੇ ਰੱਖਿਆ। ਸਾਬਕਾ ਦ੍ਰਮੁਕ ਮੁਖੀ ਅਤੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐੱਮ.ਕਰੁਣਾਨਿਧੀ ਨੇ ਆਪਣੇ ਤੀਸਰੇ ਪੁੱਤਰ ਦਾ ਨਾਂ ਸਟਾਲਿਨ ਰੱਖਿਆ। ਜਿਸ ਦਾ ਜਨਮ ਰੂਸੀ ਨੇਤਾ ਜੋਸਿਫ ਸਟਾਲਿਨ ਦੀ ਮੌਤ ਦੇ ਕੁਝ ਦਿਨਾਂ ਬਾਅਦ ਹੋਇਆ ਸੀ।

ਦਿਲਚਸਪ ਗੱਲ ਇਹ ਹੈ ਕਿ ‘ਸਟਾਲਿਨ’ ਨਾਂ ਨੇ ਮਾਸਕੋ ’ਚ ਉਸ ਸਮੇਂ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਜਦੋਂ ਦ੍ਰਮੁਕ ਮੁਖੀ ਨੇ ਉਥੋਂ ਦੀ ਯਾਤਰਾ ਕੀਤੀ। ‘‘ਜਿਵੇਂ ਹੀ ਮੈਂ ਰਸ਼ੀਅਨ ਏਅਰਪੋਰਟ ’ਤੇ ਪਹੁੰਚਿਆ ਤਾਂ ਉਨ੍ਹਾਂ ਨੇ ਮੇਰਾ ਨਾਂ ਪੁੱਛਿਆ। ਜਦੋਂ ਮੈਂ ਕਿਹਾ ਕਿ ਮੇਰਾ ਨਾਂ ਸਟਾਲਿਨ ਹੈ ਤਾਂ ਏਅਰਪੋਰਟ ’ਤੇ ਕਈ ਵਿਅਕਤੀਆਂ ਨੇ ਮੇਰੇ ਵੱਲ ਦੇਖਣਾ ਸ਼ੁਰੂ ਕਰ ਦਿੱਤਾ। ਇਸ ਗੱਲ ਦਾ ਖੁਲਾਸਾ ਸਟਾਲਿਨ ਨੇ ਇਕ ਅਖਬਾਰ ਨਾਲ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਉਨ੍ਹਾਂ ਨੇ ਮੇਰਾ ਪਾਸਪੋਰਟ ਚੈੱਕ ਕੀਤਾ ਤਾਂ ਅਧਿਕਾਰੀਅਾਂ ਨੇ ਮੈਨੂੰ ਕਈ ਸਵਾਲ ਪੁੱਛੇ। ਉਸਦੇ ਬਾਅਦ ਮੈਨੂੰ ਜਾਣ ਦੀ ਇਜਾਜ਼ਤ ਮਿਲੀ। ਇਹ ਗੱਲ ਸਟਾਲਿਨ ਨੇ ਆਪਣੀ 1989 ਦੀ ਯਾਤਰਾ ਨੂੰ ਲੈ ਕੇ ਕਹੀ।’’

ਆਪਣੇ ਪਿਤਾ ਕਰੁਣਾਨਿਧੀ ਵਲੋਂ ਸਿਖਾਏ ਗਏ ਸਿਆਸੀ ਗੁਰਾਂ ਦੇ ਬਾਅਦ ਸਟਾਲਿਨ ਮੁੱਖ ਮੰਤਰੀਆਂ ਦੀ ਵੰਸ਼ਾਵਲੀ ਕਲੱਬ ’ਚ ਸ਼ਾਮਲ ਹੋ ਗਏ। ਦ੍ਰਵੜਿਅਨ ਪਾਰਟੀਆਂ ਦੀ ਆਪਣੀ ਇਕ ਵੱਖਰੀ ਪਛਾਣ ਹੁੰਦੀ ਹੈ। ਜੇਕਰ ਦ੍ਰਮੁਕ ’ਤੇ ਅੰਨਾਦੁਰਈ ਅਤੇ ਕਰੁਣਾਨਿਧੀ ਦਾ ਪ੍ਰਭਾਵ ਸੀ ਤਾਂ ਅੰਨਾਦ੍ਰਮੁਕ ਦੀ ਸ਼ਕਤੀ ਇਸ ਦੇ ਕ੍ਰਿਸ਼ਮਈ ਨੇਤਾ ਐੱਮ.ਜੀ.ਆਰ. ਅਤੇ ਜੈਲਲਿਤਾ ਦੇ ਹੱਥਾਂ ’ਚ ਸੀ। ਸਟਾਲਿਨ ਬਾਰੇ ਲੋਕਾਂ ਦਾ ਇਹ ਮੰਨਣਾ ਸੀ ਕਿ ਉਹ ਕਰੁਣਾਨਿਧੀ ਦੇ ਬਾਅਦ ਦੇ ਕਾਲ ’ਚ ਪਾਰਟੀ ਦੀ ਅਗਵਾਈ ਕਰ ਸਕਣਗੇ ਜਾਂ ਨਹੀਂ ਪਰ ਉਨ੍ਹਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਫਿਰ ਭਾਵੇਂ 2019 ਦੀਆਂ ਲੋਕ ਸਭਾ ਚੋਣਾਂ ਰਹੀਆਂ ਹੋਣ ਜਾਂ ਫਿਰ 2021 ਦੀਆਂ ਵਿਧਾਨ ਸਭਾ ਚੋਣਾਂ।

ਫੋਰਟ ਸੇਂਟ ਜਾਰਜ ਦੇ ਉੱਪਰ ਸ਼ਾਸਨ ਕਰਨ ਦੇ ਲਈ ਸਟਾਲਿਨ ਨੇ 5 ਦਹਾਕਿਆਂ ਦੀ ਉਡੀਕ ਕੀਤੀ। ਸਟਾਲਿਨ ’ਤੇ ਉਨ੍ਹਾਂ ਦੇ ਪਿਤਾ ਦਾ ਪਰਛਾਵਾਂ ਰਿਹਾ। ਕਰੁਣਾਨਿਧੀ ਨੇ ਸਟਾਲਿਨ ਨੂੰ ਬੜੇ ਧਿਆਨ ਨਾਲ ਸੰਭਾਲਿਆ ਅਤੇ ਆਪਣੇ 2009 ਤੋਂ ਲੈ ਕੇ 2011 ਤਕ ਦੇ ਕਾਰਜਕਾਲ ਦੇ ਦੌਰਾਨ ਉਨ੍ਹਾਂ ਨੂੰ ਉੱਪ ਮੁੱਖ ਮੰਤਰੀ ਬਣਾਇਆ। ਸਟਾਲਿਨ ਨੇ ਹੌਲੀ-ਹੌਲੀ ਪਾਰਟੀ ’ਤੇ ਆਪਣੀ ਪਕੜ ਮਜ਼ਬੂਤ ਕਰ ਦਿੱਤੀ। ਹਾਲਾਂਕਿ ਉਦੋਂ ਕਰੁਣਾਨਿਧੀ ਜ਼ਿੰਦਾ ਸਨ। 2021 ਦੀਆਂ ਚੋਣਾਂ ’ਚ ਕਿਸਮਤ ਪਲਟ ਗਈ। ਉਨ੍ਹਾਂ ਦੀ ਸਖਤ ਮਿਹਨਤ ਨੇ ਇਹ ਅਹੁਦਾ ਹਾਸਲ ਕਰਨ ’ਚ ਅਹਿਮ ਭੂਮਿਕਾ ਨਿਭਾਈ।

ਹੁਣ ਅੱਗੇ ਸਟਾਲਿਨ ਦੀਆਂ ਕਿਹੜੀਆਂ ਚੁਣੌਤੀਆਂ ਹਨ। ਉਨ੍ਹਾਂ ਨੇ 500 ਪ੍ਰਸਿੱਧ ਵਾਅਦੇ ਕੀਤੇ। ਹੁਣ ਪਬਲਿਕ ਉਨ੍ਹਾਂ ਨੂੰ ਪੂਰਾ ਕਰਨ ਦੀ ਉਨ੍ਹਾਂ ਤੋਂ ਆਸ ਰੱਖਦੀ ਹੈ। ਇਨ੍ਹਾਂ ਵਾਅਦਿਆਂ ’ਚ ਘਰੇਲੂ ਮਹਿਲਾ ਮੁਖੀ ਦੇ ਲਈ ਹਜ਼ਾਰ ਰੁਪਏ ਦੀ ਬੇਸਿਕ ਆਮਦਨ ਵੀ ਸ਼ਾਮਲ ਹੈ। ਇਸਦੇ ਇਲਾਵਾ ਵਿਦਿਆਰਥੀਆਂ ਦੇ ਲਈ ਸਿੱਖਿਆ ਕਰਜ਼ੇ ਨੂੰ ਖਤਮ ਕਰਨਾ ਅਤੇ ਵਿਧਵਾਵਾਂ ਨੂੰ 1500 ਰੁਪਏ ਪੈਨਸ਼ਨ ਦੇਣੀ ਵੀ ਸ਼ਾਮਲ ਹੈ। 50 ਸਾਲ ਤੋਂ ਉੱਪਰ ਦੀ ਉਮਰ ਦੀਆਂ ਸਿੰਗਲ ਔਰਤਾਂ ਦੇ ਲਈ ਕਈ ਹੋਰ ਭਰਮਾਊ ਸਕੀਮਾਂ ਵੀ ਸ਼ਾਮਲ ਹਨ। ਨਵੀਂ ਸਰਕਾਰ ਨੂੰ ਜ਼ਮੀਨੀ ਪੱਧਰ ਦੀਆਂ ਹਕੀਕਤਾਂ ਨੂੰ ਜਾਣਨਾ ਹੋਵੇਗਾ ਅਤੇ ਅਜਿਹੀਆਂ ਸਾਰੀਆਂ ਸਕੀਮਾਂ ਦੇ ਲਈ ਧਨ ਹਾਸਲ ਕਰਨਾ ਇਕ ਚੁਣੌਤੀਪੂਰਨ ਕੰਮ ਹੋਵੇਗਾ।

ਦੂਸਰੀ ਚੁਣੌਤੀ ਇਹ ਹੈ ਕਿ ਸਟਾਲਿਨ ਨੇ ਵਧ ਰਹੀ ਮਹਾਮਾਰੀ ਦੇ ਦਰਮਿਆਨ ਆਪਣਾ ਚਾਰਜ ਸੰਭਾਲਿਆ। ਹਾਲਾਂਕਿ ਉਨ੍ਹਾਂ ਤੋਂ ਪਹਿਲੇ ਪਲਾਨੀ ਸਵਾਮੀ ਨੇ ਮਹਾਮਾਰੀ ਨਾਲ ਨਜਿੱਠਣ ਦੇ ਲਈ ਇੰਨੇ ਬੁਰੇ ਕੰਮ ਵੀ ਨਹੀਂ ਕੀਤੇ ਪਰ ਸਟਾਲਿਨ ਦੇ ਸਾਹਮਣੇ ਇਕ ਵੱਡੀ ਚੁਣੌਤੀ ਹੈ। ਚੰਗੀ ਕਿਸਮਤ ਨਾਲ ਤਾਮਿਲਨਾਡੂ ਦੇ ਕੋਲ ਹੁਨਰਮੰਦ ਨੌਕਰਸ਼ਾਹ ਹਨ, ਜੋ ਸ਼ਾਸਨ ਚਲਾਉਣ ’ਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ। ਕੋਵਿਡ-19 ਦੇ ਮਾਮਲਿਆਂ ’ਤੇ ਨਜ਼ਰ ਰੱਖਦੇ ਹੋਏ ਅਤੇ ਆਪਣੇ ਆਪ ਨੂੰ ਤੀਸਰੀ ਲਹਿਰ ਦੇ ਲਈ ਤਿਆਰ ਕਰਨ ਦੇ ਲਈ ਸਟਾਲਿਨ ਨੂੰ ਹੋਰ ਚੁਣੌਤਿਆਂ ਝੱਲਣੀਆਂ ਹੋਣਗੀਆਂ, ਜਿਨ੍ਹਾਂ ’ਚ ਵੈਕਸੀਨੇਸ਼ਨ ਮੁਹਿੰਮ ਨੂੰ ਲਾਗੂ ਕਰਨਾ ਹੈ। ਸੂਬੇ ’ਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਤੇ ਵੈਕਸੀਨ, ਆਕਸੀਜਨ ਅਤੇ ਹਸਪਤਾਲਾਂ ’ਚ ਬੈੱਡਾਂ ਦੀ ਭਾਰੀ ਘਾਟ ਹੈ। ਸੂਬੇ ਦੀ ਵਿੱਤੀ ਹਾਲਤ ਵੀ ਇਕ ਸਮੱਸਿਆ ਹੈ। ਮਾਰਚ 2021 ’ਚ ਸੂਬੇ ਦਾ ਕਰਜ਼ਾ 5.7 ਲੱਖ ਕਰੋੜ ’ਤੇ ਖੜ੍ਹਾ ਹੈ। ਫਰਵਰੀ ’ਚ ਸਾਬਕਾ ਮੁੱਖ ਮੰਤਰੀ ਪਲਾਨੀ ਸਵਾਮੀ ਨੇ ਇਕ ਿਵੱਤੀ ਘਾਟੇ ਵਾਲਾ ਇਕ ਅੰਤ੍ਰਿਮ ਬਜਟ ਪੇਸ਼ ਕੀਤਾ ਸੀ। ਆਰਥਿਕ ਢਲਾਨ ’ਤੇ ਟੈਕਸ ਇਕੱਠਾ ਕਰਨਾ ਵੀ ਘੱਟ ਹੋਇਆ ਹੈ।

ਪਾਰਟੀ ਨੇ ਸਥਾਨਕ ਲੋਕਾਂ ਦੇ ਲਈ 75 ਫੀਸਦੀ ਰਾਖਵਾਂਕਰਨ ਦੇਣ ਦਾ ਵਾਅਦਾ ਕੀਤਾ ਹੈ ਅਤੇ ਇਸਦੇ ਇਲਾਵਾ ਅਗਲੇ 5 ਸਾਲਾਂ ’ਚ ਪ੍ਰਤੀ ਸਾਲ 10 ਲੱਖ ਨੌਕਰੀਆਂ ਦੇਣ ਦਾ ਵਾਅਦਾ ਵੀ ਵੋਟਰਾਂ ਨਾਲ ਕੀਤਾ ਹੈ। ਮਨਰੇਗਾ ਦੇ ਕੰਮ ਦੇ ਦਿਨਾਂ ਨੂੰ 100 ਤੋਂ 150 ਦਿਨ ਤਕ ਵਧਾਉਣ ਦਾ ਵੀ ਵਾਅਦਾ ਸਟਾਲਿਨ ਨੇ ਕੀਤਾ ਹੈ।

ਸਿੱਖਿਆ ਖੇਤਰ ਨੂੰ ਵੀ ਲੈ ਕੇ ਕਈ ਚੁਣੌਤੀਆਂ ਹਨ। ਕੋਵਿਡ-19 ਮਹਾਮਾਰੀ ਨੇ ਸਕੂਲਾਂ ਅਤੇ ਕਾਲਜਾਂ ਨੂੰ ਆਨਲਾਈਨ ਕਲਾਸਾਂ ਚਲਾਉਣ ਲਈ ਪਾਬੰਦ ਕੀਤਾ ਹੈ ਜ਼ਿਆਦਾਤਰ ਸਕੂਲ ਅਤੇ ਕਾਲਜ ਬੰਦ ਪਏ ਹਨ ਅਤੇ ਇਥੇ ਐੱਨ.ਈ.ਈ.ਟੀ. ਪ੍ਰੀਖਿਆ ਦੇ ਵਿਰੁੱਧ ਰੋਸ ਵਿਖਾਵੇ ਹੋ ਰਹੇ ਹਨ। ਸਿੱਖਿਆ ’ਤੇ ਵੀ ਧਿਆਨ ਦੇਣਾ ਬੇਹੱਦ ਅਹਿਮ ਹੈ।

ਕੇਂਦਰ ਦੇ ਨਾਲ ਤਾਲਮੇਲ ਰੱਖਣਾ ਵੀ ਚੁਣੌਤੀਆਂ ਤੋਂ ਘੱਟ ਨਹੀਂ। ਹਿੰਦੀ ਥੋਪਣ ਦੇ ਵਿਰੁੱਧ ਹਾਲਾਂਕਿ ਸਟਾਲਿਨ ਨੇ ਆਪਣੀ ਲੀਡਰਸ਼ਿਪ ਦਿਖਾਈ ਹੈ। ਧਾਰਾ 370 ਅਤੇ ਸੀ.ਏ.ਏ. ਨੂੰ ਲੈ ਕੇ ਸਟਾਲਿਨ ਨੇ ਅਜਿਹੇ ਸੰਕੇਤ ਦਿੱਤੇ ਹਨ ਕਿ ਉਹ ਕੇਂਦਰ ਦੇ ਨਾਲ ਭਿੜਨਾ ਨਹੀਂ ਚਾਹੁੰਦੇ ।

ਸਟਾਲਿਨ ਦੇ ਸਾਹਮਣੇ ਅਗਲੀ ਚੁਣੌਤੀ 8 ਪਾਰਟੀਆਂ ਦੇ ਗਠਜੋੜ ਨੂੰ ਆਪਸ ’ਚ ਜੋੜਣ ਦੀ ਹੈ। ਸਟਾਲਿਨ ਗਠਜੋੜ ਦੇ ਨੇਤਾ ਦੇ ਤੌਰ ’ਤੇ ਉੱਭਰ ਕੇ ਸਾਹਮਣੇ ਆਏ ਹਨ।

ਅਗਲੀਆਂ ਚੋਣਾਂ ਤਕ ਸਾਰੇ ਗਠਜੋੜ ਸਹਿਯੋਗੀਆਂ ਨੂੰ ਇਕ ਧਾਗੇ ’ਚ ਪਿਰੋ ਕੇ ਰੱਖਣਾ ਵੀ ਇਕ ਚੁਣੌਤੀ ਹੈ। ਸਟਾਲਿਨ ਨੂੰ ਪਰਿਵਾਰਕ ਸਮੱਸਿਆਵਾਂ ਤੋਂ ਵੀ ਉਭਰਨਾ ਹੈ। ਸਟਾਲਿਨ ਊਧਾਨਿਧੀ ਨੂੰ ਪਾਰਟੀ ’ਚ ਅੱਗੇ ਵਧਾਉਣਾ ਚਾਹੁੰਦੇ ਹਨ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਦ੍ਰਮੁਕ ਨੇ ਸਟਾਲਿਨ ਨੂੰ ਸਭ ਤੋਂ ਮਹੱਤਵਪੂਰਨ ਵਿਅਕਤੀ ਮੰਨਿਆ ਹੈ।

ਉਨ੍ਹਾਂ ਦੇ ਕੋਲ ਵਰ੍ਹਿਆਂ ਦਾ ਤਜਰਬਾ ਹੈ। ਫਿਰ ਭਾਵੇਂ ਰਾਜਨੀਤੀ ਹੋਵੇ ਜਾਂ ਫਿਰ ਪ੍ਰਸ਼ਾਸਨ। 1996 ’ਚ ਉਹ ਚੇਨਈ ਦੇ ਮੇਅਰ ਰਹੇ, 2006 ’ਚ ਸਥਾਨਕ ਪ੍ਰਸ਼ਾਸਨ ਦੇ ਲਈ ਮੰਤਰੀ, 2009 ਤੋਂ ਲੈ ਕੇ 11 ਤਕ ਉੱਪ ਮੁਖ ਮੰਤਰੀ ਵੀ ਰਹੇ। ਉਨ੍ਹਾਂ ਨੇ ਰਾਸ਼ਟਰੀ ਪਾਰਟੀਆਂ ਦੇ ਨਾਲ ਵੀ ਚੰਗੇ ਸਬੰਧ ਬਣਾਏ ਪਰ ਇਕ ਹੋਰ ਕਰੁਣਾਨਿਧੀ ਬਣਨ ਦੇ ਲਈ ਸਟਾਲਿਨ ਨੂੰ ਲੰਬਾ ਰਸਤਾ ਤੈਅ ਕਰਨਾ ਹੋਵੇਗਾ।


Bharat Thapa

Content Editor

Related News