ਕੀ ਖੱਟੜ ਮਨਹੂਸੀਅਤ ਨੂੰ ਤੋੜ ਸਕਣਗੇ

10/21/2019 1:29:21 AM

ਰਾਹਿਲ ਨੋਰਾ ਚੋਪੜਾ

ਪਹਿਲਾਂ ਹਰਿਆਣਾ ’ਚ ਭਾਜਪਾ ਨੂੰ ਗ੍ਰੈਂਡ ਟਰੰਕ ਰੋਡ ਪਾਰਟੀ ਦੇ ਤੌਰ ’ਤੇ ਜਾਣਿਆ ਜਾਂਦਾ ਸੀ। ਇਸ ਖੇਤਰ ’ਚ ਸੋਨੀਪਤ, ਪਾਨੀਪਤ, ਕਰਨਾਲ, ਕੁਰੂਕਸ਼ੇਤਰ ਅਤੇ ਅੰਬਾਲਾ ਆਉਂਦੇ ਸਨ। 21 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਇਹ ਖੇਤਰ ਹਰਿਆਣਾ ਵਿਚ ਸਰਕਾਰ ਬਣਾਉਣ ਲਈ ਭਾਜਪਾ ਦੀ ਅਗਵਾਈ ਕਰੇਗਾ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਨੁਸਾਰ ਇਹ ਪੱਟੀ ਫੈਸਲਾ ਕਰੇਗੀ ਕਿ ਹਰਿਆਣਾ ’ਚ ਕੌਣ ਅਗਲੀ ਸਰਕਾਰ ਬਣਾਏਗਾ? ਜੀ. ਟੀ. ਰੋਡ ਪੱਟੀ ’ਤੇ ਮੁੱਖ ਤੌਰ ’ਤੇ ਪੰਜਾਬੀਆਂ ਦਾ ਗ਼ਲਬਾ ਹੈ, ਜਿਨ੍ਹਾਂ ਨੂੰ ਆਮ ਤੌਰ ’ਤੇ ‘ਹਰਿਆਣਵੀ ਸ਼ਰਨਾਰਥੀ’ ਕਹਿੰਦੇ ਹਨ ਪਰ ਮਨੋਹਰ ਲਾਲ ਖੱਟੜ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬੀ ਸਿਆਸੀ ਤੌਰ ’ਤੇ ਤਾਕਤਵਰ ਮਹਿਸੂਸ ਕਰਦੇ ਹਨ ਅਤੇ ਇਸ ਤੋਂ ਵੀ ਅੱਗੇ ਭਾਜਪਾ ਨੇ ਪੰਜਾਬੀਆਂ ਵਿਚ ਆਪਣਾ ਸਮਰਥਨ ਆਧਾਰ ਮਜ਼ਬੂਤ ਕੀਤਾ ਹੈ। ਪੰਜਾਬੀ ਨਾ ਸਿਰਫ ਜੀ. ਟੀ. ਰੋਡ ਪੱਟੀ ’ਤੇ ਸਾਰੀਆਂ 23 ਸੀਟਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ, ਸਗੋਂ ਫਰੀਦਾਬਾਦ ਅਤੇ ਗੁਰੂਗ੍ਰਾਮ ਵਿਚ ਵੀ।

2014 ’ਚ ਭਾਜਪਾ ਨੇ ਇਸ ਪੱਟੀ ’ਚ 15 ਸੀਟਾਂ ਜਿੱਤੀਆਂ ਸਨ ਅਤੇ ਕਾਂਗਰਸ ਨੇ 5, ਜਦਕਿ ਇਨੈਲੋ ਨੇ 1 ਅਤੇ ਆਜ਼ਾਦ 2 ਸੀਟਾਂ ’ਤੇ ਜੇਤੂ ਰਹੇ। ਸੂਬੇ ਦੀ ਅਨੁਮਾਨਤ 2.80 ਕਰੋੜ ਆਬਾਦੀ ’ਚ ਪੰਜਾਬੀਆਂ ਦੀ ਹਿੱਸੇਦਾਰੀ 8 ਫੀਸਦੀ ਹੈ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਜੀ. ਟੀ. ਰੋਡ ਪੱਟੀ ਦਾ ਮਹੱਤਵ ਜਾਣਦੇ ਹਨ ਅਤੇ ਉਨ੍ਹਾਂ ਨੇ ਆਪਣੀ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਹੈ। ਕਾਂਗਰਸੀ ਨੇਤਾ ਇਸ ਸੁਝਾਅ ਨੂੰ ਰੱਦ ਕਰਦੇ ਹਨ ਕਿ ਉਨ੍ਹਾਂ ਨੇ ਮਹੱਤਵਪੂਰਨ ਭੂਮਿਕਾਵਾਂ ਦੇਣ ’ਚ ਪੰਜਾਬੀਆਂ ਨੂੰ ਨਜ਼ਰਅੰਦਾਜ਼ ਕੀਤਾ ਹੈ ਅਤੇ ਸਾਡੇ ਮੁੱਖ ਮੰਤਰੀ ਭਜਨ ਲਾਲ ਵੀ ਪਾਕਿਸਤਾਨ ਤੋਂ ਆਏ ਹਨ ਅਤੇ ਉਹ ਖ਼ੁਦ ਨੂੰ ਬਹਾਵਲਪੁਰੀਆ ਸ਼ਰਨਾਰਥੀ ਕਹਿੰਦੇ ਹਨ। ਉਨ੍ਹਾਂ ਨੇ ਬਲਬੀਰ ਪਾਲ ਸ਼ਾਹ, ਲਕਸ਼ਮਣ ਦਾਸ ਅਰੋੜਾ, ਸੁਭਾਸ਼ ਬੱਤਰਾ ਵਰਗੇ ਪੰਜਾਬੀਆਂ ਨੂੰ ਆਪਣੇ ਮੰਤਰੀ ਮੰਡਲ ’ਚ ਸ਼ਾਮਿਲ ਕੀਤਾ ਹੈ। ਹਾਲ ਹੀ ’ਚ ਅਸ਼ੋਕ ਅਰੋੜਾ ਕਾਂਗਰਸ ਵਿਚ ਸ਼ਾਮਿਲ ਹੋ ਗਏ, ਜੋ ਇਕ ਕਾਂਗਰਸੀ ਨੇਤਾ ਦੇ ਅਨੁਸਾਰ ਉਨ੍ਹਾਂ ਦਾ ਕਾਂਗਰਸ ਵਿਚ ਮਜ਼ਬੂਤ ਵਿਸ਼ਵਾਸ ਦਰਸਾਉਂਦਾ ਹੈ।

ਕਾਂਗਰਸ ਅਤੇ ਇਨੈਲੋ ਦੋਵੇਂ ਹੀ ਜਾਟਾਂ ਦੇ ਜ਼ੋਰਦਾਰ ਸਮਰਥਨ ਦਾ ਦਾਅਵਾ ਕਰਦੀਆਂ ਹਨ, ਜੋ ਸੂਬੇ ਦੀ ਆਬਾਦੀ ਦਾ 25 ਫੀਸਦੀ ਬਣਦੇ ਹਨ। ਸਰਕਾਰੀ ਨੌਕਰੀਆਂ ਅਤੇ ਕਾਲਜ ਦਾਖਲੇ ’ਚ ਰਿਜ਼ਰਵੇਸ਼ਨ ਲਈ ਫਰਵਰੀ 2016 ’ਚ ਜਾਟ ਅੰਦੋਲਨ, ਜਿਸ ਦੇ ਸਿੱਟੇ ਵਜੋਂ 31 ਲੋਕ ਮਾਰੇ ਗਏ, ਨੇ ਸੂਬੇ ਨੂੰ ਜਾਤੀ ਆਧਾਰ ’ਤੇ 2 ਹਿੱਸਿਆਂ ਵਿਚ ਵੰਡ ਦਿੱਤਾ। ਉਦੋਂ ਤੋਂ ਸੂਬੇ ਵਿਚ ਜਾਟਾਂ ਅਤੇ ਗੈਰ-ਜਾਟਾਂ ਵਿਚਾਲੇ ਤਿੱਖੀ ਵੰਡ ਦੇਖਣ ਨੂੰ ਮਿਲ ਰਹੀ ਹੈ। ਸਿਆਸੀ ਪਾਰਟੀਆਂ ਹੁਣ ਇਨ੍ਹਾਂ ਗਣਨਾਵਾਂ ਦੇ ਆਧਾਰ ’ਤੇ ਆਪਣੀਆਂ ਚੋਣ ਰਣਨੀਤੀਆਂ ਤਿਆਰ ਕਰ ਰਹੀਆਂ ਹਨ। ਗੈਰ-ਜਾਟ ਆਬਾਦੀ ’ਚ ਬ੍ਰਾਹਮਣ 7.5 ਫੀਸਦੀ, ਅਹੀਰ 5.14 ਫੀਸਦੀ, ਵੈਸ਼ 5 ਫੀਸਦੀ, ਗੁੱਜਰ 3.35 ਫੀਸਦੀ, ਜਾਟ ਸਿੱਖ 4 ਫੀਸਦੀ, ਰਾਜਪੂਤ 3.4 ਫੀਸਦੀ, ਸੈਣੀ 2.9 ਫੀਸਦੀ, ਘੁਮਿਆਰ 2.7 ਫੀਸਦੀ, ਮਿਓ ਅਤੇ ਮੁਸਲਮਾਨ ਲੱਗਭਗ 3.8 ਫੀਸਦੀ, ਰੋਡ 1.1 ਫੀਸਦੀ ਅਤੇ ਬਿਸ਼ਨੋਈ 0.7 ਫੀਸਦੀ ਹਨ। ਅਨੁਸੂਚਿਤ ਜਾਤੀਆਂ ਆਬਾਦੀ ਦਾ ਲੱਗਭਗ 21 ਫੀਸਦੀ ਹਨ। ਬੀਤੇ 44 ਸਾਲਾਂ ਵਿਚ ਹਰਿਆਣਾ ਦੀ ਰਾਜਨੀਤੀ ਵਿਚ ਇਹ ਰੁਝਾਨ ਦੇਖਿਆ ਗਿਆ ਹੈ ਕਿ ਕਿਸੇ ਵੀ ਪਾਰਟੀ ਨੇ ਵਿਧਾਨ ਸਭਾ ਵਿਚ ਲਗਾਤਾਰ ਤੀਜੀ ਵਾਰ ਬਹੁਮਤ ਹਾਸਿਲ ਨਹੀਂ ਕੀਤਾ ਹੈ। ਵੱਡਾ ਸਵਾਲ ਇਹ ਹੈ ਕਿ ਕੀ ਖੱਟੜ ਇਸ ਮਨਹੂਸੀਅਤ ਨੂੰ ਤੋੜ ਸਕਣਗੇ?

ਬਾਰਾਮਤੀ ’ਚ ਪਵਾਰ ਦੀ ਮਜ਼ਬੂਤ ਪਕੜ

ਭਾਜਪਾ ਦੇ ਮੁੱਖ ਦਫਤਰ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਭਾਜਪਾ ਦੇ ਸੂਬਾਈ ਮੁਖੀ ਚੰਦਰਕਾਂਤ ਪਾਟਿਲ ਵਲੋਂ ਕਈ ਯੋਜਨਾਵਾਂ ਤੋਂ ਬਾਅਦ ਬਾਰਾਮਤੀ ਚੋਣ ਖੇਤਰ ’ਤੇ ਕੋਈ ਅਸਰ ਨਹੀਂ ਪਿਆ ਹੈ ਅਤੇ ਰਾਕਾਂਪਾ ਨੇਤਾ ਦਾਅਵਾ ਕਰ ਰਹੇ ਹਨ ਕਿ ਅਜੀਤ ਪਵਾਰ 1 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਰਹੇ ਹਨ। ਹਾਲ ਹੀ ’ਚ ਭਾਜਪਾ ਨੇ ਧੰਗਰ ਫਿਰਕੇ ਦੇ ਨੇਤਾ ਗੋਪੀਚੰਦ ਪਾਡਲਕਰ ਨੂੰ ਫਸਾਇਆ ਪਰ ਪਵਾਰ ਪਰਿਵਾਰ ਦੀ ਅਜੇ ਵੀ ਬਾਰਾਮਤੀ ’ਤੇ ਪਕੜ ਬਣੀ ਹੋਈ ਹੈ, ਜਿੱਥੇ ਉਨ੍ਹਾਂ ਨੇ ਦਹਾਕਿਆਂ ਤਕ ਵਿਧਾਨ ਸਭਾ ਅਤੇ ਲੋਕ ਸਭਾ ਦੋਵੇਂ ਸੀਟਾਂ ਜਿੱਤੀਆਂ ਹਨ ਅਤੇ ਗੋਪੀਚੰਦ ਪਾਡਲਕਰ ਦੇ ਭਾਜਪਾ ਵਿਚ ਸ਼ਾਮਿਲ ਹੋਣ ਦਾ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੈ। ਅਜੀਤ ਪਵਾਰ ਨੇ ਆਖਰੀ ਦਿਨ ਸਿਰਫ ਸ਼ਨੀਵਾਰ ਨੂੰ ਇਕ ਦਿਨ ਲਈ ਆਪਣੇ ਚੋਣ ਖੇਤਰ ਵਿਚ ਪ੍ਰਚਾਰ ਕੀਤਾ, ਜਦਕਿ ਪਾਰਟੀ ਮੁਖੀ ਸ਼ਰਦ ਪਵਾਰ ਅਤੇ ਬਾਰਾਮਤੀ ਤੋਂ ਸੰਸਦ ਮੈਂਬਰ ਸੁਪ੍ਰਿਆ ਸੁਲੇ ਨੇ ਕੋਈ ਪ੍ਰਚਾਰ ਨਹੀਂ ਕੀਤਾ। ਰਾਕਾਂਪਾ ਜ਼ਿਲਾ ਮੁਖੀ ਸੰਭਾਜੀ ਹੋਲਕਰ ਦਾ ਕਹਿਣਾ ਹੈ ਕਿ ਇਥੇ ਪ੍ਰਚਾਰ ਲਈ ਪਵਾਰ ਜਾਂ ਕਿਸੇ ਰਾਸ਼ਟਰੀ ਨੇਤਾ ਦੀ ਲੋੜ ਨਹੀਂ ਹੈ। ਭਾਜਪਾ ਸੂਬਾਈ ਮੁਖੀ ਚੰਦਰਕਾਂਤ ਪਾਟਿਲ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਆਪਣੇ ਉਮੀਦਵਾਰ ਪਾਡਲਕਰ ਲਈ ਜ਼ੋਰਦਾਰ ਪ੍ਰਚਾਰ ਕੀਤਾ। ਬਾਰਾਮਤੀ ਭਾਜਪਾ ਦੇ ਪ੍ਰਧਾਨ ਯਸ਼ਪਾਲ ਭੌਂਸਲੇ ਅਨੁਸਾਰ ਉਹ ਸ਼ਾਇਦ ਸੀਟ ਨਹੀਂ ਜਿੱਤ ਸਕਣਗੇ ਪਰ ਅਜੀਤ ਪਵਾਰ ਨੂੰ ਇਕ ਸਖਤ ਟੱਕਰ ਦੇਣਗੇ।

ਮੋਦੀ ਦੇ ਦੂਜੇ ਕਾਰਜਕਾਲ ’ਚ ਸ਼ਾਹ ਦੀ ਭੂਮਿਕਾ

ਇਹ ਹੁਣ ਸਭ ਨੂੰ ਪਤਾ ਹੀ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿਚ ਕੇਂਦਰੀ ਭੂਮਿਕਾ ਨਿਭਾਈ ਹੈ ਪਰ ਸ਼ਾਹ ਦੀ ਆਪਣੀ ਦੋ ਪੱਧਰੀ ਟੀਮ ਹੈ। ਮਿਸਾਲ ਲਈ ਆਰਟੀਕਲ-370 ’ਤੇ ਪਹਿਲੇ ਪੱਧਰ ਜਾਂ ਭੁਪੇਂਦਰ ਯਾਦਵ, ਜੇ. ਪੀ. ਨੱਡਾ, ਬੀ. ਐੱਲ. ਸੰਤੋਸ਼ ’ਤੇ ਆਧਾਰਿਤ ਕੇਂਦਰੀ ਟੀਮ ਤੋਂ ਇਲਾਵਾ ਕਿਸੇ ਨੂੰ ਵੀ ਇਸ ਦੀ ਮੁਸ਼ਕ ਤਕ ਨਹੀਂ ਸੀ ਕਿ ਕੀ ਚੱਲ ਰਿਹਾ ਹੈ? ਧਰਮੇਂਦਰ ਪ੍ਰਧਾਨ, ਅਨਿਲ ਜੈਨ ਅਤੇ ਵੀ. ਮੁਰਲੀਧਰਨ ’ਤੇ ਆਧਾਰਿਤ ਦੂਜੇ ਪੱਧਰ ਦੀ ਟੀਮ ਨੂੰ ਬਾਅਦ ਵਿਚ ਰਾਜ ਸਭਾ ’ਚ ਗਿਣਤੀ ਜੁਟਾਉਣ ਦੇ ਕੰਮ ’ਤੇ ਲਾਇਆ ਗਿਆ। ਭਾਵੇਂ ਇਹ ਆਰਟੀਕਲ-370 ਹੋਵੇ ਜਾਂ ਟ੍ਰਿਪਲ ਤਲਾਕ ਜਾਂ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ, ਕਿਸੇ ਵੀ ਮੁੱਦੇ ਨੂੰ ਲੈ ਕੇ ਪਾਰਟੀਲਾਈਨ, ਦੂਜੇ ਪੱਧਰ ਦੀ ਟੀਮ ਵਿਊ ਰਚਨਾ ਮੁਹੱਈਆ ਕਰਵਾ ਰਹੀ ਹੈ।

ਰਾਹੁਲ ਦੀ ਰੈਲੀ ’ਚੋਂ ਹੁੱਡਾ ਗੈਰ-ਹਾਜ਼ਰ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ 14 ਅਕਤੂਬਰ ਨੂੰ ਨੂੰਹ ’ਚ ਰਾਹੁਲ ਗਾਂਧੀ ਦੀ ਰੈਲੀ ’ਚ ਸ਼ਾਮਿਲ ਨਹੀਂ ਹੋਏ। ਉਹ ਸੂਬੇ ਵਿਚ ਕਿਤੇ ਹੋਰ ਪ੍ਰਚਾਰ ਵਿਚ ਰੁੱਝੇ ਹੋਏ ਸਨ ਪਰ 18 ਅਕਤੂਬਰ ਨੂੰ ਮਹੇਂਦਰਗੜ੍ਹ ਵਿਚ ਸੋਨੀਆ ਦੀ ਰੈਲੀ ’ਚ ਉਨ੍ਹਾਂ ਦਾ ਸ਼ਾਮਿਲ ਹੋਣਾ ਨਿਰਧਾਰਿਤ ਸੀ। ਉਨ੍ਹਾਂ ਨੇ ਸੋਨੀਆ ਨਾਲ ਰੈਲੀ ਨੂੰ ਸੰਬੋਧਨ ਕਰਨ ਲਈ ਸੋਨੀਪਤ ਤੋਂ ਉਥੋਂ ਲਈ ਉਡਾਣ ਭਰਨੀ ਸੀ। ਫਿਰ ਆਇਆ ਕਹਾਣੀ ’ਚ ਮੋੜ। ਸੋਨੀਆ ਨੇ ਨਾ ਜਾਣ ਦਾ ਫੈਸਲਾ ਕੀਤਾ। ਜਿਉਂ ਹੀ ਇਹ ਸਪੱਸ਼ਟ ਹੋਇਆ ਕਿ ਰਾਹੁਲ ਰੈਲੀ ਨੂੰ ਸੰਬੋਧਨ ਕਰਨਗੇ, ਹੁੱਡਾ ਨੇ ਆਪਣੀ ਯੋਜਨਾ ਬਦਲ ਦਿੱਤੀ ਅਤੇ ਮਹੇਂਦਰਗੜ੍ਹ ਨਹੀਂ ਗਏ, ਜੋ ਇਸ ਸ਼ੱਕ ਨੂੰ ਦੁਹਰਾਉਂਦਾ ਹੈ ਕਿ ਰਾਹੁਲ ਅਤੇ ਹੁੱਡਾ ਵਿਚਾਲੇ ਸਭ ਠੀਕ ਨਹੀਂ ਹੈ।

ਮਹਾਰਾਸ਼ਟਰ ਚੋਣਾਂ ’ਚ ਵਿਦਰਭ ਮਾਮਲਾ

ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ’ਚ ਵਿਦਰਭ ਰਾਜ ਦਾ ਮੁੱਦਾ ਇਕ ਵਾਰ ਫਿਰ ਮਜ਼ਬੂਤੀ ਨਾਲ ਉੱਭਰਿਆ ਹੈ। ਵਿਰੋਧੀ ਧਿਰ ਦੇ ਨੇਤਾ ਅਤੇ ਵੱਖਰੇ ਵਿਦਰਭ ਝੰਡਾਬਰਦਾਰ ਵੱਖਰੇ ਸੂਬੇ ਦੀ ਮੰਗ ਪੂਰੀ ਨਾ ਕਰਨ ਲਈ ਭਾਜਪਾ ਦੀ ਆਲੋਚਨਾ ਕਰ ਰਹੇ ਹਨ। 2014 ’ਚ ਭਾਜਪਾ ਨੇ ਵਾਅਦਾ ਕੀਤਾ ਸੀ ਕਿ ਇਕ ਵਾਰ ਸੱਤਾ ’ਚ ਆਉਣ ’ਤੇ ਕਪਾਹ ਖੁਸ਼ਹਾਲ ਪੱਟੀ ਨੂੰ ਕੱਟ ਕੇ ਵੱਖਰਾ ਵਿਦਰਭ ਸੂਬਾ ਬਣਾ ਦਿੱਤਾ ਜਾਵੇਗਾ ਅਤੇ ਪਾਰਟੀ ਨੇ ਇਸ ਖੇਤਰ ’ਚ 62 ’ਚੋਂ 44 ਸੀਟਾਂ ਜਿੱਤੀਆਂ ਸਨ ਪਰ ਵਾਅਦਾ ਪੂਰਾ ਨਹੀਂ ਹੋਇਆ ਅਤੇ ਭਾਜਪਾ ਨੇ ਵਿਦਰਭ ਲਈ ਵੱਖਰੇ ਸੂਬੇ ਦਾ ਜ਼ਿਕਰ ਆਪਣੇ ਪਾਰਟੀ ਐਲਾਨ ਪੱਤਰ ਵਿਚ ਹੀ ਲਿਆ ਪਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਐਲਾਨ ਕੀਤਾ ਕਿ ਉਹ ਵਿਦਰਭ ਖੇਤਰ ਲਈ ਵੱਖਰੇ ਰਾਜ ਦੀ ਮੰਗ ਨੂੰ ਭੁੱਲੇ ਨਹੀਂ ਹਨ। ਇਸ ਦੌਰਾਨ ਸ਼ਿਵ ਸੈਨਾ ਏਕੀਕ੍ਰਿਤ ਮਹਾਰਾਸ਼ਟਰ ਦੀ ਕੱਟੜ ਸਮਰਥਕ ਹੈ ਅਤੇ ਵਿਦਰਭ ਨੂੰ ਸੂਬੇ ਦਾ ਦਰਜਾ ਨਾ ਦੇਣ ਲਈ ਭਾਜਪਾ ’ਤੇ ਦਬਾਅ ਬਣਾ ਰਹੀ ਹੈ।

nora_chopra@yahoo.com


Bharat Thapa

Content Editor

Related News